DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਅੱਜ ਖੇਤੋਂ ਹੋ ਕੇ ਆਇਆ ਹਾਂ...

ਅੱਜਕੱਲ੍ਹ ਅਮਰੀਕਾ ਤੋਂ ਪੰਜਾਬ ਆਇਆ ਹੋਇਆ ਹਾਂ। ਬੜੇ ਚਿਰ ਬਾਅਦ ਮਨ ’ਚ ਰੀਝ ਆਈ ਕਿ ਅੱਜ ਬਾਬਾ ਸ਼ਾਹ ਇਨਾਇਤ ਅਲੀ ਜੀ ਦੀ ਦਰਗਾਹ ’ਤੇ ਨਤਮਸਤਕ ਹੋਣ ਪਿੰਡ ਤਾਂ ਜਾਣਾ ਹੀ ਹੈ ਕਿਉਂ ਨਾ ਨਾਲ ਹੀ ਆਪਣੇ ਖੇਤਾਂ ਦਾ ਗੇੜਾ ਲਾਇਆ...

  • fb
  • twitter
  • whatsapp
  • whatsapp
Advertisement

ਅੱਜਕੱਲ੍ਹ ਅਮਰੀਕਾ ਤੋਂ ਪੰਜਾਬ ਆਇਆ ਹੋਇਆ ਹਾਂ। ਬੜੇ ਚਿਰ ਬਾਅਦ ਮਨ ’ਚ ਰੀਝ ਆਈ ਕਿ ਅੱਜ ਬਾਬਾ ਸ਼ਾਹ ਇਨਾਇਤ ਅਲੀ ਜੀ ਦੀ ਦਰਗਾਹ ’ਤੇ ਨਤਮਸਤਕ ਹੋਣ ਪਿੰਡ ਤਾਂ ਜਾਣਾ ਹੀ ਹੈ ਕਿਉਂ ਨਾ ਨਾਲ ਹੀ ਆਪਣੇ ਖੇਤਾਂ ਦਾ ਗੇੜਾ ਲਾਇਆ ਜਾਵੇ। ਚੇਤਿਆਂ ਵਿੱਚ ਵਸੇ ਉਨ੍ਹਾਂ ਖੇਤਾਂ ਨੂੰ ਮੁੜ ਤੋਂ ਮਿਲਿਆ ਜਾਵੇ ਜਿਹੜੇ ਅਕਸਰ ਮੇਰੇ ਸੁਪਨਿਆਂ ਵਿੱਚ ਆਉਂਦੇ ਅਤੇ ਮੈਨੂੰ ਆਪਣੀ ਮੋਹ ਭਿੱਜੀ ਗਲਵੱਕੜੀ ਵਿੱਚ ਲੈਂਦੇ ਹਨ। ਇਹੀ ਖੇਤ ਜਿਨ੍ਹਾਂ ਵਿੱਚ ਮੇਰਾ ਬਚਪਨ ਅਤੇ ਜਵਾਨੀ ਦੇ ਦਿਨ ਬੀਤੇ। ਖੇਤ ਜਿਨ੍ਹਾਂ ਵਿੱਚ ਹਲ਼ ਵਾਹਿਆ ਸੀ। ਕਦੇ ਝੋਨਾ ਵੀ ਲਾਇਆ ਤੇ ਝਾੜਿਆ। ਕਣਕ ਦੀ ਵਾਢੀ ਕੀਤੀ ਅਤੇ ਫਲ਼ਿਆਂ ਨਾਲ ਗਹਾਈ ਵੀ। ਬਹੁਤ ਹੀ ਪਿਆਰੀਆਂ ਅਤੇ ਅਸੀਮ ਯਾਦਾਂ ਨੂੰ ਨਵਿਆਉਣ ਦੀ ਤਮੰਨਾ ਹੀ ਮੈਨੂੰ ਉਨ੍ਹਾਂ ਰਾਹਾਂ ਵੱਲ ਲੈ ਤੁਰੀ ਜਿਨ੍ਹਾਂ ਨੂੰ ਦਿਨ ਵਿੱਚ ਕਈ ਵਾਰ ਪੈਦਲ ਗਾਹੁੰਦਿਆਂ ਵੀ ਥਕਾਵਟ ਨਹੀਂ ਸੀ ਹੁੰਦੀ।

