DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਬਿਜਲੀ-ਪਾਣੀ ਦੇ ਮਹੱਤਵ ਪ੍ਰਤੀ ਸੁਚੇਤ ਕੈਨੇਡਿਆਈ ਲੋਕ

ਪ੍ਰਿੰਸੀਪਲ ਵਿਜੈ ਕੁਮਾਰ ਕੈਨੇਡਾ ਵਿੱਚ ਇੱਕ ਸਾਲ ਦਾ ਅਰਸਾ ਗੁਜ਼ਾਰਦਿਆਂ ਮੈਨੂੰ ਇੱਕ ਦਿਨ ਵੀ ਅਜਿਹਾ ਵੇਖਣ ਨੂੰ ਨਹੀਂ ਮਿਲਿਆ ਜਿਸ ਦਿਨ ਇੱਕ ਮਿੰਟ ਲਈ ਵੀ ਬਿਜਲੀ ਗਈ ਹੋਵੇ। ਗਰਮੀ ਵਿੱਚ ਬੈਠੇ ਲੋਕ ਪੱਖੀਆਂ ਝੱਲ ਰਹੇ ਹੋਣ। ਚੱਲ ਰਹੇ ਸਮਾਗਮ ਵਿੱਚ...

  • fb
  • twitter
  • whatsapp
  • whatsapp
Advertisement

ਪ੍ਰਿੰਸੀਪਲ ਵਿਜੈ ਕੁਮਾਰ

ਕੈਨੇਡਾ ਵਿੱਚ ਇੱਕ ਸਾਲ ਦਾ ਅਰਸਾ ਗੁਜ਼ਾਰਦਿਆਂ ਮੈਨੂੰ ਇੱਕ ਦਿਨ ਵੀ ਅਜਿਹਾ ਵੇਖਣ ਨੂੰ ਨਹੀਂ ਮਿਲਿਆ ਜਿਸ ਦਿਨ ਇੱਕ ਮਿੰਟ ਲਈ ਵੀ ਬਿਜਲੀ ਗਈ ਹੋਵੇ। ਗਰਮੀ ਵਿੱਚ ਬੈਠੇ ਲੋਕ ਪੱਖੀਆਂ ਝੱਲ ਰਹੇ ਹੋਣ। ਚੱਲ ਰਹੇ ਸਮਾਗਮ ਵਿੱਚ ਚੱਲਦਾ ਹੋਇਆ ਮਾਇਕ ਅਤੇ ਸਪੀਕਰ ਬੰਦ ਹੋ ਗਿਆ ਹੋਵੇ। ਹਸਪਤਾਲਾਂ, ਸਿੱਖਿਆ ਸੰਸਥਾਵਾਂ, ਬੈਂਕਾਂ, ਵਿਆਹਾਂ, ਸਮਾਗਮਾਂ ਅਤੇ ਦਫ਼ਤਰਾਂ ਵਿੱਚ ਬਿਜਲੀ ਜਾਣ ’ਤੇ ਲੋਕਾਂ ਨੂੰ ਜਨਰੇਟਰ ਨਹੀਂ ਚਲਾਉਣੇ ਪੈਂਦੇ। ਇੱਥੇ ਨਾ ਬਿਜਲੀ ਦੇ ਕੱਟ ਲੱਗਣ ਅਤੇ ਨਾ ਹੀ ਬਿਜਲੀ ਤੋਂ ਬਿਨਾਂ ਕਾਰਖਾਨੇ ਚੱਲਣੇ ਬੰਦ ਹੋਣ। ਬਿਜਲੀ ਨਾ ਜਾਣ ਦਾ ਇਹ ਮਤਲਬ ਨਹੀਂ ਕਿ ਇਸ ਮੁਲਕ ਵਿੱਚ ਬਿਜਲੀ ਦੀ ਵਰਤੋਂ ਘੱਟ ਹੁੰਦੀ ਹੈ ਜਾਂ ਦੁਨੀਆ ਦੀਆਂ 50% ਝੀਲਾਂ ਇਸ ਮੁਲਕ ਵਿੱਚ ਹੋਣ ਕਾਰਨ ਅਤੇ 60% ਐਨਰਜੀ ਹਾਈਡਰੋ ਥਰਮਲ ਪਲਾਟਾਂ ਤੋਂ ਲੈਣ ਕਰਕੇ ਇਸ ਮੁਲਕ ’ਚ ਬਿਜਲੀ ਬਹੁਤ ਬਣਦੀ ਹੈ। ਕੈਨੇਡਾ ਵਿੱਚ ਬਿਜਲੀ ਸਾਡੇ ਮੁਲਕ ਤੋਂ ਵੀ ਵੱਧ ਵਰਤੀ ਜਾਂਦੀ ਹੈ।

