DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮਸਨੂਈ ਬੁੱਧੀ ਦਾ ਪਿਤਾਮਾ ਜੈਫਰੀ ਹਿੰਟਨ

ਜੈਫਰੀ ਐਵਰੈਸਟ ਹਿੰਟਨ ਬ੍ਰਿਟਿਸ਼ ਕੈਨੇਡੀਅਨ ਕੰਪਿਊਟਰ ਵਿਗਿਆਨੀ ਅਤੇ ਮਸਨੂਈ ਬੁੱਧੀ ਦਾ ਖੋਜੀ ਹੈ। ਉਸ ਦੇ ਖੋਜ ਕਾਰਜ ‘ਮਸਨੂਈ ਤੰਤ੍ਰਿਕਾ ਤੰਤਰ’ (artificial neural networks) ਕਰਕੇ ਵੀ ਉਸ ਨੂੰ ਜਾਣਿਆ ਜਾਂਦਾ ਹੈ। ਮਸਨੂਈ ਤੰਤ੍ਰਿਕਾ ਤੰਤਰ ਸਿੱਖਣ ਤਕਨੀਕ ਦੀ ਇੱਕ ਕਿਸਮ ਹੈ। ਜਿਹੜੀ...

  • fb
  • twitter
  • whatsapp
  • whatsapp
Advertisement

ਜੈਫਰੀ ਐਵਰੈਸਟ ਹਿੰਟਨ ਬ੍ਰਿਟਿਸ਼ ਕੈਨੇਡੀਅਨ ਕੰਪਿਊਟਰ ਵਿਗਿਆਨੀ ਅਤੇ ਮਸਨੂਈ ਬੁੱਧੀ ਦਾ ਖੋਜੀ ਹੈ। ਉਸ ਦੇ ਖੋਜ ਕਾਰਜ ‘ਮਸਨੂਈ ਤੰਤ੍ਰਿਕਾ ਤੰਤਰ’ (artificial neural networks) ਕਰਕੇ ਵੀ ਉਸ ਨੂੰ ਜਾਣਿਆ ਜਾਂਦਾ ਹੈ। ਮਸਨੂਈ ਤੰਤ੍ਰਿਕਾ ਤੰਤਰ ਸਿੱਖਣ ਤਕਨੀਕ ਦੀ ਇੱਕ ਕਿਸਮ ਹੈ। ਜਿਹੜੀ ਮਨੁੱਖੀ ਦਿਮਾਗ਼ ਦੀ ਸੰਰਚਨਾ ਅਤੇ ਕਾਰਜ ਪ੍ਰਣਾਲੀ ਤੋਂ ਪ੍ਰੇਰਿਤ ਹੁੰਦੀ ਹੈ। ਇਹ ਡੇਟਾ ਤੋਂ ਸਿੱਖਦੀ, ਨਮੂਨਿਆਂ (patterns) ਦੀ ਪਛਾਣ ਕਰਦੀ ਅਤੇ ਭਵਿੱਖਬਾਣੀਆਂ ਕਰਦੀ ਹੈ। ਇਸੇ ਖੋਜ ਦੀ ਬਦੌਲਤ ਉਸ ਨੂੰ ‘ਗੌਡ ਫਾਦਰ ਆਫ ਏਆਈ’ ਯਾਨੀ ਕਿ ‘ਮਸਨੂਈ ਬੁੱਧੀ ਦਾ ਪਿਤਾਮਾ’ ਵੀ ਕਹਿੰਦੇ ਹਨ।

