DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਗੁਰੂ ਨਾਨਕ ਦੇਵ ਦਾ ‘ਹਲੇਮੀ ਰਾਜ’

ਅੱਜ ਇੱਕ ਪਾਸੇ ਗੁਰੂ ਨਾਨਕ ਸਾਹਿਬ ਦਾ ਰਾਜ ਸਬੰਧੀ ਫ਼ਲਸਫ਼ਾ ਹੈ, ਦੂਜੇ ਪਾਸੇ ਦੁਨੀਆ ਭਰ ਵਿੱਚ ਰਾਸ਼ਟਰਵਾਦ ਦੇ ਨਾਂ ਹੇਠ ਵੱਖੋ-ਵੱਖਰੇ ਮੁਲਕਾਂ ਅੰਦਰ ਬਹੁਗਿਣਤੀਆਂ ਵੱਲੋਂ ਘੱਟ ਗਿਣਤੀਆਂ ਨੂੰ ਅਤੇ ਵੱਡੇ ਤਾਕਤਵਰ ਦੇਸ਼ਾਂ ਵੱਲੋਂ ਛੋਟੇ ਮੁਲਕਾਂ ਨੂੰ ਗ਼ੁਲਾਮ ਬਣਾਉਣ ਦੀਆਂ ਅਣਮਨੁੱਖੀ...

  • fb
  • twitter
  • whatsapp
  • whatsapp
Advertisement

ਅੱਜ ਇੱਕ ਪਾਸੇ ਗੁਰੂ ਨਾਨਕ ਸਾਹਿਬ ਦਾ ਰਾਜ ਸਬੰਧੀ ਫ਼ਲਸਫ਼ਾ ਹੈ, ਦੂਜੇ ਪਾਸੇ ਦੁਨੀਆ ਭਰ ਵਿੱਚ ਰਾਸ਼ਟਰਵਾਦ ਦੇ ਨਾਂ ਹੇਠ ਵੱਖੋ-ਵੱਖਰੇ ਮੁਲਕਾਂ ਅੰਦਰ ਬਹੁਗਿਣਤੀਆਂ ਵੱਲੋਂ ਘੱਟ ਗਿਣਤੀਆਂ ਨੂੰ ਅਤੇ ਵੱਡੇ ਤਾਕਤਵਰ ਦੇਸ਼ਾਂ ਵੱਲੋਂ ਛੋਟੇ ਮੁਲਕਾਂ ਨੂੰ ਗ਼ੁਲਾਮ ਬਣਾਉਣ ਦੀਆਂ ਅਣਮਨੁੱਖੀ ਨੀਤੀਆਂ ਦੀ ਵਰਤੋਂ ਕੀਤੀ ਜਾ ਰਹੀ ਹੈ। ਅਜਿਹੀਆਂ ਹਾਲਤਾਂ ਵਿੱਚ ਗੁਰੂ ਨਾਨਕ ਚਿੰਤਨ ਨੂੰ ਅਪਣਾਉਂਦਿਆਂ ਨਾ ਸਿਰਫ਼ ਮਨੁੱਖੀ ਕਲਿਆਣ ਹੀ ਹੋ ਸਕਦਾ ਹੈ, ਸਗੋਂ ‘ਹਲੇਮੀ ਰਾਜ’ ਦੀ ਕਾਇਮੀ ਵੀ ਹੋ ਸਕਦੀ ਹੈ।

21ਵੀਂ ਸਦੀ ਦੇ ਸੰਸਾਰ ਦਾ ਮੁੱਖ ਮੁੱਦਾ ਨਸਲਵਾਦ ਹੈ। ਇਸ ਦੇ ਭਿਆਨਕ ਰੂਪ ਵੱਖ-ਵੱਖ ਦੇਸ਼ਾਂ ਵਿੱਚ ਅੰਦਰੂਨੀ ਅਤੇ ਬਾਹਰੀ ਪੱਧਰ ’ਤੇ ਨਜ਼ਰ ਆ ਰਹੇ ਹਨ। ਚਾਹੇ ਆਧੁਨਿਕ ਯੁੱਗ ਵਿੱਚ ਇੱਕ ਪਾਸੇ ਵਿਦਿਆ ਤੇ ਤਰੱਕੀ ਦੇ ਵੱਡੇ-ਵੱਡੇ ਦਾਅਵੇ ਹੋ ਰਹੇ ਹਨ, ਪਰ ਦੂਜੇ ਪਾਸੇ ਨਸਲਵਾਦੀ ਹਮਲੇ ਲਗਾਤਾਰ ਵਧ ਰਹੇ ਹਨ। ਦੁਨੀਆ ਦੇ ਤਾਕਤਵਾਰ ਮੰਨੇ ਜਾਂਦੇ ਦੇਸ਼ਾਂ ਵਿੱਚ ਸੱਤਾ ਦਾ ਧਰੁਵੀਕਰਨ ਹੋ ਰਿਹਾ ਹੈ। ਕੱਟੜਵਾਦੀ ਤਾਕਤਾਂ ਘੱਟ ਗਿਣਤੀਆਂ ਨੂੰ ਕੁਚਲ ਕੇ ਲੋਕ ਰਾਜ ਦੀਆਂ ਧੱਜੀਆਂ ਉਡਾ ਰਹੀਆਂ ਹਨ। ਦੁਨੀਆ ਦੇ ਵੱਡੇ ਲੋਕਤੰਤਰ ਅਖਵਾਉਣ ਵਾਲੇ ਦੇਸ਼ਾਂ ਵਿੱਚ ਚੋਣਾਂ ਫਿਰਕੇ, ਰੰਗ, ਨਸਲ ਅਤੇ ਜਾਤੀਵਾਦ ਦੇ ਨਾਂ ’ਤੇ ਲੜੀਆਂ ਤੇ ਜਿੱਤੀਆਂ ਜਾ ਰਹੀਆਂ ਹਨ। ਅਖੌਤੀ ਆਧੁਨਿਕਤਾ ਦਾ ਢਿੰਡੋਰਾ ਪਿੱਟਣ ਵਾਲਾ ਇੱਕੀਵੀਂ ਸਦੀ ਦਾ ਮਨੁੱਖ ਕੁਦਰਤ ਨੂੰ ਤਬਾਹ ਕਰਨ ’ਤੇ ਤੁਲਿਆ ਹੋਇਆ ਹੈ। ਕੁਦਰਤੀ ਸੋਮਿਆਂ ’ਤੇ ਜਬਰੀ ਕਾਬਜ਼ ਹੋ ਕੇ ਮੂਲ ਨਿਵਾਸੀ ਲੋਕਾਂ ਨੂੰ ਉਨ੍ਹਾਂ ਦੇ ਸਰੋਤਾਂ ਤੋਂ ਵਾਂਝੇ ਕੀਤਾ ਜਾ ਰਿਹਾ ਹੈ। ਵਾਤਾਵਰਨ ਨੂੰ ਬਰਬਾਦ ਕਰ ਰਹੀਆਂ ਗੈਸਾਂ, ਪਰਮਾਣੂ ਹਥਿਆਰਾਂ, ਰਸਾਇਣਕ ਪਦਾਰਥਾਂ ਅਤੇ ਐਟਮੀ ਪ੍ਰੀਖਣਾਂ ਨਾਲ ਦੁਨੀਆ ਮੌਤ ਦੇ ਮੂੰਹ ’ਤੇ ਖੜ੍ਹੀ ਕਰ ਦਿੱਤੀ ਗਈ ਹੈ। ਆਮ ਮਨੁੱਖ ਲਈ ਅਜਿਹੀਆਂ ਭਿਆਨਕ ਹਾਲਤਾਂ ਵਿੱਚ ਜਿਉਣਾ ਦੁੱਭਰ ਹੋ ਗਿਆ ਹੈ। ਸਮਾਜਿਕ, ਰਾਜਨੀਤਕ, ਸੱਭਿਆਚਾਰਕ, ਧਾਰਮਿਕ, ਆਰਥਿਕ, ਸਦਾਚਾਰ ਅਤੇ ਰੂਹਾਨੀ ਪੱਧਰ ’ਤੇ ਅੱਜ ਦੇ ਸੰਸਾਰ ਨੂੰ ਸੇਧ ਦੇਣ ਅਤੇ ਤਬਾਹ ਹੋਣ ਤੋਂ ਬਚਾਉਣ ਲਈ ਗੁਰੂ ਨਾਨਕ ਸਿਧਾਂਤ ਚਾਨਣ ਮੁਨਾਰਾ ਹੈ।

