DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪਵਿੱਤਰ ਗੰਗਾ ਸਾਗਰ ਤੇ ਇਤਿਹਾਸਕ ਹਵੇਲੀ

ਸਿੱਖਾਂ ਦੇ ਦਸਵੇਂ ਗੁਰੂ ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਨਿਆਰੇ ‘ਖਾਲਸਾ ਪੰਥ’ ਦੀ ਸਥਾਪਨਾ ਕੀਤੀ ਗਈ। ਉਨ੍ਹਾਂ ਵੱਲੋਂ ਸ਼ਿਵਾਲਿਕ ਦੀਆਂ ਪਹਾੜੀਆਂ ਵਿੱਚ ਆਨੰਦਪੁਰ ਸ਼ਹਿਰ ਵਸਾ ਕੇ ਖਾਲਸੇ ਨੂੰ ਮੀਰੀ ਨਾਲ ਜੋੜਨ ਦੇ ਉਦੇਸ਼ ਨਾਲ ਨਗਾਰਾ ਵਜਾਉਣਾ ਅਤੇ ਜੰਗਾਂ ਦੇ...

  • fb
  • twitter
  • whatsapp
  • whatsapp
Advertisement

ਸਿੱਖਾਂ ਦੇ ਦਸਵੇਂ ਗੁਰੂ ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਨਿਆਰੇ ‘ਖਾਲਸਾ ਪੰਥ’ ਦੀ ਸਥਾਪਨਾ ਕੀਤੀ ਗਈ। ਉਨ੍ਹਾਂ ਵੱਲੋਂ ਸ਼ਿਵਾਲਿਕ ਦੀਆਂ ਪਹਾੜੀਆਂ ਵਿੱਚ ਆਨੰਦਪੁਰ ਸ਼ਹਿਰ ਵਸਾ ਕੇ ਖਾਲਸੇ ਨੂੰ ਮੀਰੀ ਨਾਲ ਜੋੜਨ ਦੇ ਉਦੇਸ਼ ਨਾਲ ਨਗਾਰਾ ਵਜਾਉਣਾ ਅਤੇ ਜੰਗਾਂ ਦੇ ਅਭਿਆਸ ਲਈ ਨਿੱਤ ਪ੍ਰਤੀ ਦਿਨ ਕੀਤੀਆਂ ਜਾ ਰਹੀਆਂ ਸਰਗਰਮੀਆਂ ਤੋਂ ਡਰਦੇ ਹੋਏ ਅਤੇ ਨਗਾਰੇ ਦੀ ਚੋਟ ਨਾਲ ਕੰਬ ਰਹੀਆਂ ਸ਼ਿਵਾਲਿਕ ਦੀਆਂ ਪਹਾੜੀਆਂ ’ਤੇ ਵਸੀਆਂ ਰਿਆਸਤਾਂ ਦੇ ਸਾਹ-ਸੱਤਹੀਣ ਹੋਏ ਹਿੰਦੂ ਰਾਜਿਆਂ ਨੇ ਦਿੱਲੀ ਦੇ ਹਾਕਮਾਂ ਨੂੰ ਬੁਲਾਵਾ ਭੇਜ ਕੇ ਗੁਰੂ ਸਾਹਿਬ ਦੇ ਪਰਿਵਾਰ ਨੂੰ ਆਨੰਦਪੁਰ ਵਿਚਲਾ ਕਿਲ੍ਹਾ ਆਨੰਦਗੜ੍ਹ ਛੱਡਣ ਲਈ ਮਜਬੂਰ ਕਰ ਦਿੱਤਾ।