ਡਾ. ਹਿੰਟਨ ਦਾ ਜਨਮ 6 ਦਿਸੰਬਰ 1947 ਨੂੰ ਵਿੰਬਲਡਨ, ਇੰਗਲੈਂਡ ਵਿੱਚ ਹੋਇਆ। ਉਹ ਬ੍ਰਿਸਟਲ ਦੇ ਕਲਿਫਟਨ ਕਾਲਜ ਵਿੱਚ ਪੜ੍ਹਿਆ। ਸਾਲ 1967 ’ਚ ਉਹ ਕਿੰਗਜ਼ ਕਾਲਜ ਕੈਂਬਰਿਜ ਵਿੱਚ ਅੰਡਰ ਗ੍ਰੈਜੂਏਟ ਵਿਦਿਆਰਥੀ ਦੇ ਤੌਰ ’ਤੇ ਦਾਖਲ ਹੋਇਆ। ਉਹ ਵਾਰ ਵਾਰ ਨੈਚੂਰਲ ਸਾਇੰਸ, ਹਿਸਟਰੀ ਆਫ ਆਰਟ ਅਤੇ ਫਿਲਾਸਫੀ ਵਿਚਕਾਰ ਵਿਸ਼ਿਆਂ ਦੀ ਅਦਲਾ ਬਦਲੀ ਕਰਦਾ ਰਿਹਾ। ਆਖਰ 1970 ’ਚ ਪ੍ਰਯੋਗਿਕ ਮਨੋਵਿਗਿਆਨ ਵਿੱਚ ਉਸ ਨੇ ਯੂਨੀਵਰਸਿਟੀ ਆਫ ਕੈਂਬਰਿਜ ਤੋਂ ਡਿਗਰੀ ਹਾਸਲ ਕੀਤੀ। ਅਕਾਦਮਿਕ ਸਿੱਖਿਆ ਵਿੱਚ ਅੱਗੇ ਵਧਣ ਤੋਂ ਪਹਿਲਾਂ ਉਸ ਨੇ ਤਰਖਾਣੇ ਕੰਮ ਵਿੱਚ ਇੱਕ ਸਾਲ ਨਿਪੁੰਨਤਾ ਹਾਸਿਲ ਕੀਤੀ ਸੀ।

Advertisement

ਸਾਲ 1972 ਤੋਂ 1975 ਤੱਕ ਉਸ ਨੇ ਐਡਨਬਰਗ ਯੂਨੀਵਰਸਿਟੀ ਤੋਂ ਉੱਚ ਸਿੱਖਿਆ ਪ੍ਰਾਪਤ ਕੀਤੀ। ਉੱਥੋਂ ਹੀ ਉਸ ਨੂੰ 1978 ’ਚ ਕ੍ਰਿਸਟੋਫਰ ਲੌਂਗੇਟ ਹਿਗਿਨਜ ਦੀ ਅਗਵਾਈ ਵਿੱਚ ‘ਮਸਨੂਈ ਬੁੱਧੀ’ ਦੇ ਖੇਤਰ ਵਿੱਚ ਖੋਜ ਅਧਿਐਨ ਕਰਨ ਕਰਕੇ ਡਾਕਟਰੇਟ ਦੀ ਡਿਗਰੀ ਮਿਲੀ। ਜਿਸ ਨੇ ਮਸਨੂਈ ਬੁੱਧੀ ਦੀ ਮਸਨੂਈ ਤੰਤ੍ਰਿਕਾ ਤੰਤਰ ਪਹੁੰਚ ਨਾਲੋਂ ਚਿੰਨ੍ਹਾਤਮਕ ਮਸਨੂਈ ਬੁੱਧੀ ਤਕਨੀਕ ਦੀ ਸਿਫਾਰਿਸ਼ ਕੀਤੀ ਸੀ। ਡਾਕਟਰੇਟ ਦੀ ਡਿਗਰੀ ਕਰਨ ਉਪਰੰਤ ਹਿੰਟਨ ਪਹਿਲਾਂ ਤਾਂ ਯੂਨੀਵਰਸਿਟੀ ਆਫ ਸੂਸੈਕਸ ਵਿਖੇ ਐੱਮ.ਆਰ.ਸੀ. ਵਿਹਾਰਕ ਮਨੋਵਿਗਿਆਨ ਵਿਭਾਗ ਵਿੱਚ ਕੰਮ ਕਰਨ ਲੱਗਾ। ਇੱਥੇ ਬਰਤਾਨੀਆ ਵਿੱਚ ਕੁਝ ਮਾਇਕ ਤੰਗੀ ਹੋਣ ਕਰਕੇ ਉਸ ਨੇ ਅਮਰੀਕਾ ਵਿੱਚ ਯੂਨੀਵਰਸਿਟੀ ਆਫ ਕੈਲੀਫੋਰਨੀਆ ਸੈਨ ਡਿਏਗੋ ਅਤੇ ਕਾਰਨੇਗੀ ਮੈਲਨ ਯੂਨੀਵਰਸਿਟੀ ਵਿੱਚ ਖੋਜ ਕੰਮ ਕੀਤਾ। ਉਹ ਯੂਨੀਵਰਸਿਟੀ ਕਾਲਜ ਲੰਡਨ ਵਿੱਚ ਗੈਟਸਬਾਈ ਚੈਰੀਟੇਬਲ ਕੰਪਿਊਟੇਸ਼ਨਲ ਨਿਓਰੋਸਾਇੰਸ ਯੂਨਿਟ ਦਾ ਬਾਨੀ ਡਾਇਰੈਕਟਰ ਸੀ।