Advertisement

ਗੁਰੂ ਨਾਨਕ ਸਾਹਿਬ ਦਾ ਰਾਜ ਸਬੰਧੀ ਫ਼ਲਸਫ਼ਾ ਮਨੁੱਖੀ ਜੀਵਨ ਦੇ ਹਰ ਪਹਿਲੂ ਦੀ ਅਗਵਾਈ ਕਰਦਾ ਹੈ। ਇਹ ਜੀਵਨ ਦਰਸ਼ਨ ਅਜਿਹੀ ਵਿਸ਼ਵ ਵਿਆਪੀ ਦ੍ਰਿਸ਼ਟੀ ਹੈ, ਜਿਸ ਵਿੱਚ ਕਿਸੇ ਨਸਲ, ਰੰਗ, ਜਾਤ, ਫਿਰਕੇ, ਕੌਮ ਅਤੇ ਦੇਸ਼ ਦਾ ਅੰਤਰ ਨਹੀਂ। ਗੁਰੂ ਨਾਨਕ ਸਾਹਿਬ ਦੀਆਂ ਸੰਸਾਰ ਪੱਧਰ ਦੀਆਂ ਚਾਰ ਉਦਾਸੀਆਂ ਅਤੇ ਵੱਖ-ਵੱਖ ਦੇਸ਼ਾਂ ਵਿੱਚ ਵਸਦੇ ਵੱਖੋ-ਵੱਖਰੇ ਨਸਲਾਂ ਤੇ ਫਿਰਕਿਆਂ ਦੇ ਲੋਕਾਂ ਨੂੰ ਦਿੱਤਾ ਉਪਦੇਸ਼ ਇਸ ਦੀ ਜਿਉਂਦੀ ਜਾਗਦੀ ਮਿਸਾਲ ਹੈ। ਉਹ ਵੀ ਅੱਜ ਤੋਂ 556 ਸਾਲ ਪਹਿਲਾਂ ਦਾ ਸਮਾਂ, ਜਦੋਂ ਵਰਤਮਾਨ ਵਾਂਗ ਨਾ ਤਾਂ ਸਾਧਨਾਂ ਦੀ ਬਹੁਤਾਤ ਸੀ ਅਤੇ ਨਾ ਹੀ ਵਿਦਿਅਕ ਪਸਾਰ।

