ਗ਼ਜ਼ਲ ਮੰਚ ਸਰੀ ਵੱਲੋਂ ਸ਼ਾਇਰ ਸੁਰਿੰਦਰਪ੍ਰੀਤ ਘਣੀਆ ਨਾਲ ਰੂ-ਬ-ਰੂ
ਸਰੀ : ਗ਼ਜ਼ਲ ਮੰਚ ਸਰੀ ਵੱਲੋਂ ਪੰਜਾਬ ਤੋਂ ਆਏ ਸ਼ਾਇਰ ਸੁਰਿੰਦਰਪ੍ਰੀਤ ਘਣੀਆ ਨਾਲ ਰੂਬਰੂ ਪ੍ਰੋਗਰਾਮ ਕਰਵਾਇਆ ਗਿਆ। ਪ੍ਰੋਗਰਾਮ ਦਾ ਆਗਾਜ਼ ਕਰਦਿਆਂ ਮੰਚ ਦੇ ਪ੍ਰਧਾਨ ਜਸਵਿੰਦਰ ਅਤੇ ਜਨਰਲ ਸਕੱਤਰ ਦਵਿੰਦਰ ਗੌਤਮ ਨੇ ਕਿਹਾ ਕਿ ਗ਼ਜ਼ਲ ਮੰਚ ਲਈ ਇਹ ਬੇਹੱਦ ਖ਼ੁਸ਼ੀ ਦਾ ਮੌਕਾ ਹੈ ਕਿ ਪੰਜਾਬੀ ਗ਼ਜ਼ਲ ਦੇ ਉੱਘੇ ਹਸਤਾਖ਼ਰ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਕੱਤਰ ਸੁਰਿੰਦਰਪ੍ਰੀਤ ਘਣੀਆ ਗ਼ਜ਼ਲ ਮੰਚ ਸਰੀ ਦੇ ਸ਼ਾਇਰਾਂ ਦੇ ਰੂਬਰੂ ਹੋਏ ਹਨ। ਗ਼ਜ਼ਲ ਮੰਚ ਦੇ ਸ਼ਾਇਰ ਰਾਜਵੰਤ ਰਾਜ, ਦਸਮੇਸ਼ ਗਿੱਲ ਫ਼ਿਰੋਜ਼, ਪ੍ਰੀਤ ਮਨਪ੍ਰੀਤ ਅਤੇ ਮਹਿੰਦਰਪਾਲ ਸਿੰਘ ਪਾਲ ਨੇ ਵੀ ਸੁਰਿੰਦਰਪ੍ਰੀਤ ਘਣੀਆ ਨੂੰ ਜੀ ਆਇਆਂ ਕਿਹਾ।
ਸੁਰਿੰਦਰਪ੍ਰੀਤ ਘਣੀਆ ਨੇ ਆਪਣੇ ਸੰਘਰਸ਼ਮਈ ਜੀਵਨ, ਵਿਦਿਆ, ਪਰਿਵਾਰ, 39 ਸਾਲਾ ਅਧਿਆਪਨ ਕਾਰਜ, ਪ੍ਰਾਪਤੀਆਂ ਅਤੇ ਮੌਜੂਦਾ ਰਿਟਾਇਰਮੈਂਟ ਜੀਵਨ ਬਾਰੇ ਵਿਸਥਾਰ ਵਿੱਚ ਗੱਲਬਾਤ ਕੀਤੀ। ਸਾਹਿਤਕ ਚਿਣਗ ਬਾਰੇ ਉਸ ਨੇ ਦੱਸਿਆ ਕਿ ਦਸਵੀਂ ਵਿੱਚ ਪੜ੍ਹਦਿਆਂ ਉਸ ਨੇ ਆਪਣਾ ਪਹਿਲਾ ਗੀਤ ਸ਼ਹੀਦੇ-ਆਜ਼ਮ ਭਗਤ ਸਿੰਘ ਦੀ ਸ਼ਹਾਦਤ ਬਾਰੇ ਲਿਖਿਆ ਸੀ। ਦੇਵ ਰਾਊਕੇ ਦੇ ਗ਼ਜ਼ਲ ਸੰਗ੍ਰਹਿ ‘ਤੇਰੀਆਂ ਗ਼ਜ਼ਲਾਂ ਮੇਰੇ ਗੀਤ’ ਪੜ੍ਹਨ ਉਪਰੰਤ ਉਸ ਨੂੰ ਲੱਗਿਆ ਕਿ ਉਹ ਵੀ ਆਪਣੇ ਦਿਲੀ ਜਜ਼ਬਾਤ ਦਾ ਪ੍ਰਗਟਾਵਾ ਇਸ ਤਰ੍ਹਾਂ ਦੇ ਕਾਵਿ ਰੂਪ ਵਿੱਚ ਕਰ ਸਕਦਾ ਹੈ। ਫਿਰ ਉਸ ਨੇ ਪੰਜਾਬੀ ਸਾਹਿਤ ਸਭਾ ਨਾਲ ਜੁੜ ਕੇ ਉਸਤਾਦ ਸ਼ਾਇਰ ਦੀਪਕ ਜੈਤੋਈ ਪਾਸੋਂ ਗ਼ਜ਼ਲ ਬਾਰੇ ਗਿਆਨ ਹਾਸਲ ਕੀਤਾ ਅਤੇ ਸ਼ਾਇਰ ਜਸਵਿੰਦਰ ਅਤੇ ਹੋਰ ਸ਼ਾਇਰਾਂ ਨਾਲ ਮੇਲ ਮਿਲਾਪ ਹੋਇਆ। ਪਹਿਲੀ ਗ਼ਜ਼ਲ ਪ੍ਰਮਿੰਦਰਜੀਤ ਦੁਆਰਾ ਸੰਪਾਦਿਤ ਮੈਗਜ਼ੀਨ ‘ਲੋਅ’ ਵਿੱਚ ਛਪੀ। ਹੁਣ ਤੱਕ ਉਸ ਦੇ ਦੋ ਗ਼ਜ਼ਲ ਸੰਗ੍ਰਿਹ ‘ਹਰਫ਼ਾਂ ਦੇ ਪੁਲ’ ਅਤੇ ‘ਟੂਮਾਂ’ ਛਪ ਚੁੱਕੇ ਹਨ।
ਸਾਹਿਤ ਦੇ ਸਮਾਜਿਕ ਰੋਲ ਬਾਰੇ ਉਸ ਦਾ ਕਹਿਣਾ ਸੀ ਕਿ ਸਾਹਿਤ ਕ੍ਰਾਂਤੀ ਵਾਸਤੇ ਜ਼ਮੀਨ ਤਿਆਰ ਕਰਦਾ ਹੈ, ਕ੍ਰਾਂਤੀ ਵੀ ਲਿਆ ਸਕਦਾ ਹੈ, ਤਖ਼ਤ ਵੀ ਪਲਟਾ ਸਕਦਾ ਹੈ। ਇਸੇ ਕਰ ਕੇ ਹੀ ਹਾਕਮ ਸ਼ਾਇਰਾਂ ਤੋਂ ਖ਼ਤਰਾ ਮਹਿਸੂਸ ਕਰਦਾ ਹੈ। ਇਸ ਮੌਕੇ ਉਸ ਨੇ ਆਪਣੀਆਂ ਕੁਝ ਗ਼ਜ਼ਲਾਂ ਵੀ ਸਾਂਝੀਆਂ ਕੀਤੀਆਂ। ਉਸ ਦਾ ਸ਼ਾਇਰਾਨਾ ਰੰਗ ਸੀ;
ਅਜੇ ਤਰਦੇ ਨੇ ਪੱਥਰ ਇਸ ਵਿੱਚ, ਫੁੱਲ ਡੁੱਬਦੇ ਨੇ
ਸਮੇਂ ਦੇ ਵਹਿਣ ਸੰਗ ਮੇਰੀ ਕਿਵੇਂ ਫਿਰ ਸਹਿਮਤੀ ਹੋਵੇ
***
ਮੈਂ ਪਿੰਡ ਦਾ ਹਾਲ ਪੁੱਛਣ ਸ਼ਹਿਰੋਂ ਅੱਜ ਕੱਲ੍ਹ ਪਿੰਡ ਨਹੀਂ ਜਾਂਦਾ
ਮੈਂ ਲੇਬਰ ਚੌਂਕ ਵਿੱਚੋਂ ਹਾਲ ਪਿੰਡ ਦਾ ਜਾਣ ਲੈਂਦਾ ਹਾਂ
***
ਉਹ ਮੇਰੇ ਉੱਤੇ ਹਰ ਪਲ ਏਸੇ ਕਰਕੇ ਨਜ਼ਰ ਰੱਖਦੇ ਨੇ
ਮੈਂ ਆਪਣੇ ਕਮਰੇ ਵਿੱਚੋਂ ਸੰਸਦ ਉੱਤੇ ਵਾਰ ਕਰਦਾ ਹਾਂ
ਅੰਤ ਵਿੱਚ ਗ਼ਜ਼ਲ ਮੰਚ ਵੱਲੋਂ ਮਹਿਮਾਨ ਸ਼ਾਇਰ ਸੁਰਿੰਦਰਪ੍ਰੀਤ ਘਣੀਆ ਨੂੰ ਸਨਮਾਨਿਤ ਕੀਤਾ ਗਿਆ। ਦਸਮੇਸ਼ ਗਿੱਲ ਫ਼ਿਰੋਜ਼ ਅਤੇ ਮਹਿੰਦਰਪਾਲ ਸਿੰਘ ਪਾਲ ਵੱਲੋਂ ਸ਼ਾਇਰ ਘਣੀਆ ਨੂੰ ਆਪਣੀਆਂ ਸ਼ਾਇਰੀ ਦੀਆਂ ਪੁਸਤਕਾਂ ਦਿੱਤੀਆਂ ਗਈਆਂ।
ਸੰਪਰਕ: 1 604 308 6663