DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਬੱਚਿਆਂ ਨੇ ਕਵਿਤਾਵਾਂ ਜ਼ਰੀਏ ਕੀਤਾ ਗੁਰੂ ਸਾਹਿਬਾਨ ਨੂੰ ਸਿਜਦਾ

ਕੈਲਗਰੀ: ਅੰਤਰਰਾਸ਼ਟਰੀ ਕਵੀ ਦਰਬਾਰ ਕਰਵਾਉਂਦੇ ਰਹਿਣ ਵਾਲੀ ਈ ਦੀਵਾਨ ਸੁਸਾਇਟੀ, ਕੈਲਗਰੀ ਵੱਲੋਂ ਇਸ ਵਾਰ ਅੰਤਰਰਾਸ਼ਟਰੀ ਬਾਲ-ਕਵੀ ਦਰਬਾਰ ਕਰਵਾ ਕੇ ਨਵੀਂ ਪਿਰਤ ਪਾਈ ਗਈ ਜਿਸ ਵਿੱਚ ਵੱਖ ਵੱਖ ਦੇਸ਼ਾਂ ਤੋਂ ਬੱਚੇ ਔਨਲਾਈਨ ਸ਼ਾਮਲ ਹੋਏ। ਭਾਵੇਂ ਇਹ ਕਵੀ-ਦਰਬਾਰ ਖਾਲਸਾ ਸਾਜਨਾ ਦਿਵਸ ਨੂੰ...
  • fb
  • twitter
  • whatsapp
  • whatsapp
Advertisement

ਕੈਲਗਰੀ: ਅੰਤਰਰਾਸ਼ਟਰੀ ਕਵੀ ਦਰਬਾਰ ਕਰਵਾਉਂਦੇ ਰਹਿਣ ਵਾਲੀ ਈ ਦੀਵਾਨ ਸੁਸਾਇਟੀ, ਕੈਲਗਰੀ ਵੱਲੋਂ ਇਸ ਵਾਰ ਅੰਤਰਰਾਸ਼ਟਰੀ ਬਾਲ-ਕਵੀ ਦਰਬਾਰ ਕਰਵਾ ਕੇ ਨਵੀਂ ਪਿਰਤ ਪਾਈ ਗਈ ਜਿਸ ਵਿੱਚ ਵੱਖ ਵੱਖ ਦੇਸ਼ਾਂ ਤੋਂ ਬੱਚੇ ਔਨਲਾਈਨ ਸ਼ਾਮਲ ਹੋਏ। ਭਾਵੇਂ ਇਹ ਕਵੀ-ਦਰਬਾਰ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਸੀ, ਪਰ ਬੱਚਿਆਂ ਨੂੰ ਕੋਈ ਵੀ ਧਾਰਮਿਕ ਕਵਿਤਾ ਸੁਣਾਉਣ ਦੀ ਖੁੱਲ੍ਹ ਦਿੱਤੀ ਗਈ ਸੀ।

Advertisement

ਸਭ ਤੋਂ ਪਹਿਲਾਂ ਸੁਸਾਇਟੀ ਦੇ ਸੰਸਥਾਪਕ ਬਲਰਾਜ ਸਿੰਘ ਨੇ ਸਭ ਨੂੰ ‘ਜੀ ਆਇਆਂ’ ਆਖਦੇ ਹੋਏ ਕਿਹਾ ਕਿ ਬੱਚੇ ਸਾਡੇ ਭਵਿੱਖ ਦੇ ਵਾਰਿਸ ਹਨ ਅਤੇ ਇਨ੍ਹਾਂ ਨੂੰ ਵੱਧ ਤੋਂ ਵੱਧ ਮੌਕੇ ਦੇਣੇ ਸਾਡਾ ਫਰਜ਼ ਵੀ ਹੈ ਅਤੇ ਸਮੇਂ ਦੀ ਲੋੜ ਵੀ। ਪ੍ਰੋਗਰਾਮ ਦਾ ਆਰੰਭ ਟੋਰਾਂਟੋ ਤੋਂ ਬੇਟੀ ਅਨੁਰੀਤ ਕੌਰ ਅਤੇ ਮਨਰੀਤ ਕੌਰ ਵੱਲੋਂ ਗਾਏ ਸ਼ਬਦ ‘ਠਾਕੁਰ ਤੁਮ ਸਰਣਾਈ ਆਇਆ’ ਨਾਲ ਹੋਇਆ। ਇਨ੍ਹਾਂ ਬੱਚੀਆਂ ਨੇ ਸੰਗਤ ਨਾਲ ਇੱਕ ਧਾਰਮਿਕ ਕਵਿਤਾ ਵੀ ਸਾਂਝੀ ਕੀਤੀ। ਟੋਰਾਂਟੋ ਤੋਂ ਹੀ ਸਿਮਰਲੀਨ ਕੌਰ ਅਤੇ ਪਰਮਜੀਤ ਸਿੰਘ ਨੇ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਗੀਤ ‘ਖਾਲਸੇ ਦਾ ਰੁਤਬਾ ਬੜਾ ਮਹਾਨ ਹੈ’ ਸਾਜ਼ਾਂ ਨਾਲ ਗਾਇਆ।