Advertisement

ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ’ਤੇ ਉਸਰਿਆ ਹਲੇਮੀ ਰਾਜ ਦਾ ਸੰਕਲਪ ਅਖੌਤੀ ਰਾਸ਼ਟਰਵਾਦ ਦੇ ਫਾਸ਼ੀਵਾਦ ਨੂੰ ਰੱਦ ਕਰਦਾ ਹੈ, ਜਿੱਥੇ ਇੱਕ ਨਸਲ ਦੇ ਸ਼ਾਸਕ ਦੂਜਿਆਂ ਨੂੰ ਨੀਵਾਂ ਤੇ ਗ਼ੁਲਾਮ ਕਰਾਰ ਦੇ ਕੇ ਮਾਰ ਮੁਕਾਉਣ। ਗੁਰੂ ਸਾਹਿਬ ਦਾ ਸਮਕਾਲੀ ਸਮਾਜ ਅਧਿਆਤਮਿਕ, ਸਮਾਜਿਕ, ਰਾਜਨੀਤਕ ਤੇ ਸੱਭਿਆਚਾਰਕ, ਚਾਰੇ ਪਹਿਲੂਆਂ ਤੋਂ ਘੋਰ ਗਿਰਾਵਟ ਦਾ ਸ਼ਿਕਾਰ ਹੋ ਚੁੱਕਿਆ ਸੀ। ਚਾਰ-ਚੁਫ਼ੇਰੇ ਕਰਮਾਂ-ਕਾਂਡਾਂ ਤੇ ਵਹਿਮਾਂ-ਭਰਮਾਂ ਦਾ ਰਾਮ-ਰੌਲਾ ਵਾਯੂਮੰਡਲ ਦੂਸ਼ਿਤ ਕਰ ਰਿਹਾ ਸੀ। ਧਰਮ ਦਾ ਠੇਕੇਦਾਰ ਧਾਰਮਿਕ ਪੁਸ਼ਾਕ ਪਹਿਨ ਕੇ ਧਰਮ ਦੀ ਛਾਤੀ ’ਤੇ ਬੈਠਾ ਹੋਇਆ ਧਰਮ ਦਾ ਹੀ ਲਹੂ ਪੀ ਰਿਹਾ ਸੀ, ਜਿਸ ਕਾਰਨ ਉਸ ਦਾ ‘ਬੇਇਲਮਾ ਅਮਲ’ ਤੇ ‘ਬੇਅਮਲਾ ਇਲਮ’ ਬੇ-ਅਰਥ ਹੋ ਚੁੱਕਿਆ ਸੀ। ਮਨੂ-ਸਮ੍ਰਿਤੀ ਦੀ ਵਰਗ ਵੰਡ ਕਾਰਨ ਜਾਤਾਂ-ਪਾਤਾਂ ਵਿੱਚ ਵੰਡੇ ਭਾਰਤ ਵਾਸੀ ਲੀਰੋ-ਲੀਰ ਹੋ ਚੁੱਕੇ ਸਨ। ਅੰਦਰੂਨੀ ਤੌਰ ’ਤੇ ਨਿਕੰਮੇ, ਲਾਚਾਰ ਤੇ ਕਮਜ਼ੋਰ ਭਾਰਤ ਦਾ ਜਿਸਮ ਡਾਕੂ ਲੁਟੇਰੇ ਤੇ ਮੁਰੈਲ੍ਹ ਖੂਨੀ ਨਹੁੰਦਰਾਂ ਨਾਲ ਨੋਚਦੇ ਰਹੇ ਸਨ। ਇਹ ਬਘਿਆੜਾਂ ਤੇ ਕੁੱਤਿਆਂ ਦਾ ਰੂਪ ਅਖਤਿਆਰ ਕਰਕੇ ਮਨੁੱਖਤਾ ਦਾ ਲਹੂ ਪੀ ਰਹੇ ਸਨ;

ਰਾਜੇ ਸੀਹ ਮੁਕਦਮ ਕੁਤੇ॥

ਜਾਇ ਜਗਾਇਨਿ੍ ਬੈਠੇ ਸੁਤੇ॥

ਚਾਕਰ ਨਹਦਾ ਪਾਇਨਿ੍ ਘਾਉ॥

ਰਤੁ ਪਿਤੁ ਕੁਤਿਹੋ ਚਟਿ ਜਾਹੁ॥

ਮੱਧਕਾਲੀਨ ਇਤਿਹਾਸ ਵਿੱਚ ਜ਼ਾਲਮ ਹਕੂਮਤ ਦੇ ਬਰਖ਼ਿਲਾਫ਼ ਤੇ ਮਾਨਵ ਅਧਿਕਾਰਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਨ ਵਾਲੇ ਪਹਿਲੇ ਇਨਕਲਾਬੀ ਆਗੂ ਗੁਰੂ ਨਾਨਕ ਸਾਹਿਬ ਹਨ। ਸਿਆਸੀ ਤਾਕਤ ਅਤੇ ਹਮਲਿਆਂ ਨਾਲ ਭਾਰਤ ਨੂੰ ਲੁੱਟਣ ਅਤੇ ਕੁੱਟਣ ਆਏ ਜ਼ਹੀਰ-ਉੱਦ ਦੀਨ ਮੁਹੰਮਦ ਬਾਬਰ ਨੂੰ ਗੁਰੂ ਨਾਨਕ ਬਾਣੀ ਵਿੱਚ ਜਾਬਰ, ਪਾਪ ਦੀ ਜੰਞ ਦਾ ਜਮ, ਰੱਤ ਪੀਣਾ, ਮਨੁੱਖਤਾ ਦਾ ਕਾਤਲ ਅਤੇ ਜ਼ਾਲਮ ਕਰਾਰ ਦਿੱਤਾ ਗਿਆ। ਮੁਗ਼ਲ ਤੇ ਪਠਾਣਾਂ ਦੀ ਇਸ ਲੜਾਈ ਵਿੱਚ ਬੇਗੁਨਾਹਾਂ ਦਾ ਲਹੂ ਡੁੱਲ੍ਹਿਆ ਤਾਂ ‘ਸੱਚ ਦੀ ਬਾਣੀ’ ਵਿੱਚ ਖੂਨ ਕੇ ਸੋਹਿਲੇ ਗਾਉਣ ਵਾਲਿਆਂ ਦੀ ਤਲਖ ਹਕੀਕਤ ਬਿਆਨ ਕੀਤੀ ਗਈ।