Advertisement

ਸਾਲ 1987 ’ਚ ਉਹ ‘ਕੈਨੇਡੀਅਨ ਇੰਸਟੀਚਿਊਟ ਫਾਰ ਐਡਵਾਂਸਡ ਰਿਸਰਚ (CIFAR) ਵਿੱਚ ਮਸਨੂਈ ਬੁੱਧੀ ਅਤੇ ਰੋਬੋਟਿਕਸ ਦੇ ਪਹਿਲੇ ਖੋਜ ਪ੍ਰੋਗਰਾਮ ਵਿੱਚ ਫੈਲੋ ਦੇ ਤੌਰ ’ਤੇ ਕਾਰਜ ਕਰਨ ਲੱਗਾ। 2004 ’ਚ ਉਸ ਨੇ ਹੋਰ ਖੋਜਾਰਥੀਆਂ ਨਾਲ ਮਿਲ ਕੇ ਨਵੇਂ ਸੰਕਲਪ ‘ਨਿਓਰਲ ਕੰਪਿਊਟੇਸ਼ਨ ਐਂਡ ਅਡੈਪਟਿਵ ਪਰਸੈਪਸ਼ਨ’ (NCAP) ਦੀ ਤਜਵੀਜ਼ ਪੇਸ਼ ਕੀਤੀ, ਜਿਸ ਨੂੰ ਅੱਜ ‘ਲਰਨਿੰਗ ਇਨ ਮਸ਼ੀਨਜ਼ ਐਂਡ ਬਰੇਨਜ਼’ ਦਾ ਨਾਮ ਦਿੱਤਾ ਗਿਆ ਹੈ।

ਹਿੰਟਨ ਨੇ ਦਸ ਸਾਲ ਉਪਰੋਕਤ ਖੋਜ ਅਧਿਐਨ ਦੀ ਅਗਵਾਈ ਕੀਤੀ। 2012 ’ਚ ਹਿੰਟਨ ਸਿੱਖਿਆ ਦੇ ਪਲੈਟਫਾਰਮ ਕੋਰਸੇਰਾ ਤੇ ਨਿਓਰਲ ਨੈੱਟਵਰਕਸ ਵਿੱਚ ਮੁਫ਼ਤ ਔਨਲਾਈਨ ਪੜ੍ਹਾਈ ਕਰਵਾਉਂਦਾ ਹੁੰਦਾ ਸੀ। ਉਸ ਨੇ 2012 ਵਿੱਚ ਟੋਰਾਂਟੋ ਯੂਨੀਵਰਸਿਟੀ ਦੇ ਕੰਪਿਊਟਰ ਸਾਇੰਸ ਵਿਭਾਗ ਵਿੱਚ ਆਪਣੇ ਦੋ ਵਿਦਿਆਰਥੀਆਂ ਅਲੈਕਸ ਕ੍ਰਿਜੇਵਸਕੀ ਅਤੇ ਇਲੀਆ ਸੁਟਸਕੀਵਰ ਨਾਲ ਮਿਲ ਕੇ ਡੀ.ਐੱਨ. ਰਿਸਰਚ ਇਨਕਾਰਪੋਰੇਸ਼ਨ ਦੀ ਸਥਾਪਨਾ ਵੀ ਕੀਤੀ ਸੀ। 2013 ਵਿੱਚ ਗੂਗਲ ਨੇ ਇਸ ਨੂੰ 44 ਮਿਲੀਅਨ ਡਾਲਰ ਵਿੱਚ ਖ਼ਰੀਦ ਲਿਆ ਸੀ। ਹਿੰਟਨ ਨੇ ਹੁਣ ਆਪਣਾ ਖੋਜ ਕਾਰਜ ਯੂਨੀਵਰਸਿਟੀ ਅਤੇ ਗੂਗਲ ਦੋਹਾਂ ਵਿਚਕਾਰ ਵੰਡ ਲਿਆ ਸੀ। ਹਿੰਟਨ ਦਾ ਖੋਜ ਕਾਰਜ ਮਸ਼ੀਨ ਲਰਨਿੰਗ, ਮੈਮਰੀ, ਪਰਸੈਪਸ਼ਨ ਅਤੇ ਸਿੰਬਲ ਪਰੋਸੈਸਿੰਗ ਨਾਲ ਸਬੰਧਤ ਸੀ। ਉਸ ਦੇ 200 ਖੋਜ ਪੱਤਰਾਂ ਦੀ ਮਾਹਿਰਾਂ ਵੱਲੋਂ ਸਮੀਖਿਆ ਕੀਤੀ ਗਈ। ਜਦੋਂ ਹਿੰਟਨ ਅਮਰੀਕਾ ਵਿਖੇ ਸੈਨ ਡਿਏਗੋ ਵਿਖੇ ਪੋਸਟ ਡਾਕਟਰੇਟ ਕਰ ਰਿਹਾ ਸੀ, ਉਸ ਨੇ ਡੇਵਿਡ ਈ. ਰੂਮੇਹਾਰਟ ਤੇ ਰੋਨਾਲਡ ਜੇ. ਵਿਲੀਅਮ ਨਾਲ ਮਿਲ ਕੇ ਬੈਂਕ ਪ੍ਰਾਪੇਗੇਸ਼ਨ ਐਲਗੋਰਿਦਮ ਨੂੰ ਬਹੁਪਰਤੀ ਨਿਓਰਲ ਨੈੱਟਵਰਕਸ ’ਤੇ ਲਾਗੂ ਕਰਕੇ ਦੇਖਿਆ ਸੀ। ਇਸ ਵਿੱਚ ਰੂਮੇਹਾਰਟ ਨੇ ਬੈਂਕ ਪ੍ਰਾਪੇਗੇਸ਼ਨ (ਪੁਨਰ ਪੜਚੋਲ) ਦੀ ਮੁੱਢਲੀ ਜਾਣਕਾਰੀ ਦਿੱਤੀ ਸੀ ਕਿਉਂਕਿ ਇਹ ਉਸੇ ਦੀ ਖੋਜ ਸੀ।

