ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਕਾਵਿਮਈ ਸਿਜਦਾ
ਕੈਲਗਰੀ: ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਸਮਰਪਿਤ ਕਵੀ ਦਰਬਾਰ ਗੁਰੂ ਰਾਮਦਾਸ ਦਰਬਾਰ ਕੈਲਗਰੀ ਵਿਖੇ ਕਰਵਾਇਆ ਗਿਆ ਜਿਸ ਵਿੱਚ ਦੋ ਦਰਜਨ ਤੋਂ ਵੀ ਵੱਧ ਕਵੀਆਂ ਨੇ ਹਿੱਸਾ ਲਿਆ। ਕਵੀਆਂ ਵਿੱਚ ਬੱਚੇ ਵੀ ਸਨ, ਬੀਬੀਆਂ ਵੀ ਅਤੇ ਵਡੇਰੀ ਉਮਰ ਦੇ...
ਕੈਲਗਰੀ: ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਸਮਰਪਿਤ ਕਵੀ ਦਰਬਾਰ ਗੁਰੂ ਰਾਮਦਾਸ ਦਰਬਾਰ ਕੈਲਗਰੀ ਵਿਖੇ ਕਰਵਾਇਆ ਗਿਆ ਜਿਸ ਵਿੱਚ ਦੋ ਦਰਜਨ ਤੋਂ ਵੀ ਵੱਧ ਕਵੀਆਂ ਨੇ ਹਿੱਸਾ ਲਿਆ। ਕਵੀਆਂ ਵਿੱਚ ਬੱਚੇ ਵੀ ਸਨ, ਬੀਬੀਆਂ ਵੀ ਅਤੇ ਵਡੇਰੀ ਉਮਰ ਦੇ ਕਵੀ ਵੀ, ਪਰ ਸਾਰਿਆਂ ਦੀਆਂ ਕਵਿਤਾਵਾਂ ਦਾ ਵਿਸ਼ਾ ਚਾਂਦਨੀ ਚੌਕ ਦਾ ਸਾਕਾ ਹੀ ਸੀ।
ਸ਼ਮਿੰਦਰ ਸਿੰਘ ਕੰਗਵੀ ਨੇ ‘ਤਿਲਕ ਜੰਞੂ ਦੀ ਖਾਤਰ ਗੁਰਾਂ ਸੀਸ ਦੀ ਭੇਟ ਚੜ੍ਹਾਈ’, ਸੋਹਣ ਸਿੰਘ ਭੁੱਚੋ ਨੇ ‘ਗੁਰ ਤੇਗ ਬਹਾਦਰ ਸਿਮਰਿਐ ਘਰ ਨਉ ਨਿਧਿ ਆਵੈ ਧਾਇ’, ਗੁਰਮੀਤ ਸਰਪਾਲ ਨੇ ‘ਉਸ ਗੁਰੂ ਲਾਸਾਨੀ ਦੀ ਗੱਲ ਕਰੀਏ’, ਰਿਪੁਦਮਨ ਕੌਰ ਨੇ ‘ਧੰਨ ਸ੍ਰੀ ਗੁਰੂ ਤੇਗ ਬਹਾਦਰ ਡੁੱਬਦਾ ਧਰਮ ਬਚਾ ਲਿਆ’ ਅਤੇ ਗੁਰਦੀਸ਼ ਕੌਰ ਗਰੇਵਾਲ ਨੇ ‘ਤੇਗ ਬਹਾਦਰ ਸਿਮਰਿਐ’ ਕਵਿਤਾਵਾਂ ਸੁਣਾ ਕੇ ਸਰੋਤਿਆਂ ਨੂੰ ਗੁਰੂ ਤੇਗ ਬਹਾਦਰ ਜੀ ਨਾਲ ਜੋੜ ਦਿੱਤਾ। ਬਾਕੀ ਹੋਰ ਕਵੀਆਂ ਦੀਆਂ ਕਵਿਤਾਵਾਂ ਨਾਲ ਇਤਿਹਾਸ ਦੇ ਹੋਰ ਪੰਨੇ ਵੀ ਖੁੱਲ੍ਹਦੇ ਗਏ। ਸੁਰਿੰਦਰ ਗੀਤ ਨੇ ‘ਸ਼ਹਾਦਤ ਦਾ ਸਿਖਰ’ ਅਤੇ ਹਰਮਿੰਦਰਪਾਲ ਸਿੰਘ, ਪ੍ਰਿੰ. ਚਰਨਦੀਪ ਕੌਰ, ਸਰੂਪ ਸਿੰਘ ਮੰਡੇਰ ,ਪ੍ਰੋ ਮਨਜੀਤ ਸਿੰਘ ਪਿਆਸਾ, ਜਸਵੀਰ ਸਿੰਘ ਸਿਹੋਤਾ, ਬਲਵੀਰ ਸਿੰਘ ਕਲਿਆਣੀ ਆਦਿ ਨੇ ਆਪਣੀਆਂ ਕਵਿਤਾਵਾਂ ਰਾਹੀਂ ਗੁਰੂ ਤੇਗ ਬਹਾਦਰ ਜੀ ਵੱਲੋਂ ਮਾਨਵੀ ਹੱਕਾਂ ਲਈ ਦਿੱਤੀ ਗਈ ਲਾਸਾਨੀ ਸ਼ਹਾਦਤ ਨੂੰ ਆਪੋ ਆਪਣੇ ਸ਼ਬਦਾਂ ਨਾਲ ਅਤੇ ਵੱਖਰੇ ਅੰਦਾਜ਼ ਨਾਲ ਯਾਦ ਕੀਤਾ। ਛੋਟੇ ਬੱਚਿਆਂ ਵਿੱਚੋਂ ਹਰਸੀਰਤ ਕੌਰ, ਹਰ ਅਸੀਸ ਕੌਰ, ਮੋਹਕਮ ਸਿੰਘ ਚੌਹਾਨ, ਸਿਦਕ ਸਿੰਘ ਗਰੇਵਾਲ, ਦਿਵਤੇਗਨ ਸਿੰਘ, ਨੂਰ ਕੌਰ ਗਰੇਵਾਲ, ਏਕਮਜੀਤ ਕੌਰ ਧਾਲੀਵਾਲ ਆਦਿ ਨੇ ਜਦੋਂ ਵੱਡੀਆਂ ਅਤੇ ਗੰਭੀਰ ਗੱਲਾਂ ਆਪਣੇ ਦਿਲਕਸ਼ ਅੰਦਾਜ਼ ਵਿੱਚ ਸੁਣਾਈਆਂ ਤਾਂ ਸਰੋਤਿਆਂ ਤੋਂ ਖੂਬ ਪ੍ਰਸੰਸਾ ਖੱਟੀ।
ਡਾਕਟਰ ਜੋਗਾ ਸਿੰਘ ਨੇ ਸਾਜ਼ਾਂ ਅਤੇ ਤਰੰਨਮ ਨਾਲ ‘ਕਿਉਂ ਧੜਕਦਾ ਏਂ ਜ਼ਾਲਮ’ ਅਤੇ ‘ਲੈ ਹੱਸ ਕੇ ਜਾਨ ਮੇਰੀ’ ਗਾ ਕੇ ਸੁਣਾਈ, ਉੱਥੇ ਕਵੀਸ਼ਰ ਜਸਵੰਤ ਸਿੰਘ ਸੇਖੋਂ ਨੇ ਗੁਰੂ ਸਾਹਿਬ ਦੀ ਸ਼ਹਾਦਤ ਤੋਂ ਜਲਦੀ ਬਾਅਦ ਹੀ ਗੁਰਸਿੱਖਾਂ ਵੱਲੋਂ ਔਰੰਗਜ਼ੇਬ ’ਤੇ ਕੀਤੇ ਗਏ ਹਮਲੇ ਦਾ ਘੱਟ ਪ੍ਰਚਾਰਿਆ ਗਿਆ ਇਤਿਹਾਸ ‘ਭਰਿਆ ਵਿਆ ਭਾਂਡਾ ਭੰਨੂੰ ਤੇਰੇ ਹੰਕਾਰ ਦਾ’ ਸੁਣਾ ਕੇ ਸਰੋਤਿਆਂ ਨੂੰ ਹੈਰਾਨ ਕਰ ਦਿੱਤਾ। ਸਮਾਗਮ ਵਿੱਚ ਕੁਲਵੰਤ ਕੌਰ ਚਾਵਲਾ, ਤਰਲੋਚਨ ਸਿੰਘ ਸੈਂਹਬੀ, ਗੁਰਜੀਤ ਜੱਸੀ, ਸਰਬਜੀਤ ਕੌਰ ਉੱਪਲ, ਦਾਮਵੀ ਸਿੰਘ ਆਦਿ ਨੇ ਵੀ ਹਾਜ਼ਰੀ ਲਗਵਾਈ। ਸਟੇਜ ਸੰਚਾਲਨ ਦੀ ਸੇਵਾ ਨਿਭਾ ਰਹੇ ਭੋਲਾ ਸਿੰਘ ਚੌਹਾਨ ਨੇ ਵੀ ਅਖੀਰ ’ਤੇ ਸੰਤ ਰਾਮ ਉਦਾਸੀ ਦੀ ਭਾਈ ਜੈਤਾ ’ਤੇ ਲਿਖੀ ਕਵਿਤਾ ਸੁਣਾਈ। ਪ੍ਰਬੰਧਕਾਂ ਵੱਲੋਂ ਸਾਰੇ ਕਵੀਆਂ ਨੂੰ ਗੁਰੂ ਘਰ ਵੱਲੋਂ ਸਨਮਾਨਿਤ ਵੀ ਕੀਤਾ ਗਿਆ।
ਸੰਪਰਕ: +1(403)708-2901