ਮੈਂ ਐਕਟਿਵਾ ’ਤੇ ਮੰਡ ਨੂੰ ਜਾਂਦੀ ਪੱਕੀ ਸੜਕ ’ਤੇ ਪੈ ਗਿਆ ਜਿਹੜੀ ਧੁੱਸੀ ਬੰਨ੍ਹ ਤੱਕ ਜਾਂਦੀ ਹੈ। ਕਦੇ ਇਹ ਪਹੇ ਕੱਚੇ ਅਤੇ ਧੁੱਧਲ ਭਰੇ ਸਨ ਜਿਨ੍ਹਾਂ ’ਤੇ ਮੰਡ ਵਿੱਚ ਪਸ਼ੂ ਚਾਰਨ ਲਈ ਲਿਜਾਇਆ ਕਰਦਾ ਸਾਂ। ਧੁੱਸੀ ਬੰਨ੍ਹ ਤੋਂ ਉਤਰ ਕੇ ਜਦ ਨਿਗਾਹ ਮਾਰੀ ਤਾਂ ਸਾਰੇ ਮੰਡ ਵਿੱਚ ਫ਼ਸਲਾਂ ਲਹਿਰਾ ਰਹੀਆਂ ਸਨ। ਲਹਿਰਾਂ ਝੋਨਾ ਲੱਗਾ ਹੋਇਆ ਸੀ ਭਾਵੇਂ ਕਈ ਖੇਤਾਂ ਵਿੱਚ ਕਮਾਦ ਵੀ ਸੀ। ਦੱਸਦੇ ਨੇ ਪਿਛਲੇ ਸਾਲ ਬਿਆਸ ਦਰਿਆ ਵਿੱਚ ਅਜਿਹਾ ਹੜ੍ਹ ਆਇਆ ਕਿ ਮੰਡ ਵਿੱਚ ਕਮਾਦ ਤੋਂ ਬਗੈਰ ਸਾਰੀਆਂ ਹੀ ਫ਼ਸਲਾਂ ਮਾਰੀਆਂ ਗਈਆਂ। ਦਰਅਸਲ, ਇਸ ਵਿੱਚ ਮਨੁੱਖ ਦਾ ਲਾਲਚੀ ਸੁਭਾਅ ਕੁਝ ਹੱਦ ਤੱਕ ਕਸੂਰਵਾਰ ਹੈ। ਮੈਨੂੰ ਯਾਦ ਹੈ ਕਿ ਧੁੱਸੀ ਬੰਨ੍ਹ ਦੇ ਕੋਲ ਇੱਕ ਨਾਲ਼ਾ ਵਗਦਾ ਹੁੰਦਾ ਸੀ ਜਿਸ ਵਿੱਚ ਦਰਿਆ ਦਾ ਪਾਣੀ ਅਕਸਰ ਵਗਦਾ ਰਹਿੰਦਾ ਅਤੇ ਅਸੀਂ ਪਸ਼ੂ ਚਾਰਨ ਲਈ ਇਹ ਨਾਲ਼ਾ ਪਾਰ ਕਰਦੇ ਸਾਂ, ਪਰ ਉਸ ਨਾਲ਼ੇ ਦਾ ਕੋਈ ਨਾਮੋ-ਨਿਸ਼ਾਨ ਹੀ ਨਹੀਂ। ਅਸੀਂ ਆਪਣੇ ਖੇਤ ਵੱਡੇ ਕਰਨ ਖ਼ਾਤਰ ਪਾਣੀ ਦੇ ਕੁਦਰਤੀ ਵਹਾਅ ਨੂੰ ਰੋਕਣ ਤੋਂ ਵੀ ਗੁਰੇਜ਼ ਨਹੀਂ ਕਰਦੇ ਅਤੇ ਇਸ ਅਵੱਗਿਆ ਕਾਰਨ ਉੱਛਲਿਆ ਬਿਆਸ ਤਬਾਹੀ ਤਾਂ ਮਚਾਉਗਾ ਹੀ। ਮੰਡ ਵਿੱਚ ਵੀ ਜਦ ਸਬਮਰਸੀਬਲ ਮੋਟਰਾਂ ਲਾਉਣ ਦੀ ਨੌਬਤ ਆ ਜਾਵੇ ਤਾਂ ਆਉਣ ਵਾਲੇ ਵਕਤ ਦਾ ਅੰਦਾਜ਼ਾ ਸਹਿਜੇ ਹੀ ਲੱਗ ਜਾਂਦਾ। ਕਦੇ ਸਮਾਂ ਹੁੰਦਾ ਸੀ ਕਿ ਨਾਲ਼ੇ ਦੇ ਕੰਢੇ ਹੱਥ ਨਾਲ ਰੇਤ ਪੁੱਟਿਆਂ ਪਾਣੀ ਨੇ ਸਿੰਮ ਆਉਣਾ ਅਤੇ ਅਸੀਂ ਇਹ ਪਾਣੀ ਪੀ ਲੈਣਾ। ਬਿਆਸ ਦੇ ਕੰਢੇ ਵੀ ਪਾਣੀ ਮੁੱਲ ਵਿਕੇਗਾ, ਅਜਿਹਾ ਵਕਤ ਬਹੁਤ ਜਲਦੀ ਆਉਣ ਵਾਲਾ ਹੈ।

Advertisement

ਵਾਪਸ ਧੁੱਸੀ ਬੰਨ੍ਹ ’ਤੇ ਚੜ੍ਹਦਿਆਂ ਯਾਦ ਆਉਂਦਾ ਹੈ ਕਿ ਇਸ ਦੇ ਦੋਹੀਂ ਪਾਸੀਂ ਸਫ਼ੈਦਿਆਂ ਦਾ ਹਰਾ ਕਚੂਰ ਜੰਗਲ ਜੋ ਧੁੱਸੀ ਬੰਨ੍ਹ ਦੀ ਮਜ਼ਬੂਤੀ ਵੀ ਸੀ ਅਤੇ ਕੁਦਰਤੀ ਵਾਤਾਵਰਨ ਨੂੰ ਸੰਤੁਲਿਤ ਕਰਨ ਵਿੱਚ ਸਾਜ਼ਗਾਰ ਵੀ। ਹੁਣ ਜੰਗਲਾਤ ਮਹਿਕਮੇ ਅਤੇ ਸਥਾਨਕ ਲੋਕਾਂ ਦੀਆਂ ਨਾਪਾਕ ਕੋਸ਼ਿਸ਼ਾਂ ਸਦਕਾ ਇੱਥੇ ਵਿਰਲੇ ਵਿਰਲੇ ਸਫ਼ੈਦੇ ਹੀ ਰਹਿ ਗਏ ਹਨ।

Advertisement

ਵਾਪਸ ਪਿੰਡ ਨੂੰ ਮੁੜਦਿਆਂ ਮੈਂ ਆਪਣੇ ਖੂਹ ਨੂੰ ਜਾਂਦੀ ਪਹੀ ਵੱਲ ਮੋੜ ਕੱਟਿਆ ਤਾਂ ਆਲੇ ਦੁਆਲੇ ਦੇ ਖੇਤਾਂ ਦੇ ਲਾਲਚ ਕਾਰਨ ਪਹੀ ਵੀ ਸੁੰਗੜ ਕੇ ਪਗਡੰਡੀ ਹੀ ਬਣ ਗਈ। ਹੈਰਾਨੀ ਇਸ ਗੱਲ ਦੀ ਕਿ ਸਾਡੇ ਖੇਤ ਤੋਂ ਅੱਗੇ ਖੂਹ ਨੂੰ ਜਾਂਦੀ ਪਹੀ ਦਾ ਤਾਂ ਨਾਮੋ-ਨਿਸ਼ਾਨ ਹੀ ਨਹੀਂ। ਇਹ ਹੁਣ ਖੇਤਾਂ ਦਾ ਹਿੱਸਾ ਬਣ ਚੁੱਕੀ ਸੀ। ਜਦ ਮੈਂ ਆਪਣੀ ਮੋਟਰ ’ਤੇ ਪਹੁੰਚਿਆਂ ਤਾਂ ਮਨ ਬਹੁਤ ਉਦਾਸ ਹੋ ਗਿਆ। ਕਦੇ ਇਸ ਮੋਟਰ ’ਤੇ ਮੇਰੇ ਪਿਤਾ ਜੀ ਹਨੇਰੇ-ਸਵੇਰੇ ਇੱਕ ਚੱਕਰ ਜ਼ਰੂਰ ਲਾਉਂਦੇ ਸਨ। ਉਨ੍ਹਾਂ ਨੇ ਕਨਾਲ ਕੁ ਜਗ੍ਹਾ ਖ਼ਾਲੀ ਰੱਖਣੀ ਤਾਂ ਕਿ ਗਰਮੀਆਂ ਅਤੇ ਸਰਦੀਆਂ ਦੀਆਂ ਸਬਜ਼ੀਆਂ ਲਾਈਆਂ ਜਾਣ। ਕਈ ਵਾਰ ਤਾਂ ਉਹ ਸਾਡੇ ਲਈ ਸਾਗ, ਮੇਥੀ, ਬਾਥੂ, ਪਾਲਕ ਜਾਂ ਗਾਜਰਾਂ/ਮੂਲ਼ੀਆਂ/ਸ਼ਲਗਮ ਆਦਿ ਲੈ ਕੇ ਸਵਖਤੇ ਹੀ ਸਾਈਕਲ ’ਤੇ ਕਪੂਰਥਲੇ ਆ ਜਾਇਆ ਕਰਦੇ ਸਨ, ਪਰ ਹੁਣ ਇਹ ਬੀਤੇ ਦੀ ਗੱਲ ਹੋ ਗਈ ਹੈ। ਸਾਰੇ ਖੇਤਾਂ ਵਿੱਚ ਝੋਨਾ ਲੱਗਾ ਹੋਇਆ ਸੀ ਅਤੇ ਖੜ੍ਹੇ ਪਾਣੀ ਦੇ ਹੁੰਮਸ ਕਾਰਨ ਦਮ ਵੀ ਘੁੱਟਦਾ ਸੀ। ਕਦੇ ਇਹ ਮੋਟਰ ਧਰਤੀ ’ਤੇ ਸੀ, ਫਿਰ ਖੂਹੀ ਪੁੱਟ ਕੇ ਲਾਈ ਅਤੇ ਹੁਣ ਕੁਝ ਦਿਨ ਪਹਿਲਾਂ ਹੀ ਸਬਮਰਸੀਬਲ ਮੋਟਰ ਲਾਈ ਹੈ ਤਾਂ ਕਿ ਧਰਤੀ ਵਿਚਲੇ ਪਾਣੀ ਦੀ ਹਰੇਕ ਬੂੰਦ ਨੂੰ ਨਚੋੜਿਆ ਜਾ ਸਕੇ। ਪੰਜਾਬ ਦੇ ਜ਼ਿਆਦਾਤਰ ਬਲਾਕ ਡਾਰਕ ਜ਼ੋਨ ਵਿੱਚ ਆ ਚੁੱਕੇ ਹਨ। ਜੇਕਰ ਅਸੀਂ ਖੇਤੀ ਦੀਆਂ ਤਰਜੀਹਾਂ ਨੂੰ ਨਾ ਬਦਲਿਆਂ ਤਾਂ ਕੁਝ ਕੁ ਸਾਲਾਂ ਵਿੱਚ ਪੰਜਾਬ ਦਾ ਮਾਰੂਥਲ ਵਿੱਚ ਤਬਦੀਲ ਹੋਣਾ ਤੈਅ ਹੈ। ਮੁਫ਼ਤ ਬਿਜਲੀ ਨੇ ਜਿੱਥੇ ਬਿਜਲੀ ਦੀ ਸੰਜਮੀ ਵਰਤੋਂ ਨੂੰ ਵਿਸਾਰ ਦਿੱਤਾ ਹੈ, ਉੱਥੇ ਹਰ ਵੇਲੇ ਆਟੋਮੈਟਿਕ ਚੱਲਦੀਆਂ ਮੋਟਰਾਂ ਕਾਰਨ ਪਾਣੀ ਦੀ ਬੇਲੋੜੀ ਅਤੇ ਬੇਤਹਾਸ਼ਾ ਵਰਤੋਂ ਨੇ ਪੰਜ-ਆਬ ਨੂੰ ਆਬ ਵਿਹੂਣਾ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ। ਕੀ ਸਰਕਾਰ ਮੁਫ਼ਤ ਬਿਜਲੀ ਦੇਣਾ ਬੰਦ ਨਹੀਂ ਕਰ ਸਕਦੀ ਤਾਂ ਕਿ ਪੰਜਾਬ ਦਾ ਪਾਣੀ ਤਾਂ ਬਚ ਜਾਵੇ।

