DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਜੀਅ ਨਹੀਂ ਜਾਣ ਨੂੰ ਕਰਦਾ...

ਕਹਾਣੀ ਪਿੰਡ ਦੇ ਉੱਤਰ ਵਾਲੇ ਪਾਸੇ ਮਿੰਨੀ ਬੱਸਾਂ ਤੇ ਟੈਂਪੂਆਂ ਦੇ ਠਹਿਰਾਅ ਨੂੰ ਪਿੰਡ ਵਾਸੀ ਵੱਡਾ ਅੱਡਾ ਕਹਿੰਦੇ ਹਨ। ਉਂਝ ਇਸ ਅੱਡੇ ’ਤੇ ਦੋ ਨੇੜਲੇ ਪਿੰਡਾਂ ਤੋਂ ਆਉਣ ਵਾਲੀਆਂ ਸੜਕਾਂ ਮਿਲਦੀਆਂ ਹਨ। ਇਸ ਕਰਕੇ ਇਸ ਅੱਡੇ ’ਤੇ ਰੌਣਕ ਮੇਲਾ ਜ਼ਿਆਦਾ...
  • fb
  • twitter
  • whatsapp
  • whatsapp
Advertisement

ਕਹਾਣੀ

ਪਿੰਡ ਦੇ ਉੱਤਰ ਵਾਲੇ ਪਾਸੇ ਮਿੰਨੀ ਬੱਸਾਂ ਤੇ ਟੈਂਪੂਆਂ ਦੇ ਠਹਿਰਾਅ ਨੂੰ ਪਿੰਡ ਵਾਸੀ ਵੱਡਾ ਅੱਡਾ ਕਹਿੰਦੇ ਹਨ। ਉਂਝ ਇਸ ਅੱਡੇ ’ਤੇ ਦੋ ਨੇੜਲੇ ਪਿੰਡਾਂ ਤੋਂ ਆਉਣ ਵਾਲੀਆਂ ਸੜਕਾਂ ਮਿਲਦੀਆਂ ਹਨ। ਇਸ ਕਰਕੇ ਇਸ ਅੱਡੇ ’ਤੇ ਰੌਣਕ ਮੇਲਾ ਜ਼ਿਆਦਾ ਹੁੰਦਾ ਹੈ। ਵੈਸੇ ਤਾਂ ਹਰ ਪਿੰਡ ਵਿੱਚ ਮਿੰਨੀ ਬੱਸਾਂ ਦੇ ਅੱਡੇ ਪਿੰਡ ਦੀ ਫਿਰਨੀ ’ਤੇ ਲੋਕਾਂ ਵੱਲੋਂ ਆਪਣੀ ਸਹੂਲਤ ਅਨੁਸਾਰ ਬਣਾਏ ਹੁੰਦੇ ਹਨ। ਪਿੰਡ ਦੇ ਵਿਹਲੇ ਬਾਬਿਆਂ ਦੀ ਮਹਿਫ਼ਿਲ ਵੀ ਇਸੇ ਅੱਡੇ ’ਤੇ ਜੰਮਦੀ ਹੈ।

Advertisement

ਕਦੇ ਇੱਥੇ ਚਾਰ ਵਿੱਢਾ ਖੂਹ ਹੁੰਦਾ ਸੀ, ਨਾਲ ਸੌ ਕੁ ਵਰਗ ਫੁੱਟ ਦੀ ਪਾਣੀ ਸਟੋਰ ਕਰਨ ਲਈ ਸੀਮਿੰਟਡ ਟੈਂਕੀ ਬਣੀ ਹੋਈ ਸੀ ਤੇ ਟੈਂਕੀ ਨਾਲ ਚਾਰ ਪੰਜ ਟੂਟੀਆਂ ਲਾਈਆਂ ਹੋਈਆਂ ਸਨ। ਇਸ ਟੈਂਕੀ ਨੂੰ ਭਰਨ ਦੀ ਜ਼ਿੰਮੇਵਾਰੀ ਪਿੰਡ ਵਾਲਿਆਂ ਵਾਰੀ ਸਿਰ ਬੰਨ੍ਹੀ ਹੋਈ ਸੀ। ਥੋੜ੍ਹਾ ਚਿਰ ਤਾਂ ਡਿਊਟੀ ਨੰਜੂ ਪਟਵਾਰੀ ਨੇ ਵੀ ਨਿਭਾਈ ਸੀ। ਉਹ ਤਾਂ ਛੜਾ ਛਟਾਂਗ ਸੀ। ਉਹ ਵੇਖਦਾ ਜਿਸ ਘਰ ਦੀ ਜੋਗ ਵਿਹਲੀ ਹੁੰਦੀ, ਉਹ ਖੋਲ੍ਹ ਲਿਆਉਂਦਾ ਤੇ ਖੂਹ ’ਤੇ ਜੋੜ ਕੇ ਟੈਂਕੀ ਭਰ ਦਿੰਦਾ। ਉਦੋਂ ਉਹ ‘ਪਟਵਾਰੀ’ ਨਹੀਂ ਸੀ ਹੁੰਦਾ। ਸਮਾਂ ਬਦਲ ਗਿਆ, ਖੂਹ ਬੰਦ ਹੋ ਗਏ, ਪਿੰਡ ਦੀਆਂ ਗਲੀਆਂ ਨਾਲੀਆਂ ਪੱਕੀਆਂ ਹੋਣ ਕਰਕੇ ਜ਼ਮੀਨੀ ਪੱਧਰ ਉੱਚਾ ਹੋ ਗਿਆ ਤੇ ਪਾਣੀ ਵਾਲੀ ਟੈਂਕੀ ਲਗਭਗ ਜ਼ਮੀਨ ਦੇ ਬਰਾਬਰ ਆ ਗਈ। ਸਿਆਣੇ ਲੋਕਾਂ ਨੇ ਟੈਂਕੀ ਦੇ ਆਸੇ ਪਾਸੇ ਮਿੱਟੀ ਪਾਕੇ ਟੈਂਕੀ ਦੀ ਛੱਤ ਦੇ ਫਰਸ਼ ਨੂੰ ਬੈਠਣ ਲਈ ਵਧੀਆ ਥਾਂ ਬਣਾ ਲਈ। ਹੁਣ ਇੱਥੇ ਵਿਹਲੇ ਲੋਕਾਂ ਦੀਆਂ ਤਾਸ਼ ਦੀਆਂ ਢਾਣੀਆਂ ਜੰਮਦੀਆਂ।

ਇੱਕ ਪਿੱਪਲ ਤੇ ਦੋ ਨਿੰਮ ਦੇ ਦਰੱਖਤ ਖੂਹ ’ਤੇ ਪਹਿਲਾਂ ਹੀ ਲੱਗੇ ਸਨ, ਸੰਘਣੀ ਛਾਂ ਲਈ। ਬੰਦ ਖੂਹ ਵਿੱਚ ਨਲਕਾ ਲਗਾ ਦਿੱਤਾ ਸੀ। ਲੰਘਦੇ ਟੱਪਦੇ ਫੇਰੀ ਵਾਲੇ ਵੀ ਇੱਥੇ ਆਰਾਮ ਕਰਨ ਤੇ ਠੰਢਾ ਪਾਣੀ ਪੀਣ ਲਈ ਠਹਿਰਦੇ। ਤਾਸ਼ ਦੇ ਖਿਡਾਰੀਆਂ ’ਚ ਬੜਾ ਰਾਮ ਰੌਲਾ ਪੈਂਦਾ, ਪਰ ਬਾਅਦ ’ਚ ਹਾਸੇ ਠੱਠੇ ’ਚ ਬਦਲ ਜਾਂਦਾ। ਕੋਈ ਕਿਸੇ ਦਾ ਗੁੱਸਾ ਗਿਲਾ ਨਹੀਂ ਸੀ ਕਰਦਾ, ਬਾਜ਼ੀ ਦੀ ਹਾਰ-ਜਿੱਤ ਤੋਂ ਬਾਅਦ ਸਾਰੇ ਇੱਕੋ ਜਿਹੇ ਹੋ ਜਾਂਦੇ। ਨੰਜੂ ਪਟਵਾਰੀ ਦਾ ਪਹਿਲਾ ਪਹਿਰ ਇੱਥੇ ਬੀਤਦਾ ਸੀ, ਪਰ ਉਸ ਨੂੰ ਟਿਕਾਅ ਕਿੱਥੇ? ਇੱਥੋਂ ਮਨ ਉਕਤਾ ਜਾਂਦਾ ਤਾਂ ਉਹ ਪਿੰਡ ਦੇ ਚੜ੍ਹਦੇ ਵੱਲ ਸਥਿਤ ਅਵਧੂਤ ਸੰਤਾਂ ਦੇ ਡੇਰੇ ਜਾ ਪਹੁੰਚਦਾ।