ਇਸ ਤੋਂ ਬਾਅਦ ਲੱਖਾਂ ਦੀ ਗਿਣਤੀ ਵਿੱਚ ਮੁਗ਼ਲ ਫੌਜ ਅਤੇ ਮੌਸਮ ਦੇ ਬਦਲੇ ਮਿਜਾਜ਼ ਕਾਰਨ ਸਰਸਾ ਨਦੀ ਪਾਰ ਕਰਦਿਆਂ ਗੁਰੂ ਸਾਹਿਬ ਦਾ ਸਮੁੱਚਾ ਪਰਿਵਾਰ ਵਿੱਛੜ ਗਿਆ। ਗੁਰੂ ਜੀ ਅਤੇ ਉਨ੍ਹਾਂ ਦੇ ਵੱਡੇ ਸਾਹਿਬਜ਼ਾਦਿਆਂ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਚਮਕੌਰ ਦੀ ਜੰਗ ਵਿੱਚ ਘਿਰ ਗਏ। ਵੱਡੇ ਸਾਹਿਬਜ਼ਾਦੇ ਸ਼ਹੀਦ ਹੋ ਗਏ ਤਾਂ ਗੁਰੂ ਸਾਹਿਬ ਗੜ੍ਹੀ ਵਿੱਚੋਂ ਨਿਕਲ ਕੇ ਮਾਛੀਵਾੜਾ ਪਹੁੰਚੇ, ਉੱਥੇ ਮੁਸਲਮਾਨ ਭਰਾਵਾਂ ਗਨੀ ਖਾਂ ਤੇ ਨਬੀ ਖਾਂ ਦੁਆਰਾ ਗੁਰੂ ਜੀ ਨੂੰ ਉੱਚ ਦਾ ਪੀਰ ਬਣਾ ਕੇ ਮੁਗ਼ਲਾਂ ਦੇ ਘੇਰੇ ਵਿੱਚੋਂ ਕੱਢਿਆ ਗਿਆ। ਇਸ ਉਪਰੰਤ ਗੁਰੂ ਜੀ ਵੱਖ ਵੱਖ ਥਾਵਾਂ ’ਤੇ ਰੁਕਦੇ ਹੋਏ ਰਾਏਕੋਟ ਰਿਆਸਤ ਦੇ ਨਵਾਬ ਰਾਏ ਕੱਲਾ ਪਾਸ ਰੁਕੇ। ਉਕਤ ਰਾਏ ਪਰਿਵਾਰ ਦੁਆਰਾ ਬੇਖੌਫ਼ ਹੋ ਕੇ ਗੁਰੂ ਜੀ ਦੀ ਕੀਤੀ ਗਈ ਸੇਵਾ ਤੋਂ ਖੁਸ਼ ਹੁੰਦਿਆਂ ਗੁਰੂ ਸਾਹਿਬ ਨੇ ਰਾਏ ਕੱਲਾ ਨੂੰ ਪਵਿੱਤਰ ਗੰਗਾ ਸਾਗਰ ਸਮੇਤ ਹੋਰ ਵੀ ਆਪਣੀਆਂ ਨਿਸ਼ਾਨੀਆਂ ਭੇਂਟ ਕੀਤੀਆਂ। ਇਨ੍ਹਾਂ ਨਿਸ਼ਾਨੀਆਂ ਨੂੰ ਆਪਣੀ ਜਾਨ ਤੋਂ ਵੱਧ ਪਿਆਰੀਆਂ ਜਾਣ ਕੇ ਰਾਏ ਪਰਿਵਾਰ 320 ਸਾਲ ਤੋਂ ਹਾਲੇ ਵੀ ਹਿੱਕ ਨਾਲ ਲਗਾ ਕੇ ਸਤਿਕਾਰ ਸਹਿਤ ਸਾਂਭੀ ਬੈਠਾ ਹੈ।