ਬਾਬਰ ਨੂੰ ਬੁੱਚੜ ਕਹਿ ਕੇ ਉਸ ਦੇ ਖਿਲਾਫ਼ ਆਵਾਜ਼ ਉਠਾਉਣ ਅਤੇ ਨੰਗੇ ਧੜ ਡਟਣ ’ਤੇ ਗੁਰੂ ਸਾਹਿਬ ਨੂੰ ਜੇਲ੍ਹ ਜਾਣਾ ਪਿਆ ਤੇ ਚੱਕੀਆਂ ਪੀਹਣੀਆਂ ਪਈਆਂ। ਨਤੀਜਾ ਇਹ ਹੋਇਆ ਕਿ ਗੁਰੂ ਨਾਨਕ ਨਾਮ ਲੇਵਾ ਸਿੱਖ ਕੌਮ ਪਿਛਲੇ ਸਾਢੇ ਪੰਜ ਸੌ ਸਾਲਾ ਤੋਂ ਸਮੇਂ-ਸਮੇਂ ਦੇ ਜਾਬਰਾਂ ਤੇ ਬੁੱਚੜਾਂ ਖਿਲਾਫ਼ ਨੰਗੇ ਧੜ ਲੜਦੀ ਆ ਰਹੀ ਹੈ। ਕਿਧਰੇ ਜੇਲ੍ਹਾਂ ਵਿੱਚ, ਕਿਤੇ ਚਰਖੜੀਆਂ ’ਤੇ, ਕਿਤੇ ਆਰਿਆਂ, ਕਿਤੇ ਨੇਜਿਆਂ, ਤਲਵਾਰਾਂ, ਬੰਦੂਕਾਂ, ਤੋਪਾਂ ਅਤੇ ਫਾਂਸੀਆਂ ’ਤੇ ਹੱਸ-ਹੱਸ ਕੇ ਸ਼ਹੀਦੀਆਂ ਪਾ ਰਹੀ ਹੈ। ਗੁਰੂ ਨਾਨਕ ਸਾਹਿਬ ਦਾ ਸਿਧਾਂਤ ਜ਼ਾਲਮਾਨਾ ਰਾਜ ਪ੍ਰਬੰਧ ਵਿਰੁੱਧ ਪੰਜ ਸੌ ਸਾਲ ਪਹਿਲਾਂ ਵਾਂਗ ਕਾਇਮ ਹੈ ਅਤੇ ਸਦਾ ਰਹੇਗਾ। ਇਹ ਸਿਧਾਂਤ ਅੱਜ ਦੇ ਉਨ੍ਹਾਂ ਸਾਰੇ ਮਨੁੱਖਤਾ ਵਿਰੋਧੀ ਭ੍ਰਿਸ਼ਟ-ਸ਼ਾਸਕਾਂ ਖਿਲਾਫ਼ ਕਾਇਮ ਹੈ, ਜਿਹੜੇ ਰਾਸ਼ਟਰਵਾਦ ਦੇ ਨਾਂ ਹੇਠ ਹੋਰਨਾਂ ਕੌਮਾਂ ਨੂੰ ਦਬਾਅ ਰਹੇ ਹਨ ਤੇ ਗ਼ੁਲਾਮ ਬਣਾ ਰਹੇ ਹਨ।

ਗੁਰੂ ਨਾਨਕ ਸਾਹਿਬ ਵੱਲੋਂ ਕਾਇਮ ਕੀਤੀ ਅਕਾਲ ਪੁਰਖ ਦੀ ਸੱਚੀ ਪਾਤਸ਼ਾਹੀ ਤੇ ਹਲੇਮੀ ਰਾਜ ਵਿੱਚ ਕਿਸੇ ਫ਼ਿਰਕੇ ਦਾ ਵਿਰੋਧ ਨਾ ਹੋ ਕੇ, ਜ਼ੁਲਮ ਅਤੇ ਅੱਤਿਆਚਾਰ ਦਾ ਵਿਰੋਧ ਹੈ। ਇਹ ਧਾਰਨਾ ਵੀ ਮੂਲੋਂ ਗ਼ਲਤ ਹੈ ਕਿ ਸਿੱਖੀ ਦਾ ਵਿਰੋਧ ਮੁਸਲਮਾਨਾਂ ਨਾਲ ਰਿਹਾ ਹੈ, ਜਦ ਕਿ ਹਕੀਕਤ ਇਹ ਹੈ ਕਿ ਗੁਰੂ ਨਾਨਕ ਸਾਹਿਬ ਦੇ ਰਬਾਬੀ ਤੇ ਸੰਗੀ-ਸਾਥੀ ਭਾਈ ਮਰਦਾਨਾ ਜੀ ਮੁਸਲਿਮ ਭਾਈਚਾਰੇ ਵਿੱਚੋਂ ਸਨ, ਬੇਸ਼ੱਕ ਮਗਰੋਂ ਸਿੱਖ ਸਜ ਗਏ ਸਨ। ਰਾਏ ਬੁਲਾਰ ਤੋਂ ਲੈ ਕੇ ਰਾਏ ਕੱਲਾ ਤੱਕ ਦੇ ਪਿਆਰ ਤੇ ਸਾਂਝ ਦਾ ਸਫ਼ਰ, ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਗੁਰੂ ਸਾਹਿਬਾਨ ਦੀ ਖਿਦਮਤ ਵਿੱਚ ਮੁਸਲਿਮ ਲੋਕਾਂ ਦੀ ਸੇਵਾ-ਭਾਵਨਾ ਸਦਾ ਬਣੀ ਰਹੀ।