ਨੰਜੂ ਉਰਫ਼ ਨਿਰੰਜਨ ਸਿੰਘ ਪੁੱਤਰ ਸੰਤਾ ਸਿੰਘ ਦੋ ਭਰਾ ਸਨ। ਵੱਡੇ ਦਾ ਨਾਂ ਗੁਰਦੇਵ ਸਿੰਘ ਸੀ ਜਿਸ ਨੂੰ ਦੇਬੀ ਕਰਕੇ ਜ਼ਿਆਦਾ ਜਾਣਦੇ ਸਨ। ਪੈਲੀ ਥੋੜ੍ਹੀ ਸੀ ਬਾਈ ਕਨਾਲਾਂ, ਯਾਨੀ ਪੌਣੇ ਕੁ ਤਿੰਨ ਘੁਮਾਂ। ਨਾਲ ਲੱਗਦਾ ਚਾਰ ਕੁ ਘੁਮਾਂ ਦਾ ਟੱਕ ਹਮੀਰ ਸਿੰਘ ਮਾਸਟਰ ਦਾ ਸੀ ਜੋ ਇਹ ਠੇਕੇ ’ਤੇ ਲੈ ਲੈਂਦੇ। ਸੰਤਾ ਸਿੰਘ ਆਪ ਤੇ ਦੇਬੀ ਦੋਵੇਂ ਮਿੱਟੀ ਨਾਲ ਮਿੱਟੀ ਹੋ ਕੇ ਘਰ ਦੇ ਪੰਜ ਪਾਂਜੇ ਪੂਰੇ ਕਰਨ ਦਾ ਯਤਨ ਕਰਦੇ। ਨਿਰੰਜਨ ਉਰਫ਼ ਨੰਜੂ ਵਿਹਲੜ ਕੌਲੇ ਕੱਛਦਾ ਰਹਿੰਦਾ। ਬੜੇ ਚਾਅ ਨਾਲ ਨੰਜੇ ਦੀ ਮਾਂ ਨੇ ਉਸ ਨੂੰ ਪੜ੍ਹਨ ਲਾਇਆ ਸੀ, ਪਰ ਉਹ ਚੌਥੀ ਪਾਸ ਨਾ ਕਰ ਸਕਿਆ। ਜਦ ਤੱਕ ਸੰਤਾ ਸਿੰਘ ਜਿਊਂਦਾ ਰਿਹਾ ਨੰਜੂ ਸ਼ਰਮੋ ਸ਼ਰਮੀ ਪੱਠਿਆਂ ਦੇ ਰੁੱਗ ਲਾ ਦਿੰਦਾ। ਪਸ਼ੂਆਂ ਨੂੰ ਛੱਪੜ ’ਤੇ ਲੈ ਜਾਂਦਾ। ਥੋੜ੍ਹੀ ਭੋਂਇ ਕਰਕੇ ਮੁਸ਼ਕਿਲ ਨਾਲ ਦੇਬੀ ਦਾ ਵਿਆਹ ਤਾਂ ਸੰਤਾ ਸਿੰਘ ਦੇ ਜਿਊਂਦੇ ਜੀ ਹੋ ਗਿਆ, ਪਰ ਨੰਜੂ ਵਿਹਲੜ ਲਈ ਕਿਸੇ ਨੇ ਲੱਤ ਨਾ ਲਾਈ। ਨੰਜੂ ਦੀ ਮਾਂ ਨੇ ਵੀ ਬਹੁਤ ਹੱਥ ਪੈਰ ਮਾਰੇ, ਪਰ ਕਿਤੋਂ ਵੀ ਬੱਤੀ ਨਾਲ ਬੱਤੀ ਨਾ ਲੱਗੀ। ਤੀਹਾਂ ਤੋਂ ਟੱਪਿਆ ਨੰਜੂ ਛੜਿਆਂ ਦੀ ਜਮਾਤ ’ਚ ਸ਼ਾਮਲ ਹੋ ਗਿਆ, ਪਰ ਉਸ ਦਾ ਸਾਊ ਸੁਭਾਅ ਤੇ ਇਮਾਨਦਾਰੀ ਉਸ ਦੇ ਅਜਿਹੇ ਗੁਣ ਸਨ ਜਿਸ ਕਰਕੇ ਬੇਝਿਜਕ ਹੋ ਕੇ ਜਿਸ ਦੇ ਮਰਜ਼ੀ ਘਰ ਚਲਾ ਜਾਂਦਾ, ਕੋਈ ਨਹੀਂ ਸੀ ਰੋਕਦਾ ਟੋਕਦਾ। ਧੀਆਂ-ਭੈਣਾਂ ਦੀ ਇੱਜ਼ਤ ਦਾ ਸਾਂਝੀ। ਆਪਣੇ ਸਮੇਂ ਨਾਲ ਸੰਤਾ ਸਿੰਘ ਤੇ ਉਸ ਦੀ ਘਰਵਾਲੀ ਰੱਬ ਨੂੰ ਪਿਆਰੇ ਹੋ ਗਏ ਤੇ ਨੰਜੂ ਨੂੰ ਭਰਾ-ਭਰਜਾਈ ਦੇ ਸਹਾਰੇ ਛੱਡ ਗਏ। ਦੇਬੀ ਦਾ ਤਾਂ ਉਹ ਛੋਟਾ ਭਰਾ ਸੀ, ਪਰ ਬਚਨੋ ਦੇਬੀ ਦੀ ਘਰਵਾਲੀ, ਬੱਤੀ ਸੁਲੱਖਣੀ, ਨੰਜੂ ਨੂੰ ਆਪਣਾ ਦਿਉਰ ਘੱਟ ਤੇ ਭਰਾ ਵੱਧ ਸਮਝਦੀ ਸੀ। ਲੋਕ ਗੱਲਾਂ ਕਰਦੇ, ‘‘ਜ਼ਮੀਨ ਦੇ ਲਾਲਚ ਨੂੰ ਮਿੱਠੇ ਪਿਆਰੇ ਹੋ ਕੇ ਪੁਚਕਾਰ ਲਿਆ ਨੰਜੂ ਨੂੰ ਦੋਵੇਂ ਤੀਵੀਂ ਆਦਮੀ ਨੇ। ਗਿਆਰਾਂ ਕਨਾਲਾਂ ਪੈਲੀ ਹੈ ਝੋਟੇ ਦੇ ਸਿਰ ਵਰਗੀ ਕੀਹਨੇ ਤਿਆਗੀ ਐ।’’

ਤੀਵੀਆਂ ’ਚ ਘੁਸਰ ਮੁਸਰ ਅੱਡ ਚੱਲਦੀ ਰਹਿੰਦੀ, ‘‘ਬਚਨੋ ਚਾਹੇ ਤਾਂ ਕਿਤੇ ਰਿਸ਼ਤਿਆਂ ਦਾ ਘਾਟਾ, ਪਰ ਭਾਈ ਮਾਂ ਹੁੰਦੀ ਤਾਂ ਕੋਈ ਨਾ ਕੋਈ ਬੰਨ੍ਹ ਸੁੱਬ ਕਰਦੀ।’’ ਕੋਈ ਕਹਿੰਦੀ, ‘‘ਲੈ ਮੈਨੂੰ ਕਹੇ ਮੈਂ ਅੱਜ ਲਿਆ ਦਿਆਂ ਕਿਧਰੋਂ।’’