Advertisement

ਰਾਏੇਕੋਟ ਦੇ ਨਬਾਵ ਰਾਏ ਕੱਲਾ ਦੁਆਰਾ ਉਸ ਵੇਲੇ ਦੀ ਮੁਗ਼ਲ ਸਰਕਾਰ ਨਾਲ ਆਢਾ ਲਗਾ ਕੇ ਗੁਰੂ ਸਾਹਿਬ ਦੀ ਕੀਤੀ ਗਈ ਟਹਿਲ ਸੇਵਾ ਕਰਕੇ ਅੱਜ ਵੀ ਸਮੁੱਚੀ ਕੌਮ ਉਕਤ ਪਰਿਵਾਰ ਨੂੰ ਬਹੁਤ ਸਤਿਕਾਰ ਦੇ ਰਹੀ ਹੈ ਤੇ ਰਹਿੰਦੀ ਦੁਨੀਆ ਤੱਕ ਇਸ ਪਰਿਵਾਰ ਦਾ ਸਤਿਕਾਰ ਹੁੰਦਾ ਰਹੇਗਾ। ਰਾਏ ਪਰਿਵਾਰ ਦੇ ਮੌਜੂਦਾ ਮੁਖੀ ਤੇ ਪਾਕਿਸਤਾਨ ਦੀ ਕੌਮੀ ਅਸੈਂਬਲੀ ਦੇ ਮੈਂਬਰ ਰਹਿ ਚੁੱਕੇ ਰਾਏ ਅਜ਼ੀਜ਼ ਉੱਲ੍ਹਾ ਇਸ ਸਮੇਂ ਕੈਨੇਡਾ ਰਹਿ ਰਹੇ ਹਨ। ਉਹ ਦੱਸਦੇ ਹਨ ਕਿ 1947 ਨੂੰ ਰਾਏ ਕੱਲਾ ਦੀ ਸੱਤਵੀਂ ਪੀੜ੍ਹੀ ਦੇ ਰਾਏ ਮੁਹੰਮਦ ਅਨਾਇਤ ਖਾਨ ਪਾਕਿਸਤਾਨ ਚਲੇ ਗਏ। ਉਨ੍ਹਾਂ ਪਾਕਿਸਤਾਨ ਦੀ ਉਸ ਸਮੇਂ ਦੀ ਡਿਵੀਜ਼ਨ ਮਿੰਟਗੁਮਰੀ ਦੇ ਜ਼ਿਲ੍ਹਾ ਲਾਇਲਪੁਰ ਦੇ ਪਿੰਡ ਕਮਾਲੀਆ, ਤਹਿਸੀਲ ਟੋਬਾ ਟੇਕ ਸਿੰਘ ਵਿੱਚ ਆਪਣਾ ਟਿਕਾਣਾ ਕੀਤਾ। ਰਾਏ ਮੁਹੰਮਦ ਅਨਾਇਤ ਖਾਨ ਉਨ੍ਹਾਂ ਦੇ ਦਾਦਾ ਜੀ ਸਨ। ਉਹ ਰਾਏਕੋਟ ਵਿਚਲੀ ਆਪਣੀ ਜੱਦੀ ਹਵੇਲੀ ਵਿੱਚ ਗੁਰੂ ਸਾਹਿਬ ਦੁਆਰਾ ਬਖ਼ਸ਼ਿਸ਼ ਪਵਿੱਤਰ ਗੰਗਾ ਸਾਗਰ ਨੂੰ ਸਭ ਤੋਂ ਉੱਪਰਲੇ ਕਮਰੇ ਵਿੱਚ ਬੜੇ ਹੀ ਅਦਬ ਨਾਲ ਰੱਖਦੇ ਸਨ। ਗੰਗਾ ਸਾਗਰ ਦੇ ਸੰਗਤਾਂ ਨੂੰ ਦਰਸ਼ਨ ਵੀ ਹਵੇਲੀ ਵਿੱਚ ਕਰਵਾਏ ਜਾਂਦੇ ਸਨ।

