DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਗੀਤਾਂ ’ਚ ਹੁਣ ਨਾ ਬੀਜਿਓ ਫ਼ਸਲਾਂ ਦੋਨਾਲੀਆਂ...

ਕੈਲਗਰੀ: ਅਰਪਨ ਲਿਖਾਰੀ ਸਭਾ ਦੀ ਮਹੀਨਾਵਾਰ ਮੀਟਿੰਗ ਕੋਸੋ ਹਾਲ ਵਿੱਚ ਡਾ. ਜੋਗਾ ਸਿੰਘ ਸਹੋਤਾ ਅਤੇ ਮਹਿਮਾਨ ਮੁਹੰਮਦ ਸਈਦ ਵੜੈਚ ਦੀ ਸਦਾਰਤ ਵਿੱਚ ਹੋਈ। ਉੱਭਰਦੇ ਸ਼ਾਇਰ ਅਤੇ ਗਾਇਕ ਸੁਖਮੰਦਰ ਗਿੱਲ ਨੇ ਲੱਚਰ ਗੀਤਕਾਰੀ ਨੂੰ ਨਕਾਰਦਾ ਆਪਣਾ ਗੀਤ ਸੁਣਾਇਆ ‘ਯਾਰਾਂ ਦੀ ਮੋਟਰ...
  • fb
  • twitter
  • whatsapp
  • whatsapp
Advertisement

ਕੈਲਗਰੀ: ਅਰਪਨ ਲਿਖਾਰੀ ਸਭਾ ਦੀ ਮਹੀਨਾਵਾਰ ਮੀਟਿੰਗ ਕੋਸੋ ਹਾਲ ਵਿੱਚ ਡਾ. ਜੋਗਾ ਸਿੰਘ ਸਹੋਤਾ ਅਤੇ ਮਹਿਮਾਨ ਮੁਹੰਮਦ ਸਈਦ ਵੜੈਚ ਦੀ ਸਦਾਰਤ ਵਿੱਚ ਹੋਈ। ਉੱਭਰਦੇ ਸ਼ਾਇਰ ਅਤੇ ਗਾਇਕ ਸੁਖਮੰਦਰ ਗਿੱਲ ਨੇ ਲੱਚਰ ਗੀਤਕਾਰੀ ਨੂੰ ਨਕਾਰਦਾ ਆਪਣਾ ਗੀਤ ਸੁਣਾਇਆ ‘ਯਾਰਾਂ ਦੀ ਮੋਟਰ ’ਤੇ ਨਾ ਮੁੜ ਖੜਕਣ ਗਲਾਸੀਆਂ/ ਜੱਟਾਂ ਦੇ ਹੱਥ ’ਚੋਂ ਖੋਹ ਲਓ ਦਿੱਤੀਆਂ ਗੰਡਾਸੀਆਂ/ਬੰਦੂਕਾਂ ਦੀ ਥਾਂ ਚਲਾ ਦਿਓ ਹਲ਼ ਤੇ ਪੰਜਾਲ਼ੀਆਂ/ਗੀਤਾਂ ’ਚ ਹੁਣ ਨਾ ਬੀਜਿਓ ਫ਼ਸਲਾਂ ਦੋਨਾਲੀਆਂ। ਨਵੇਂ ਗੀਤਕਾਰਾਂ ਨੂੰ ਉਸਾਰੂ ਤੇ ਮਿਆਰੀ ਲਿਖਣ ਦੀ ਸੇਧ ਦੇ ਗਿਆ। ਇਸ ’ਤੇ ਚਰਚਾ ਕਰਦਿਆਂ ਜ਼ੀਰ ਸਿੰਘ ਬਰਾੜ ਨੇ ਕਿਹਾ ਕਿ ਅਜਿਹੇ ਗੀਤਕਾਰ ਸਾਡੀ ਪੱਗ ਉੱਚੀ ਕਰਦੇ ਹਨ, ਜਦੋਂ ਕਿ ਜੋਗਾ ਸਿੰਘ ਸਹੋਤਾ ਨੇ ਇਸ ਨੂੰ ਕਮਾਲ ਦੀ ਗਾਇਕੀ ਤੇ ਗੀਤਕਾਰੀ ਕਰਾਰ ਦਿੱਤਾ।