ਪਰ ਬਚਨੋ ਤੇ ਦੇਬੀ ਸਭ ਨੂੰ ਸੁਣਿਆ ਅਣਸੁਣਿਆ ਕਰ ਦਿੰਦੇ। ਉਨ੍ਹਾਂ ਨੂੰ ਸਭ ਸਮਝ ਆਉਂਦਾ ਸੀ। ਸ਼ਰੀਕ, ਭਰਾਵਾਂ ਦੇ ਸਿਰ ਜੁੜੇ ਵੇਖ ਕੇ ਕਿੱਥੇ ਖ਼ੁਸ਼ ਹੁੰਦੇ ਹਨ। ਭਾਵੇਂ ਜਿਊਂਦੇ ਜੀ ਨੰਜੂ ਦੀ ਮਾਂ ਨੇ ਬਹੁਤ ਹੀਲੇ ਕੀਤੇ, ਉਸ ਦੇ ਬੰਨ੍ਹ ਸੁੱਬ ਕਰਨ ਦੇ, ਪਰ ਕਿਤੇ ਗੱਲ ਨਹੀਂ ਬਣੀ, ਤੁਰੀ ਕਈ ਥਾਵੇਂ ਗੱਲ, ਪਰ ਕਿਤੇ ਨਾ ਕਿਤੇ ਆ ਕੇ ਅਟਕ ਜਾਂਦੀ। ਕਦੇ ਜ਼ਮੀਨ ਘੱਟ ਐ, ਕਿਤੇ ਮੁੰਡਾ ਖ਼ੁਦ ਤਾਂ ਡੱਕਾ ਤੋੜਦਾ ਨਹੀਂ, ਗੱਲ ਕੀ ਕੋਈ ਨਾ ਕੋਈ ਅਟਕਾਰ ਪੈ ਹੀ ਜਾਂਦੀ। ਇੱਕ ਥਾਂ ਤਾਂ ਰਿਸ਼ਤਾ ਸਿਰੇ ਲੱਗਦਾ ਲੱਗਦਾ ਰਹਿ ਗਿਆ। ਕੁੜੀ ਦੀ ਖੱਬੀ ਲੱਤ ’ਚ ਜਮਾਂਦਰੂ ਨੁਕਸ ਸੀ, ਮਾਮੂਲੀ ਜਿਹਾ ਲੰਗ ਮਾਰ ਕੇ ਤੁਰਦੀ ਸੀ, ਉਹ ਹਾਂ ਵੀ ਕਰ ਗਏ ਸਨ, ਪਰ ਫਿਰ ਪਤਾ ਨਹੀਂ ਕੀ ਹੋਇਆ, ਉਹ ਮੁੜ ਕੇ ਬਹੁੜੇ ਹੀ ਨਹੀਂ। ਜਦੋਂ ਦੋ-ਤਿੰਨ ਮਹੀਨਿਆਂ ਬਾਅਦ ਗੱਲ ਬਾਹਰ ਆਈ ਕਿ ਜਿਹੜੇ ਪਿੰਡੋਂ ਕੁੜੀ ਵਾਲੇ ਆਏ ਸਨ, ਉੱਥੇ ਦੇਬੀ ਦੀ ਸਾਲੇਹਾਰ ਦੀ ਭਤੀਜੀ ਵਿਆਹੀ ਸੀ। ਕੁੜੀ ਵਾਲਿਆਂ ਦੇ ਹਾਂ ਕਰਕੇ ਜਾਣ ਤੋਂ ਤੀਜੇ-ਚੌਥੇ ਦਿਨ ਮਗਰੋਂ ਬਚਨੋ ਪੇਕੀਂ ਗਈ ਸਾਰੀ ਖੇਡ ਖੇਡ ਆਈ ਸੀ। ਨੰਜੂ ਦੀ ਮਾਂ ਨੂੰ ਜਦ ਵਿੜਕ ਲੱਗੀ ਤਾਂ ਉਹ ਮਨ ਮਸੋਸ ਕੇ ਰਹਿ ਗਈ।

ਨੰਜੂ ਦੀ ਮਰਜ਼ੀ ਹੁੰਦੀ ਤਾਂ ਘਰ ਦੇ ਕੋਈ ਛੋਟੇ ਮੋਟੇ ਕੰਮ ਕਰ ਦਿੰਦਾ ਨਹੀਂ ਤਾਂ ਉਸ ਦਾ ਬਹੁਤਾ ਸਮਾਂ ਅਵਧੂਤ ਸੰਤਾਂ ਦੇ ਡੇਰੇ ਜਾਂ ਫਿਰ ਅੱਡੇ ਵਾਲੇ ਖੂਹ ’ਤੇ ਨਿਕਲਦਾ। ਹਾਂ ਹਾੜੀ ਦੇ ਦਿਨਾਂ ’ਚ ਜਦੋਂ ਕਣਕ ਦਾ ਲਾਂਗਾ ਟੋਕਾ ਕਰਕੇ ਰੱਖਿਆ ਹੁੰਦਾ ਤਾਂ ਰਾਤ ਨੂੰ ਰਾਖੀ ਉਹ ਰੱਖਦਾ। ਬਾਈ ਦੇਬੀ ਤੇ ਉਸ ਦੇ ਮੁੰਡੇ ਯਾਨੀ ਆਪਣੇ ਭਤੀਜੇ ਲਛਮਣ ਨੂੰ ਘਰ ਭੇਜ ਦਿੰਦਾ। ਪੂਰਾ ਜ਼ਿੰਮੇਵਾਰ। ਕਦੇ ਕਦੇ ਤਾਂ ਗੁਆਂਢੀ ਬਾਵੇ ਕਿਆਂ ਨੂੰ ਵੀ ਕਹਿ ਦਿੰਦਾ, ‘‘ਜਾਓ ਘਰੇ ਸਿਰ ਥੱਲੇ ਬਾਂਹ ਦੇ ਕੇ ਸੌਂ ਜਾਓ, ਹੈਗਾ ਨੰਜੂ ਇੱਥੇ।’’ ਤੇ ਉਹ ਚਲੇ ਵੀ ਜਾਂਦੇ। ਉਹ ਸਾਰੀ ਰਾਤ ਸੌਂਦਾ ਨਹੀਂ ਸੀ।

ਪਿੰਡ ਵਿੱਚ ਕਿਸੇ ਦੇ ਘਰ ਅਖੰਡ ਪਾਠ ਹੋਣਾ, ਤਿੰਨੇ ਦਿਨ ਨੰਜੂ ਦੀ ਡਿਊਟੀ ਪਾਠੀਆਂ ਦੀ ਸੇਵਾ ’ਚ ਹੁੰਦੀ। ਰਾਤ ਨੂੰ ਕਿਸੇ ਨੂੰ ਫ਼ਿਕਰ ਨਹੀਂ ਸੀ ਹੁੰਦਾ। ਨੰਜੂ ਨੇ ਹੀ ਪਾਠੀਆਂ ਦੇ ਇਸ਼ਨਾਨ ਦਾ ਪ੍ਰਬੰਧ ਕਰਨਾ। ਚਾਹ-ਦੁੱਧ ਬਣਾ ਕੇ ਦੇਣਾ। ਮਜ਼ਾਲ ਕੋਈ ਪਾਠੀ ਰੌਲ ਤੋਂ ਲੇਟ ਹੋ ਜੇ। ਪਿੰਡ ਵਿੱਚ ਧੀ ਭੈਣ ਦਾ ਵਿਆਹ ਹੋਵੇ ਤਾਂ ਉਸ ਦੀ ਪੱਕੀ ਡਿਊਟੀ ਲੱਗ ਜਾਂਦੀ। ਮੰਜੇ ਬਿਸਤਰੇ ’ਕੱਠੇ ਕਰਨੇ, ਸ਼ਹਿਰੋਂ ਸਬਜ਼ੀ ਭਾਜੀ ਲੈ ਕੇ ਆਉਣੀ, ਰਾਸ਼ਨ ਲਿਆਉਣਾ ਜੋ ਮਰਜ਼ੀ ਡਿਊਟੀ ਲਾ ਦਿਓ, ਉਹ ਪੂਰਾ ਖਰਾ ਉਤਰਦਾ। ਹਿਸਾਬ ਕਿਤਾਬ ਦਾ ਪੂਰਾ, ਮਜ਼ਾਲ ਹੈ ਇੱਕ ਪੈਸਾ ਵੀ ਇੱਧਰ ਉੱਧਰ ਹੋ ਜੇ। ਜੰਝ ਆ ਢੁੱਕਦੀ, ਉਹ ਜਾਂਝੀਆਂ ਦੀ ਸੇਵਾ ’ਚ ਹਾਜ਼ਰ ਹੁੰਦਾ। ਉਨ੍ਹਾਂ ਦਿਨਾਂ ਵਿੱਚ ਜੰਝਾਂ ਰਾਤ ਠਹਿਰਦੀਆਂ ਸਨ। ਜੇ ਨੰਜੂ ਜੰਝ ਕੋਲ ਧਰਮਸ਼ਾਲਾ ਵਿੱਚ ਬੈਠਾ ਹੋਵੇ ਤਾਂ ਘਰਵਾਲਿਆਂ ਨੂੰ ਫ਼ਿਕਰ ਨਹੀਂ ਸੀ ਹੁੰਦਾ।

ਧਰਮਸ਼ਾਲਾ ਦੇ ਲੰਬੇ ਚੌੜੇ ਵਿਹੜੇ ਵਿੱਚ ਸੱਠ-ਸੱਤਰ ਮੰਜੇ ਵਿਛਾਏ ਜਾਣ ਦੀ ਵਿਵਸਥਾ ਸੀ। ਵਿਹੜੇ ਦੇ ਇੱਕ ਕੋਨੇ ਵਿੱਚ ਪਾਣੀ ਦਾ ਨਲਕਾ ਲੱਗਿਆ ਹੋਇਆ ਤੇ ਨਾਲ ਸੌ ਕੁ ਵਰਗ ਫੁੱਟ ਦੀ ਨੌਂ ਕੁ ਇੰਚ ਉੱਚੀ ਥੜ੍ਹੀ ਨਹਾਉਣ ਲਈ ਬਣਾਈ ਹੋਈ ਸੀ। ਜੰਝ ਦੇ ਆਉਣ ਸਮੇਂ ਵੱਡਾ ਲੋਹੇ ਦਾ ਕੜਾਹਾ ਰੱਖ ਦਿੰਦੇ ਤੇ ਇੱਕ ਬੰਦੇ ਦੀ ਡਿਊਟੀ ਨਲਕਾ ਗੇੜ ਕੇ ਕੜਾਹਾ ਭਰਨ ’ਤੇ ਲੱਗਦੀ ਤੇ ਇਹ ਡਿਊਟੀ ਅਕਸਰ ਨੰਜੂ ਦੀ ਦੇਖ ਰੇਖ ’ਚ ਹੁੰਦੀ। ਧਰਮਸ਼ਾਲਾ ਦੇ ਇੱਕ ਕੋਨੇ ’ਚ ਪਟਵਾਰ ਖਾਨਾ ਸੀ ਤੇ ਬਾਕੀ ਕਮਰੇ ਵਿਹਲੇ ਸਨ। ਜਿੱਥੇ ਵਿਆਹ ਸ਼ਾਦੀ ਵੇਲੇ ਜੰਝਾਂ ਦਾ ਢੁਕਾਅ ਹੁੰਦਾ।

ਪਟਵਾਰ ਖਾਨੇ ਵਿੱਚ ਪਰਮਜੀਤ ਸਿੰਘ ਨਾਂ ਦਾ ਨਵਾਂ ਪਟਵਾਰੀ ਬਦਲ ਕੇ ਆਇਆ ਸੀ। ਮਾਨਸਾ ਦੇ ਨੇੜੇ ਦੇ ਕਿਸੇ ਪਿੰਡ ਦਾ ਰਹਿਣ ਵਾਲਾ ਸੀ। ਪਤਾ ਨਹੀਂ ਮਹਿਕਮੇ ਨੇ ਐਨੀ ਦੂਰ ਬਦਲੀ ਕਿਉਂ ਕਰ ਦਿੱਤੀ ਸੀ। ਪਟਵਾਰਖਾਨੇ ਵਾਲਾ ਕਮਰਾ ਵਾਹਵਾ ਖੁੱਲ੍ਹਾ ਸੀ। ਪਟਵਾਰੀ ਨੇ ਆਪਣਾ ਮੰਜਾ ਬਿਸਤਰਾ ਉੱਥੇ ਹੀ ਟਿਕਾ ਲਿਆ ਸੀ। ਰੋਟੀ ਤਾਂ ਸਵੇਰੇ ਸ਼ਾਮ ਨੰਬਰਦਾਰਾਂ ਦੇ ਘਰੋਂ ਆ ਜਾਂਦੀ ਸੀ। ਚਾਹ-ਪਾਣੀ ਲਈ ਉਸ ਨੇ ਸਟੋਵ ਰੱਖ ਲਿਆ ਸੀ ਤੇ ਦੋ ਚਾਰ ਲੋੜੀਂਦੇ ਭਾਂਡੇ ਵੀ। ਇਸ ਸੇਵਾ ਲਈ ਨੰਜੂ ਉਸ ਦੇ ਫਿੱਟ ਬੈਠ ਗਿਆ। ਹੁਣ ਦਿਨ ਵੇਲੇ ਨੰਜੂ ਪਟਵਾਰਖਾਨੇ ਹੀ ਰਹਿੰਦਾ। ਪਟਵਾਰੀ ਵਾਸਤੇ ਜਾਂ ਕੋਈ ਹੋਰ ਆਏ ਗਏ ਲਈ ਚਾਹ ਬਣਾ ਦੇਣੀ। ਦੁੱਧ ਦੀ ਪਿੰਡ ’ਚੋਂ ਕੋਈ ਘਾਟ ਨਹੀਂ ਸੀ। ਦੁੱਧ ਤਾਂ ਨੰਜੂ ਆਪਣੇ ਘਰੋਂ ਵੀ ਲੈ ਆਉਂਦਾ। ਨੰਜੂ ਦਾ ਨਿੱਘਾ ਸੁਭਾਅ ਤੇ ਹਰੇਕ ਦੇ ਕੰਮ ਆਉਣ ਵਾਲਾ ਗੁਣ ਪਟਵਾਰੀ ਦੇ ਰਾਸ ਆ ਗਿਆ। ਉਹ ਪਟਵਾਰੀ ਦੇ ਨਾਲ ਬਸਤਾ ਲੈ ਕੇ ਤਹਿਸੀਲ ਵੀ ਚਲਾ ਜਾਂਦਾ। ਪਟਵਾਰੀ ਥੁੜ੍ਹੇ ਕੋਈ ਜ਼ਰੂਰੀ ਡਾਕ ਨੰਜੂ ਦੇ ਹੱਥ ਤਹਿਸੀਲ ਭੇਜ ਦਿੰਦਾ।

ਲਿਫ਼ਾਫ਼ਿਆਂ ’ਚ ਬੰਦ ਕੋਈ ਗੁਪਤ ਕੰਮ ਵੀ ਨੰਜੂ ਰਾਹੀਂ ਅਫ਼ਸਰਾਂ ਨੂੰ ਪਹੁੰਚ ਜਾਂਦੇ। ਇਤਬਾਰ ਵਾਲਾ ਬੰਦਾ ਸੀ। ਗੱਲ ਕੀ ਨੰਜੂ ਪਟਵਾਰੀ ਦੇ ਦਿਲ ’ਚ ਗੁੱਡ ਗਿਆ। ਪਿੰਡ ਵਾਲੇ ਨੰਜੂ ਨੂੰ ਪਟਵਾਰੀ ਕਹਿਣ ਲੱਗ ਪਏ। ਪਰਮਜੀਤ ਪਟਵਾਰੀ ਦੇ ਪਿੰਡ ਗੁਆਂਢ ’ਚ ਕੁੜੀ ਸੀ ਜੋ ਨਸ਼ੇੜੀ ਪਤੀ ਨੂੰ ਛੱਡ ਕੇ ਘਰ ਆ ਬੈਠੀ ਸੀ। ਦੁਬਾਰਾ ਗੱਲ ਬਣਦੀ ਨ੍ਹੀਂ ਸੀ ਕਿਤੇ। ਨੰਜੂ ਦੇ ਹਾਣ ਪਰਵਾਣ ਸੀ। ਪਟਵਾਰੀ ਰਾਹੀਂ ਨੰਜੂ ਦੇ ਘਰ ਗੱਲ ਚਲੀ ਤਾਂ ਦੇਬੀ ਤੇ ਬਚਨੋ ਦੇ ਤਾਂ ਪੈਰਾਂ ਹੇਠੋਂ ਜ਼ਮੀਨ ਖਿਸਕਣ ਲੱਗੀ। ’ਕੇਰਾਂ ਤਾਂ ਪਟਵਾਰੀ ਨੂੰ ਲਾਰਾ ਜਿਹਾ ਲਾ ਕੇ ਟਾਲ ਦਿੱਤਾ। ਫਿਰ ਦੋ-ਤਿੰਨ ਦਿਨਾਂ ਦੇ ਸਲਾਹ ਮਸ਼ਵਰੇ ਪਿੱਛੋਂ ਦੇਬੀ ਨੇ ਆਪਣੇ ਸਾਲੇ ਜਰਨੈਲ ਨੂੰ ਬੁਲਾਇਆ ਤੇ ਪਟਵਾਰੀ ਦੀ ਆਥਣ ਦੀ ਰੋਟੀ ਆਪਣੇ ਘਰ ਘਰ ਦਿੱਤੀ। ਦੇਸੀ ਕੁੱਕੜ ਰਿੰਨ੍ਹ ਲਿਆ ਸੀ। ਸ਼ਹਿਰੋਂ ਅੰਗਰੇਜ਼ੀ ਦੀ ਬੋਤਲ ਜਰਨੈਲ ਆਉਂਦਾ ਹੋਇਆ ਆਪ ਹੀ ਫੜ ਲਿਆਇਆ ਸੀ। ਜਰਨੈਲ ਗੱਲਬਾਤ ਕਰਨ ਲਈ ਹੁਸ਼ਿਆਰ ਸੀ। ਬਾਹਰਲੀ ਬੈਠਕ ’ਚ ਪਟਵਾਰੀ, ਦੇਬੀ ਤੇ ਜਰਨੈਲ ਦੀ ਮਹਿਫ਼ਿਲ ਜੰਮ ਗਈ।