ਮੋਟਰ ਕੋਲ ਸਿਰਫ਼ ਇੱਕ ਸਫ਼ੈਦੇ ਦਾ ਬੂਟਾ ਹੈ। ਪਿਤਾ ਜੀ ਦਾ ਹੱਥੀਂ ਲਾਏ ਅੰਬ ਅਤੇ ਜਾਮਣ ਫ਼ਸਲ ਦੀ ਪੈਦਾਵਾਰ ਵਧਾਉਣ ਦੇ ਮਨੁੱਖੀ ਲਾਲਚ ਦਾ ਸ਼ਿਕਾਰ ਹੋ ਗਏ। ਇਸ ਮੋਟਰ ’ਤੇ ਅੰਬ ਦੇ ਬੂਟੇ ਤੋਂ ਮਿਲਿਆ ਪੱਕਿਆ ਅੰਬ ਹੀ ਸੀ ਜਦੋਂ ਮੇਰੇ ਪਿਤਾ ਜੀ ਨੇ ਮੈਨੂੰ ’ਕੇਰਾਂ ਦਿੱਤਾ ਤਾਂ ਨਿਮਨ ਨਜ਼ਮ ਪੈਦਾ ਹੋਈ ਸੀ;

ਮਾਂ ਦੀ ਮੌਤ ਤੋਂ ਬਾਅਦ

ਪਹਿਲੀ ਵਾਰ ਮੈਂ ਪਿੰਡ ਆਇਆ ਹਾਂ।

ਕੰਧ ’ਤੇ ਲਟਕਦੀ ਮਾਂ ਦੀ ਤਸਵੀਰ

ਮੇਰੇ ਨਾਲ ਗੱਲਾਂ ਹੀ ਨਹੀਂ ਕਰਦੀ

ਤੇ ਮੈਂ ਕਮਰੇ ਦੀ ਚੁੱਪ ਵਿੱਚ ਘਿਰਿਆ

ਚੁੱਪ ਹੀ ਹੋ ਜਾਂਦਾ ਹਾਂ।

ਮੇਰੀ ਚੁੱਪ ਨੂੰ ਤੋੜਦੀ ਹੈ

ਘਰ ਵੜਦੇ ਬਾਪ ਦੇ ਪੈਰਾਂ ਦੀ ਬਿੜਕ

ਉਹ ਅੰਦਰ ਲੰਘ ਆਉਂਦਾ ਹੈ

ਤੇ ਮੈਨੂੰ ਦੇਖ ਕੇ

ਆਪਣੇ ਬੋਝੇ ਵਿੱਚੋਂ ਅੰਬ ਕੱਢਦਿਆਂ ਕਹਿੰਦਾ ਹੈ

‘ਅੱਜ ਨਵੇਂ ਖੂਹ ਵਾਲੇ ਅੰਬ ਤੋਂ

ਆਹ ਪੱਕਾ ਅੰਬ ਲੱਭਾ ਸੀ

ਲੈ ਫੜ ਚੂਪ ਲੈ’

ਤੇ ਮੈਂ ਬਾਪ ਦੇ ਝੁਰੜੀਆਂ ਭਰੇ ਹੱਥ ’ਚੋਂ

ਅੰਬ ਫੜਦਿਆਂ ਸੋਚਦਾ ਹਾਂ

ਕਿ

ਮਾਂ ਦੀ ਮੌਤ ਤੋਂ ਬਾਅਦ

ਬਾਪ

ਮਾਂ ਵੀ ਬਣ ਗਿਆ ਹੈ।

ਤੇ ਹੁਣ ਕਦੇ ਨਹੀਂ ਮਿਲਣੀ ਬਾਪ ਦੇ ਰੀਝ ਨਾਲ ਲਾਏ ਅੰਬ ਦੀ ਛੋਹ, ਉਸ ਦੇ ਪੱਕੇ ਅੰਬ ਚੂਪਣ ਦਾ ਅਨੰਦ। ਰਸਭਰੀਆਂ ਜਾਮਣਾਂ ਲਈ ਤਰਸਣਾ ਸਿਰਫ਼ ਮੇਰੇ ਹੀ ਹਿੱਸੇ ਨਹੀਂ ਆਇਆ ਸਗੋਂ ਅਗਲੀ ਪੀੜ੍ਹੀ ਵੀ ਉਸ ਵਕਤ ਨੂੰ ਤਰਸੇਗੀ ਜਦ ਬਰਸਾਤਾਂ ਵਿੱਚ ਰਸੀਆਂ ਜਾਮਣਾਂ ਖਾਂਦਿਆਂ ਜੀਭ ਜਾਮਣੀ ਹੋ ਜਾਂਦੀ ਸੀ।

ਆਲੇ-ਦੁਆਲੇ ਝਾਤ ਮਾਰਦਾ ਹਾਂ ਤਾਂ ਇੰਜ ਜਾਪਦੈ ਜਿਵੇਂ ਖੇਤਾਂ ਦਾ ਮੁਹਾਂਦਰਾ ਮਨੁੱਖ ਦੀ ਸਵੈ ਮਾਰੂ ਬਿਰਤੀ ਨੂੰ ਪ੍ਰਗਟਾਅ ਰਿਹਾ ਹੋਵੇ। ਕਈ ਵਾਰ ਲਾਲਚੀ ਬੰਦਾ ਇਨ੍ਹਾਂ ਖੇਤਾਂ ਵਿੱਚ ਆਪਣਿਆਂ ਦੀਆਂ ਕਬਰਾਂ ਵੀ ਪੁੱਟ ਲੈਂਦਾ। ਭੜੋਲਿਆਂ ਨੂੰ ਭਰਨ ਵਾਲੀਆਂ ਫ਼ਸਲਾਂ ਪੈਦਾ ਕਰਨ ਵਾਲੇ ਖੇਤਾਂ ਵਿੱਚ ਹੁਣ ਖ਼ੁਦਕੁਸ਼ੀਆਂ ਕਿਉਂ ਉੱਗਣ ਲੱਗ ਪਈਆਂ? ਅਸੀਂ ਇਹ ਵਿਚਾਰਿਆ ਹੀ ਨਹੀਂ? ਅਸੀਂ ਕਣਕ ਤੇ ਝੋਨੇ ਦੇ ਚੱਕਰ ਵਿੱਚ ਅਜਿਹੇ ਫਸ ਗਏ ਕਿ ਘਰ ਦੀਆਂ ਹੱਥੀਂ ਉਗਾਈਆਂ ਸਬਜ਼ੀਆਂ ਬਜਾਏ ਮੰਡੀ ਦੀਆਂ ਜ਼ਹਿਰੀਲੀਆਂ ਸਬਜ਼ੀਆਂ ਖਾਣ ਲੱਗ ਪਏ। ਘਰ ਵਿੱਚ ਲਵੇਰਾ ਰੱਖਣ ਦੀ ਬਜਾਏ ਦੋਧੀ ਕੋਲੋਂ ਨਕਲੀ/ਮਿਲਾਵਟੀ ਦੁੱਧ ਲੈਣਾ ਮੁਨਾਸਬ ਸਮਝਣ ਲੱਗ ਪਏ। ਇਹ ਵੀ ਸੋਚਣ ਦੀ ਗੱਲ ਹੈ ਕਿ ਪੰਜਾਬ ਵਿੱਚ ਦੁਧਾਰੂ ਪਸ਼ੂਆਂ ਦੀ ਗਿਣਤੀ ਤਾਂ ਘੱਟ ਰਹੀ ਹੈ, ਪਰ ਦੁੱਧ ਦੀ ਵਧੀ ਮੰਗ ਕਿਵੇਂ ਪੂਰੀ ਹੁੰਦੀ ਹੈ? ਜ਼ਾਹਿਰ ਹੈ ਨਕਲੀ ਦੁੱਧ ਦਾ ਕਾਰੋਬਾਰ ਬਹੁਤ ਜ਼ੋਰਾਂ ਸ਼ੋਰਾਂ ਨਾਲ ਚੱਲ ਰਿਹੈ। ਸਬਜ਼ੀਆਂ, ਖ਼ਰਬੂਜ਼ੇ ਤੇ ਹਦਵਾਣੇ ਉਗਾਉਣ ਵਾਲੇ ਜ਼ਿਮੀਂਦਾਰਾਂ ਦਾ ਨਿੱਜੀ ਤੌਰ ’ਤੇ ਇਹ ਮੰਨਣਾ ਕਿ ਉਹ ਜ਼ਹਿਰੀਲੇ ਸਪਰੇਅ ਤੇ ਖਾਦਾਂ ਦੀ ਬਹੁਤਾਤ ਨਾਲ ਉਗਾਈਆਂ ਚੀਜ਼ਾਂ ਆਪ ਨਹੀਂ ਖਾਂਦੇ ਸਗੋਂ ਇਹ ਸਭ ਕੁਝ ਮੰਡੀ ਲਈ ਹੀ ਹੁੰਦੈ। ਮਤਲਬ ਕਿ ਜ਼ਹਿਰ ਦਾ ਵਪਾਰ ਖ਼ੂਬ ਕਰੋ, ਪਰ ਇਸ ਜ਼ਹਿਰ ਤੋਂ ਤੁਸੀਂ ਕਿੰਨਾ ਕੁ ਚਿਰ ਆਪਣੇ ਪਰਿਵਾਰ ਨੂੰ ਬਚਾਉਗੇ? ਕੀ ਅਸੀਂ ਕਨਾਲ ਕੁ ਜਗ੍ਹਾ ਵਿੱਚ ਆਪਣੀ ਲੋੜ ਦੀਆਂ ਸਬਜ਼ੀਆਂ ਨਹੀਂ ਉਗਾ ਸਕਦੇ? ਕੀ ਅਸੀਂ ਆਪਣੇ ਪਰਿਵਾਰ ਦੀ ਚੰਗੇਰੀ ਸਿਹਤ ਲਈ ਇੱਕ ਲਵੇਰੀ ਰੱਖਣ ਤੋਂ ਵੀ ਅਪੰਗ ਹੋ ਗਏ? ਕਿਰਤ-ਬਿਰਤੀ ਦੇ ਪੰਜਾਬੀਆਂ ਵਿੱਚ ਕਿਰਤ ਤੋਂ ਮੁਨਕਰੀ ਨੇ ਪੰਜਾਬੀਆਂ ਦੀ ਪਛਾਣ ਨੂੰ ਬਹੁਤ ਵੱਡਾ ਖੋਰਾ ਲਾਇਆ ਹੈ ਅਤੇ ਸਾਡਾ ਸਮਾਜਿਕ ਤਾਣਾ-ਬਾਣਾ ਜਰਜਰੀ ਹੋ ਗਿਆ ਹੈ।

ਮੋਟਰ ’ਤੇ ਖੜ੍ਹਿਆਂ ਹੀ ਜਦ ਮੇਰੀ ਨਜ਼ਰ ਉੱਜੜੇ ਖੂਹ ਦੀ ਤਰਸਯੋਗ ਹਾਲਾਤ ’ਤੇ ਜਾਂਦੀ ਹੈ ਤਾਂ ਮਨ ਮਸੋਸਿਆ ਜਾਂਦਾ ਹੈ। ਕਦੇ ਇਸ ਖੂਹ ਦੇ ਚੌਗਿਰਦੇ ਵਿੱਚ ਅੰਬ, ਜਾਮਣ, ਬੋਹੜ, ਪਿੱਪਲ ਆਦਿ ਦਰੱਖਤਾਂ ਦੀ ਝਿੜੀ ਹੁੰਦੀ ਸੀ ਅਤੇ ਇਸ ਦਾ ਠੰਢਾ ਡਾਰ ਪਾਣੀ ਗਰਮੀਆਂ ਵਿੱਚ ਬਹੁਤ ਰਾਹਤ ਦਿੰਦਾ ਸੀ। ਇਸ ਦੇ ਔਲ਼ੂ ਵਿੱਚ ਆਪ ਵੀ ਨਹਾਉਣਾ ਅਤੇ ਪਸ਼ੂਆਂ ਨੂੰ ਵੀ ਨਹਾਉਣਾ। ਗਾਟੀ ’ਤੇ ਬੈਠ ਕੇ ਖੂਹ ਨੂੰ ਵਾਹੁਣ ਦੀ ਬਾਦਸ਼ਾਹੀ ਸਵਾਰੀ ਦਾ ਲੁਤਫ਼ ਸਾਹਵੇਂ ਅਜੋਕੀ ਕਾਰ ਦੀ ਸਵਾਰੀ ਦਾ ਕੀ ਮੁਕਾਬਲਾ। ਬਰਸਾਤਾਂ ਦੇ ਦਿਨਾਂ ਵਿੱਚ ਖੂਹ ਦਾ ਪਾਣੀ ਧਰਤੀ ਤੋਂ ਸਿਰਫ਼ ਦਸ ਕੁ ਫੁੱਟ ਹੀ ਨੀਵਾਂ ਹੁੰਦਾ ਸੀ। ਅਸੀਂ ਖੂਹ ਵਿੱਚ ਛਾਲਾਂ ਮਾਰਨੀਆਂ, ਟੁੱਭੀਆਂ ਲਾਉਣੀਆਂ ਤੇ ਫਿਰ ਟਿੰਡਾਂ ਰਾਹੀ ਉੱਪਰ ਆ ਜਾਣਾ। ਇਸ ਖੇਡ ਵਿੱਚ ਹੀ ਅਸਾਂ ਦੁਪਹਿਰਾਂ ਕੱਟ ਲੈਣੀਆਂ। ਬਹੁਤ ਹੀ ਅਣਭੋਲ ਅਤੇ ਪਿਆਰੀਆਂ ਯਾਦਾਂ ਦੀ ਰੀਲ ਵਿੱਚ ਮਨ ਦੇ ਪਿਛਵਾੜੇ ਚੱਲਣ ਲੱਗੀ। ਕਦੇ ਇਸ ਖੂਹ ’ਤੇ ਧੂਣੀ ਬਾਲ ਕੇ ਛੱਲੀਆਂ ਭੁੰਨ ਕੇ ਖਾਣਾ ਅਤੇ ਕਦੇ ਗੰਨੇ ਚੂਪਦਿਆਂ ਚੂਪਦਿਆਂ ਛਿੱਲਾਂ ਦੀ ਢੇਰੀ ਲਾ ਦੇਣਾ। ਉਨ੍ਹਾਂ ਸਮਿਆਂ ਵਿੱਚ ਤੁਸੀਂ ਕਿਸੇ ਵੀ ਖੇਤ ਵਿੱਚੋਂ ਗੰਨ ਭੰਨ ਸਕਦੇ ਸੀ, ਛੱਲੀਆਂ ਤੋੜ ਕੇ ਭੁੰਨ ਸਕਦੇ ਸੀ। ਕੋਈ ਰੋਕ-ਟੋਕ ਨਹੀਂ ਸੀ। ਹੁਣ ਤਾਂ ਉਹ ਦਿਨ ਸਿਰਫ਼ ਬੀਤੇ ਦੀ ਮਿੱਠੀ ਜਿਹੀ ਯਾਦ ਨੇ। ਬੀਤੇ ਵਿੱਚ ਪਰਤਣਾ ਅਸੰਭਵ ਹੁੰਦਾ ਜਦੋਂ ਤੁਸੀਂ ਵੱਧ ਉਪਜਾਊ ਕਰਨ ਦੀ ਦੌੜ ਵਿੱਚ ਆਪਣੀ ਵਿਰਾਸਤ ਤੋਂ ਬਹੁਤ ਦੂਰ ਚਲੇ ਜਾਵੋ।

ਦਰਅਸਲ, ਇਹ ਖੂਹ ਸਾਂਝਾ ਅਤੇ ਸੱਥਾਂ ਦਾ ਸਥਾਨ ਹੁੰਦੇ ਸਨ। ਇੱਥੇ ਹੀ ਮਜਲਿਸਾਂ ਅਤੇ ਮਹਿਫ਼ਲਾਂ ਸਜਦੀਆਂ ਸਨ। ਪੀਂਘਾਂ ਝੂਟੀਆਂ ਜਾਂਦੀਆਂ ਸਨ। ਇਸ ਦੀ ਸੰਘਣੀ ਛਾਂ ਅਤੇ ਮਿੱਠੜੇ ਪਾਣੀ ਨਾਲ ਜ਼ਿੰਦਗੀ ਨੂੰ ਸਹਿਜਤਾ, ਸ਼ੁਕਰਾਨੇ ਅਤੇ ਸਬਰ ਵਰਗੀਆਂ ਦਾਤਾਂ ਨਸੀਬ ਹੁੰਦੀਆਂ ਸਨ। ਇਹ ਸਭ ਕੁਝ ਵਿੱਸਰ ਜਾਵੇ ਤਾਂ ਮਨੁੱਖ ਦਾ ਹਾਬੜ ਜਾਣਾ ਸੁਭਾਵਿਕ ਹੈ।

