ਘਰਵਾਲਾ-ਘਰਵਾਲੀ
ਮੈਂ ਦਸੰਬਰ 2024 ਵਿੱਚ ਭੂਮੀ ਅਤੇ ਪਾਣੀ ਸੰਭਾਲ ਵਿਭਾਗ ਵਿੱਚੋਂ ਰਿਟਾਇਰ ਹੋ ਗਿਆ ਅਤੇ ਮੇਰੀ ਪਤਨੀ ਵੀ ਸੇਵਾਮੁਕਤ ਅਧਿਆਪਕਾ ਹੈ। ਅਸੀਂ ਕਿਸੇ ਸ਼ਹਿਰ ਵਿੱਚ ਕੋਈ ਕੋਠੀ ਵਗੈਰਾ ਨਹੀਂ ਬਣਾ ਸਕੇ ਅਤੇ ਆਪਣੇ ਪਿੰਡ ਨਾਨੋਵਾਲ ਵਿੱਚ ਹੀ ਰਹਿੰਦੇ ਹਾਂ। ਮੇਰਾ ਵੱਡਾ...
ਮੈਂ ਦਸੰਬਰ 2024 ਵਿੱਚ ਭੂਮੀ ਅਤੇ ਪਾਣੀ ਸੰਭਾਲ ਵਿਭਾਗ ਵਿੱਚੋਂ ਰਿਟਾਇਰ ਹੋ ਗਿਆ ਅਤੇ ਮੇਰੀ ਪਤਨੀ ਵੀ ਸੇਵਾਮੁਕਤ ਅਧਿਆਪਕਾ ਹੈ। ਅਸੀਂ ਕਿਸੇ ਸ਼ਹਿਰ ਵਿੱਚ ਕੋਈ ਕੋਠੀ ਵਗੈਰਾ ਨਹੀਂ ਬਣਾ ਸਕੇ ਅਤੇ ਆਪਣੇ ਪਿੰਡ ਨਾਨੋਵਾਲ ਵਿੱਚ ਹੀ ਰਹਿੰਦੇ ਹਾਂ। ਮੇਰਾ ਵੱਡਾ ਬੇਟਾ ਵਿਕਰਾਂਤ ਆਸਟਰੇਲੀਆ ਦੇ ਸ਼ਹਿਰ ਮੈਲਬੌਰਨ ਵਿੱਚ ਰਹਿੰਦਾ ਹੈ।
ਵਿਕਰਾਂਤ ਤੇ ਜਸਪ੍ਰੀਤ ਕਾਫ਼ੀ ਸਮੇਂ ਤੋਂ ਕਹਿ ਰਹੇ ਸੀ ਕਿ ਰਿਟਾਇਰਮੈਂਟ ਤੋਂ ਬਾਅਦ ਤੁਰੰਤ ਮੈਲਬੌਰਨ ਆ ਜਾਓ, ਅਸੀਂ ਆਪਣਾ ਘਰ ਲੈਣਾ ਹੈ। ਅਸੀਂ ਬਾਰ ਬਾਰ ਕਿਰਾਏ ’ਤੇ ਘਰ ਬਦਲਦੇ ਥੱਕ ਗਏ ਹਾਂ। ਮੇਰਾ ਕਹਿਣਾ ਹੁੰਦਾ ਸੀ ਕਿ ਰਿਟਾਇਰਮੈਂਟ ਦੇ ਪੈਸੇ ਮਿਲ ਜਾਣ ਫਿਰ ਆਵਾਂਗੇ, ਪਰ ਉਨ੍ਹਾਂ ਨੂੰ ਚੰਗਾ ਨਹੀਂ ਸੀ ਲੱਗ ਰਿਹਾ। ਅਸਲ ਵਿੱਚ ਅਸੀਂ ਉਨ੍ਹਾਂ ਦੀ ਥੋੜ੍ਹੀ ਵਿੱਤੀ ਮਦਦ ਕਰਨੀ ਚਾਹੁੰਦੇ ਸੀ। ਵਿਭਾਗ ਵੱਲੋਂ ਸਮੇਂ ਸਿਰ ਪ੍ਰਵਾਨਗੀਆਂ ਨਾ ਮਿਲਣ ਕਾਰਨ ਪੈਸੇ ਮਿਲਣ ਦੀ ਕੋਈ ਆਸ ਨਜ਼ਰ ਨਹੀਂ ਆ ਰਹੀ ਸੀ ਅਤੇ ਅਸੀਂ ਆਖਰ ਮੈਲਬੌਰਨ ਜਾਣ ਦਾ ਮਨ ਬਣਾ ਲਿਆ।