ਟੋਰਾਂਟੋ ਤੋਂ 8 ਸਾਲ ਦੀ ਬੱਚੀ ਰਹਿਤਪ੍ਰੀਤ ਕੌਰ ਨੇ ਪੂਰੇ ਸਵੈ ਵਿਸ਼ਵਾਸ ਨਾਲ ਕਵਿਤਾ ‘ਸਿੱਖੀ ਦਾ ਬੂਟਾ ਲਾਇਆ ਕਲਗੀਆਂ ਵਾਲੇ ਨੇ’ ਬੁਲੰਦ ਆਵਾਜ਼ ਵਿੱਚ ਸੁਣਾਈ। ਅੰਮ੍ਰਿਤਸਰ ਤੋਂ ਰਿਟਾਇਰਡ ਪ੍ਰਿੰਸੀਪਲ ਹਰਪ੍ਰੀਤ ਕੌਰ ਨੇ ਪੰਜ ਬੱਚੇ ਪੇਸ਼ ਕੀਤੇ ਜਿਨ੍ਹਾਂ ਵਿੱਚ ਛੇ ਸਾਲ ਦੀ ਹਰਮਨਦੀਪ ਕੌਰ ਨੇ ਮੂਲ ਮੰਤਰ, ਚੌਥੀ ’ਚ ਪੜ੍ਹਦੀ ਹਰਸੀਰਤ ਕੌਰ ਨੇ ਸ਼ਬਦ, 10ਵੀਂ ਦੀ ਅਰਸ਼ਪ੍ਰੀਤ ਕੌਰ ਨੇ ‘ਛੇੜ ਮਰਦਾਨਿਆ ਰਬਾਬ ਬਾਣੀ ਆਈ ਏ’ ਅਤੇ ਛੋਟੇ ਅਸ਼ੀਸ਼ਪਾਲ ਸਿੰਘ ਨੇ ਇੱਕ ਧਾਰਮਿਕ ਗ਼ਜ਼ਲ ਪੇਸ਼ ਕੀਤੀ ਜਦੋਂ ਕਿ ਸਬਰੀਨਾ ਕੌਰ ਨੇ ਗੀਤ ‘ਆ ਨੀਂ ਵਿਸਾਖੀਏ ਤੂੰ ਆ ਨੀਂ ਵਿਸਾਖੀਏ’ ਤਰੰਨੁਮ ਵਿੱਚ ਗਾ ਕੇ ਸੁਣਾਇਆ। ਹਰਸੀਰਤ ਕੌਰ ਕੈਲਗਰੀ ਨੇ ਕਵਿਤਾ ‘ਗੁਲਾਬ ਦੀ ਫ਼ਸਲ’ ਭਾਵਪੂਰਤ ਢੰਗ ਨਾਲ ਸੁਣਾਈ। ਨਵਨੀਤ ਕੌਰ ਮੋਰਿੰਡਾ ਨੇ ‘ਹੇ ਗੁਰੂ ਨਾਨਕ ਪਹੁੰਚ ਅਚਾਨਕ ਰਾਖਾ ਹੋ ਫੁਲਵਾੜੀ ਦਾ’ ਕਵਿਤਾ ਰਾਹੀਂ ਸਿੱਖੀ ਦੀ ਅਜੋਕੀ ਦਸ਼ਾ ਦਾ ਬਿਆਨ ਕੀਤਾ। ਤਹਿਜ਼ੀਬ ਕੌਰ, ਮਹਿਤਾਬ ਸਿੰਘ ਅਤੇ ਜਸਲੀਨ ਕੌਰ ਨੇ ਸਾਂਝੇ ਤੌਰ ’ਤੇ ਦੋ ਕਵਿਤਾਵਾਂ ‘ਮਾਤਾ ਭਾਗੋ ਬੜੀ ਮਹਾਨ’ ਅਤੇ ‘ਧੰਨ ਧੰਨ ਗੁਜਰੀ ਪਿਆਰੀ ਮਾਂ’ ਰਾਹੀਂ ਔਰਤ ਦੀ ਬਹਾਦਰੀ ਅਤੇ ਤਿਆਗ ਨੂੰ ਸਿਜਦਾ ਕੀਤਾ। ਕੈਲਗਰੀ ਤੋਂ 12 ਸਾਲ ਦੇ ਸਹਿਜ ਸਿੰਘ ਗਿੱਲ ਨੇ ਸਟੇਜੀ ਅੰਦਾਜ਼ ’ਚ ‘ਖਾਲਸੇ ਦਾ ਜਨਮ ਦਿਹਾੜਾ’ ਕਵਿਤਾ ਚੜ੍ਹਦੀ ਕਲਾ ਵਿੱਚ ਪੇਸ਼ ਕੀਤੀ। ਕੈਲਗਰੀ ਤੋਂ ਹੀ ਜਾਪ ਸਿੰਘ ਗਿੱਲ (ਛੇ ਸਾਲ) ਅਤੇ ਅੰਬਰ ਕੌਰ ਗਿੱਲ (ਅੱਠ ਸਾਲ) ਨੇ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨਾਲ ਸਬੰਧਿਤ ਗੀਤ ‘ਅੱਜ ਦਿਨ ਵਡਭਾਗੀ ਆਇਆ’ ਗਾ ਕੇ ਸੁਣਾਇਆ। ਗੁਰਸ਼ਾਨ ਸਿੰਘ ਚਾਹਲ ਨੇ ਬੀਰ ਰਸੀ ਕਵਿਤਾ ‘ਜੋ ਪੁੱਤ ਨੇ ਗੁਰੂ ਗੋਬਿੰਦ ਸਿੰਘ ਦੇ, ਉਹ ਕਦੇ ਮੌਤ ਤੋਂ ਡਰਦੇ ਨਹੀਂ’ ਵਿਲੱਖਣ ਅੰਦਾਜ਼ ’ਚ ਪੇਸ਼ ਕੀਤੀ। ਮੋਹਕਮ ਸਿੰਘ ਚੌਹਾਨ ਨੇ ਢੱਡ ਨਾਲ ‘ਗੁਰੂ ਮੰਨ ਗੁਰਬਾਣੀ, ਪੜ੍ਹ ਸੁਣ ਗਾ’ ਰਾਹੀਂ ਗੁਰਬਾਣੀ ਦੀ ਮਹੱਤਤਾ ਦਰਸਾਈ। ਇਟਲੀ ਤੋਂ ਬਲਕਾਰ ਸਿੰਘ ਬੱਲ ਨੇ ਗੁਰਦੀਸ਼ ਕੌਰ ਗਰੇਵਾਲ ਦਾ ਲਿਖਿਆ ਇੱਕ ਗੀਤ ‘ਜੋਤ ਨੂਰਾਨੀ’ ਬੁਲੰਦ ਆਵਾਜ਼ ਵਿੱਚ ਗਾ ਕੇ ਰੰਗ ਬੰਨ੍ਹਿਆ। ਜੈਪੁਰ ਤੋਂ ਬ੍ਰਿਜਮੰਦਰ ਕੌਰ ਨੇ ‘ਜ਼ਮੀਨ ਹਿੰਦ ਦੀ ਤੇ ਇੱਕ ਪੀਰ ਦੇਖਿਆ’ ਕਵਿਤਾ ਸੁਣਾ ਕੇ ਪ੍ਰਸ਼ੰਸਾ ਖੱਟੀ। ਜਲੰਧਰ ਤੋਂ ਬੱਚੀ ਸੁਮੇਧਾ ਕੌਰ ਦੀ ਕਵਿਤਾ ‘ਸਤਿਗੁਰ ਦੇ ਦਰ ’ਤੇ’ ਦੀ ਰਿਕਾਰਡ ਕੀਤੀ ਵੀਡੀਓ ਸਰੋਤਿਆਂ ਦੇ ਸਨਮੁਖ ਪੇਸ਼ ਕੀਤੀ ਗਈ। ਸਟੇਜ ਸਕੱਤਰ ਦੀ ਸੇਵਾ ਗੁਰਦੀਸ਼ ਕੌਰ ਗਰੇਵਾਲ ਬਾਖੂਬੀ ਨਿਭਾਉਂਦੇ ਹੋਏ ਨਾਲ ਨਾਲ ਬੱਚਿਆਂ ਨੂੰ ਹੱਲਾਸ਼ੇਰੀ ਵੀ ਦਿੰਦੇ ਰਹੇ।

ਅਖੀਰ ’ਤੇ ਡਾ. ਸੁਰਜੀਤ ਸਿੰਘ ਭੱਟੀ ਨੇ ਸਮੂਹ ਬੱਚਿਆਂ ਤੇ ਉਨ੍ਹਾਂ ਦੇ ਮਾਪਿਆਂ ਦਾ ਧੰਨਵਾਦ ਕੀਤਾ ਅਤੇ ਇਨ੍ਹਾਂ ਭਵਿੱਖ ਦੇ ਵਾਰਿਸਾਂ ਨੂੰ ਹੋਰ ਵੀ ਮੌਕੇ ਦੇਣ ਦਾ ਸੁਸਾਇਟੀ ਵੱਲੋਂ ਭਰੋਸਾ ਦਿਵਾਇਆ।

ਸੰਪਰਕ: +1 403 404 1450

*ਖ਼ਬਰ ਦਾ ਸਰੋਤ: ਈ ਦੀਵਾਨ ਸੁਸਾਇਟੀ, ਕੈਲਗਰੀ

Advertisement
×