Advertisement

ਦੇਸ਼ ਦੀ ਵੰਡ ਤੋਂ ਬਾਅਦ ਉਹ ਗੰਗਾ ਸਾਗਰ ਨੂੰ ਵੀ ਆਪਣੇ ਨਾਲ ਹੀ ਪਾਕਿਸਤਾਨ ਲੈ ਗਏ। ਉਸ ਤੋਂ ਬਾਅਦ ਉਨ੍ਹਾਂ ਦੇ ਸਪੁੱਤਰ ਰਾਏ ਫਕੀਰ ਉੱਲ੍ਹਾ ਨੂੰ ਵੀ ਵਾਪਸ ਆਪਣੀ ਹਵੇਲੀ ਦੇਖਣ ਦਾ ਮੌਕਾ ਨਸੀਬ ਨਾ ਹੋਇਆ। ਰਾਏ ਫਕੀਰ ਉੱਲ੍ਹਾ ਦੇ ਸਪੁੱਤਰ ਰਾਏ ਅਜ਼ੀਜ਼ ਉੱਲ੍ਹਾ ਜ਼ਰੂਰ ਆਪਣੇ ਪਰਿਵਾਰ ਦੀ ਅਮੀਰ ਵਿਰਾਸਤ ਤੇ ਜੱਦੀ ਹਵੇਲੀ ਨੂੰ ਦੇਖ ਚੁੱਕੇ ਹਨ। ਕੈਨੇਡਾ ਵਿੱਚ ਰਾਏ ਅਜ਼ੀਜ਼ ਉੱਲ੍ਹਾ ਦੇ ਦੱਸਣ ’ਤੇ ਮੈਂ ਆਪਣੇ ਦੋਸਤ ਵਾਹਿਗੁਰੂਪਾਲ ਵਿੱਚ ਦਿਉਲ ਦੇ ਸਹਿਯੋਗ ਨਾਲ ਜ਼ਿਲ੍ਹਾ ਲੁਧਿਆਣਾ ਦੇ ਸ਼ਹਿਰ ਰਾਏਕੋਟ ਵਿੱਚ ਸਥਿਤ ਇਸ ਹਵੇਲੀ ਨੂੰ ਸਿੱਜਦਾ ਕਰਨ ਦੀ ਕੋਸ਼ਿਸ਼ ਕੀਤੀ। ਹਵੇਲੀ ਵਿੱਚ ਰਹਿ ਰਿਹਾ ਪਰਿਵਾਰ ਘਰ ਨਾਂ ਹੋਣ ਕਾਰਨ ਭਾਵੇਂ ਅੰਦਰੋਂ ਹਵੇਲੀ ਨੂੰ ਨਹੀਂ ਦੇਖ ਸਕੇ, ਪਰ ਹਵੇਲੀ ਦੀ ਬਾਹਰੀ ਪੁਰਾਤਨ ਦਿਖ ਦੇਖ ਕੇ ਮਨ ਬੜਾ ਖੁਸ਼ ਹੋਇਆ ਕਿ ਕਿੰਨਾ ਭਾਗਾਂ ਵਾਲਾ ਪਰਿਵਾਰ ਹੋਵੇਗਾ ਜੋ ਇਸ ਹਵੇਲੀ ਵਿੱਚ ਰਹਿ ਰਿਹਾ ਹੈ, ਜਿੱਥੇ ਕਦੇ ਪਵਿੱਤਰ ਗੰਗਾ ਸਾਗਰ ਸੁਸ਼ੋਭਿਤ ਰਿਹਾ ਹੈ।

ਹਵੇਲੀ ਵਿੱਚ ਰਹਿ ਰਹੇ ਪਰਿਵਾਰ ਨਾਲ ਟੈਲੀਫੋਨ ’ਤੇ ਗੱਲਬਾਤ ਹੋਈ ਤਾਂ ਬਹੁਤ ਸਾਰੀ ਜਾਣਕਾਰੀ ਮਿਲੀ। ਇਹ ਵੀ ਇਤਫਾਕਨ ਹੀ ਹੈ ਕਿ ਦੇਸ਼ ਦੀ ਵੰਡ ਤੋਂ ਬਾਅਦ ਇਹ ਹਵੇਲੀ ਵੀ ਰਾਏ ਪਰਿਵਾਰ ਨੂੰ ਹੀ ਅਲਾਟ ਹੋਈ। ਹਵੇਲੀ ਵਿੱਚ ਰਹਿਣ ਵਾਲੇ ਜਸਵਿੰਦਰ ਸਿੰਘ ਰਾਏ ਦੇ ਦੱਸਣ ਮੁਤਾਬਿਕ ਉਨ੍ਹਾਂ ਦੇ ਪਿਤਾ ਸ. ਲਾਲ ਸਿੰਘ ਰਾਏ ਦੇਸ਼ ਦੀ ਵੰਡ ਤੋਂ ਬਾਅਦ ਪਾਕਿਸਤਾਨ ਤੋਂ ਰਾਏਕੋਟ ਇਸ ਹਵੇਲੀ ਵਿੱਚ ਆ ਕੇ ਵਸੇ ਸਨ।