ਸਾਲ 1985 ਵਿੱਚ ਹਿੰਟਨ ਨੇ ਡੇਵਿਡ ਆਕਲੇ ਅਤੇ ਟੈਰੀ ਸੈਜਨੋਵਸਕੀ ਨਾਲ ਮਿਲ ਕੇ ‘ਬੋਲਟਮੈਨ ਮਸ਼ੀਨ’ ਦੀ ਖੋਜ ਕੀਤੀ। 2022 ’ਚ ਉਸ ਨੇ ਨਿਓਰਲ ਨੈੱਟਵਰਕ ਲਈ ਇੱਕ ਨਵਾਂ ਲਰਨਿੰਗ ਐਲਗੋਰਿਦਮ (ਸਿੱਖਣ ਦਾ ਤਰੀਕਾ) ‘ਫਾਰਵਰਡ-ਫਾਰਵਰਡ’ ਤਿਆਰ ਕੀਤਾ। 2023 ’ਚ ਹਿੰਟਨ ਨੇ ਜਨਤਕ ਤੌਰ ’ਤੇ ਗੂਗਲ ਤੋਂ ਅਸਤੀਫਾ ਦੇ ਦਿੱਤਾ ਸੀ। ਉਸ ਨੇ ਕਿਹਾ, ‘‘ਮੈਂ ਸੁਤੰਤਰ ਤੌਰ ’ਤੇ ਮਸਨੂਈ ਬੁੱਧੀ ਦੇ ਜੋਖਮਾਂ ਬਾਰੇ ਬੋਲਣਾ ਚਾਹੁੰਦਾ ਹਾਂ।’’ ਉਸ ਨੇ ਕਿਹਾ ਮਸਨੂਈ ਬੁੱਧੀ ਨੂੰ ਕਾਬੂ ਵਿੱਚ ਰੱਖਣ ਦੇ ਤੌਰ ਤਰੀਕਿਆਂ ’ਤੇ ਹੋਰ ਗੰਭੀਰਤਾ ਨਾਲ ਖੋਜ ਕਰਨ ਦੀ ਜ਼ਰੂਰਤ ਹੈ। ਸਰਕਾਰਾਂ ਨੂੰ ਮਸਨੂਈ ਬੁੱਧੀ ਨੂੰ ਮਨੁੱਖੀ ਸੁਰੱਖਿਅਤਾ ਦੇ ਦਾਇਰੇ ਵਿੱਚ ਰੱਖਣ ਲਈ ਸਖ਼ਤ ਹਦਾਇਤਾਂ ਜਾਰੀ ਕਰਨੀਆਂ ਪੈਣਗੀਆਂ। ਨਹੀਂ ਤਾਂ ਇਸ ਦਾ ਬੇਕਾਬੂ ਹੋ ਜਾਣਾ ਬੇਹੱਦ ਜੋਖ਼ਮ ਭਰਿਆ ਹੋ ਸਕਦਾ ਹੈ। ਉਸ ਅਧੀਨ ਕਈ ਵਿਦਿਆਰਥੀਆਂ ਨੇ ਆਪਣੇ ਖੋਜ ਕਾਰਜ ਮੁਕੰਮਲ ਕੀਤੇ ਜਿਨ੍ਹਾਂ ਵਿੱਚ ਡਾਕਟਰੇਟ ਅਤੇ ਪੋਸਟ ਡਾਕਟਰੇਟ ਵਿਦਿਆਰਥੀਆਂ ਵਿੱਚ ਪੀਟਰ ਡਿਆਨ, ਸੈਮ ਰੋਵਿਜ, ਮੈਕਸ ਵੈਲਿੰਗ ਰਿਚਰਡ ਜ਼ੀਮੇਲ, ਬਰੇਨਜ਼ਨ ਫਰੇ, ਰੈਡਫੋਰਡ ਐੱਮ. ਨੀਲ, ਯੂ.ਵਾਏ ਟੇਹ ਆਦਿ ਦਾ ਜ਼ਿਕਰ ਕੀਤਾ ਜਾ ਸਕਦਾ ਹੈ।