ਮਈ ਮਹੀਨੇ ਦੇ ਪਹਿਲੇ ਹਫ਼ਤੇ ਅਸੀਂ ਮੈਲਬੌਰਨ ਪੁੱਜ ਗਏ। ਵਿਕਰਾਂਤ ਤੇ ਜਸਪ੍ਰੀਤ ਬਹੁਤ ਖ਼ੁਸ਼ ਹੋਏ ਅਤੇ ਸਾਡੇ ਵੀ ਮਨ ਵਿੱਚ ਖ਼ਿਆਲ ਆ ਰਿਹਾ ਸੀ ਕਿ ਜਲਦੀ ਜਲਦੀ ਘਰ ਦੀ ਤਲਾਸ਼ ਆਰੰਭੀ ਜਾਵੇ, ਪਰ ਉਹ ਸਾਨੂ ਥੋੜ੍ਹੇ ਦਿਨ ਆਰਾਮ ਕਰਨ ਲਾਏ ਕਹਿ ਰਹੇ ਸਨ। ਫਿਰ ਵੀ ਮੈਂ ਵਿਕਰਾਂਤ ਤੋਂ ਘਰ ਖ਼ਰੀਦਣ ਦੇ ਤਰੀਕਿਆਂ ਦੀ ਜਾਣਕਾਰੀ ਹਾਸਲ ਕਰ ਲਈ। ਮਸਲਨ ਹੋਮ ਅਤੇ ਲੈਂਡ ਪੈਕੇਜ, ਪੁਰਾਣਾ ਘਰ ਜਾਂ ਨਵਾਂ ਘਰ, ਰੀਅਲ ਅਸਟੇਟ ਰਾਹੀਂ ਜਾਂ ਸਿੱਧਾ ਬਿਲਡਰ ਤੋਂ। ਰੀਅਲ ਅਸਟੇਟ ਪਲੈਟਫਾਰਮ ’ਤੇ ਪੁਰਾਣੇ ਘਰ ਅਤੇ ਨਵੇਂ ਘਰਾਂ ਦੀ ਪੂਰੀ ਜਾਣਕਾਰੀ ਉਪਲੱਬਧ ਹੁੰਦੀ ਹੈ ਅਤੇ ਘਰ ਨੂੰ ਆਮ ਲੋਕਾਂ ਲਈ ਦੇਖਣ ਭਾਵ ਨਿਰੀਖਣ (inspection) ਕਰਨ ਲਈ ਵੀ ਸਮਾਂ ਸਾਰਣੀ ਆਨਲਾਈਨ ਉਪਲੱਬਧ ਹੁੰਦੀ ਹੈ। ਘਰ ਕਿੰਨੇ ਖੇਤਰ ਵਿੱਚ ਹੋਵੇ, ਕਿੰਨੇ ਕਮਰਿਆਂ ਦਾ ਹੋਵੇ ਅਤੇ ਕਿਹੜੇ ਇਲਾਕੇ ਵਿੱਚ ਹੋਵੇ, ਉਸ ਦੀ ਕੀਮਤ ਨਿਰਧਾਰਤ ਕਰਦੀ ਹੈ। ਤੁਹਾਡੀ ਆਮਦਨ ਦੇ ਕਾਗਜ਼ ਪੱਤਰ ਚੈੱਕ ਕਰਕੇ ਬੈਂਕ ਤੁਹਾਨੂੰ ਕਰਜ਼ੇ ਬਾਰੇ ਦੱਸ ਦਿੰਦਾ ਹੈ। ਬੈਂਕ ਨਾਲ ਸੰਪਰਕ ਕਰਨ ਲਈ ਤੁਹਾਨੂੰ ਬ੍ਰੋਕਰ (broker) ਨੂੰ ਮਿਲਣਾ ਪੈਂਦਾ ਹੈ। ਵਿਕਰਾਂਤ ਨੇ ਆਪਣੇ ਦੋਸਤ ਤੋਂ ਬ੍ਰੋਕਰ ਦਾ ਨੰਬਰ ਲਿਆ ਅਤੇ ਅਸੀਂ ਉਸ ਨੂੰ ਮਿਲਣ ਉਸ ਦੇ ਘਰ ਚਲੇ ਗਏ। ਘਰ ਮਿਲਣਾ ਜ਼ਰੂਰੀ ਨਹੀਂ, ਪਰ ਮੇਰੇ ਵੱਲੋਂ ਕਹਿਣ ’ਤੇ ਗਏ। ਉਹ ਬਹੁਤ ਚੰਗਾ ਵਿਅਕਤੀ ਲੱਗਿਆ ਅਤੇ ਉਸ ਨੇ ਸਾਰੀ ਜਾਣਕਾਰੀ ਸੌਖੇ ਸ਼ਬਦਾਂ ਵਿੱਚ ਸਾਂਝੀ ਕੀਤੀ। ਉਸ ਨੇ ਦੱਸਿਆ ਕਿ ਮਾਲ ਵਿਭਾਗ (revenue) ਸਬੰਧੀ ਮੱਦਾਂ ਦੀ ਘੋਖ ਲਈ ਅਤੇ ਫਾਈਨਲ ਸੈਟਲਮੈਂਟ (registry) ਲਈ ਇੱਕ ਕਨਵੈਂਸਰ (conveyancer /advocate) ਨਾਮਜ਼ਦ ਕਰਨਾ ਹੋਵੇਗਾ ਜੋ ਲਗਭਗ 1000 ਡਾਲਰ ਫੀਸ ਲਵੇਗਾ। ਉਸ ਨੇ ਇਹ ਵੀ ਕਿਹਾ ਕਿ ਜਦੋਂ ਤੁਸੀਂ ਕਿਸੇ ਰੀਅਲ ਅਸਟੇਟ ਜਾਂ ਬਿਲਡਰ ਨਾਲ ਘਰ ਖ਼ਰੀਦਣ ਲਈ ਕੰਟਰੈਕਟ ਸਾਈਨ ਕਰ ਲਵੋਗੇ ਤਾਂ ਤੁਸੀਂ ਸੈਟਲਮੈਂਟ ਤੋਂ ਪਹਿਲਾਂ ਕਿਸੇ ਤੀਜੀ ਧਿਰ ਭਾਵ ਬਿਲਡਿੰਗ ਇੰਸਪੈਕਟਰ ਤੋਂ ਘਰ ਦੀ ਇੰਸਪੈਕਸ਼ਨ ਵੀ ਕਰਵਾ ਸਕਦੇ ਹੋ। ਇਸ ਦਾ ਮਿਹਨਤਾਨਾ ਵੀ ਲਗਭਗ ਓਨਾ ਹੀ ਹੋਵੇਗਾ ਅਤੇ ਬ੍ਰੋਕਰ ਦੀ ਫੀਸ ਬੈਂਕ ਦੇਵੇਗਾ।
ਘਰ ਦੀ ਪੈਮਾਇਸ਼ ਨੂੰ ਮੀਟਰ ਸਕੁਏਰ ਵਿੱਚ ਦਰਸਾਇਆ ਜਾਂਦਾ ਹੈ। ਆਮ ਤੌਰ ’ਤੇ ਘਰ ਹੁਣ ਚਾਰ ਕਮਰਿਆਂ ਵਾਲੇ ਬਣਦੇ ਹਨ ਜੋ 250 ਤੋਂ 500 ਮੀਟਰ ਸਕੁਏਰ ਤੱਕ ਹੁੰਦੇ ਹਨ। ਅਸੀਂ ਫ਼ੈਸਲਾ ਕੀਤਾ ਕਿ ਪੁਰਾਣੇ ਘਰ ਦੇਖੇ ਜਾਣ ਜੋ ਸਾਨੂ ਸਹੀ ਫ਼ੈਸਲਾ ਲੈਣ ਵਿੱਚ ਮਦਦ ਕਰਨਗੇ। ਅਸੀਂ ਦੋ ਹਫ਼ਤੇ ਪੁਰਾਣੇ ਅਲੱਗ ਅਲੱਗ ਸਾਈਜ਼ ਦੇ ਘਰਾਂ ਦਾ ਨਿਰੀਖਣ ਕੀਤਾ ਜਿਸ ਨਾਲ ਸਾਨੂੰ ਆਪਣੀ ਲੋੜ ਅਨੁਸਾਰ ਘਰ ਦਾ ਏਰੀਆ ਅਤੇ ਕਮਰਿਆਂ ਦੀ ਗਿਣਤੀ ਵਗੈਰਾ ਨਿਰਧਾਰਤ ਕਰਨ ਵਿੱਚ ਬਹੁਤ ਆਸਾਨੀ ਹੋਈ। ਇੰਸਪੈਕਸ਼ਨ ਕਰਦਿਆਂ ਇਹ ਵੀ ਅਹਿਸਾਸ ਹੋਇਆ ਕਿ ਘਰ ਅਲੱਗ ਅਲੱਗ ਬਿਲਡਰਾਂ ਦੁਆਰਾ ਬਣਾਏ ਗਏ ਹਨ ਅਤੇ ਉਨ੍ਹਾਂ ਦੀ ਵਰਕਮੈਨਸ਼ਿਪ ਅਤੇ ਕੁਆਲਿਟੀ ਵਿੱਚ ਵੀ ਥੋੜ੍ਹਾ ਫ਼ਰਕ ਹੈ। ਫਿਰ ਅਸੀਂ ਫ਼ੈਸਲਾ ਕੀਤਾ ਕਿ ਵੱਖ ਵੱਖ ਬਿਲਡਰਾਂ ਦੁਆਰਾ ਬਣਾਏ ਘਰ (ਡਿਸਪਲੇ ਹੋਮਜ਼) ਦਾ ਵੀ ਨਿਰੀਖਣ ਕੀਤਾ ਜਾਵੇ| ਅਸੀਂ ਕਈ ਘਰ ਦੇਖੇ ਅਤੇ ਉਨ੍ਹਾਂ ਨਾਲ ਗੱਲਬਾਤ ਵੀ ਕੀਤੀ। ਇਸ ਤਰ੍ਹਾਂ ਅਸੀਂ ਘਰ ਦਾ ਆਕਾਰ, ਫਲੋਰ ਪਲੈਨ ਅਤੇ ਹੋਰ ਚੀਜ਼ਾਂ ਨੂੰ ਅਪਣੀਆਂ ਲੋੜਾਂ ਤੇ ਬਜਟ ਅਨੁਸਾਰ ਫਾਈਨਲ ਕਰ ਲਿਆ।
ਅਸੀਂ ਆਪਣੇ ਮਨਪਸੰਦ ਬਿਲਡਰ ਨਾਲ ਸੰਪਰਕ ਕੀਤਾ ਅਤੇ ਉਸ ਨੇ ਆਪਣੇ ਸੇਲਜ਼ ਏਜੰਟ ਦਾ ਨੰਬਰ ਸਾਨੂੰ ਅਤੇ ਸਾਡਾ ਨੰਬਰ ਉਸ ਨੂੰ ਭੇਜ ਦਿੱਤਾ। ਕੁਝ ਸਮੇਂ ਬਾਅਦ ਹੀ ਏਜੰਟ ਦਾ ਫੋਨ ਆ ਗਿਆ। ਉਸ ਨੇ ਵਿਸਥਾਰ ਨਾਲ ਗੱਲ ਕੀਤੀ ਅਤੇ ਸਾਨੂੰ ਪੰਜ ਘਰਾਂ ਦੇ ਡਿਟੇਲ ਭੇਜ ਦਿੱਤੇ ਜਿਨ੍ਹਾਂ ਵਿੱਚੋਂ ਤਿੰਨ ਮੁਕੰਮਲ ਸਨ ਅਤੇ ਬਾਕੀ ਦੇ ਮਹੀਨੇ ’ਚ ਪੂਰੇ ਹੋਣ ਬਾਰੇ ਦੱਸਿਆ। ਅਗਲੇ ਹੀ ਦਿਨ ਉਸ ਨੇ ਘਰਾਂ ਦਾ ਨਿਰੀਖਣ ਕਰਨ ਲਈ ਟਾਈਮ ਫਿਕਸ ਕਰ ਲਿਆ। ਮਿੱਥੇ ਸਮੇਂ ’ਤੇ ਅਸੀਂ ਘਰਾਂ ਨੂੰ ਦੇਖਿਆ ਅਤੇ ਇੱਕ ਜਿਹੜਾ ਸਭ ਤੋਂ ਚੰਗਾ ਲੱਗਿਆ, ਜ਼ਿਆਦਾ ਗਹੁ ਨਾਲ ਦੇਖ ਲੈਣ ਦਾ ਮਨ ਬਣਾ ਲਿਆ। ਉਸ ਨੇ ਸਾਡੇ ਸਾਰੇ ਸਵਾਲਾਂ ਦੇ ਜਵਾਬ ਪਿਆਰ ਸਤਿਕਾਰ ਨਾਲ ਦਿੱਤੇ। ਅਸੀਂ ਫ਼ੈਸਲਾ ਲੈਂਦਿਆ ਉਸ ਨੂੰ ਕੰਟਰੈਕਟ ਸਾਈਨ ਕਰਨ ਦੀ ਪੇਸ਼ਕਸ਼ ਕਰ ਦਿੱਤੀ। ਉਸ ਨੇ ਕੁੱਝ ਡਾਲਰ ਤੁਰੰਤ ਤੇ ਪੰਜ ਪਰਸੈਂਟ ਕੰਟਰੈਕਟ ਸਾਈਨ ਵੇਲੇ ਅਤੇ ਬਾਕੀ ਸੈਟਲਮੈਂਟ ਸਮੇਂ ਦੇਣ ਲਈ ਕਿਹਾ।
ਅਸੀਂ ਆਪਣੇ ਲਈ ਇੱਕ ਕਨਵੈਂਸਰ ਹਾਇਰ ਕਰ ਲਿਆ ਅਤੇ ਆਪਣੇ ਕਨਵੈਂਸਰ ਰਾਹੀਂ ਆਪਣੇ ਪਹਿਚਾਣ ਪੱਤਰ, ਪੰਜ ਪਰਸੈਂਟ ਅਡਵਾਂਸ ਅਤੇ ਪ੍ਰੀ ਲੋਨ ਪ੍ਰਵਾਨਗੀ ਪੱਤਰ ਪ੍ਰਾਪਤ ਕਰਕੇ ਕੰਟਰੈਕਟ ਸਾਈਨ ਕਰ ਲਿਆ। ਬਿਲਡਰ ਨੇ ਸਾਰੇ ਦਸਤਾਵੇਜ਼ ਜਿਸ ਵਿੱਚ ਘਰ ਦੀ ਜ਼ਮੀਨ ਅਤੇ ਕੰਸਟਰੱਕਸ਼ਨ ਦੇ ਸਾਰੇ ਡਿਟੇਲ ਸਨ, ਸਾਨੂੰ ਅਤੇ ਕਨਵੈਂਸਰ ਨੂੰ ਭੇਜ ਦਿੱਤੇ। ਸੈਟਲਮੈਂਟ ਦੀ ਮਿਤੀ ਲਗਭਗ ਇੱਕ ਮਹੀਨੇ ਬਾਅਦ 27 ਜੂਨ ਤੈਅ ਹੋ ਗਈ। ਇਸ ਦੌਰਾਨ ਬਿਲਡਰ ਰਹਿੰਦੇ ਕੰਮ ਜਿਵੇਂ ਗੈਸ ਚੁੱਲ੍ਹਾ, ਡਿਸ਼ਵਾਸ਼ਰ, ਬਲਾਇੰਡ ਅਤੇ ਲੈਂਡਸਕੇਪਿੰਗ ਦਾ ਕੰਮ ਕਰਵਾਏਗਾ ਤੇ ਅਸੀਂ ਬ੍ਰੋਕਰ ਰਾਹੀਂ ਲੋਨ ਮਨਜ਼ੂਰ ਕਰਵਾਵਾਂਗੇ। ਕੁੱਝ ਦਿਨਾਂ ਬਾਅਦ ਅਸੀਂ ਇੱਕ ਬਿਲਡਿੰਗ ਇੰਸਪੈਕਸ਼ਨ ਵਾਲੀ ਸੰਸਥਾ ਨਾਲ ਸੰਪਰਕ ਕੀਤਾ ਜਿਸ ਨੇ ਇੰਸਪੈਕਟਰ ਦੀਆਂ ਸੇਵਾਵਾਂ ਦੇਣ ਲਈ ਸਹਿਮਤੀ ਦਿੱਤੀ। ਅਸੀਂ ਬਿਲਡਰ ਨੂੰ ਪ੍ਰਾਈਵੇਟ ਇੰਸਪੈਕਸ਼ਨ ਲਈ ਕਿਹਾ ਅਤੇ ਪੰਦਰਾਂ ਦਿਨ ਬਾਅਦ ਦੀ ਮਿਤੀ ਫਿਕਸ ਹੋ ਗਈ। ਸਾਰੀਆਂ ਧਿਰਾਂ ਤੈਅ ਸਮੇਂ ’ਤੇ ਇੰਸਪੈਕਸ਼ਨ ਲਈ ਪੁੱਜ ਗਈਆਂ। ਬਿਲਡਿੰਗ ਇੰਸਪੈਕਟਰ ਆਪਣਾ ਕੰਮ ਕਰ ਰਿਹਾ ਸੀ ਅਤੇ ਬਿਲਡਰ ਸਾਨੂੰ ਘਰ ਦੇ ਸਾਰੇ ਉਪਕਰਨਾਂ ਜਿਵੇਂ ਗੈਸ ਚੁੱਲ੍ਹਾ, ਡਿਸ਼ਵਾਸ਼ਰ, ਬਿਜਲੀ ਸਪਲਾਈ, ਹੀਟਿੰਗ ਤੇ ਕੂਲਿੰਗ ਯੰਤਰਾਂ ਬਾਰੇ ਵਿਸਥਾਰ ’ਚ ਜਾਣਕਾਰੀ ਦੇਣ ਲੱਗ ਪਿਆ। ਇੰਸਪੈਕਟਰ ਨੇ ਉਸੇ ਦਿਨ ਸਾਨੂ ਰਿਪੋਰਟ ਭੇਜ ਦਿੱਤੀ ਜੋ ਅਸੀਂ ਕਨਵੈਂਸਰ ਰਾਹੀਂ ਬਿਲਡਰ ਨੂੰ ਭੇਜੀ। ਕੰਟਰੈਕਟ ਸਾਈਨ ਕਰਨ ਤੋਂ ਬਾਅਦ ਸਭ ਕੁੱਝ ਲਿਖਤੀ ਰੂਪ ’ਚ ਹੀ ਕਨਵੈਂਸਰ ਰਾਹੀਂ ਹੁੰਦਾ ਹੈ। ਕੁਝ ਦਿਨ ਪਹਿਲਾਂ ਬਿਲਡਰ ਦੀ ਬੇਨਤੀ ’ਤੇ ਸੈਟਲਮੈਂਟ ਮਿਤੀ ਜੁਲਾਈ 2 ਕਰ ਦਿੱਤੀ ਗਈ ਕਿਉਂਕਿ ਬਿਲਡਰ ਨੇ ਇੰਸਪੈਕਸ਼ਨ ਰਿਪੋਰਟ ਦੇ ਕੰਮ ਅਜੇ ਪੂਰੇ ਕਰਨੇ ਸਨ।
