ਕੈਨੇਡਾ ਵਿੱਚ ਝੰਡ ਦੀ ਪੁਸਤਕ ‘ਪੁਰਖਿਆਂ ਦਾ ਦੇਸ਼’ ਉੱਤੇ ਵਿਚਾਰ ਗੋਸ਼ਟੀ
ਝੰਡ ਨੇ ਸਫ਼ਰਨਾਮੇ ਵਿੱਚ ਵਿਛੋੜੇ ਦੀ ਪੀੜ ਨੂੰ ਬਾਖੂਬੀ ਨਿਭਾਇਆ
ਕੈਨੇਡੀਅਨ ਸਾਹਿਤ ਸਭਾ ਟੋਰਾਂਟੋ ਵੱਲੋਂ ਡਾ. ਸੁਖਦੇਵ ਸਿੰਘ ਝੰਡ ਦੇ ਹਾਲ ਹੀ ਪ੍ਰਕਾਸ਼ਿਤ ਹੋਏ ਸਫ਼ਰਨਾਮੇ ‘ਪੁਰਖਿਆਂ ਦਾ ਦੇਸ਼’ ਉਪਰ ਵਿਚਾਰ ਗੋਸ਼ਟੀ ਕਰਵਾਈ ਗਈ। ਇਸ ਮੌਕੇ ਲਹਿੰਦੇ ਪੰਜਾਬ ਦੇ ਮਰਹੂਮ ਸ਼ਾਇਰ ਸਲੀਮ ਪਾਸ਼ਾ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ ਗਈ। ਸਫ਼ਰਨਾਮਾ ਵਿੱਚ ਡਾ. ਝੰਡ ਨੇ ਲਹਿੰਦੇ ਚੜ੍ਹਦੇ ਪੰਜਾਬ ਜੋ ਵੰਡ ਦੀ ਪੀੜ ਨੂੰ ਹੰਢਾ ਰਹੇ ਹਨ, ਨੂੰ ਬਹੁਤ ਕਲਾਮਈ ਢੰਗ ਨਾਲ ਪੇਸ਼ ਕੀਤਾ। ਲੇਖਕ ਨੇ ਦੋਹਾਂ ਪੰਜਾਬਾਂ ਦੀਆਂ ਸਭਿਆਚਾਰਕ ਸਾਂਝ ਤੇ ਸਮਾਜਿਕ ਜੀਵਨ ਨੂੰ ਬਹੁਤ ਨੇੜਿਓਂ ਮਹਿਸੂਸ ਕੀਤਾ ਹੈ।
ਡਾ. ਵਰਿਆਮ ਸੰਧੂ ਨੇ ਗੋਸ਼ਟੀ ਵਿੱਚ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਡਾ. ਝੰਡ ਦੀ ਸਫ਼ਰਨਾਮੇ ਦੀ ਇਬਾਰਤ ਦੋਹਾਂ ਪੰਜਾਬਾਂ ਦੇ ਪਥਰਾਏ ਮਨਾਂ ਨੂੰ ਪਿਘਲਾ ਦੇਣ ਵਾਲੀ ਹੈ। 1947 ਵਿਚ ਪਰਾਈ ਹੋਈ ਧਰਤੀ ਲੇਖਕ ਨੂੰ ਅੱਜ ਵੀ ਆਪਣੀ ਲੱਗਦੀ ਹੈ। ਸੰਧੂ ਨੇ ਕਿਹਾ ਕਿ ਸਿਆਸਤ ਦੀ ਹਊਮੇ ਨੇ ਦੋਹਾਂ ਮੁਲਕਾਂ ਦੇ ਲੋਕ ਮਨਾਂ ਉੱਪਰ ਕੂੜ ਪ੍ਰਚਾਰ ਦੀ ਅਜਿਹੀ ਮੋਟੀ ਤਹਿ ਵਿਛਾ ਦਿੱਤੀ ਹੈ ਜਿਸ ਹੇਠ ਮੁਹੱਬਤ ਦੀ ਨਿਰਮਲ ਵਗਦੀ ਕੂਲ ਵੀ ਨੱਪੀ ਗਈ ਹੈ। ਪਰ ਫੇਰ ਵੀ ਡਾ. ਝੰਡ ਵਰਗਿਆਂ ਦੇ ਰਚਨਾਤਮਕ ਯਤਨਾਂ ਨਾਲ ਕਦੇ ਕਦੇ ਚਸ਼ਮੇ ਫੁੱਟਦੇ ਰਹਿੰਦੇ ਹਨ। ਵਰਨਣਯੋਗ ਕਿ ਇਸ ਕਿਤਾਬ ਦਾ ਮੁੱਖ ਬੰਦ ਵੀ ਸੰਧੂ ਸਾਹਿਬ ਨੇ ਹੀ ਲਿਖਿਆ ਹੈ।