Advertisement

ਬਹੁਤ ਠੰਢਾ ਮੁਲਕ ਹੋਣ ਕਾਰਨ ਹਰ ਘਰ, ਸਿੱਖਿਆ ਸੰਸਥਾਵਾਂ, ਦਫ਼ਤਰਾਂ, ਹਸਪਤਾਲਾਂ, ਧਾਰਮਿਕ ਸੰਸਥਾਵਾਂ, ਪਲਾਜ਼ਿਆਂ, ਹੋਟਲਾਂ, ਸੈਲੂਨਾਂ, ਬੱਸਾਂ, ਗੱਡੀਆਂ, ਡੇਅ ਕੇਅਰ ਸੈਂਟਰਾਂ, ਕਾਰਖਾਨਿਆਂ, ਬਿਰਧ ਆਸ਼ਰਮਾਂ, ਰੇਲਵੇ ਸਟੇਸ਼ਨਾਂ, ਬੱਸ ਅੱਡਿਆਂ, ਬੈਂਕਾਂ, ਜਨਤਕ ਸਥਾਨਾਂ ਅਤੇ ਹਰ ਥਾਂ ’ਤੇ ਗਰਮ ਰੱਖਣ ਵਾਲੇ ਵੱਡੇ ਵੱਡੇ ਫਰਨਸ ਲੱਗੇ ਹੋਏ ਹਨ ਤਾਂ ਕਿ ਲੋਕਾਂ ਨੂੰ ਠੰਢ ਨਾ ਲੱਗੇ। ਗਰਮੀਆਂ ਵਿੱਚ ਹਰ ਘਰ ਅਤੇ ਹਰ ਥਾਂ ’ਤੇ ਏ.ਸੀ. ਲੱਗੇ ਹੋਏ ਹਨ ਤਾਂ ਕਿ ਗਰਮੀ ਨਾ ਲੱਗੇ। ਹਰ ਘਰ ਵਿੱਚ ਫਰਿੱਜ, ਕੱਪੜੇ ਧੋਣ ਵਾਲੀ ਮਸ਼ੀਨ ਲੱਗੀ ਹੋਈ ਹੈ। ਬੱਸਾਂ ਅਤੇ ਗੱਡੀਆਂ ਬਿਜਲੀ ਨਾਲ ਚੱਲਦੀਆਂ ਹਨ। ਘਰ ਦਾ ਹਰ ਕੰਮ ਬਿਜਲੀ ਨਾਲ ਚੱਲਣ ਵਾਲੀਆਂ ਮਸ਼ੀਨਾਂ ਨਾਲ ਹੁੰਦਾ ਹੈ। ਇੱਥੋਂ ਤੱਕ ਕਿ ਘਰ ਦੀ ਸਾਫ਼ ਸਫ਼ਾਈ ਵੀ ਬਿਜਲੀ ਨਾਲ ਚੱਲਣ ਵਾਲੇ ਪੋਚਿਆਂ ਨਾਲ ਹੁੰਦੀ ਹੈ। ਇਸ ਮੁਲਕ ਦੇ ਹਰ ਘਰ ਅਤੇ ਅਦਾਰੇ ਦੀਆਂ ਟੂਟੀਆਂ ਵਿੱਚ ਠੰਢਾ ਅਤੇ ਗਰਮ ਦੋਵੇਂ ਤਰ੍ਹਾਂ ਦਾ ਪਾਣੀ ਆਉਂਦਾ ਹੈ। ਉਸ ਲਈ ਬਿਜਲੀ ਦੀ ਵਰਤੋਂ ਹੁੰਦੀ ਹੈ। ਮਜ਼ਦੂਰੀ ਵੀ ਮਸ਼ੀਨਾਂ ਨਾਲ ਹੀ ਹੁੰਦੀ ਹੈ। ਇਸ ਮੁਲਕ ’ਚ ਲੋਕਾਂ ਵੱਲੋਂ ਬਿਜਲੀ ਦੀ ਸਹੂਲਤ ਦਾ ਆਨੰਦ ਮਾਣਨ ਦਾ ਅਸਲੀ ਕਾਰਨ ਇਹ ਹੈ ਕਿ ਇੱਥੇ ਕਾਨੂੰਨ ਬਹੁਤ ਸਖ਼ਤ ਹਨ।