ਨੰਜੂ ਤਾਂ ਮੀਟ ਸ਼ਰਾਬ ਨੂੰ ਹੱਥ ਨਹੀਂ ਸੀ ਲਾਉਂਦਾ। ਅਵਧੂਤ ਸੰਤਾਂ ਦੇ ਡੇਰੇ ਜਾਣ ਕਰਕੇ ਉਸ ਦੀ ਬਿਰਤੀ ਧਾਰਮਿਕ ਵੀ ਬਣ ਗਈ ਸੀ। ਇਸੇ ਕਰਕੇ ਨਸ਼ੇ ਪੱਤੇ ਤੋਂ ਦੂਰ ਹੀ ਸੀ। ਉੱਧਰ ਤਿੱਕੜੀ ਨੇ ਬੋਤਲ ਮੁੱਕਣ ਤੱਕ ਬਾਜ਼ੀ ਨੂੰ ਪਲਟ ਲਿਆ ਸੀ। ਦੇਬੀ ਦਾ ਮੁੰਡਾ ਲਛਮਣ ਚੰਗਾ ਗੱਭਰੂ ਨਿਕਲ ਆਇਆ ਸੀ। ਬੈਠਕ ਵਿੱਚ ਤਿੱਕੜੀ ਦੀ ਟਹਿਲ ਸੇਵਾ ਉਹੀ ਕਰ ਰਿਹਾ ਸੀ। ਪਟਵਾਰੀ ਨੇ ਨੰਜੂ ਵਾਲੀ ਗੱਲ ਨੂੰ ਪੂੰਜ ਕੇ ਪਰੇ ਸਿੱਟ ਦਿੱਤਾ। ਲਛਮਣ ਵੱਲ ਸਰਸਰੀ ਨਜ਼ਰ ਮਾਰ ਕੇ ਜਰਨੈਲ ਵੱਲ ਦੇਖਿਆ ਤੇ ਫਿਰ ਦੇਬੀ ਵੱਲ ਉੱਡਦੀ ਜਿਹੀ ਗੱਲ ਸੁੱਟੀ, ‘‘ਕਿਵੇਂ ਜਵਾਨ ਦਾ ਵਿਆਹ ਕਦੋਂ ਵਿਖਾਉਣੈ।’’ ਦੇਬੀ ਦੇ ਬੋਲਣ ਤੋਂ ਪਹਿਲਾਂ ਜਰਨੈਲ ਨੇ ਗੱਲ ਬੋਚ ਲਈ, ‘‘ਅਫ਼ਸਰੋ, ਫਿਰ ਲਾਓ ਕੋਈ ਦਮਰਦਾ ਤੁਸੀਂ ਆਪ ਹੀ, ਪਹੁੰਚ ਵਾਲੇ ਬੰਦੇ ਹੋ।’’ ‘‘ਹੂੰਅਅ!’’ ਕਹਿ ਕੇ ਪਟਵਾਰੀ ਨੇ ਚੁੱਪ ਵੱਟ ਲਈ। ਸੋਤੇ ਪਏ ਤੱਕ ਤਿੰਨੇ ਜਣੇ ਜੱਕੜ ਮਾਰਦੇ ਰਹੇ ਤੇ ਫਿਰ ਨੰਜੂ ਪਟਵਾਰੀ ਸਾਹਿਬ ਨੂੰ ਉਸ ਦੇ ਟਿਕਾਣੇ ’ਤੇ ਛੱਡ ਆਇਆ।

ਪਰਮਜੀਤ ਪਟਵਾਰੀ ਆਪਣੇ ਪਿੰਡ ਗਿਆ ਦਸ-ਬਾਰਾਂ ਦਿਨ ਬਹੁੜਿਆ ਹੀ ਨਹੀਂ। ਤੇ ਪਤਾ ਉਸ ਦਿਨ ਹੀ ਲੱਗਿਆ ਜਦੋਂ ਨਵੇਂ ਪਟਵਾਰੀ ਨੇ ਆ ਕੇ ਜੁਆਇਨ ਕਰ ਲਿਆ। ਪਰਮਜੀਤ ਦੀ ਬਦਲੀ ਉਸ ਦੇ ਪਿੰਡਾਂ ਵੱਲ ਦੀ ਹੋ ਗਈ ਸੀ। ਨੰਜੂ ਦੇ ਰਿਸ਼ਤੇ ਦੀ ਗੱਲ ਠੰਢੇ ਬਸਤੇ ’ਚ ਪੈ ਗਈ, ਪਰ ਇਸ ਗੱਲ ਨੇ ਦੇਬੀ ਤੇ ਬਚਨੋ ਨੂੰ ਚੁਕੰਨਾ ਕਰ ਦਿੱਤਾ। ਪਟਵਾਰੀ ਦੀ ਪਾਰਟੀ ’ਤੇ ਆਇਆ ਜਰਨੈਲ ਉਨ੍ਹਾਂ ਨੂੰ ਦਿਲਾਸਾ ਦੇ ਗਿਆ ਸੀ ਕਿ ਉਹ ਕੋਈ ਬੰਨ੍ਹ ਸੁੱਬ ਕਰੇਗਾ ਤੇ ਉਹ ਸਮਾਂ ਜਲਦੀ ਆ ਗਿਆ। ਜਰਨੈਲ ਦੇ ਸਾਢੂ ਦਾ ਪਰਿਵਾਰ ਰਾਜਸਥਾਨ ’ਚ ਪਦਮਪੁਰ ਦੇ ਨੇੜੇ ਵਸਿਆ ਹੋਇਆ ਸੀ। ਪੁਰਾਣੇ ਸਮਿਆਂ ਦੇ ਇੱਧਰੋਂ ਉੱਧਰ ਜਾ ਕੇ ਵਸ ਗਏ ਸਨ। ਇੱਧਰਲੀ ਗਿਣਤੀ ਮਿਣਤੀ ਦੀ ਜ਼ਮੀਨ ਮੁਰੱਬਿਆਂ ’ਚ ਬਦਲ ਗਈ। ਮਿਹਨਤ ਰੰਗ ਲੈ ਆਈ।

ਜਰਨੈਲ ਦੀ ਸਾਲੀ ਦੀ ਕੁੜੀ ਮੁਟਿਆਰ ਸੀ। ਉਨ੍ਹਾਂ ਨੇ ਕਈ ਵਾਰ ਜਰਨੈਲ ਨੂੰ ਕਿਸੇ ਚੰਗੇ ਰਿਸ਼ਤੇ ਦੀ ਭਾਲ ਲਈ ਆਖਿਆ ਸੀ। ਜਰਨੈਲ ਨੂੰ ਦੇਬੀ ਵਰਗਾ ਸਾਊ ਪਰਿਵਾਰ ਤੇ ਲਛਮਣ ਵਰਗਾ ਕੂਨਾ ਤੇ ਸੋਹਣਾ ਜੁਆਨ ਮੁੰਡਾ ਪਦਮਪੁਰੀਆਂ ਦੀ ਕੁੜੀ ਲਈ ਢੁੱਕਵਾਂ ਵਰ ਲੱਗਿਆ। ਜ਼ਮੀਨ ਥੋੜ੍ਹੀ ਸੀ, ਚਾਚੇ ਨੰਜੂ ਦੀ ਮਿਲਾ ਕੇ ਵੀ ਬਰਾਬਰ ਦੇ ਨਹੀਂ ਸੀ ਲੱਗਦੇ, ਪਰ ਉਸ ਦਾ ਹੱਲ ਵੀ ਸੋਚ ਲਿਆ ਸੀ। ਉਸ ਨੇ ਆਪਣੇ ਭੈਣ-ਭਣੋਈਏ ਨੂੰ ਚੰਗੀ ਤਰ੍ਹਾਂ ਸਮਝਾ ਦਿੱਤਾ ਸੀ। ਨੰਜੂ ਦੀ ਜ਼ਮੀਨ ਆਪਣੇ ਹੱਥ ਥੱਲੇ ਕਰਨ ਦਾ ਰਾਹ ਵੀ ਪੱਧਰਾ ਹੋ ਜਾਵੇਗਾ ਤੇ ਫਿਰ ਰੱਬ ਦਾ ਨਾਂ ਲੈ ਕੇ ਜਰਨੈਲ, ਲਛਮਣ ਨੂੰ ਨਾਲ ਲੈ ਕੇ ਪਦਮਪੁਰ ਦੀ ਗੱਡੀ ਚੜ੍ਹ ਗਿਆ।

ਜਰਨੈਲ ਦੇ ਸਾਲੀ-ਸਾਂਢੂ ਨੂੰ ਲਛਮਣ ਤਾਂ ਜਚ ਗਿਆ ਸੀ, ਪਰ ਪੈਲੀ ਬਾਰੇ ਸੋਚਾਂ ’ਚ ਪੈ ਗਏ। ਜਰਨੈਲ ਨੇ ਸਕੀਮ ਸਮਝਾਈ ਕਿ ਪੈਲੀ ਦਾ ਕੋਈ ਟੱਕ ਇੱਧਰ ਹੀ ਲੱਭੋ। ਜਰਨੈਲ ਦੇ ਭੰਨ ਘੜ ਕਰਨ ਦੇ ਮਨਸੂਬੇ ਸਿਰੇ ਚੜ੍ਹ ਗਏ। ਲਛਮਣ ਦਾ ਵਿਆਹ ਆ ਗਿਆ। ਇੱਧਰਲੀ ਬਾਈ ਕਨਾਲਾਂ ਡਾਕਰ ਜ਼ਮੀਨ ਵੇਚ ਕੇ ਉੱਧਰ ਅੱਧਾ ਮੁਰੱਬਾ ਬਣਾ ਲਿਆ। ਬਾਕੀ ਮਿਹਨਤ ਕਰਕੇ ਹੋਰ ਰਲਾ ਲੈਣਗੇ। ਨੰਜੂ ਨੂੰ ਵੀ ਸਮਝਾ ਲਿਆ ਗਿਆ। ਉਹ ਕੁਝ ਨਹੀਂ ਬੋਲਿਆ। ਬਸ ਦੇਬੀ ਤੇ ਬਚਨੋ ਨੂੰ ਇੱਕ ਗੱਲ ਦਾ ਝੋਰਾ ਸੀ ਕਿ ਰਾਜਸਥਾਨ ’ਚ ਜ਼ਮੀਨ ਦੀ ਰਜਿਸਟਰੀ ਬਾਹਰਲੇ ਸੂਬੇ ਦੇ ਵਾਸੀਆਂ ਦੇ ਨਾਂ ਨਹੀਂ ਸੀ ਹੋ ਸਕਦੀ, ਇਸ ਲਈ ਸਾਰੀ ਜ਼ਮੀਨ ਲਛਮਣ ਦੀ ਵਹੁਟੀ ਦੇ ਨਾਂ ਕਰਨੀ ਪਈ ਤੇ ਉਹ 43 ਆਰ ਬੀ ਚੱਕ ਦੇ ਵਾਸੀ ਹੋ ਗਏ।

ਸਮਾਂ ਤੇਜ਼ੀ ਨਾਲ ਨਿਕਲਦਾ ਗਿਆ। ਪਿਛਲੇ ਪਿੰਡ ਉਨ੍ਹਾਂ ਦਾ ਘਰ ਹਾਲੇ ਸੀ। ਪੰਜਾਂ ਸੱਤਾਂ ਮਹੀਨਿਆਂ ਤੋਂ ਨੰਜੂ ਹੀ ਗੇੜਾ ਮਾਰਦਾ। ਬਾਕੀ ਜੀਆਂ ਦਾ ਆਉਣਾ ਜਾਣਾ ਘਟ ਹੀ ਗਿਆ। ਨੰਜੂ ਆਉਂਦਾ ਘਰ ਸੰਵਾਰਦਾ ਤਾਂ ਕਈ ਵਾਰ ਤਾਂ ਦੋ-ਦੋ ਮਹੀਨੇ ਨਾ ਮੁੜਦਾ। ਉਸ ਦਾ ਮਨ ਨਹੀਂ ਸੀ ਲੱਗਦਾ ਉੱਧਰ। 43 ਆਰ ਬੀ ਪਿੰਡ ’ਚ ਤਾਂ ਉਸ ਦਾ ਬਹਿਣ ਉੱਠਣ ਕਿਤੇ ਹੈ ਹੀ ਨਹੀਂ ਸੀ, ਘਰੇ ਵੀ ਉਸ ਦੀ ਪਹਿਲਾਂ ਵਰਗੀ ਪੁੱਛ ਦੱਸ ਨਹੀਂ ਰਹੀ ਸੀ। ਉਹ ਕਿੱਧਰ ਜਾਂਦੈ, ਕਦੋਂ ਆਉਂਦਾ ਇਸ ਨਾਲ ਕਿਸੇ ਨੂੰ ਕੋਈ ਸਰੋਕਾਰ ਨਹੀਂ ਸੀ। ਹਾਂ ਕਦੇ ਕਦਾਈਂ ਦੇਬੀ ਜ਼ਰੂਰ ਉਸ ਨੂੰ ਕੋਲ ਬੁਲਾ ਲੈਂਦਾ। ਨਹੀਂ ਤੇ ਉਹ ਡੰਗਰਾਂ ਲਈ ਬਣੇ ਕੋਠੇ ਨਾਲ ਆਏ ਗਏ ਲਈ ਤਿੰਨ ਖਣਾਂ ਦੀ ਛੱਤੀ ਬੈਠਕ ਵਿੱਚ ਪਿਆ ਰਹਿੰਦਾ। ਜਦੋਂ ਕਦੇ ਬਹੁਤਾ ਚਿੱਤ ਅਵਾਜ਼ਾਰ ਹੁੰਦਾ ਤਾਂ ਉਹ ਸਾਈਕਲ ਚੁੱਕ ਕੇ ਚੁੱਪ ਚਾਪ ਪਿੰਡੋਂ ਚਾਰ ਕੁ ਕਿਲੋਮੀਟਰ ਦੂਰ ਬਣੇ ਗੁਰਦੁਆਰਾ ਸਾਹਿਬ ਜੱਲੋਕੀ ਚਲਾ ਜਾਂਦਾ। 6 ਆਰ ਬੀ ਕਾਫ਼ੀ ਵੱਡਾ ਕਸਬਾ ਹੈ, ਜਿੱਥੇ ਗੁਰਦੁਆਰਾ ਸਾਹਿਬ ਸਥਿਤ ਹੈ। ਸੰਗਤ ਦਾ ਆਉਣ ਜਾਣ ਬਣਿਆ ਰਹਿੰਦੈ। ਸਾਰਾ ਦਿਨ ਨੰਜੂ ਉੱਥੇ ਕੱਢ ਦਿੰਦਾ। ਉਸ ਨੂੰ ਪਿਛਲੇ ਪਿੰਡ ਦੀ ਯਾਦ ਸਤਾਉਂਦੀ ਤਾਂ ਪਦਮਪੁਰ ਦੇ ਨੇੜੇ ਪੈਂਦੇ ਰੇਲਵੇ ਸਟੇਸ਼ਨ ਗਜਸਿੰਘਪੁਰ ਤੋਂ ਰੇਲ ਗੱਡੀ ਫੜਦਾ ਤੇ ਪਿੰਡ ਪਹੁੰਚ ਜਾਂਦਾ। ਉਸ ਦੇ ਮਨ ਨੂੰ ਭਟਕਣਾ ਲੱਗੀ ਰਹਿੰਦੀ। ਕੀ ਖੱਟਿਆ ਰਾਜਸਥਾਨ ਜਾ ਕੇ, ਉਹ ਝੂਰਦਾ ਰਹਿੰਦਾ।

ਤੇ ਫਿਰ ਅਚਾਨਕ ਦੇਬੀ ਦੀ ਹੋਈ ਮੌਤ ਨੇ ਨੰਜੂ ਨੂੰ ਝੰਜੋੜ ਦਿੱਤਾ। ਉਹ ’ਕੱਲਾ ਬੈਠਾ ਰੋਂਦਾ ਰਹਿੰਦਾ। ਵੱਡੇ ਭਰਾ ਦੇ ਹੁੰਦੇ ਤਾਂ ਮਾੜੀ ਮੋਟੀ ਪੁੱਛ ਦੱਸ ਸੀ, ਉਸ ਦੀ ਮੌਤ ਤੋਂ ਮਗਰੋਂ ਤਾਂ ਉਹ ਲਾਵਾਰਿਸ ਜਿਹਾ ਹੋ ਗਿਆ। ਲਛਮਣ ਨੂੰ ਤਾਂ ਖੇਤੀ ’ਚੋਂ ਵਿਹਲ ਨਹੀਂ ਸੀ ਤੇ ਉਸ ਦੀ ਵਹੁਟੀ ਦਾ ਸੁਭਾਅ ਵੀ ਕੋਈ ਵਧੀਆ ਨਹੀਂ ਸੀ। ਹੁਣ ਤਾਂ ਬਚਨੋ ਵੀ ਮੁਥਾਜ ਹੋ ਗਈ ਜਾਪਦੀ ਸੀ। ਫਿਰ ਇੱਕ ਦਿਨ ਆਪਣਾ ਤਾਮ ਝਾਮ ਚੱਕ ਕੇ ਪਿੰਡ ਆ ਗਿਆ। ਹੁਣ ਉਹ ਡੇਰੇ ਹੀ ਰਹਿੰਦਾ। ਡੇਰੇ ਦੀ ਸਾਫ਼ ਸਫ਼ਾਈ ਤੇ ਹੋਰ ਜਿੰਨੇ ਕੁ ਜੋਗਾ ਸੀ ਕੰਮ ਕਰਦਾ ਰਹਿੰਦਾ। ਡੇਰੇ ਦਾ ਡਾਲੀ ਵਾਲਾ ਭਾਈ ਪਿੰਡ ’ਚੋਂ ਦਾਲ ਪ੍ਰਸ਼ਾਦੇ ਤੇ ਦੁੱਧ ਆਦਿ ਗਜਾ ਕਰਕੇ ਲਿਆਉਂਦਾ। ਨੰਜੂ ਦਾ ਵੀ ਇੱਥੇ ਡੰਗ ਲੰਘ ਜਾਂਦਾ, ਪਰ ਰਾਤ ਨੂੰ ਸੌਂਦਾ ਆਵਦੇ ਘਰ ਹੀ। ਗਰਮੀਆਂ ਦੇ ਮਹੀਨੇ ਉਹ ਛੱਤ ’ਤੇ ਮੰਜਾ ਡਾਹ ਲੈਂਦਾ। ਨਾਲ ਦੀ ਛੱਤ ’ਤੇ ਸ਼ੇਰ ਸਿੰਘ ਨੰਬਰਦਾਰ ਸੌਂਦਾ ਸੀ। ਨੰਬਰਦਾਰ ਦੀ ਘਰਵਾਲੀ ਵੀ ਦੋ ਕੁ ਸਾਲ ਪਹਿਲਾਂ ਗੁਜ਼ਰ ਗਈ ਸੀ। ਨੰਬਰਦਾਰ ਦਾ ਮੁੰਡਾ ਤੇ ਬੱਚੇ ਥੱਲੇ ਵਿਹੜੇ ’ਚ ਫਰਾਟਾ ਪੱਖਾ ਲਾ ਕੇ ਸੌਂ ਜਾਂਦੇ। ਵਹੁਟੀ ਤੋਂ ਬਾਅਦ ਉਸ ਦੀ ਵੀ ਪੁਛ ਗਿੱਛ ਘਟ ਗਈ ਸੀ।

ਨੰਬਰਦਾਰ ਤੇ ਨੰਜੂ ਸੋਤੇ ਪਏ ਤੱਕ ਗੱਲਾਂ ਕਰਦੇ ਰਹਿੰਦੇ। ‘‘ਨੰਜਿਆ ਤੀਵੀਆਂ ਬਗੈਰ ਕਾਹਦਾ ਜਿਊਣ ਹੈ ਇਸ ਉਮਰੇ’’ ਨਾਲ ਦੇ ਕੋਠੇ ਤੋਂ ਆਉਂਦੀ। ਨੰਬਰਦਾਰ ਦੀ ਦੱਬਵੀਂ ਆਵਾਜ਼ ਨੇੜੇ ਪਏ ਨੰਜੂ ਨੂੰ ਵੀ ਅਵਾਜ਼ਾਰ ਕਰ ਦਿੰਦੀ। ਉਹ ਵੀ ਠੰਢਾ ਹਉਕਾ ਭਰ ਕੇ ਰਹਿ ਜਾਂਦਾ। ਭਾਦੋਂ ਦਾ ਮਹੀਨਾ ਸੀ। ਉਹ ਤੇ ਸ਼ੇਰ ਸਿੰਘ ਨੰਬਰਦਾਰ ਗੱਲਾਂ ਕਰਦੇ ਕਰਦੇ ਕੋਠੇ ’ਤੇ ਮੰਜੇ ਡਾਹੀ ਸੁੱਤੇ ਹੀ ਸਨ ਕਿ ਮੀਂਹ ਇਕਦਮ ਲਹਿ ਪਿਆ। ਉਨ੍ਹਾਂ ਨੇ ਫਟਾਫਟ ਥੱਲੇ ਉਤਰਨ ਲਈ ਬਿਸਤਰੇ ਚੁੱਕ ਲਏ। ਨੰਬਰਦਾਰਾਂ ਦੀ ਛੱਤ ਨਾਲ ਤਾਂ ਪੱਕੀਆਂ ਪਾਉੜੀਆਂ ਸਨ, ਪਰ ਨੰਜੂ ਨੇ ਲੱਕੜ ਦੇ ਟੰਬਿਆਂ ਵਾਲੀ ਪਾਉੜੀ ਛੱਤ ਨਾਲ ਲਾਈ ਹੋਈ ਸੀ। ਰੱਬ ਦੀ ਮਾਰ ਕਾਹਲੀ ’ਚ ਨੰਜੂ ਦਾ ਪੈਰ ਦੂਜੇ ਟੰਬੇ ’ਤੇ ਨਾ ਟਿਕਿਆ ਤੇ ਉਹ ਧੜੰਮ ਦੇਣੇ ਵਿਹੜੇ ’ਚ ਜਾ ਡਿੱਗਿਆ। ਮੀਂਹ ਦਾ ਛੜਾਕਾ ਜ਼ੋਰ ਦਾ ਸੀ। ਨੰਬਰਦਾਰ ਤਾਂ ਫੁਰਤੀ ਨਾਲ ਹੇਠਾਂ ਉਤਰ ਗਿਆ ਸੀ। ਨੰਜੂ ਦੀ ਬਹੁੜੀ ਦੁਹਾਈ ਕਿਸੇ ਨੇ ਨਾ ਸੁਣੀ। ਉਸ ਨੇ ਖੜ੍ਹਾ ਹੋਣ ਦੀ ਕੋਸ਼ਿਸ਼ ਕੀਤੀ ਤਾਂ ਉਸ ਦੀਆਂ ਚੀਕਾਂ ਨਿਕਲ ਗਈਆਂ।

ਉਹ ਰਿੜ੍ਹ ਕੇ ਸਵਾਤ ਦੇ ਬੂਹੇ ਤੱਕ ਗਿਆ। ਹੱਥਾਂ ਨਾਲ ਧੱਕਾ ਮਾਰ ਕੇ ਬੂਹਾ ਤਾਂ ਖੋਲ੍ਹ ਲਿਆ, ਪਰ ਅੰਦਰ ਪਏ ਮੰਜੇ ’ਤੇ ਨਾ ਪੈ ਸਕਿਆ। ਸਾਰੀ ਰਾਤ ਭੁੰਜੇ ਹੀ ਪਿਆ ਰਿਹਾ। ਲੱਕ ਦੀ ਪੀੜ ਨੇ ਉਸ ਨੂੰ ਨਿਢਾਲ ਕਰ ਦਿੱਤਾ। ਦਿਨ ਚੜ੍ਹੇ ਤੋਂ ਹੀ ਨਾਲ ਦੇ ਘਰਵਾਲੇ ਨਾਜਰ ਦੀ ਵਹੁਟੀ ਜੋ ਪਸ਼ੂਆਂ ਨੂੰ ਪੱਠੇ ਪਾਉਣ ਲਈ ਉੱਠੀ ਸੀ, ਨੇ ਨੰਜੂ ਦੀਆਂ ਆਵਾਜ਼ਾਂ ਸੁਣੀਆਂ ਤਾਂ ਪਤਾ ਲੱਗਿਆ। ਨੰਬਰਦਾਰਾਂ ਦਾ ਮੁੰਡਾ ਜੀਪ ਲੈ ਆਇਆ। ਸ਼ਹਿਰ ਡਾਕਟਰ ਕੋਲ ਲੈ ਗਏ। ਉਸ ਦਾ ਚੂਲਾ ਹਿੱਲ ਗਿਆ ਸੀ। ਦਵਾਈਆਂ ਦੇ ਕੇ ਡਾਕਟਰ ਨੇ ਖਿੱਚ ਪਾ ਦਿੱਤੀ। ਲਛਮਣ ਨੂੰ ਸੁਨੇਹਾ ਭੇਜ ਦਿੱਤਾ ਸੀ। ਨੰਜੂ ਦਾ ਮੰਜੇ ਤੋਂ ਉੱਠਣਾ ਮੁਹਾਲ ਸੀ। ਪੰਦਰਾਂ-ਵੀਹ ਦਿਨ ਲੰਘ ਗਏ ਲਛਮਣ ਦੀ ਤਾਂ ਕੋਈ ਵਾਈ ਧਾਈ ਨਹੀਂ ਸੀ। ਪਿੰਡ ਵਾਲਿਆਂ ਭਾਵੇਂ ਜਾਗਰ ਚੌਕੀਦਾਰ ਦੀ ਡਿਊਟੀ ਨੰਜੂ ਕੋਲੇ ਲਾ ਦਿੱਤੀ ਸੀ। ਚਾਹ ਰੋਟੀ ਕਦੇ ਨਾਜਰ ਦੇ ਘਰੋਂ, ਕਦੇ ਨੰਬਰਦਾਰਾਂ ਦਿਓਂ ਆ ਜਾਂਦੀ ਸੀ, ਪਰ ਉਸ ਨੂੰ ਬੈਠਾਉਣਾ ਕਰਨਾ ਔਖਾ ਸੀ। ਮਹੀਨਾ ਲੰਘ ਗਿਆ। ਅਖੀਰ ਨੰਬਰਦਾਰ ਸ਼ੇਰ ਸਿਉਂ ਨੇ ਪੰਚਾਇਤ ’ਚ ਗੱਲ ਕੀਤੀ। ਜ਼ਮੀਨ ਜਾਇਦਾਦ ਤਾਂ ਲਛਮਣ ਨੇ ਸਾਂਭ ਲਈ, ਹੁਣ ਸੇਵਾ ਕਰਨਾ ਵੀ ਤਾਂ ਉਸੇ ਦਾ ਫਰਜ਼ ਐ। ਫ਼ੈਸਲਾ ਹੋ ਗਿਆ ਕਿ ਪੰਚਾਇਤ ਦੇ ਦੋ ਬੰਦੇ ਜਾ ਕੇ ਨੰਜੂ ਨੂੰ ਲਛਮਣ ਕੋਲ ਰਾਜਸਥਾਨ ਛੱਡ ਕੇ ਆਉਣਗੇ।