ਪੁਸਤਕ ਉੱਪਰ ਲਿਖੇ ਪਰਚੇ ਵਿਚ ਡਾ. ਹਰਕੰਵਲ ਕੋਰਪਾਲ ਨੇ ਕਿਹਾ ਕਿ ਡਾ. ਝੰਡ ਨੇ ਸਫ਼ਰਨਾਮੇ ਵਿਚ ਦੋਵਾਂ ਮੁਲਕਾਂ ਵਿਚ ਜਿੱਥੇ ਕੁੜੱਤਣ ਨੂੰ ਘਟਾਉਣ ਦਾ ਅਸਰਦਾਰ ਯਤਨ ਕੀਤਾ ਹੈ ਉਥੇ ਕਲਾਮਈ ਢੰਗ ਨਾਲ ਅਮਨ ਸ਼ਾਂਤੀ ਦਾ ਸੰਦੇਸ਼ ਵੀ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਪੁਸਤਕ ਦੋਵਾਂ ਪੰਜਾਬਾਂ ਨੂੰ ਰਚਨਾਤਮਕ ਊਰਜਾ ਪ੍ਰਦਾਨ ਕਰੇਗੀ ਅਤੇ ਜੇ ਸਿਆਸਤਦਾਨਾਂ ਨੂੰ ਸਮਝ ਪਵੇ ਤਾਂ ਇਨ੍ਹਾਂ ਮੁਲਕਾਂ ਦੇ ਕੂਟਨੀਤਕ ਸਬੰਧਾਂ ’ਤੇ ਵੀ ਅਸਰ ਪਾਵੇਗੀ।
ਸੁਰਿੰਦਰਜੀਤ ਕੌਰ ਲੁਧਿਆਣਾ ਨੇ ਕਿਹਾ ਕਿ ਲੇਖਕ ਦਾ ਪੇਕਾ ਪਿੰਡ ਚੱਕ ਨੰਬਰ 202 ਤਲਾਵਾਂ ਸੀ ਜੋ ਵੰਡ ਕਾਰਨ ਪਾਕਿਸਤਾਨ ਵਾਲੇ ਪਾਸੇ ਰਹਿ ਗਿਆ। ਲੇਖਕ ਨੇ ਪਿੰਡ ਦੀਆਂ ਗਲੀਆਂ ਤੇ ਹੋਰ ਥਾਵਾਂ ਦਾ ਜ਼ਿਕਰ ਬਹੁਤ ਸ਼ਾਨਦਾਰ ਢੰਗ ਨਾਲ ਕੀਤਾ ਹੈ। ਕਿਰਪਾਲ ਸਿੰਘ ਪੰਨੂ ਨੇ ਕਿਹਾ ਕਿ ਇਹ ਸੰਭਾਲਣਯੋਗ ਉਪਰਾਲਾ ਹੈ। ਪ੍ਰਿੰਸੀਪਲ ਸਰਵਣ ਸਿੰਘ ਨੇ ਕਿਹਾ ਪੰਜਾਬੀ ਵਿਚ 100ਦੇ ਕਰੀਬ ਸਫ਼ਰਨਾਮੇ ਮੌਜੂਦ ਹਨ ਪਰ ਬਲਰਾਜ ਸਾਹਨੀ ਦਾ ‘ਮੇਰਾ ਪਾਕਿਸਤਾਨੀ ਸਫ਼ਰਨਾਮਾ’ ਅਤੇ ਵਰਿਆਮ ਸੰਧੂ ਦਾ ਸਫ਼ਰਨਾਮਾ ‘ਰਾਵੀ ਤੋਂ ਪਾਰ’ ਬਹੁਤ ਹੀ ਸੁਆਦਲੇ ਹਨ।
ਇਸ ਮੌਕੇ ਸੁਖਚਰਨਜੀਤ ਕੌਰ, ਨਾਹਰ ਸਿੰਘ ਔਜਲਾ, ਰਾਜਪਾਲ ਹੋਠੀ, ਇਕਬਾਲ ਬਰਾੜ, ਦਰਸ਼ਨ ਗਰੇਵਾਲ, ਪ੍ਰੋ. ਅਸ਼ਿਕ ਰਹੀਲ ਆਦਿ ਨੇ ਵੀ ਪੁਸਤਕ ’ਤੇ ਆਪਣੇ ਵਿਚਾਰ ਰੱਖੇ। ਕਲਾ ਪ੍ਰੇਮੀਆਂ ਨੂੰ ਜੀ ਆਇਆਂ ਸਭਾ ਦੇ ਪ੍ਰਧਾਨ ਕਰਨ ਅਜਾਇਬ ਸਿੰਘ ਸੰਘਾ ਨੇ ਕਿਹਾ ਜਦੋਂਕਿ ਮੰਚ ਸੰਚਾਲਨ ਮਲੂਕ ਸਿੰਘ ਕਾਹਲੋਂ ਵੱਲੋਂ ਕੀਤਾ ਗਿਆ।