Advertisement

ਸਰਕਾਰਾਂ ਚੋਣਾਂ ਜਿੱਤਣ ਲਈ ਬਿਜਲੀ ਮੁਫ਼ਤ ਨਹੀਂ ਵੰਡਦੀਆਂ। ਇੱਥੋਂ ਦੇ ਲੋਕ ਬਿਜਲੀ ਦੇ ਮੀਟਰਾਂ ਨੂੰ ਕੁੰਡੀਆਂ ਨਹੀਂ ਲਗਾ ਸਕਦੇ। ਉਹ ਬਿਜਲੀ ਦੀ ਦੁਰਵਰਤੋਂ ਨਹੀਂ ਕਰ ਸਕਦੇ। ਜਿਸ ਨਾਗਰਿਕ ਨੇ ਜਿਸ ਢੰਗ ਨਾਲ ਬਿਜਲੀ ਦੀ ਵਰਤੋਂ ਕਰਨੀ ਹੈ, ਉਸ ਨੂੰ ਉਸ ਢੰਗ ਨਾਲ ਬਿਜਲੀ ਦੇ ਬਿਲ ਦੀ ਅਦਾਇਗੀ ਕਰਨੀ ਪੈਂਦੀ ਹੈ। ਘਰਾਂ ਦੇ ਬਾਹਰ ਲੱਗੇ ਮੀਟਰਾਂ ਤੋਂ ਬਿਜਲੀ ਵਿਭਾਗ ਦੇ ਕਰਮਚਾਰੀ ਮਸ਼ੀਨਾਂ ਨਾਲ ਕਦੋਂ ਰੀਡਿੰਗ ਲੈ ਜਾਂਦੇ ਹਨ ਪਤਾ ਵੀ ਨਹੀਂ ਲੱਗਦਾ। ਬਿਜਲੀ ਦੇ ਬਿਲ ਜਮ੍ਹਾ ਕਰਵਾਉਣ ਲਈ ਕਿਸੇ ਨੂੰ ਵੀ ਦਫ਼ਤਰਾਂ ਵਿੱਚ ਨਹੀਂ ਜਾਣਾ ਪੈਂਦਾ। ਬਿਲ ਆਨਲਾਈਨ ਹੀ ਜਮ੍ਹਾ ਹੁੰਦੇ ਹਨ। ਬਿਲ ਘੱਟ ਜਾਂ ਵੱਧ ਆਉਣ ਦਾ ਕਦੇ ਘਸਮਾਣ ਨਹੀਂ ਪੈਂਦਾ। ਸਾਡੇ ਦੇਸ਼ ਵਾਂਗ ਦਿਨ ਨੂੰ ਜਨਤਕ ਥਾਵਾਂ ਅਤੇ ਸੜਕਾਂ ’ਤੇ ਲੱਗੀਆਂ ਬੱਤੀਆਂ ਕਦੇ ਵੀ ਬਲਦੀਆਂ ਨਹੀਂ ਮਿਲਣਗੀਆਂ। ਦਫ਼ਤਰਾਂ, ਸਿੱਖਿਆ ਸੰਸਥਾਵਾਂ, ਹਸਪਤਾਲਾਂ ਅਤੇ ਹੋਰ ਜਨਤਕ ਥਾਵਾਂ ’ਤੇ ਬਿਨਾਂ ਲੋੜ ਤੋਂ ਕਦੇ ਵੀ ਬੱਤੀਆਂ ਬਲਦੀਆਂ ਨਹੀਂ ਮਿਲਣਗੀਆਂ। ਛੁੱਟੀਆਂ ਵਾਲੇ ਦਿਨ ਅਤੇ ਸ਼ਾਮ ਨੂੰ ਸੱਤ ਵਜੇ ਤੋਂ ਬਾਅਦ ਬਿਜਲੀ ਦੇ ਰੇਟ ਘੱਟ ਹਨ ਤਾਂ ਕਿ ਨੌਕਰੀਆਂ ਵਾਲੇ ਲੋਕ ਛੁੱਟੀਆਂ ’ਚ ਅਤੇ ਨੌਕਰੀ ਤੋਂ ਆ ਕੇ ਬਿਜਲੀ ਨਾਲ ਜੁੜੇ ਕੰਮ ਨਿਪਟਾ ਸਕਣ। ਜੇਕਰ ਲੋਕ ਬਿਜਲੀ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਬਿਜਲੀ ਦੀ ਵਰਤੋਂ ਨਹੀਂ ਕਰਦੇ ਤਾਂ ਉਨ੍ਹਾਂ ਨੂੰ ਤਿੰਨ ਗੁਣਾ ਪੈਸਿਆਂ ਦੀ ਅਦਾਇਗੀ ਕਰਨੀ ਪੈਂਦੀ ਹੈ। ਜੇਕਰ ਲੋਕਾਂ ਵੱਲੋਂ ਬਿਜਲੀ ਦੀ ਵਰਤੋਂ ਦੇ ਕਾਨੂੰਨ ਦੀ ਕੋਈ ਵੀ ਉਲੰਘਣਾ ਕੀਤੀ ਜਾਂਦੀ ਹੈ ਤਾਂ ਉਨ੍ਹਾਂ ਨੂੰ ਕੋਈ ਵੀ ਨੋਟਿਸ ਨਹੀਂ ਭੇਜਿਆ ਜਾਂਦਾ ਤੇ ਨਾ ਹੀ ਕੋਈ ਪੁੱਛਗਿੱਛ ਕੀਤੀ ਜਾਂਦੀ ਹੈ, ਸਿੱਧਾ ਜੁਰਮਾਨਾ ਕਰਕੇ ਪੈਸੇ ਜਮ੍ਹਾ ਕਰਵਾਉਣ ਦੀ ਈਮੇਲ ਆ ਜਾਂਦੀ ਹੈ। ਕਿਸੇ ਵੀ ਵਿਸ਼ੇਸ਼ ਵਰਗ ਨੂੰ ਬਿਜਲੀ ਮੁਫ਼ਤ ਦੇਣ ਦੀ ਵਿਵਸਥਾ ਨਹੀਂ ਹੈ। ਇਹੋ ਕਾਰਨ ਹੈ ਕਿ ਇਸ ਮੁਲਕ ਵਿੱਚ ਕਦੇ ਵੀ ਬਿਜਲੀ ਨਹੀਂ ਜਾਂਦੀ। ਬਿਜਲੀ ਦੇ ਲੰਬੇ ਲੰਬੇ ਕੱਟ ਨਹੀਂ ਲੱਗਦੇ। ਸੜਕਾਂ ’ਤੇ ਨਾ ਤਾਂ ਬਿਜਲੀ ਦੇ ਗਿਰੇ ਹੋਏ ਖੰਭੇ ਮਿਲਦੇ ਹਨ ਤੇ ਨਾ ਹੀ ਤਾਰਾਂ ਦੇ ਲਟਕੇ ਹੋਏ ਜਾਲ। ਬਿਜਲੀ ਮੁਲਾਜ਼ਮਾਂ ਨੂੰ ਤਨਖਾਹ ਲੈਣ ਲਈ ਸਰਕਾਰਾਂ ਵਿਰੁੱਧ ਮੁਜ਼ਾਹਰੇ ਵੀ ਨਹੀਂ ਕਰਨੇ ਪੈਂਦੇ।

