ਬਜ਼ੁਰਗ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕਰਨ
ਵੈਨਕੂਵਰ: ਇੰਡੋ ਕੈਨੇਡੀਅਨ ਸੀਨੀਅਰਜ਼ ਸੁਸਾਇਟੀ ਵੈਨਕੂਵਰ ਵੱਲੋਂ ਬੀਤੇ ਦਿਨੀਂ ਸਨਸੈੱਟ ਕਮਿਊਨਿਟੀ ਸੈਂਟਰ ਵੈਨਕੂਵਰ ਵਿਖੇ ਆਪਣੀ ਵਿਸ਼ੇਸ਼ ਸਭਾ ਦੌਰਾਨ ‘ਵਿਸ਼ਵ ਬਜ਼ੁਰਗ ਦਿਵਸ’ ਮਨਾਇਆ ਗਿਆ। ਇਸ ਮੌਕੇ ਵੈਲਫੇਅਰ ਸੁਸਾਇਟੀ ਸਰੀ ਦੇ ਜਸਵਿੰਦਰ ਸਿੰਘ ਮਾਹਲ ਆਪਣੀ ਟੀਮ ਨਾਲ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ।
ਸੁਸਾਇਟੀ ਦੇ ਸਕੱਤਰ ਸੁਰਜੀਤ ਸਿੰਘ ਮਿਨਹਾਸ ਨੇ ਮਹਿਮਾਨਾਂ ਦਾ ਸਵਾਗਤ ਕੀਤਾ। ਸਭਾ ਦੇ ਮੀਤ ਪ੍ਰਧਾਨ ਮੁਖਤਿਆਰ ਸਿੰਘ ਬੋਪਾਰਾਏ ਨੇ ‘ਬਜ਼ੁਰਗ ਦਿਵਸ’ ਦਾ ਇਤਿਹਾਸ ਅਤੇ ਸਮਾਜ ਵਿੱਚ ਬਜ਼ੁਰਗਾਂ ਦੀ ਵਿਸ਼ੇਸ਼ ਮਹੱਤਤਾ ਬਾਰੇ ਚਾਨਣਾ ਪਾਇਆ। ਜਸਵਿੰਦਰ ਸਿੰਘ ਮਾਹਲ ਨੇ ਬਜ਼ੁਰਗਾਂ ਲਈ ਕੁਝ ਖੇਡਾਂ ਦਾ ਪ੍ਰਬੰਧ ਕੀਤਾ ਅਤੇ ਖੇਡਾਂ ਵਿੱਚ ਜੇਤੂ ਰਹਿਣ ਵਾਲਿਆਂ ਨੂੰ ਇਨਾਮ ਦਿੱਤੇ। ਸਭਾ ਦੇ ਸੰਯੁਕਤ ਸਕੱਤਰ ਅਜੰਟ ਸਿੰਘ ਸਿੱਧੂ ਨੇ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਸੁਣਾਈਆਂ ਅਤੇ ਗੁਰਦਰਸ਼ਨ ਮਠਾੜੂ ਨੇ ਯੋਗਾ ਕਰਵਾਇਆ। ਸੁਸਾਇਟੀ ਦੇ ਕਲਾਕਾਰ ਮੈਂਬਰਾਂ ਵੱਲੋਂ ਕਵਿਤਾਵਾਂ, ਗੀਤਾਂ, ਬੋਲੀਆਂ ਅਤੇ ਚੁਟਕਲਿਆਂ ਨਾਲ ਖ਼ੂਬ ਰੰਗ ਬੰਨ੍ਹਿਆ ਗਿਆ। ਸੁਸਾਇਟੀ ਦੇ ਚਾਰ ਵਾਲੰਟੀਅਰਾਂ ਜਰਨੈਲ ਸਿੰਘ ਹੀਰ ਸਹੋਤਾ, ਮੱਖਣ ਸਿੰਘ ਸਿੱਧੂ, ਬਲਦੇਵ ਸਿੰਘ ਰੱਖੜਾ ਅਤੇ ਸੁਰਜੀਤ ਸਿੰਘ ਭੱਟੀ ਨੂੰ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ।
ਅੰਤ ਵਿੱਚ ਸੁਸਾਇਟੀ ਦੇ ਪ੍ਰਧਾਨ ਗੁਰਬਖ਼ਸ਼ ਸਿੰਘ ਸਿੱਧੂ ਨੇ ਸਾਰਿਆਂ ਨੂੰ ‘ਵਿਸ਼ਵ ਬਜ਼ੁਰਗ ਦਿਵਸ’ ਦੀ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਬਹੁਤ ਸਾਰੇ ਬਜ਼ੁਰਗ ਆਮ ਤੌਰ ’ਤੇ ਇਕੱਲਤਾ ਕਾਰਨ ਮਾਨਸਿਕ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ। ਇਸ ਲਈ ਸਾਨੂੰ ਇਕੱਲਤਾ ਨੂੰ ਦੂਰ ਕਰਨ ਲਈ ਇੱਕ ਦੂਜੇ ਨਾਲ ਆਪਣੇ ਮਨ ਦੇ ਵਲਵਲੇ ਸਾਂਝੇ ਕਰਨੇ ਚਾਹੀਦੇ ਹਨ ਅਤੇ ਸੀਨੀਅਰਜ਼ ਸੁਸਾਇਟੀਆਂ ਵਿੱਚ ਵਿਚਰਨਾ ਚਾਹੀਦਾ ਹੈ।
ਸੰਪਰਕ: +1 604 308 6663