ਬਰੈਂਪਟਨ ਵਿੱਚ ਪੰਦਰਾਂ ਰੋਜ਼ਾ ਪੁਸਤਕ ਮੇਲਾ ਸ਼ੁਰੂ
ਸਰੀ: ਚੇਤਨਾ ਪ੍ਰਕਾਸ਼ਨ ਲੁਧਿਆਣਾ ਦੇ ਸਹਿਯੋਗੀ ਅਦਾਰੇ ਗੁਲਾਟੀ ਪਬਲਿਸ਼ਰਜ਼ ਵੱਲੋਂ ਵਿਸ਼ਵ ਪੰਜਾਬੀ ਭਵਨ ਬਰੈਂਪਟਨ (ਕੈਨੇਡਾ) ਵਿਖੇ ਵਿਸ਼ਵ ਪੰਜਾਬੀ ਸਭਾ ਦੇ ਸਹਿਯੋਗ ਨਾਲ ਪੰਦਰਾ ਰੋਜ਼ਾ ਪੁਸਤਕ ਮੇਲਾ ਲਾਇਆ ਗਿਆ। ਬੀਤੇ ਦਿਨ ਇਸ ਮੇਲੇ ਦਾ ਉਦਘਾਟਨ ਵਿਸ਼ਵ ਪੰਜਾਬੀ ਸਭਾ ਦੇ ਆਲਮੀ ਚੇਅਰਮੈਨ...
ਸਰੀ: ਚੇਤਨਾ ਪ੍ਰਕਾਸ਼ਨ ਲੁਧਿਆਣਾ ਦੇ ਸਹਿਯੋਗੀ ਅਦਾਰੇ ਗੁਲਾਟੀ ਪਬਲਿਸ਼ਰਜ਼ ਵੱਲੋਂ ਵਿਸ਼ਵ ਪੰਜਾਬੀ ਭਵਨ ਬਰੈਂਪਟਨ (ਕੈਨੇਡਾ) ਵਿਖੇ ਵਿਸ਼ਵ ਪੰਜਾਬੀ ਸਭਾ ਦੇ ਸਹਿਯੋਗ ਨਾਲ ਪੰਦਰਾ ਰੋਜ਼ਾ ਪੁਸਤਕ ਮੇਲਾ ਲਾਇਆ ਗਿਆ। ਬੀਤੇ ਦਿਨ ਇਸ ਮੇਲੇ ਦਾ ਉਦਘਾਟਨ ਵਿਸ਼ਵ ਪੰਜਾਬੀ ਸਭਾ ਦੇ ਆਲਮੀ ਚੇਅਰਮੈਨ ਡਾ. ਦਲਬੀਰ ਸਿੰਘ ਕਥੂਰੀਆ ਨੇ ਕੀਤਾ। ਮੇਲੇ ਦੇ ਮੁੱਖ ਪ੍ਰਬੰਧਕ ਸਤੀਸ਼ ਗੁਲਾਟੀ ਨੇ ਦੱਸਿਆ ਕਿ ਇਸ ਮੇਲੇ ਵਿੱਚ ਪੰਜ ਸੌ ਨਵੇਂ ਟਾਈਟਲ ਸ਼ਾਮਲ ਕੀਤੇ ਗਏ ਹਨ।
ਡਾ. ਕਥੂਰੀਆ ਨੇ ਕਿਹਾ ਕਿ ਕੈਨੇਡਾ ਵਿੱਚ ਪੁਸਤਕ ਮੇਲੇ ਲੱਗਣੇ ਇਸ ਲਈ ਵੀ ਜ਼ਰੂਰੀ ਹਨ ਕਿ ਪੰਜਾਬੀਆਂ ਨੂੰ ਭਾਸ਼ਾ ਤੇ ਵਿਰਾਸਤ ਨਾਲ ਜੋੜ ਕੇ ਰੱਖਿਆ ਜਾ ਸਕੇ। ਉਨ੍ਹਾਂ ਕਿਹਾ ਕਿ ਕੈਨੇਡਾ ਸਰਕਾਰ ਸਾਹਮਣੇ ਅਸੀਂ ਮੰਗ ਉਠਾ ਰਹੇ ਹਾਂ ਕਿ ਸਕੂਲਾਂ ਵਿੱਚ ਪੰਜਾਬੀ ਪੜ੍ਹਾਉਣ ਦੇ ਪ੍ਰਬੰਧ ਕੀਤੇ ਜਾਣ।