ਗੁਰੂ ਨਾਨਕ ਸਾਹਿਬ ਦੀ ਖੰਡਨ ਨੀਤੀ ਜਿੱਥੇ ਮੁਗ਼ਲ ਜਗੀਰੂ ਢਾਂਚੇ ਤੇ ਸਟੇਟ ਨਾਲ ਸੀ, ਉੱਥੇ ਕੱਟੜ ਹਿੰਦੂਤਵੀ ਤੇ ਮਨੂਵਾਦੀ ਸਿਸਟਮ ਨਾਲ ਵੀ ਸੀ। ਦੋਹਾਂ ਤੋਂ ਵੱਖਰੇ ਤੇ ਨਿਆਰੇ ਨਿਰਮਲ ਪੰਥ ਦੀ ਨੀਂਹ ਰੱਖ ਕੇ ਗੁਰੂ ਨਾਨਕ ਸਾਹਿਬ ਨੇ ਸਿੱਖੀ ਦੀ ਸਥਾਪਨਾ ਕੀਤੀ। ਯੁੱਗ-ਪੁਰਸ਼ ਗੁਰੂ ਨਾਨਕ ਸਾਹਿਬ ਦੇ ਪ੍ਰੇਮ, ਇਤਫ਼ਾਕ ਤੇ ਸਦਭਾਵਨਾ ਦੇ ਸੰਦੇਸ਼ ਸਦਕਾ ਹਿੰਦੂ ਤੇ ਮੁਸਲਮਾਨ, ਗ੍ਰਹਿਸਤੀ ਤੇ ਤਿਆਗੀ, ਇਸਤਰੀ ਤੇ ਮਰਦ, ਨਾਥ ਤੇ ਯੋਗੀ, ਵਲੀ ਕੰਧਾਰੀ ਤੇ ਹਮਜ਼ਾ ਗੌਂਸ, ਕੌਡੇ ਰਾਖਸ਼ ਤੇ ਸੱਜਣ ਠੱਗ ਆਦਿ ਸਭਨਾਂ ਦੀ ਤਰਜ਼ੇ-ਜ਼ਿੰਦਗੀ ਵਿੱਚ ਕ੍ਰਾਂਤੀਕਾਰੀ ਪਰਿਵਰਤਨ ਆਉਣਾ ਤੇ ਗੁਰੂ ਸਾਹਿਬ ਦੇ ਮੁਰੀਦ ਤੇ ਸ਼ਰਧਾਲੂ ਬਣ ਜਾਣਾ ਵਿਸ਼ਵ ਇਤਿਹਾਸ ਵਿੱਚ ਅਲੌਕਿਕ ਵਰਤਾਰਾ ਹੈ। ਦਰਅਸਲ, ਉਨ੍ਹਾਂ ਦਾ ਪ੍ਰੇਮ ਪੈਗ਼ਾਮ ਸੰਪੂਰਨ ਇਨਸਾਨੀਅਤ ਲਈ ਹੈ ਅਤੇ ਖੱਤਰੀ ਬ੍ਰਾਹਮਣ ਸੂਦਰ ਵੇੈਸ਼ ਉਪਦੇਸ਼ ਚਹੁੰ ਵਰਨਾ ਲਈ ਸਾਂਝਾ ਹੈ। ਬਾਬਾ ਨਾਨਕ ਸਾਹਿਬ ਨੇ ਆਪਣੀ ਨਿਵੇਕਲੀ ਵਿਚਾਰਧਾਰਾ ਤੇ ਮਹਾਨ ਫ਼ਲਸਫ਼ੇ ਨਾਲ ਨੌਂ ਖੰਡ ਪ੍ਰਿਥਵੀ ਦਾ ਹਨੇਰਾ ਖ਼ਤਮ ਕਰ ਦਿੱਤਾ।

ਪੂਰਬੀ ਦੁਨੀਆ ਵਿੱਚ ਉਦੈ ਹੋਇਆ ਇਹ ਸੂਰਜ ਸਾਰੇ ਸੰਸਾਰ ਲਈ ਚਾਨਣ ਮੁਨਾਰਾ ਬਣਿਆ। ਆਪ ਦੇ ਪਾਕਿ-ਪਵਿੱਤਰ ਕਲਾਮ ਨੂੰ ਸਲਾਮ ਕਰਦਾ ਡਾ. ਮੁਹੰਮਦ ਇਕਬਾਲ ਜਿੱਥੇ ਆਪ ਨੂੰ ‘ਮਰਦੇ-ਕਾਮਿਲ’ ਆਖਦਾ ਹੈ, ਉੱਥੇ ‘ਇਨਸਾਈਕਲੋਪੀਡੀਆ ਆਫ ਇਸਲਾਮ’ ਦੀ ਚੌਥੀ ਜਿਲਦ ਵਿੱਚ ਆਪਦਾ ਉਪਦੇਸ਼, ਸਮਾਜਿਕ ਸਾਵਾਂਪਣ, ਵਿਸ਼ਵ ਭਾਈਚਾਰੇ ਦੀ ਸਿਰਜਣਾ ਅਤੇ ਫਿਰਕਾਪ੍ਰਸਤੀ ਤੇ ਵਹਿਮ-ਭਰਮ ਦਾ ਖ਼ਾਤਮਾ ਦੱਸਿਆ ਗਿਆ ਹੈ।

ਇੱਕੀਵੀਂ ਸਦੀ ਦੀਆਂ ਫਾਸ਼ੀਵਾਦੀ ਤਾਕਤਾਂ ਖਿਲਾਫ਼ ਡਟਣ ਲਈ ਗੁਰੂ ਨਾਨਕ ਸਾਹਿਬ ਦੇ ਚਿੰਤਨ ਤੋਂ ਸੇਧ ਲੈਣ ਦੀ ਲੋੜ ਹੈ। ਦੱਬੇ ਕੁਚਲੇ ਨਿਮਾਣੇ, ਨਿਤਾਣੇ, ਨਿਓਟੇ ਤੇ ਨਿਆਸਰੇ ਲੋਕਾਂ ਦੀ ਬਾਂਹ ਫੜਦਿਆਂ ਗੁਰੂ ਨਾਨਕ ਸਾਹਿਬ ਨੇ ਉਨ੍ਹਾਂ ਦੇ ‘ਸੰਗ-ਸਾਥ’ ਦਾ ਹੋਕਾ ਦਿੱਤਾ ਅਤੇ ਅਖੌਤੀ ਉੱਚ-ਜਾਤੀਆਂ ਤੇ ਜਗੀਰੂ ਤਾਕਤਾਂ ਨੂੰ ਰੱਦ ਕੀਤਾ।