ਮਾਸਟਰ ਹਰਭਜਨ ਸਿੰਘ ਨੇ ਵਿਅੰਗ ਲੇਖਕ ਗੁਰਨਾਮ ਸਿੰਘ ਤੀਰ ਦਾ ਲੇਖ ‘ਜ਼ਮਾਨਾ ਖ਼ਰਾਬ ਹੈ’ ਸੁਣਾ ਕੇ ਹਸਾਉਣ ਅਤੇ ਵਿਚਾਰ-ਮਗਨ ਕਰਨ ਦਾ ਮਾਹੌਲ ਸਿਰਜਿਆ। ਡਾ. ਮਨਮੋਹਨ ਬਾਠ ਨੇ ਫਿਲਮੀ ਗੀਤ ‘ਪਰਬਤ ਕੇ ਪੈਰੋਂ ਪਰ ਸ਼ਾਮ ਕਾ ਬਸੇਰਾ ਹੈ’ ਗਾ ਕੇ ਮੁਹੰਮਦ ਰਫ਼ੀ ਦੀ ਯਾਦ ਤਾਜ਼ਾ ਕਰ ਦਿੱਤੀ। ਡਾ. ਜੋਗਾ ਸਿੰਘ ਸਹੋਤਾ ਨੇ ਜਸਵੀਰ ਸਿੰਘ ਸਿਹੋਤਾ ਦਾ ਲਿਖਿਆ ਗੀਤ ‘ਸੁਫ਼ਨਾ ਤੇਰੇ ਪੰਜਾਬ ਦਾ ਸਾਡੇ ਦਿਲ ਵਿੱਚ ਰਹਿ ਗਿਆ’ ਅਤੇ ਕੇਸਰ ਸਿੰਘ ਨੀਰ ਦੀ ਗ਼ਜ਼ਲ ‘ਇਹ ਵੀ ਅਸਾਡਾ ਵਹਿਮ ਹੈ ਮਰ ਕੇ ਮਿਲਾਂਗੇ ਦੋਸਤਾ/ ਇਹ ਹੈ ਨਿਸ਼ਾਨੀ ਹਾਰ ਦੀ ਉਹ ਮਾਜਰਾ ਕੁਝ ਹੋਰ ਹੈ’ ਤਰੰਨੁਮ ਵਿੱਚ ਪੇਸ਼ ਕਰ ਕੇ ਸਰੋਦੀ ਰੰਗ ਬੰਨ੍ਹਿਆਂ।

Advertisement

ਦਰਸ਼ਨ ਸਿੰਘ ਬਰਾੜ ਦੀ ਛੰਦ-ਬੱਧ ਕਵਿਤਾ ‘ਨਾਲ ਮਿੱਤਰਾਂ ਦਗ਼ਾ ਕਮਾਈਏ ਨਾ, ਬਿਨਾਂ ਸੱਦਿਆਂ ਕਿਸੇ ਦੇ ਜਾਈਏ ਨਾ, ਬਿਨ ਦੱਸਿਆਂ ਕਿਸੇ ਦੇ ਆਈਏ ਨਾਂ’ ਸਿਆਣੀਆਂ ਮੱਤਾਂ ਦਾ ਖ਼ੂਬਸੂਰਤ ਪਟਾਰਾ ਖੋਲ੍ਹ ਗਈ। ਜ਼ੀਰ ਸਿੰਘ ਬਰਾੜ ਨੇ ਪੰਜਾਬ ਰਾਜ ਬਿਜਲੀ ਬੋਰਡ ਵਿੱਚ ਨੌਕਰੀ ਕਰਦਿਆਂ, ਸਮੇਂ ਦੇ ਨਿੱਜੀ ਤਜਰਬੇ ਸਾਂਝੇ ਕਰਦਿਆਂ ਆਖਿਆ ਕਿ ਮਿਹਨਤ ਅਤੇ ਦਿਆਨਤਦਾਰੀ ਨਾਲ ਕੀਤੀ ਸਰਕਾਰੀ ਨੌਕਰੀ ਦੀ ਤਸੱਲੀ ਉਸ ਦਾ ਸਰਮਾਇਆ ਹੈ। ਉਸ ਨੇ ਅਰਪਨ ਲਿਖਾਰੀ ਸਭਾ ਦੇ ਯੋਗਦਾਨ ਬਾਰੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਜਿੱਥੇ ਸਾਹਿਤਕ ਚਰਚਾ ਹੁੰਦੀ ਹੈ, ਉੱਥੇ ਨਾਲ ਨੇਕ ਵਿਚਾਰ ਵੀ ਸੁਣਨ ਨੂੰ ਮਿਲਦੇ ਹਨ। ਜਸਵੀਰ ਸਿਹੋਤਾ ਨੇ ਪੰਜਾਬ ਫੇਰੀ ਦੌਰਾਨ ਹੋਏ ਅਨੁਭਵ ਸਾਂਝੇ ਕੀਤੇ ਅਤੇ ਆਪਣੀ ਤਾਜ਼ਾ ਕਵਿਤਾ ‘ਐਸਾ ਵਰ ਜੋੜੀਂ ਮਾਲਕਾ ਪਹਿਲੇ ਰਿਸ਼ਤੇ ਨਾ ਜਾਣ ਤਰੇੜੇ’ ਸੁਣਾਈ।