ਹਿੰਟਨ 1990 ਤੋਂ ‘ਹਿੰਟਨ ਅਮਰੀਕਨ ਐਸੋਸੀਏਸ਼ਨ’ ਵਿੱਚ ‘ਅਡਵਾਂਸਮੈਂਟ ਆਫ ਆਰਟੀਫੀਸ਼ੀਅਲ ਇੰਟੈਂਲੀਜੈਂਸ’ ਦਾ ਫੈਲੋ ਹੈ। 1996 ’ਚ ਉਸ ਨੂੰ ਰਾਇਲ ਸੁਸਾਇਟੀ ਆਫ ਕੈਨੇਡਾ ਦਾ ਫੈਲੋ ਚੁਣਿਆ ਗਿਆ। 1998 ’ਚ ਉਸ ਨੂੰ ਰਾਇਲ ਸੁਸਾਇਟੀ ਲੰਡਨ ਦਾ ਫੈਲੋ ਚੁਣਿਆ ਗਿਆ। 2001 ’ਚ ਰੂਮੇਹਾਰਟ ਪੁਰਸਕਾਰ ਜਿੱਤਣ ਵਾਲਾ ਉਹ ਪਹਿਲਾ ਵਿਗਿਆਨੀ ਸੀ। ਇਸੇ ਸਾਲ ਉਸ ਨੂੰ ਯੂਨੀਵਰਸਿਟੀ ਆਫ ਐਡਿਨਬਰਗ ਨੇ ਆਨਰੇਰੀ ਡਾਕਟਰ ਆਫ ਸਾਇੰਸ ਦੀ ਡਿਗਰੀ ਪ੍ਰਦਾਨ ਕੀਤੀ।

ਸਾਲ 2003 ’ਚ ਉਸ ਨੂੰ ਅਮਰੀਕਨ ਅਕਾਡਮੀ ਆਫ ਆਰਟਸ ਐਂਡ ਸਾਇੰਸਜ਼ ਵੱਲੋਂ ਅੰਤਰਰਾਸ਼ਟਰੀ ਆਨਰੇਰੀ ਮੈਂਬਰ ਬਣਾਇਆ ਗਿਆ। ਇਸੇ ਸਾਲ ਉਸ ਨੂੰ ਅਮਰੀਕਨ ਕੌਗਨੀਟਿਵ ਸਾਇੰਸ ਸੁਸਾਇਟੀ ਦਾ ਫੈਲੋ ਚੁਣ ਲਿਆ ਗਿਆ। 2005 ’ਚ ਉਸ ਨੂੰ ਜ਼ਿੰਦਗੀ ਭਰ ਦੀਆਂ ਖੋਜ ਪ੍ਰਾਪਤੀਆਂ ਲਈ ਆਈਜੇਸੀਏਆਈ ਐਵਾਰਡ ਮਿਲਿਆ। 2011 ’ਚ ਉਸ ਨੂੰ ਹਰਜ਼ਬਰਗ ਕੈਨੇਡਾ ਗੋਲਡ ਮੈਡਲ ਪ੍ਰਦਾਨ ਕੀਤਾ ਗਿਆ। ਇਸੇ ਸਾਲ ਯੂਨੀਵਰਸਿਟੀ ਆਫ ਸੂਸੈਕਸ ਨੇ ਉਸ ਨੂੰ ਆਨਰੇਰੀ ਡਾਕਟਰ ਆਫ ਸਾਇੰਸ ਦੀ ਡਿਗਰੀ ਪ੍ਰਦਾਨ ਕੀਤੀ।