ਹੁਣ ਗੱਲ ਜੇਕਰ ਪਾਣੀ ਦੀ ਕੀਤੀ ਜਾਵੇ ਤਾਂ ਇਸ ਮੁਲਕ ਦੇ ਲੋਕ ਪਾਣੀ ਦੀ ਸਹੂਲਤ ਦਾ ਪੂਰਾ ਆਨੰਦ ਲੈਂਦੇ ਹਨ। ਇੱਥੇ ਸਾਡੇ ਦੇਸ਼ ਵਾਂਗ ਪਾਣੀ ਆਉਣ ਦਾ ਕੋਈ ਸਮਾਂ ਨਿਸ਼ਚਿਤ ਨਹੀਂ ਹੈ। 24 ਘੰਟੇ ਜਿੰਨਾ ਮਰਜ਼ੀ ਪਾਣੀ ਵਰਤੋ ਪਰ ਜਲ ਸਪਲਾਈ ਵਿਭਾਗ ਦੇ ਨਿਰਦੇਸ਼ਾਂ ਦੇ ਦਾਇਰੇ ਵਿੱਚ ਰਹਿ ਕੇ। ਇੱਥੇ ਇਹ ਕਦੇ ਨਹੀਂ ਹੁੰਦਾ ਕਿ ਸਾਰਾ ਦਿਨ ਪਾਣੀ ਹੀ ਨਾ ਆਵੇ। ਤੁਸੀਂ ਬਾਥਰੂਮ ਵਿੱਚ ਨਹਾਉਣ ਬੜੇ ਤੇ ਪਾਣੀ ਚਲਾ ਜਾਵੇ। ਤੁਹਾਨੂੰ ਟੂਟੀਆਂ ਅੱਗੇ ਹੱਥਾਂ ਵਿੱਚ ਬਾਲਟੀਆਂ ਫੜੀਂ ਪਾਣੀ ਦੀ ਉਡੀਕ ਕਰਦੇ ਲੋਕਾਂ ਦੀਆਂ ਕਤਾਰਾਂ ਕਦੇ ਵੀ ਵਿਖਾਈ ਨਹੀਂ ਦੇਣਗੀਆਂ। ਲੋਕਾਂ ਨੂੰ ਵਿਆਹ ