ਯੂਰਪੀ ਪੰਜਾਬੀ ਸਾਹਿਤ ਅਕਾਦਮੀ ਦੇ ਮਨੋਰਥ ’ਤੇ ਚਰਚਾ
ਇਟਲੀ: ਯੂਰਪ ਵਿੱਚ ਨਵਗਠਿਤ ‘ਯੂਰਪੀ ਪੰਜਾਬੀ ਸਾਹਿਤ ਅਕਾਦਮੀ’ (ਈਪੀਐੱਲਏ) ਵੱਲੋਂ ਦੂਸਰੀ ਆਨਲਾਈਨ ਵਿਚਾਰ ਚਰਚਾ ਤੇ ਵਰਕਸ਼ਾਪ ਮੀਟਿੰਗ ਕੀਤੀ ਗਈ। ਇਸ ਵਿੱਚ ਭਾਰਤ ਤੋਂ ਕਵੀ ਅਤੇ ਚਿੰਤਕ ਡਾ. ਦਵਿੰਦਰ ਸੈਫ਼ੀ, ਡਾ. ਬਲਜਿੰਦਰ ਨਸਰਾਲੀ (ਦਿੱਲੀ ਯੂਨੀਵਰਸਿਟੀ), ਡਾ. ਬਲਜੀਤ ਕੌਰ ਰਿਆੜ (ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ) ਅਤੇ ਨੌਜਵਾਨ ਪੱਤਰਕਾਰ, ਅਨੁਵਾਦਕ ਤੇ ਫਿਲਮਸਾਜ਼ ਦੀਪ ਜਗਦੀਪ ਸਿੰਘ ਸ਼ਾਮਲ ਹੋਏ।
ਇਸ ਤੋਂ ਇਲਾਵਾ ਇੰਗਲੈਂਡ ਤੋਂ ਨਾਵਲਕਾਰ ਮਹਿੰਦਰਪਾਲ ਧਾਲੀਵਾਲ ਅਤੇ ਕਹਾਣੀਕਾਰ ਬਲਵੰਤ ਗਿੱਲ, ਜਰਮਨੀ ਤੋਂ ਰਾਜਨੀਤਕ ਤੇ ਸਮਾਜਿਕ ਆਗੂ ਜਸਵਿੰਦਰ ਪਾਲ ਸਿੰਘ ਰਾਠ, ਪੰਜਾਬੀ ਸੱਭਿਆਚਾਰ ਤੇ ਭਾਸ਼ਾ ਬਾਰੇ ਖੋਜਕਾਰਾ ਏਵਜੀਨੀਆ ਬਰਦੇਸੀ (ਪਾਤਰਸ ਯੂਨੀਵਰਸਿਟੀ, ਗਰੀਸ) ਅਤੇ ਇਟਲੀ ਤੋਂ ਸਾਹਿਤ ਸੁਰ ਸੰਗਮ ਸਭਾ ਇਟਲੀ ਦੇ ਅਹੁਦੇਦਾਰ ਗ਼ਜ਼ਲਗੋ ਪ੍ਰੇਮਪਾਲ ਸਿੰਘ ਨੇ ਵੀ ਭਾਗ ਲਿਆ। ਦਲਜਿੰਦਰ ਸਿੰਘ ਰਹਿਲ ਨੇ ਆਰੰਭ ਕਰਦਿਆਂ ਸ੍ਰੀ ਗੁਰੂ ਗਰੰਥ ਸਾਹਿਬ ਦੇ ਪ੍ਰਕਾਸ਼ ਦਿਹਾੜੇ ਦੀ ਸਾਰਿਆਂ ਨਾਲ ਵਧਾਈ ਸਾਂਝੀ ਕੀਤੀ। ਯੂਰਪੀ ਪੰਜਾਬੀ ਸਾਹਿਤ ਅਕਾਦਮੀ ਦੇ ਪ੍ਰਧਾਨ ਬਲਵਿੰਦਰ ਸਿੰਘ ਚਾਹਲ ਨੇ ਸੰਸਥਾ ਬਾਰੇ ਦੱਸਿਆ ਕਿ ਇਹ ਸਮੁੱਚੇ ਯੂਰਪੀ ਖਿੱਤੇ ਵਿੱਚ ਅਜਿਹੀ ਪਹਿਲੀ ਸੰਸਥਾ ਹੈ ਜੋ ਸਾਹਿਤ, ਦਰਸ਼ਨ (ਫ਼ਲਸਫ਼ਾ), ਭਾਸ਼ਾ ਅਤੇ ਨਵੀਂ ਪੀੜ੍ਹੀ ਜਿਹੇ ਗੰਭੀਰ ਅਤੇ ਸੰਵੇਦਨਸ਼ੀਲ ਮੁੱਦਿਆਂ ਉੱਪਰ ਅਕਾਦਮਿਕ ਪੱਧਰ ’ਤੇ ਕੰਮ ਕਰੇਗੀ। ਸੰਸਥਾ ਦੇ ਮੁੱਖ ਸਲਾਹਕਾਰ ਪ੍ਰੋ. ਜਸਪਾਲ ਸਿੰਘ ਨੇ ਵਿਸਥਾਰ ਸਹਿਤ ਮਨੋਰਥਾਂ ਤੇ ਟੀਚਿਆਂ ਬਾਰੇ ਦੱਸਿਆ।
ਡਾ. ਬਲਜਿੰਦਰ ਨਸਰਾਲੀ ਨੇ ਕਿਹਾ ਕਿ ਅਜੋਕੇ ਵਿਸ਼ਵੀ ਪਿੰਡ ਵਿੱਚ ਆਪਣੀ ਭਾਸ਼ਾ ਅਤੇ ਸਾਹਿਤ ਦੀ ਗੱਲ ਨੂੰ ਅੱਗੇ ਤੋਰਨ ਲਈ ਵਿਦੇਸ਼ਾਂ ਵਿੱਚ ਦੂਜੀਆਂ ਭਾਸ਼ਾਵਾਂ ਅਤੇ ਸਮਾਜ ਨਾਲ ਤਾਲਮੇਲ ਜ਼ਰੂਰੀ ਹੈ। ਡਾ. ਦਵਿੰਦਰ ਸੈਫ਼ੀ ਨੇ ਕਿਹਾ ਕਿ ਅਜਿਹੀਆਂ ਸੰਸਥਾਵਾਂ ਦਾ ਹੋਂਦ ਵਿੱਚ ਆਉਣਾ ਆਮ ਗੱਲ ਹੈ, ਪਰ ਜਿਸ ਤਰ੍ਹਾਂ ਟੀਚਿਆਂ ਦੀ ਵਚਨਬੱਧਤਾ ਯੂਰਪੀ ਪੰਜਾਬੀ ਸਾਹਿਤ ਅਕਾਦਮੀ ਵੱਲੋਂ ਦਿਖਾਈ ਜਾ ਰਹੀ ਹੈ, ਉਸ ਤੋਂ ਯੂਰਪੀ ਮਹਾਂਦੀਪ ਵਿੱਚ ਪੰਜਾਬੀ ਦੇ ਸੁਨਹਿਰੇ ਭਵਿੱਖ ਦੀ ਮਹਿਕ ਆਉਣੀ ਲਾਜ਼ਮੀ ਹੈ। ਇਸੇ ਤਰ੍ਹਾਂ ਡਾ. ਬਲਜੀਤ ਕੌਰ ਰਿਆੜ ਨੇ ਕਿਹਾ ਕਿ ਜਿਵੇਂ ਯੂਰਪੀ ਪੰਜਾਬੀ ਸਾਹਿਤ ਅਕਾਦਮੀ ਕੁਝ ਖ਼ਾਸ ਮੁੱਦਿਆਂ ਪ੍ਰਤੀ ਸੁਹਿਰਦ ਨਜ਼ਰ ਆਉਂਦੀ ਹੈ, ਉਸ ਵੱਲ ਦੇਖਦਿਆਂ ਖ਼ੁਸ਼ੀ ਮਹਿਸੂਸ ਹੁੰਦੀ ਹੈ ਕਿ ਆਉਣ ਵਾਲੇ ਸਮੇਂ ਵਿੱਚ ਯੂਰਪੀ ਪੰਜਾਬੀ ਸਾਹਿਤ ਅਤੇ ਯੂਰਪੀਅਨ ਭਾਸ਼ਾਵਾਂ ਦਾ ਪੰਜਾਬੀ ਭਾਸ਼ਾ ਨਾਲ ਆਦਾਨ ਪ੍ਰਦਾਨ ਵਧੇਗਾ।
ਏਵਜੀਨੀਆ ਬਰਦੇਸੀ ਨੇ ਗਰੀਸ ਵਿੱਚ ਪੰਜਾਬੀ ਭਾਈਚਾਰੇ ਉੱਪਰ ਕੀਤੀ ਜਾ ਰਹੀ ਖੋਜ ਦੇ ਆਧਾਰ ਉੱਪਰ ਆਪਣੇ ਤਜਰਬੇ ਸਾਂਝੇ ਕੀਤੇ ਅਤੇ ਭਾਸ਼ਾਵਾਂ ਦੇ ਆਪਸੀ ਤਾਲਮੇਲ ਨੂੰ ਇੱਕ ਵੱਡਾ ਕਾਰਜ ਦੱਸਿਆ। ਦੀਪ ਜਗਦੀਪ ਨੇ ਬਹੁਤ ਵਿਸਥਾਰ ਵਿੱਚ ਮਸਨੂਈ ਬੁੱਧੀ, ਪੰਜਾਬੀ ਸਾਹਿਤ ਅਤੇ ਬੋਲੀ ਬਾਰੇ ਅਜੋਕੇ ਸੰਦਰਭ ਤੋਂ ਜਾਣਕਾਰੀ ਸਾਂਝੀ ਕੀਤੀ ਜਿਸ ਵਿੱਚ ਮੀਡੀਆ, ਅਖ਼ਬਾਰਾਂ, ਕਿਤਾਬਾਂ ਤੇ ਹੁਣ ਦਾ ਡਿਜੀਟਲ ਯੁੱਗ ਕਿਸ ਪਾਸੇ ਵੱਲ ਵਧ ਰਿਹਾ ਹੈ, ਬਾਰੇ ਵੀ ਦੱਸਿਆ। ਮਹਿੰਦਰਪਾਲ ਧਾਲੀਵਾਲ ਨੇ ਕਿਹਾ ਕਿ ਸਾਨੂੰ ਯੂਰਪੀ ਪੱਧਰ ਦੇ ਨਾਲ ਨਾਲ ਆਪਣੇ ਖੇਤਰੀ ਪੱਧਰ ਉੱਪਰ ਵੀ ਅਜਿਹੇ ਯਤਨ ਕਰਨ ਦੀ ਬਹੁਤ ਜ਼ਰੂਰਤ ਹੈ, ਤਾਂ ਕਿ ਕੰਮਾਂ ਨੂੰ ਇਕਾਈਆਂ ਦੇ ਤੌਰ ’ਤੇ ਕੀਤਾ ਜਾ ਸਕੇ।
ਜਸਵਿੰਦਰ ਸਿੰਘ ਰਾਠ ਨੇ ਜਰਮਨ ਵਿੱਚ ਆਪਣੇ ਰਾਜਨੀਤਕ ਕੰਮਾਂ ਦੇ ਨਾਲ ਨਾਲ ਪੰਜਾਬੀ ਭਾਸ਼ਾ ਲਈ ਕੀਤੇ ਜਾ ਰਹੇ ਯਤਨਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਬਲਵੰਤ ਗਿੱਲ ਨੇ ਬਰਤਾਨੀਆ ਵਿੱਚ ਰਾਜਨੀਤੀ ਅਤੇ ਸਾਹਿਤ ਕਿਵੇਂ ਨਾਲ ਨਾਲ ਤੋਰਿਆ ਜਾ ਰਿਹਾ ਹੈ, ਇਸ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਪ੍ਰੇਮਪਾਲ ਸਿੰਘ ਨੇ ਆਪਣੀਆਂ ਗ਼ਜ਼ਲਾਂ ਸੁਣਾ ਕੇ ਸਭ ਦੀ ਵਾਹ ਵਾਹ ਪ੍ਰਾਪਤ ਕੀਤੀ। ਅਮਜ਼ਦ ਆਰਫ਼ੀ ਜਰਮਨੀ ਨੇ ਵੀ ਆਪਣੀ ਗ਼ਜ਼ਲ ਨਾਲ ਖ਼ੂਬਸੂਰਤ ਹਾਜ਼ਰੀ ਲਗਾਈ। ਰੂਪ ਦਵਿੰਦਰ ਕੌਰ ਨੇ ਜਿੱਥੇ ਬਰਤਾਨਵੀ ਸਾਹਿਤਕਾਰਾਂ ਨੂੰ ਪੇਸ਼ ਕੀਤਾ, ਉੱਥੇ ਉਨ੍ਹਾਂ ਦੇ ਸਾਹਿਤਕ ਜੀਵਨ ਬਾਰੇ ਵੀ ਨਿਵੇਕਲੇ ਅੰਦਾਜ਼ ਵਿੱਚ ਪੇਸ਼ਕਾਰੀ ਕੀਤੀ।
ਇਸੇ ਤਰ੍ਹਾਂ ਗੁਰਪ੍ਰੀਤ ਕੌਰ ਗਾਇਦੂ ਨੇ ਏਵਜੀਨੀਆ ਨੂੰ ਪੇਸ਼ ਵੀ ਕੀਤਾ ਅਤੇ ਉਨ੍ਹਾਂ ਦੇ ਯੂਨਾਨੀ ਭਾਸ਼ਾ ਵਿੱਚ ਕੀਤੀ ਗੱਲਬਾਤ ਨੂੰ ਪੰਜਾਬੀ ਵਿੱਚ ਤਰਜਮਾ ਕਰਕੇ ਸਭ ਨਾਲ ਸਾਂਝਾ ਵੀ ਕੀਤਾ। ਇਸ ਸਮੁੱਚੇ ਸਮਾਗਮ ਦਾ ਸੰਚਾਲਨ ਦਲਜਿੰਦਰ ਸਿੰਘ ਰਹਿਲ, ਰੂਪ ਦਵਿੰਦਰ ਕੌਰ ਤੇ ਗੁਰਪ੍ਰੀਤ ਕੌਰ ਗਾਇਦੂ ਵੱਲੋਂ ਕੀਤਾ ਗਿਆ। ਇਸ ਇਕੱਤਰਤਾ ਵੱਲੋਂ ਕਲਾਕਾਰ ਜਸਵਿੰਦਰ ਭੱਲਾ ਦੀ ਬੇਵਕਤੀ ਮੌਤ ’ਤੇ ਦੁੱਖ ਪ੍ਰਗਟਾਉਂਦਿਆਂ ਉਸ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ।
*ਖ਼ਬਰ ਸਰੋਤ: ਯੂਰਪੀ ਪੰਜਾਬੀ ਸਾਹਿਤ ਅਕਾਦਮੀ