ਸਤਨਾਮ ਸਿੰਘ ਨੇ ਵਿਧਾਤਾ ਸਿੰਘ ਧੀਰ ਦੀ ਲਿਖੀ, ਮਹਾਰਾਜਾ ਰਣਜੀਤ ਸਿੰਘ ਦੇ ਪਰਜਾ ਦੇ ਸੇਵਾਦਾਰ ਵਜੋਂ ਕੀਤੀ ਸੇਵਾ ਨੂੰ ‘ਪਾਂਡੀ ਪਾਤਸ਼ਾਹ’ ਪ੍ਰਭਾਵਸ਼ਾਲੀ ਕਵਿਤਾ ਰਾਹੀਂ ਪੇਸ਼ ਕੀਤਾ। ਕੈਲਗਰੀ ਦੇ ਮੁਖਿੰਦਰਪਾਲ ਸਿੰਘ ਉੱਪਲ ਨੇ ਪੰਜਾਬ ਜਾ ਕੇ ਨੇਕ ਕੰਮਾਂ ਲਈ ਦਿਲ ਖੋਲ੍ਹ ਕੇ ਗੁਪਤ-ਦਾਨ ਕਰਨ ਦੀ ਅਹਿਮ ਜਾਣਕਾਰੀ ਸਾਂਝੀ ਕੀਤੀ ਅਤੇ ਲੋੜਵੰਦਾਂ ਦੀ ਮਦਦ ਕਰਨ ਲਈ ਵੀ ਪ੍ਰੇਰਨਾ ਦਿੱਤੀ। ਦਿੱਲੀ ਤੋਂ ਕੈਲਗਰੀ ਦੀ ਫੇਰੀ ’ਤੇ ਆਏ ਕਾਰੋਬਾਰੀ ਜਸਵਿੰਦਰ ਸਿੰਘ ਨੇ 1984 ਦੇ ਦਿੱਲੀ ਵਿੱਚ ਹੋਏ ਸਿੱਖਾਂ ਦੇ ਕਤਲੇਆਮ ਦੀ ਹੱਡਬੀਤੀ ਅਤੇ ਜੱਗਬੀਤੀ ਦੇ ਅੱਖੀਂ ਵੇਖੇ ਹਾਲਾਤ ਬਿਆਨ ਕੀਤੇ। ਲਹਿੰਦੇ ਪੰਜਾਬ ਤੋਂ ਆਏ ਮੁਹੰਮਦ ਸਈਦ ਵੜੈਚ ਨੇ ਸਭਾ ਦੇ ਮਿਆਰੀ ਪ੍ਰੋਗਰਾਮ ਦੀ ਤਾਰੀਫ਼ ਕੀਤੀ ਅਤੇ ਬਾਬਾ ਬੁੱਲ੍ਹੇ ਸ਼ਾਹ ਦਾ ਕਲਾਮ ਵਿਲੱਖਣ ਅੰਦਾਜ਼ ਵਿੱਚ ਸੁਣਾ ਕੇ ਹਾਜ਼ਰੀ ਲਗਵਾਈ।

ਜਗਦੇਵ ਸਿੰਘ ਸਿੱਧੂ ਨੇ ਢੁੱਕਵੀਂਆਂ ਟਿੱਪਣੀਆਂ ਕਰਦੇ ਹੋਏ ਸਕੱਤਰ ਦੀਆਂ ਸੇਵਾਵਾਂ ਨਿਭਾਉਂਦਿਆਂ ਸਰੋਤਿਆਂ ਨੂੰ ਕੀਲੀ ਰੱਖਿਆ। ਅਖ਼ੀਰ ਵਿੱਚ ਪ੍ਰਧਾਨ ਡਾ. ਜੋਗਾ ਸਿੰਘ ਸਹੋਤਾ ਨੇ ਪੇਸ਼ਕਾਰੀਆਂ ਦੇ ਮਿਆਰ ਨੂੰ ਸਲਾਹਿਆ, ਇਨ੍ਹਾਂ ਬਾਰੇ ਹੋਈ ਚਰਚਾ ਨੂੰ ਉਸਾਰੂ ਦੱਸਿਆ ਅਤੇ ਹਾਜ਼ਰੀਨ ਦਾ ਦਿਲੋਂ ਧੰਨਵਾਦ ਕੀਤਾ। ਨਾਲ ਹੀ ਪਿਛਲੇ ਦਿਨੀਂ ਵਿੱਛੜ ਗਏ ਨਾਮਵਰ ਸ਼ਾਇਰ ਕੇਸਰ ਸਿੰਘ ਨੀਰ ਨੂੰ ਯਾਦ ਕਰਦਿਆਂ 26 ਜੁਲਾਈ ਨੂੰ ਦੁਪਹਿਰ 1 ਵਜੇ ਟੈਂਪਲ ਕਮਿਊਨਟੀ ਹਾਲ ਵਿੱਚ ਰੱਖੇ ਸ਼ਰਧਾਂਜਲੀ ਸਮਾਗਮ ਵਿੱਚ ਪਹੁੰਚਣ ਦੀ ਪੁਰਜ਼ੋਰ ਅਪੀਲ ਕੀਤੀ।

Advertisement
×