ਪੰਜਾਬੀ ਲੇਖਕ ਪ੍ਰੋ. ਜਗੀਰ ਸਿੰਘ ਕਾਹਲੋਂ ਨੇ ਕਿਹਾ ਕਿ ਕਿਤਾਬਾਂ ਹੀ ਮਹਾਨ ਮਨੁੱਖੀ ਗਿਆਨ ਮਈ ਤਰੰਗਾਂ ਨੂੰ ਸ਼ਬਦਾਂ ਵਿੱਚ ਉੱਕਰ ਕੇ ਸਾਡੇ ਸਮਾਜ ਅੱਗੇ ਪੜ੍ਹਨ ਲਈ ਪਰੋਸਦੀਆਂ ਹਨ। ਮੱਖਣ ਕੋਹਾੜ ਨੇ ਕਿਹਾ ਕਿ ਚੇਤਨਾ ਪ੍ਰਕਾਸ਼ਨ ਦੇ ਮਾਲਕ ਸ਼ਤੀਸ਼ ਗੁਲਾਟੀ ਵਧਾਈ ਦੇ ਪਾਤਰ ਹਨ ਜੋ ਹਰ ਸਾਲ ਪੰਜਾਬ ਤੋਂ ਇੱਥੇ ਪਹੁੰਚ ਕੇ ਪੁਸਤਕ ਪ੍ਰਦਰਸ਼ਨੀ ਲਾਉਂਦੇ ਹਨ ਅਤੇ ਪੰਜਾਬੀਆਂ ਦੇ ਗਿਆਨ ਦਾ ਦਾਇਰਾ ਵਧਾਉਣ ਵਿੱਚ ਯੋਗਦਾਨ ਪਾਉਂਦੇ ਹਨ।
ਨਾਟਕਕਾਰ ਬਲਜਿੰਦਰ ਲੇਲਣਾ ਅਤੇ ਵਿਸ਼ਵ ਪੰਜਾਬੀ ਸਭਾ ਦੇ ਭਾਰਤੀ ਚੈਪਟਰ ਦੀ ਪ੍ਰਧਾਨ ਬਲਵੀਰ ਕੌਰ ਰਾਏਕੋਟੀ ਨੇ ਕਿਹਾ ਕਿ ਕਿਤਾਬਾਂ ਸਾਡੀ ਸੱਭਿਆਚਾਰਕ ਪਛਾਣ ਨੂੰ ਕਾਇਮ ਰੱਖਣ ਵਿੱਚ ਸਹਾਈ ਹਨ ਅਤੇ ਹਰ ਪੰਜਾਬੀ ਨੂੰ ਆਪਣੇ ਘਰ ਵਿੱਚ ਲਾਇਬ੍ਰੇਰੀ ਬਣਾਉਣੀ ਚਾਹੀਦੀ ਹੈ।
ਇਸ ਮੌਕੇ ਪਾਕਿਸਤਾਨ ਤੋਂ ਆਈ ਕਵਿੱਤਰੀ ਤਾਹਿਰਾ ਸਰਾ, ਲੋਕ ਗਾਇਕ ਹਸਨੈਨ ਅਕਬਰ (ਬਾਬਾ ਗਰੁੱਪ), ਡਾ. ਦਰਸ਼ਨਦੀਪ, ਸਰਬਜੀਤ ਕੌਰ, ਰਾਜਿੰਦਰ ਸਿੰਘ, ਨਾਟਕਕਾਰ ਨਾਹਰ ਸਿੰਘ ਔਜਲਾ, ਡਾ. ਪ੍ਰਗਟ ਸਿੰਘ, ਬੱਗਾ, ਹੀਰਾ ਸਿੰਘ ਰੰਧਾਵਾ, ਜਸਵਿੰਦਰ ਸਿੰਘ ਬਿੱਟਾ, ਸਤਿਬੀਰ ਸਿੰਘ ਸਿੱਧੂ, ਹੰਸਪਾਲ ਸਰਬਜੀਤ ਕੌਰ ਕੋਹਲੀ, ਪਰਮਜੀਤ ਸਿੰਘ ਵਿਰਦੀ ਆਦਿ ਨੇ ਕਿਤਾਬਾਂ ਬਾਰੇ ਵਿਚਾਰ ਸਾਂਝੇ ਕੀਤੇ। ਸਤੀਸ਼ ਗੁਲਾਟੀ ਨੇ ਦੱਸਿਆ ਕਿ ਇਸ ਪੁਸਤਕ ਮੇਲੇ ਵਿੱਚ ਲਗਭਗ ਤਿੰਨ ਸੌ ਲੇਖਕਾਂ ਦੀਆਂ ਪੁਸਤਕਾਂ ਸ਼ਾਮਲ ਹਨ।
ਸੰਪਰਕ: +1 604 308 6663