ਬੇਗਮਪੁਰੇ ਦਾ ਸੱਚਾ-ਸੁੱਚਾ ਸਮਾਜੀ ਸਿਧਾਂਤ ਅਤੇ ਹਲੇਮੀ ਰਾਜ ਵਰਗਾ ਅਨੰਦਮਈ ਰਾਜ ਪ੍ਰਬੰਧ ਅਜੋਕੀ ਸਦੀ ਵਿੱਚ ਸਭ ਤੋਂ ਵੱਧ ਮਹੱਤਵਪੂਰਨ ਸੰਕਲਪ ਹੈ। ਤ੍ਰਾਸਦੀ ਇਹ ਹੈ ਕਿ ਜਿਨ੍ਹਾਂ ਮੂਲ ਨਿਵਾਸੀ ਲੋਕਾਂ ਨੂੰ ਦੈਂਤ, ਅਸੁਰ, ਸ਼ੂਦਰ ਤੇ ਅਛੂਤ ਕਹਿ ਕੇ ਛੁਟਿਆਇਆ ਜਾਂਦਾ ਹੈ, ਦਰਅਸਲ, ਉਨ੍ਹਾਂ ਲੋਕਾਂ ਦੀ ਬਾਂਹ ਫੜ ਕੇ ਹੀ ਗੁਰੂ ਨਾਨਕ ਸਾਹਿਬ ਨੇ ਸਿੱਖੀ ਦੀ ਨੀਂਹ ਰੱਖੀ ਸੀ। ਮਨੂਵਾਦੀ ਪ੍ਰਣਾਲੀ ਨੂੰ ਰੱਦ ਕਰਕੇ ਗੁਰੂ ਸਾਹਿਬ ਨੇ ਸਭਨਾਂ ਨੂੰ ਇੱਕ ਪੰਗਤ ਵਿੱਚ ਲੰਗਰ ਛਕਾਇਆ, ਜਿਸ ਕਾਰਨ ਬਿਪਰਵਾਦੀ ਤਾਕਤਾਂ ਦੀ ਸਿੱਖ ਪੰਥ ਨਾਲ ਟੱਕਰ ਹੋਈ। ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤ ਛਕਾ ਕੇ ਜਾਤ ਨਾਸ਼, ਕੁਲ ਨਾਸ਼, ਰੰਗ-ਨਸਲ ਦਾ ਭਿੰਨ ਭੇਦ ਨਾਸ਼ ਕਰਾਰ ਦਿੰਦਿਆਂ ਸਭ ਨੂੰ ਇੱਕੋ ਬਾਟੇ ਵਿੱਚ ਅੰਮ੍ਰਿਤ ਛਕਣ ਦਾ ਰਾਹ ਦਿਖਾਇਆ, ਜਿਸ ਕਾਰਨ ਬਿਪਰ ਦੀ ਸੋਚ ਦਾ ਹਮੇਸ਼ਾਂ ਲਈ ਅੰਤ ਹੋ ਗਿਆ। ਜੋ ਖਾਲਸਾ ਰੂਪੀ ਵਿਸ਼ਾਲ ਰੁੱਖ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਪ੍ਰਫੁੁੱਲਿਤ ਹੋਇਆ ਸੀ, ਉਸ ਦੇ ਬੀਜ ਗੁਰੂ ਨਾਨਕ ਸਾਹਿਬ ਜੀ ਬੀਜ ਗਏ ਸਨ ਅਤੇ ਮਗਰਲੇ ਗੁਰੂ ਸਾਹਿਬਾਨ ਉਸ ਦੀ ਸਿੰਚਾਈ ਕਰਕੇ ਪਾਲਣ ਕਰਦੇ ਰਹੇ ਸਨ। ਜ਼ੁਲਮ ਦੇ ਖਾਤਮੇ ਲਈ ਅਤੇ ਮਜ਼ਲੂਮਾਂ ਦੀ ਰਾਖੀ ਲਈ ਜੋ ਕਿਰਪਾਨ ਖਾਲਸੇ ਨੂੰ ਫੜਾਈ ਗਈ ਸੀ, ਬੇਸ਼ੱਕ ਗੁਰੂ ਗੋਬਿੰਦ ਸਿੰਘ ਜੀ ਨੇ ਬਣਾਈ ਸੀ, ਪਰ ਉਸ ਦਾ ਫੌਲਾਦ ਗੁਰੂ ਨਾਨਕ ਜੀ ਨੇ ਤਿਆਰ ਕੀਤਾ ਸੀ।

‘ਗੁਰੂ ਨਾਨਕ ਦਰਸ਼ਨ ਰਬਾਬ ਤੋਂ ਨਗਾਰਾ ਤੱਕ ਦੀ ਯਾਤਰਾ’ ਹੈ, ਜਿੱਥੇ ਭਾਈ ਮਰਦਾਨਾ ਜੀ ਦੀ ਰਬਾਬ ਤੋਂ ਲੈ ਕੇ ਆਨੰਦਪੁਰ ਸਾਹਿਬ ਦੇ ਰਣਜੀਤ ਨਗਾਰੇ ਤੱਕ ਦੀ ਗੂੰਜ, ਗਿਆਨ ਅਤੇ ਕਿਰਪਾਨ ਨਾਲ ਹਲੂਣਾ ਦਿੰਦੀ ਹੈ। ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਦਸ ਗੁਰੂ ਸਾਹਿਬਾਨ ਵੱਖੋ-ਵੱਖਰੇ ਨਹੀਂ, ਬਲਕਿ ਇੱਕ ਹੀ ਜੋਤ ਹਨ ਤੇ ਇਹ ਜੋਤ ਗੁਰੂ ਗ੍ਰੰਥ ਸਾਹਿਬ ਦੇ ਜੁੱਗੋ ਜੁੱਗ ਅਟੱਲ ਸਿਧਾਂਤ ਰੂਪ ਵਿੱਚ ਸਦਾ ਹੀ ਕਾਇਮ ਹੈ ਅਤੇ ਰਹੇਗੀ। ਅੱਜ ਜਦੋਂ ਸਿੱਖ ਪੰਥ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਮਨਾ ਰਿਹਾ ਹੈ, ਅਜਿਹੇ ਸਮੇਂ ਸਰਬੱਤ ਦੇ ਭਲੇ ਅਤੇ ਮੁਕਤੀ ਦੇ ਮਾਰਗ ਅਨੁਸਾਰ ਪੱਛੜੇ, ਦੱਬੇ-ਕੁਚਲੇ ਤੇ ਬਿਪਰਵਾਦ ਵੱਲੋਂ ਨਕਾਰੇ ਲੋਕਾਂ ਨੂੰ ਗਲਵੱਕੜੀ ਵਿੱਚ ਲੈਣ ਲਈ ਪਹਿਲਕਦਮੀ ਕਰਨਾ ਸਮੇਂ ਦੀ ਮੰਗ ਹੈ।

ਗੁਰੂ ਨਾਨਕ ਰਚਨਾ ਦੀ ਵਿਲੱਖਣ ਨੁਹਾਰ ਦਾ ਕਾਰਨ ਸਮੇਂ ਅਤੇ ਸਥਾਨ ਦੀ ਸੀਮਾ ਤੋਂ ਮੁਕਤ ਭਾਸ਼ਾ ਦਾ ਸੁਮੇਲ ਹੈ। ਇਸ ਵਿੱਚਲੀ ਭਾਸ਼ਾ ਸਦੀਵੀ ਸਮਝੀ ਜਾਣ ਵਾਲੀ ਤੇ ਲੋਕ ਮੁਹਾਵਰੇ ਵਾਲੀ ਸਾਧਾਰਨ ਲੋਕਾਂ ਦੀ ਬੋਲੀ ਹੈ। ਗੁਰੂ ਨਾਨਕ ਸੰਦੇਸ਼ ਕਿਰਤ ਤੇ ਕਰਮ ਦਾ, ਨੇਮ ਤੇ ਪ੍ਰੇਮ ਦਾ, ਗ੍ਰਹਿਸਤ ਤੇ ਉਦਾਸੀ ਦਾ, ਹੁਕਮ ਤੇ ਭਾਣੇ ਦਾ, ਨਾਮ ਤੇ ਭਗਤੀ ਦਾ, ਆਦਰਸ਼ ਤੇ ਯਥਾਰਥ ਦਾ, ਇਨਸਾਨ ਤੇ ਪ੍ਰਾਕਿਰਤੀ ਦਾ, ਧਰਮ ਤੇ ਕਰਮ ਦਾ ਅਤੇ ਭਗਤੀ ਤੇ ਸ਼ਕਤੀ ਦਾ ਅਤਿਅੰਤ ਸੁੰਦਰ ਤੇ ਸੰਤੁਲਿਤ ਸੁਮੇਲ ਹੈ, ਜਿਸ ਦੀ ਰੋਸ਼ਨੀ ਤੇ ਨਿੱਘ ਰਹਿੰਦੀ ਦੁਨੀਆ ਤੱਕ ਮਨੁੱਖੀ ਸੱਭਿਅਤਾ ਲਈ ‘ਚਾਨਣ ਦੇ ਵਣਜਾਰੇ’ ਬਣੇ ਰਹਿਣਗੇ।

ਗੁਰੂ ਨਾਨਕ ਸਾਹਿਬ ਦਾ ਬ੍ਰਹਿਮੰਡੀ ਉਪਦੇਸ਼ ਗਗਨ ਰੂਪੀ ਥਾਲ ਵਿੱਚ ਸੂਰਜ ਚੰਦ ਰੂਪੀ ਦੀਵਿਆਂ ਰਾਹੀਂ ਕੁਦਰਤ ਦੇ ਗੁਣ ਗਾਉਣ ਅਤੇ ਇਲਾਹੀ ਜੋਤ ਜਗਾਉਣ ਦੇ ਰੂਪ ਵਿੱਚ ਉਜਾਗਰ ਹੈ। ਗੁਰੂ ਜੀ ਕੁਦਰਤੀ ਦਾਤਾਂ ਦੇ ਰੂਪ ਵਿੱਚ ਧਰਤੀ ਨੂੰ ਮਾਂ, ਪਾਣੀ ਨੂੰ ਪਿਤਾ ਤੇ ਪਉਣ ਨੂੰ ਗੁਰੂ ਦਰਸਾ ਕੇ ਮਨੁੱਖਤਾ ਨੂੰ ਇਸ ਦੀ ਮਹਾਨਤਾ ਤੋਂ ਜਾਣੂ ਕਰਵਾਉਂਦੇ ਹਨ। ਇਸ ਦੀ ਪ੍ਰਸੰਗਿਕਤਾ ਅੱਜ ਕੌਮਾਂਤਰੀ ਪੱਧਰ ’ਤੇ ਹੋਰ ਵੀ ਵਧ ਜਾਂਦੀ ਹੈ, ਜਦੋਂ ਵਾਯੂਮੰਡਲ ਵਿੱਚ ਹਵਾਵਾਂ ਦੂਸ਼ਿਤ ਹੋ ਰਹੀਆਂ ਹਨ, ਧਰਤੀ ਹੇਠੋਂ ਪਾਣੀ ਮੁੱਕਦਾ ਜਾ ਰਿਹਾ ਹੈ, ਦਰਿਆਵਾਂ-ਨਦੀਆਂ ਵਿੱਚ ਕੈਮੀਕਲ ਮਿਲ ਰਹੇ ਹਨ, ਅਨੇਕਾਂ ਜੀਵ-ਜੰਤੂਆਂ ਦਾ ਜੀਵਨ ਖ਼ਤਮ ਹੋ ਰਿਹਾ ਹੈ। ਦੁਨੀਆ ਦੇ ਤਾਕਤਵਰ ਦੇਸ਼ਾਂ ਵੱਲੋਂ ਪੁਲਾੜਾਂ ਵਿੱਚ ਵੀ ਤਬਾਹੀ ਮਚਾਈ ਜਾ ਰਹੀ ਹੈ ਅਤੇ ਪਰਮਾਣੂ ਹਥਿਆਰਾਂ ਦੀ ਅੰਨ੍ਹੀ ਦੌੜ ਮਨੁੱਖਤਾ ਨੂੰ ਬਾਰੂਦ ਦੇ ਢੇਰ ’ਤੇ ਬਿਠਾ ਚੁੱਕੀ ਹੈ। ਅਜਿਹੇ ਭਿਆਨਕ ਦੌਰ ਵਿੱਚ ਗੁਰੂ ਨਾਨਕ ਚਿੰਤਨ ਹੀ ਸੰਸਾਰ ਦੀ ਅਗਵਾਈ ਦਾ ਲਿਖਾਇਕ ਹੈ। ਇਸ ਲਈ ਮੁੱਢਲੇ ਰੂਪ ਵਿੱਚ ਕਦਮ ਚੁੱਕਦਿਆਂ ਪਵਿੱਤਰ ਵੇਈਂ ਦੇ ਪਾਣੀ ਦੀ ਸ਼ੁੱਧਤਾ ਤੋਂ ਲੈ ਕੇ ਪੰਜਾਬ ਦੇ ਨਾਲਿਆਂ ਤੇ ਨਦੀਆਂ ਨੂੰ ਬਚਾਉਣ ਲਈ ਅੱਗੇ ਆਉਣਾ ਹੋਵੇਗਾ। ਹਰ ਰੋਜ਼ ‘ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ’ ਪੜ੍ਹ ਲੈਣ ਮਗਰੋਂ ਉਸ ’ਤੇ ਅਮਲ ਕਰਨਾ ਵੀ ਲਾਜ਼ਮੀ ਹੈ, ਜਿਸ ਨੂੰ ਦੇਸ਼ ਦੀਆਂ ਹੱਦਾਂ ਤੋਂ ਅੱਗੇ, ਕੌਮਾਂਤਰੀ ਪੱਧਰ ’ਤੇ ਲਿਜਾਣ ਦੀ ਲੋੜ ਹੈ।