ਆਲੇ-ਦੁਆਲੇ ਨਿਗਾਹ ਮਾਰਦਾ ਹਾਂ ਤਾਂ ਚਾਰੇ ਪਾਸੇ ਖੇਤ ਤਲਾਬ ਬਣੇ ਹੋਏ ਹਨ। ਕੁਝ ਵਿੱਚ ਝੋਨਾ ਲੱਗ ਚੁੱਕਾ ਅਤੇ ਕੁਝ ਵਿੱਚ ਲਾਇਆ ਜਾ ਰਿਹਾ ਸੀ। ਝੋਨਾ ਲਾਉਣ ਵਾਲੇ ਅਤੇ ਟਰੈਕਟਰ ਨਾਲ ਵੀ ਕੱਦੂ ਕਰਨ ਵਾਲੇ ਪਰਵਾਸੀ ਮਜ਼ਦੂਰ ਸਨ। ਕਿਧਰੇ ਨਹੀਂ ਨਜ਼ਰ ਆਉਂਦਾ ਕੋਈ ਪੰਜਾਬੀ ਜੋ ਪਨੀਰੀ ਪੁੱਟਦਾ ਹੋਵੇ, ਟਰੈਕਟਰ ਨਾਲ ਕੱਦੂ ਕਰ ਰਿਹਾ ਹੋਵੇ ਜਾਂ ਖੇਤ ਵਿੱਚ ਗੇੜਾ ਲਾਉਣ ਹੀ ਆਇਆ ਹੋਵੇ। ਕਦੇ ਸਮਾਂ ਸੀ ਕਿ ਝੋਨਾ ਸਾਰਾ ਪਰਿਵਾਰ ਰਲ ਕੇ ਲਾਉਂਦਾ ਸੀ, ਕੋਈ ਪਨੀਰੀ ਪੁੱਟਦਾ, ਕੋਈ ਪਨੀਰੀ ਫੜਾਉਂਦਾ, ਕੋਈ ਖੂਹ ਵਾਹੁੰਦਾ ਸੀ। ਸਾਰਾ ਪਰਿਵਾਰ ਸਵੇਰ ਤੋਂ ਸ਼ਾਮ ਤੱਕ ਕਿਰਤ ਕਰਦੇ, ਖੇਤਾਂ ਦੇ ਕਿਰਤ ਯੋਗੀ ਬਣੇ, ਖੇਤਾਂ ਵਿੱਚ ਵੱਸਦੇ ਰੱਬ ਦਾ ਰੂਪ ਲੱਗਦੇ। ਪੰਜਾਬੀਆਂ ਵਿੱਚੋਂ ਕਿਰਤ ਕਰਨ ਦੀ ਆਦਤ ਦਾ ਖ਼ਤਮ ਹੋ ਜਾਣਾ ਖ਼ਤਰਨਾਕ ਰੁਝਾਨ ਹੈ। ਇਸ ਨੇ ਸਾਡੀ ਪੰਜਾਬੀਅਤ ਦਾ ਅਜਿਹਾ ਨੁਕਸਾਨ ਕੀਤਾ ਕਿ ਇਸ ਦੀ ਭਰਪਾਈ ਵੀ ਸੰਭਵ ਨਹੀਂ। ਅਫ਼ਸੋਸ ਇਸ ਗੱਲ ਦਾ ਹੈ ਕਿ ਆਪਣੇ ਹੀ ਖੇਤ ਵਿੱਚ ਕੰਮ ਕਰਨ ਤੋਂ ਆਕੀ ਹੋਏ ਇਹੀ ਨੌਜਵਾਨ ਜਦ ਬਾਹਰਲੇ ਮੁਲਕਾਂ ਵਿੱਚ ਚਲੇ ਜਾਂਦੇ ਹਨ ਤਾਂ ਹਰ ਤਰ੍ਹਾਂ ਦਾ ਕੰਮ ਕਰਨ ਲਈ ਤਰਲੇ ਕਰਦੇ ਹਨ।

ਬੀਤੇ ਅਤੇ ਮੌਜੂਦਾ ਹਾਲਤਾਂ ਦੀ ਨਿਰਖ਼-ਪਰਖ ਵਿੱਚੋਂ ਬਹੁਤ ਸਾਰੇ ਪ੍ਰਸ਼ਨ ਮਨ ਵਿੱਚ ਪੈਦਾ ਹੋਏ ਕਿ ਇਹ ਕਿਉਂ ਹੋ ਗਿਆ? ਕੀ ਪੰਜਾਬ ਕਿਸੇ ਸਾਜ਼ਿਸ਼ ਦਾ ਸ਼ਿਕਾਰ ਹੋ ਗਿਆ? ਕੀ ਹਰੀ ਕ੍ਰਾਂਤੀ ਦੇ ਨਾਮ ਹੇਠ ਪੰਜਾਬ ਕੋਲੋਂ ਉਸ ਦੇ ਕੁਦਰਤੀ ਸਰੋਤ ਵੀ ਖੋਹ ਲਏ, ਪੰਜਾਬੀਆਂ ਦੀ ਸਿਹਤ ਵੀ ਖੋਹ ਲਈ ਅਤੇ ਪੰਜਾਬੀਆਂ ਦੇ ਪੱਲੇ ਰਹਿ ਗਏ ਹਸਪਤਾਲ ਅਤੇ ਫਰਟਿਲਿਟੀ ਸੈਂਟਰ? ਕੀ ਪੰਜਾਬ ਵਿੱਚ ਜਾਣਬੁੱਝ ਕੇ ਨਸ਼ਿਆਂ ਦਾ ਜਾਲ ਵਿਛਾ ਕੇ ਪੰਜਾਬੀ ਜਵਾਨੀ ਦਾ ਘਾਣ ਕੀਤਾ ਜਾ ਰਿਹਾ? ਕੀ ਪੰਜਾਬੀਆਂ ਵਿਦਿਆਰਥੀਆਂ ਦਾ ਬੇਤਹਾਸ਼ਾ ਅਤੇ ਬੇਲੋੜਾ ਪਰਵਾਸ, ਪੰਜਾਬ ਵਿੱਚੋਂ ਪੰਜਾਬੀ, ਪੰਜਾਬੀਅਤ ਅਤੇ ਪੰਜਾਬੀ ਮੁਹਾਂਦਰੇ ਨੂੰ ਮਿਟਾਉਣ ਦੀ ਕੋਈ ਕੋਝੀ ਚਾਲ ਤਾਂ ਨਹੀਂ? ਕੀ ਇਸ ਵਰਤਾਰੇ ਲਈ ਅਸੀਂ ਪੰਜਾਬੀ ਹੀ ਤਾਂ ਕਸੂਰਵਾਰ ਨਹੀਂ? ਕੀ ਪੰਜਾਬੀ ਮਾਨਸਿਕਤਾ ਨੂੰ ਵਰਗਲਾਇਆ ਜਾ ਰਿਹਾ ਹੈ? ਕੀ ਪੰਜਾਬ ਉਜਾੜੇ ਦੇ ਰਾਹ ’ਤੇ ਸਰਪਟ ਦੌੜ ਰਿਹਾ ਏ? ਕੀ ਪੰਜਾਬੀਆਂ ਵਿੱਚ ਸਵੈ-ਚੇਤਨਾ ਮਰ ਚੁੱਕੀ ਹੈ? ਕੀ ਪੰਜਾਬੀਆਂ ਦੀ ਭਵਿੱਖਮੁਖੀ ਸੋਚ ਜੰਗਾਲੀ ਜਾ ਚੁੱਕੀ ਹੈ? ਤੇ ਮਨ ਵਿੱਚ ਕੁਝ ਬੋਲ ਗੂੰਜਣ ਲੱਗੇ;