ਉਨ੍ਹਾਂ ਅਨੁਸਾਰ ਉਨ੍ਹਾਂ ਦਾ ਪਰਿਵਾਰ ਪਹਿਲਾਂ ਨੇੜਲੇ ਪਿੰਡ ਫੇਰੂਰਾਏ ਦਾ ਹੀ ਵਸਨੀਕ ਸੀ। ਇੱਥੋਂ ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ ਰਾਏ ਭੋਇੰ ਦੀ ਤਲਵੰਡੀ (ਹੁਣ ਨਨਕਾਣਾ ਸਾਹਿਬ) ਜਾ ਕੇ ਵਸ ਗਏ। ਦੇਸ਼ ਦੀ ਵੰਡ ਤੋਂ ਬਾਅਦ ਜੱਦੀ ਪਿੰਡ ਫੇਰੂਰਾਏ ਦੀ ਜਗ੍ਹਾ ਰਾਏਕੋਟ ਵਿਚਲੀ ਉਕਤ ਹਵੇਲੀ ਅਲਾਟ ਹੋਈ। ਜਸਵਿੰਦਰ ਸਿੰਘ ਰਾਏ ਅਤੇ ਉਨ੍ਹਾਂ ਦਾ ਨੌਜਵਾਨ ਸਪੁੱਤਰ ਹਰਮਨਦੀਪ ਸਿੰਘ ਰਾਏ ਰਾਏਕੋਟ ਸ਼ਹਿਰ ਵਿੱਚ ਹੀ ਪਬਲਿਕ ਸਕੂਲ ਚਲਾਉਂਦੇ ਹਨ। ਉਨ੍ਹਾਂ ਅਨੁਸਾਰ ਹਵੇਲੀ ਦੀ ਅੰਦਰੋਂ ਤੇ ਬਾਹਰੀ ਦਿਖ ਪੁਰਾਤਨ ਰੱਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪ੍ਰੰਤੂ ਹਵੇਲੀ ਦੇ ਅੰਦਰ ਹੀ ਕਮਰਿਆਂ ਦੀ ਮਾਮੂਲੀ ਤਬਦੀਲੀ ਕੀਤੀ ਗਈ ਹੈ। ਹਵੇਲੀ ਦੇ ਜਿਸ ਸਭ ਤੋਂ ਉੱਪਰਲੇ ਕਮਰੇ ਵਿੱਚ ਕਿਸੇ ਸਮੇਂ ਪਵਿੱਤਰ ਗੰਗਾ ਸਾਗਰ ਸੁਸ਼ੋਭਿਤ ਰਿਹਾ ਹੈ, ਉੱਥੇ ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਹੋਇਆ ਹੈ। ਇਸ ਤਰ੍ਹਾਂ ਪਰਿਵਾਰ ਆਪਣੇ ਆਪ ਨੂੰ ਬੜਾ ਭਾਗਾਂ ਵਾਲਾ ਸਮਝ ਕੇ ਪਵਿੱਤਰ ਗੰਗਾ ਸਾਗਰ ਦੀ ਛੋਹ ਹਮੇਸ਼ਾਂ ਮਹਿਸੂਸ ਕਰਦਾ ਹੈ।

ਸੰਪਰਕ: 77898-09196

Advertisement
×