ਸਾਲ 2013 ’ਚ ਉਸ ਨੂੰ ਕੀਲਮ ਐਵਾਰਡ ਮਿਲਿਆ। ਉਸ ਨੂੰ ਯੂਨੀਵਰਸਿਟੀ ਆਫ ਸ਼ੇਰਬਰੁੱਕ ਨੇ ਡੀ.ਐੱਸ.ਸੀ. ਦੀ ਆਨਰੇਰੀ ਡਿਗਰੀ ਪ੍ਰਦਾਨ ਕੀਤੀ। 2016 ’ਚ ਉਸ ਨੂੰ ਵੁਲਫਸਨ ਜੇਮਜ਼ ਕਲਰਕ ਮੈਕਸਵੈਲ ਐਵਾਰਡ ਮਿਲਿਆ। 2018 ’ਚ ਉਸ ਨੂੰ ਟਰਨਿੰਗ ਪੁਰਸਕਾਰ ਮਿਲਿਆ। ਉਹ ਕੰਪੇਨੀਅਨ ਆਫ ਆਰਡਰ ਆਫ ਕੈਨੇਡਾ ਬਣਿਆ। 2021 ’ਚ ਉਸ ਨੂੰ ਡਿਕਸਨ ਐਵਾਰਡ ਅਤੇ 2022 ’ਚ ਪ੍ਰਿੰਸੈਸ ਆਫ ਆਸਟਰੀਆ ਐਵਾਰਡ ਮਿਲਿਆ।

ਯੂਨੀਵਰਸਿਟੀ ਆਫ ਟੋਰਾਂਟੋ ਨੇ ਉਸ ਨੂੰ ਡੀ.ਐੱਸ.ਸੀ. ਦੀ ਡਿਗਰੀ ਦੇ ਕੇ ਨਿਵਾਜਿਆ। 2023 ’ਚ ਉਸ ਨੂੰ ਲਾਈਫ ਬੋਟ ਫਾਊਂਡੇਸ਼ਨ ਦਾ ਗਾਰਡੀਅਨ ਐਵਾਰਡ ਮਿਲਿਆ। 2024 ਵਿੱਚ ਹਿੰਟਨ ਨੂੰ ਜੌਨ੍ਹ ਹੋਪਫੀਲਡ ਨਾਲ ਸਾਂਝੇ ਤੌਰ ’ਤੇ ‘ਮਸਨੂਈ ਤੰਤ੍ਰਿਕਾ ਤੰਤਰ ਖੋਜ’ ’ਤੇ ਫਿਜ਼ਿਕਸ ਦਾ ਨੋਬੇਲ ਪੁਰਸਕਾਰ ਦੇ ਕੇ ਨਿਵਾਜਿਆ ਗਿਆ। ਉਸ ਦੀ ਵਿਕਸਤ ਕੀਤੀ ‘ਬੋਲਟਮੈਨ ਮਸ਼ੀਨ’ ਦਾ ਇੱਥੇ ਸਪੱਸ਼ਟ ਤੌਰ ’ਤੇ ਹਵਾਲਾ ਦਿੱਤਾ ਗਿਆ ਸੀ। ਸਾਲ 2025 ਵਿੱਚ ਉਸ ਨੂੰ ਕੂਈਨ ਐਲਿਜਬੈੱਥ ਪੁਰਸਕਾਰ ਹੋਰ ਖੋਜਕਾਰਾਂ ਨਾਲ ਸਾਂਝੇ ਤੌਰ ’ਤੇ ਮਿਲਿਆ। ਉਸ ਨੂੰ ਕਿੰਗ ਚਾਲਸ III ਕੋਰੋਨੇਸ਼ਨ ਮੈਡਲ ਨਾਲ ਵੀ ਸਨਮਾਨਿਤ ਕੀਤਾ ਗਿਆ।