ਅੱਜ ਬੁਝੇ ਮਨ ਨਾਲ ਖੇਤੋਂ ਹੋ ਕੇ ਆਇਆ ਹਾਂ।

ਬਾਪ ਦੇ ਸੁੱਕ ਗਏ ਅੰਬ ਨੂੰ ਰੋ ਕੇ ਆਇਆ ਹਾਂ।

ਲੱਭਣ ਗਿਆ ਸੀ ਬੀਤੇ ਸਮੇਂ ਦੇ ਨਕਸ਼ਾਂ ਨੂੰ

ਅੰਦਰ ਬੈਠਾ ਭਰਮ ਵੀ ਖੋਹ ਕੇ ਆਇਆ ਹਾਂ।

ਸੋਚਿਆ ਸੀ ਮੈਂ ਫ਼ਸਲਾਂ ਦੀ ਗਲਵੱਕੜੀ ਦਾ

ਖੇਤੀਂ ਉੱਗੀਆਂ ਕਬਰਾਂ ਛੋਹ ਕੇ ਆਇਆ ਹਾਂ।

ਵੱਟਾਂ, ਬੰਨੇ, ਖੇਤ ਸੀ ਸੂਲੀ ਲਟਕ ਰਹੇ

ਬਾਪ ਦੀ ਲਾਈ ਬੁਰਜੀ ਛੋਹ ਕੇ ਆਇਆਂ ਹਾਂ।

ਖੂਹ, ਆੜ, ਕਿਆਰਾ ਸੁਪਨੀਂ ਆਉਂਦੇ ਸੀ

ਉਨ੍ਹਾਂ ਦੀ ਮੜ੍ਹੀ ’ਤੇ ਹੰਝੂ ਚੋ ਕੇ ਆਇਆ ਹਾਂ।

ਮਨ ’ਚ ਵੱਸਦੀਆਂ ਅੱਲ੍ਹੜ ਜਿਹੀਆਂ ਯਾਦਾਂ ਨੂੰ

ਖਾਰੇ ਪਾਣੀ ਦੇ ਨਾਲ ਧੋ ਕੇ ਆਇਆ ਹਾਂ।

ਟਾਹਲੀ, ਜਾਮਣ ਤੇ ਚਿੜੀਆਂ ਦੀਆਂ ਕਬਰਾਂ ’ਤੇ

ਹੁਬਕੀਂ ਰੋਂਦਿਆਂ ਮੂਕ ਖਲੋ ਕੇ ਆਇਆ ਹਾਂ।

ਸੋਚ ਰਿਹਾ ਹਾਂ ਕਾਹਤੋਂ ਉੱਥੇ ਜਾਣਾ ਸੀ

ਰੂਹ ਦੇ ਚੈਨ ’ਚ ਪੀੜ ਪਰੋ ਕੇ ਆਇਆ ਹਾਂ।

ਤੇ ਇਨ੍ਹਾਂ ਸੋਚਾਂ ਵਿੱਚ ਗੁਆਚਿਆ ਜਦ ਮੈਂ ਪਿੰਡ ਵਿਚਲੇ ਘਰ ਪਹੁੰਚਿਆਂ ਤਾਂ ਲੋਹੜੇ ਦੀ ਗਰਮੀ ਨੇ ਮੈਨੂੰ ਹਾਲੋਂ-ਬੇਹਾਲ ਕੀਤਾ ਹੋਇਆ ਸੀ ਕਿਉਂਕਿ ਮੈਂ ਕਦੇ ਸੋਚਿਆ ਵੀ ਨਹੀਂ ਸੀ ਕਿ ਪੰਜਾਬ ਦਾ ਤਾਪਮਾਨ ਵੀ ਲਗਭਗ 50 ਡਿਗਰੀ ਸੈਂਟੀਗਰੇਡ ਤੱਕ ਪਹੁੰਚ ਜਾਵੇਗਾ। ਰੱਬ ਖ਼ੈਰ ਕਰੇ!

ਸੰਪਰਕ: 216-556-2080

Advertisement
×