ਅਜੋਕੇ ਯੁੱਗ ਵਿੱਚ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਦੇ ਸਮੂਹ ਮੁੱਦਿਆਂ ਨੂੰ ਵੀ ਵਿਚਾਰਨ ਦੀ ਲੋੜ ਹੈ, ਉਹ ਚਾਹੇ ਸਮਾਜੀ ਢਾਂਚੇ ਨਾਲ ਸਬੰਧਿਤ ਹੋਣ ਜਾਂ ਸੱਭਿਆਚਾਰਕ ਵਰਤਾਰੇ ਨਾਲ। ਗੁਰੂ ਨਾਨਕ ਦਰਸ਼ਨ ਕਿਰਤ ਕਰਨ, ਵੰਡ ਛਕਣ ਅਤੇ ਨਾਮ ਜਪਣ ਦੇ ਸਿਧਾਂਤ ’ਤੇ ਆਧਾਰਿਤ ਹੈ। ਵਿਸ਼ਵ ਗੁਰੂ ਨਾਨਕ ਸਾਹਿਬ ਨੇ ਸੰਸਾਰ ਨੂੰ ਸੱਚੀ-ਸੁੱਚੀ ਕਿਰਤ ਕਰਦਿਆਂ, ਵੰਡ ਕੇ ਛਕਣ ਦਾ ਉਪਦੇਸ਼ ਦਿੱਤਾ ਹੈ। ਗੁਰੂ ਨਾਨਕ ਸਾਹਿਬ ਦੇ ਜੀਵਨ ਦਰਸ਼ਨ ਤੋਂ ਰੂਹਾਨੀ ਸੇਧ ਲੈ ਕੇ ਇੱਕੋ-ਇੱਕ ਰੱਬੀ ਸਿਧਾਂਤ ਨਾਲ ਜੁੜਿਆ ਜਾ ਸਕਦਾ ਹੈ। ਗੁਰੂ ਨਾਨਕ ਵਿਚਾਰਧਾਰਾ ਅੱਜ ਦੀਆਂ ਗੰਭੀਰ ਸਮੱਸਿਆਵਾਂ ਦਾ ਸਹੀ ਹੱਲ ਹੈ। ਅਧਿਆਤਮਕ ਚਿੰਤਨ ਅਤੇ ਧਾਰਮਿਕ ਵਿਚਾਰਧਾਰਾ ਪੱਖੋਂ ਵੀ ਅਜੋਕੇ ਸਮੇਂ ਠੋਸ ਫੈਸਲੇ ਲੈਣ ਦੀ ਲੋੜ ਹੈ। ਮਨੁੱਖੀ ਅਧਿਕਾਰਾਂ ਦੀ ਆਜ਼ਾਦੀ ਦੀ ਪ੍ਰਾਪਤੀ ਲਈ ਦ੍ਰਿੜ ਇਰਾਦੇ ਅਤੇ ਮਜ਼ਬੂਤ ਕਦਮ ਚੁੱਕਣੇ ਹੋਣਗੇ। ਗੁਰੂ ਨਾਨਕ ਰਾਜ ਸਿਧਾਂਤ ਮਨੁੱਖੀ ਹੱਕਾਂ ਦੀ ਆਜ਼ਾਦੀ ਨੂੰ ਲਾਗੂ ਕਰਨ ਲਈ ਸਮਾਜਿਕ ਬਰਾਬਰੀ ਨੂੰ ਆਧਾਰ ਬਣਾਉਂਦਾ ਹੈ। ਜੇਕਰ ਸਮਾਜ ਵਿੱਚ ਬਰਾਬਰੀ ਨਹੀਂ ਤਾਂ ਆਜ਼ਾਦੀ ਦੀ ਪਰਿਭਾਸ਼ਾ ਵੀ ਇਕਸਾਰ ਨਹੀਂ ਹੋ ਸਕਦੀ। ਗੁਰੂ ਨਾਨਕ ਸਿਧਾਂਤ ਤਾਂ ਚਹੁੰ ਵਰਨਾਂ, ਸਭ ਨਸਲਾਂ-ਰੰਗਾਂ ਤੇ ਜਾਤਾਂ-ਲਿੰਗਾਂ ਨੂੰ ਬਰਾਬਰ ਲਿਆ ਕੇ, ਫਿਰ ਉਨ੍ਹਾਂ ਨੂੰ ਆਜ਼ਾਦੀ ਦੇ ਰਾਹ ਚੱਲਣ ਲਈ ਪ੍ਰੇਰਿਤ ਕਰਦਾ ਹੈ। ਜਿਸ ਸਮਾਜ ਵਿੱਚ ਬਰਾਬਰੀ ਨਹੀਂ, ਉੱਥੇ ਸਥਾਪਿਤ ਰਾਜਾਂ ਵਿੱਚ ਆਜ਼ਾਦੀ ਦਾ ਹੱਕ ਵੀ ਇੱਕ ਸਮਾਨ ਨਹੀਂ ਹੋ ਸਕਦਾ।

­ਸੰਪਰਕ: 604-825-1550

Advertisement
×