ਸੈਟਲਮੈਂਟ ਮਿਤੀ ਨੇੜੇ ਆ ਰਹੀ ਸੀ ਅਤੇ ਸਾਡੀ ਉਤਸੁਕਤਾ ਵਧ ਰਹੀ ਸੀ। ਬ੍ਰੋਕਰ ਨੇ ਲੋਨ ਦੀ ਮਨਜ਼ੂਰੀ ਬਾਰੇ ਦੱਸਿਆ ਤਾਂ ਅਸੀਂ ਖ਼ੁਸ਼ ਹੋ ਗਏ। ਹੁਣ ਘਰ ਦੀਆਂ ਚਾਬੀਆਂ ਨਜ਼ਰ ਆਉਣ ਲੱਗੀਆਂ। ਦੋ ਦਿਨ ਪਹਿਲਾਂ ਕਨਵੈਂਸਰ ਨੇ ਸਾਰੇ ਕਾਗਜ਼ਾਤ ਸਹੀ ਹੋਣ ਉਪਰੰਤ ਸਟੇਟਮੈਂਟ ਆਫ ਅਕਾਊਂਟ ਭੇਜੀ ਅਤੇ ਸੈਟਲਮੈਂਟ ਦਿਨ ਤੋਂ ਇੱਕ ਦਿਨ ਪਹਿਲਾਂ ਬੈਂਕ ਅਕਾਊਂਟ ’ਚ ਪੈਸੇ ਹੋਣ ਨੂੰ ਪੁਖ਼ਤਾ ਕਰਨ ਲਈ ਕਿਹਾ। ਹੁਣ ਉਹ ਖ਼ੁਸ਼ੀਆਂ ਵਾਲਾ ਦਿਨ ਆ ਗਿਆ। ਸੈਟਲਮੈਂਟ ’ਚ ਸਟੇਟ ਰੈਵੀਨਿਊ ਵਿਭਾਗ, ਬਿਲਡਰ ਦਾ ਨੁਮਾਇੰਦਾ ਅਤੇ ਕਨਵੈਂਸਰ ਹੀ ਆਨਲਾਈਨ ਹਾਜ਼ਰ ਹੁੰਦੇ ਹਨ। ਉਸ ਦਿਨ ਮੁੱਖ ਤੌਰ ’ਚ ਪੈਸੇ ਟਰਾਂਸਫਰ ਹੁੰਦੇ ਹਨ। ਸਿਰਫ਼ ਵੀਹ ਮਿੰਟ ’ਚ ਕਾਰਵਾਈ ਹੋ ਗਈ ਅਤੇ ਬਿਲਡਰ ਨੇ ਸਾਨੂੰ ਘਰ ਦੀਆਂ ਚਾਬੀਆਂ ਦੇ ਦਿੱਤੀਆਂ।
ਇਹ ਬੜੀ ਹੈਰਾਨੀ ਦੀ ਗੱਲ ਸੀ ਕਿ ਅਸੀਂ ਕਿਸੇ ਵੀ ਵਿਅਕਤੀ ਜਾਂ ਸੰਸਥਾ ਦੇ ਰੂਬਰੂ ਨਹੀਂ ਹੋਏ। ਘਰ ਦੀ ਓਨਰਸ਼ਿਪ ਦੇ ਪੇਪਰ ਵੀ ਈਮੇਲ ਰਾਹੀਂ ਆ ਗਏ। ਅਸੀਂ ਸ਼ਾਮ ਨੂੰ ਘਰ ਦਾ ਸਾਮਾਨ ਸ਼ਿਫਟ ਕਰ ਲਿਆ। ਸਾਰੇ ਬਹੁਤ ਖ਼ੁਸ਼ ਸਨ। ਮੇਰੀ ਪਤਨੀ ਆਸ਼ਾ ਨੇ ਕਿਹਾ ਕਿ ਵਿਕਰਾਂਤ ਤੇ ਜਸਪ੍ਰੀਤ ਪਹਿਲਾਂ ਪਤੀ-ਪਤਨੀ ਸਨ, ਪਰ ਅੱਜ ਘਰਵਾਲਾ-ਘਰਵਾਲੀ ਬਣ ਗਏ ਹਨ।
ਮੈਂ ਆਪਣੇ ਬੱਚਿਆਂ ਨੂੰ ਗ਼ਜ਼ਲ ਦੀਆਂ ਦੋ ਸਤਰਾਂ ਸੁਣਾਈਆਂ:
ਰਹਿਤਾ ਹੈ ਸਿਰਫ਼ ਏਕ ਹੀ ਕਮਰੇ ਮੇਂ ਆਦਮੀ
ਉਸਕਾ ਗਰੂਰ ਰਹਿਤਾ ਹੈ ਬਾਕੀ ਮਕਾਨ ਮੇਂ
ਸੰਪਰਕ: 9779132970