ਹਿੰਟਨ ਦਾ ਪਿਤਾ ਕੀਟ ਵਿਗਿਆਨੀ ਹੋਵਾਰਡ ਹਿੰਟਨ ਸੀ। ਉਸ ਦੇ ਨਾਂ ਦਾ ਵਿਚਲਾ ਹਿੱਸਾ ਭਾਰਤੀ ਸਰਵੇਖਣਕਾਰ ਰਿਸ਼ਤੇਦਾਰ ਤੋਂ ਲਿਆ ਗਿਆ ਸੀ। ਹਿੰਟਨ ਮਸ਼ਹੂਰ ਅਰਥ ਸ਼ਾਸਤਰੀ ਕੋਲਿਨ ਕਲਾਰਕ ਅਤੇ ਨਿਊਕਲੀਅਰ ਭੌਤਿਕ ਵਿਗਿਆਨੀ ਜੋਅਨ ਹਿੰਟਨ ਦਾ ਭਤੀਜਾ ਹੈ। ਹਿੰਟਨ ਦੇ 19 ਸਾਲ ਦੀ ਉਮਰ ਵਿੱਚ ਲੱਗੀ ਚੋਟ ਉਸ ਨੂੰ ਤਾਉਮਰ ਦਾ ਦਰਦ ਅਤੇ ਢਹਿੰਦੀ ਕਲਾ ਵਿੱਚ ਸੁੱਟ ਗਈ। ਉਸ ਨੂੰ ਬੈਠਣ ਵਿੱਚ ਅੱਜ ਤੱਕ ਪਰੇਸ਼ਾਨੀ ਆਉਂਦੀ ਹੈ।

ਉਸ ਦੀ ਪਹਿਲੀ ਪਤਨੀ ਰੋਜ਼ਾਲਿੰਡ ਜ਼ਾਲਿਨ ਕੈਂਸਰ ਕਾਰਨ ਦਮ ਤੋੜ ਗਈ। ਉਸ ਦੀ ਦੂਜੀ ਪਤਨੀ ਜੈਕੁਲੀਨ ਜੈਕੀ ਫੋਰਡ ਦੀ ਵੀ ਕੈਂਸਰ ਨਾਲ 2018 ’ਚ ਮੌਤ ਹੋ ਗਈ ਸੀ। ਉਸ ਦੇ ਪਹਿਲੀ ਪਤਨੀ ਤੋਂ ਇੱਕ ਪੁੱਤ ਅਤੇ ਇੱਕ ਧੀ ਹੈ। ਉਸ ਦੇ ਪੋਤੇ ਮੇਰੀ ਐਵਰੈਸਟ ਬੂਲੇ ਦਾ ਖੋਜ ਅਧਿਐਨ ਮਾਡਰਨ ਕੰਪਿਊਟਰ ਸਾਇੰਸ ਦੀ ਫਾਊਂਡੇਸ਼ਨ ਵਾਲੇ ਕੰਮ ਵਿੱਚ ਗਿਣਿਆ ਜਾਂਦਾ ਹੈ। ਹਿੰਟਨ ਅਮਰੀਕਾ ਵਿੱਚ ਰੋਨਾਲਡ ਰੀਗਨ ਦੀ ਖੋਜ ਪ੍ਰਤੀ ਬੇਰੁਖੀ ਤੋਂ ਨਾਰਾਜ਼ ਹੋ ਕੇ ਕੈਨੇਡਾ ਆ ਗਿਆ ਸੀ। ਉਹ ਅੱਜਕੱਲ੍ਹ ਯੂਨੀਵਰਸਿਟੀ ਆਫ ਟੋਰਾਂਟੋ ਵਿੱਚ ਪ੍ਰੋਫੈਸਰ ਐਮੀਰੀਟਸ ਹੈ। ਉਹ ਮਸਨੂਈ ਬੁੱਧੀ ’ਤੇ ਖੋਜ ਕਾਰਜਾਂ ਦੀ ਕਈ ਸਾਲਾਂ ਤੋਂ ਅਗਵਾਈ ਕਰ ਰਿਹਾ ਹੈ।

ਈ-ਮੇਲ: mayer_hk@yahoo.com

Advertisement
×