ਐਤਕੀਂ ਸਾਉਣ ਮਹੀਨੇ ’ਚ ਤਾਂ ਸੋਕਾ ਹੀ ਰਿਹਾ, ਪਰ ਭਾਦੋਂ ਦੀ ਸੰਗਰਾਂਦ ਵਾਲੇ ਦਿਨ ਹੀ ਮੀਂਹ ਚੰਗਾ ਪੈ ਗਿਆ। ਫਿਰ ਦੂਜੇ ਤੀਜੇ ਦਿਨ ਕਿਧਰੋਂ ਕਾਲੀ ਘਟਾ ਚੜ੍ਹ ਕੇ ਆ ਜਾਂਦੀ। ਚਾਰ ਦਿਨਾਂ ਤੋਂ ਲੱਗੀ ਹੋਈ ਝੜੀ ਬੰਦ ਨਹੀਂ ਸੀ ਹੋਈ। ਕਦੇ ਕਿਣਮਿਣ, ਕਦੇ ਜ਼ੋਰਦਾਰ ਛੜਾਕੇ ਨਾਲ ਜ਼ੋਰ ਦਾ ਮੀਂਹ ਪੈਣ ਲੱਗ ਪੈਂਦਾ। ਲੋਕਾਂ ਦਾ ਬਾਹਰ ਨਿਕਲਣਾ ਮੁਹਾਲ ਹੋਇਆ ਪਿਆ ਸੀ। ਪੰਜਵੇਂ ਦਿਨ ਦੁਪਹਿਰੋਂ ਬਾਅਦ ਬੱਦਲ ਉੱਚਾ ਹੋਇਆ ਤੇ ਪਾਟੇ ਹੋਏ ਬੱਦਲਾਂ ’ਚੋਂ ਸੂਰਜ ਚਮਕਿਆ ਤਾਂ ਲੋਕਾਂ ਨੇ ਸੌਖਾ ਸਾਹ ਲਿਆ। ਲਗਾਤਾਰ ਮੀਂਹ ਪੈਣ ਨਾਲ ਕਈ ਕੱਚੇ ਘਰਾਂ ਦੀਆਂ ਛੱਤਾਂ ਪਾਟ ਗਈਆਂ। ਕੰਧਾਂ ਢਹਿ ਗਈਆਂ। ਨੰਜੂ ਵਾਲੀ ਸਵਾਤ ਦਾ ਵੀ ਇੱਕ ਪਾਸਾ ਬਹਿ ਗਿਆ। ਪਰਨਾਲਾ ਬੰਦ ਹੋ ਗਿਆ ਸੀ। ਕੰਧ ’ਚ ਪਾਣੀ ਪੈਣ ਨਾਲ ਸ਼ਤੀਰ ਡਿੱਗ ਪਿਆ। ਇਹ ਸ਼ੁਕਰ ਕਿ ਨੰਜੂ ਦਾ ਮੰਜਾ ਦੂਜੇ ਪਾਸੇ ਸੀ। ਰਾਤ ਨੂੰ ਨਾਜਰ ਰੋਟੀ ਦੇਣ ਆਇਆ, ਉਦੋਂ ਤਾਂ ਠੀਕ ਸੀ। ਉਸ ਤੋਂ ਮਗਰੋਂ ਹੀ ਇਹ ਡਿੱਗਿਆ ਸੀ।

ਮੀਂਹ ਹਟੇ ਤੋਂ ਬਾਅਦ ਸਵੇਰੇ ਜਦੋਂ ਨਾਜਰ ਨੰਜੂ ਵਾਸਤੇ ਚਾਹ ਲੈ ਕੇ ਆਇਆ ਤਾਂ ਬੂਹੇ ਅੰਦਰ ਵੜਦਿਆਂ ਪੁੱਛਿਆ, ‘‘ਤਾਇਆ ਕਿਵੇਂ ਐਂ।’’ ਮੂੰਹ ਤੋਂ ਖੇਸੀ ਪਰਾਂ ਹਟਾ ਕੇ ਨੰਜੂ ਡਿੱਗੇ ਸ਼ਤੀਰ ਵੱਲ ਇਸ਼ਾਰਾ ਕਰਕੇ ਬੋਲਿਆ, ‘‘ਉਹੋ ਕਾਹਦਾ ਹਾਲ, ਰਾਤ ਤਾਂ ਯਾਰ ਮਰ ਹੀ ਚੱਲੇ ਸਾਂ।’’ ਨਾਜਰ ਤਾਏ ਵੱਲ ਵੇਖ ਕੇ ਹਲਕਾ ਜਿਹਾ ਮੁਸਕਰਾਇਆ ਤੇ ਚਾਹ ਦੀ ਬਾਟੀ ਨੰਜੂ ਦੇ ਹੱਥ ਫੜਾ ਕੇ ਬੋਲਿਆ, ‘‘ਕੋਈ ਨਾ ਤਾਇਆ ਦਿਲ ਹੌਲਾ ਨਾ ਕਰ। ਬਣ ਗਿਆ ਪ੍ਰੋਗਰਾਮ ਸੁਕਪੁਕਾ ਹੋਣ ’ਤੇ ਤੈਨੂੰ ਨੰਬਰਦਾਰਾਂ ਦੀ ਜੀਪ ’ਤੇ ਲਛਮਣ ਕੋਲ ਛੱਡ ਆਵਾਂਗੇ।’’

‘‘ਹਲਾਅ, ਦੇਬੀ ਕੋਲ’’ ਕਹਿ ਕੇ ਉਸ ਨੇ ਖਾਲੀ ਬਾਟੀ ਨਾਜਰ ਨੂੰ ਫੜਾ ਦਿੱਤੀ ਤੇ ਖੇਸੀ ਨਾਲ ਮੂੰਹ ਢਕ ਕੇ ਪੈ ਗਿਆ। ਦਿਨੇ ਦਸ ਕੁ ਵਜੇ ਜਦੋਂ ਨਾਜਰ ਦੀ ਵਹੁਟੀ ਰੋਟੀ ਦੇਣ ਗਈ ਨੇ ਆਵਾਜ਼ਾਂ ਮਾਰੀਆਂ ਤਾਂ ਨੰਜੂ ਤਾਂ ਬੋਲਿਆ ਹੀ ਨਹੀਂ। ਨਾਜਰ ਵੀ ਆ ਗਿਆ, ਆਵਾਜ਼ਾਂ ਸੁਣ ਕੇ ਨੰਬਰਦਾਰ ਦਾ ਮੁੰਡਾ ਕੰਧ ਟੱਪ ਕੇ ਆ ਪਹੁੰਚਿਆ। ਨੰਜੂ ਦੇ ਮੂੰਹ ਤੋਂ ਖੇਸੀ ਹਟਾ ਕੇ ਹਲੂਣਿਆ, ਕੋਈ ਹਰਕਤ ਨਹੀਂ ਹੋਈ। ਪਤਾ ਨਹੀਂ ਕਦੋਂ ਦਾ ਗੂੜ੍ਹੀ ਨੀਂਦ ਸੌਂ ਗਿਆ ਸੀ ਨੰਜੂ ਪਟਵਾਰੀ।

ਸੰਪਰਕ:+17807293615

Advertisement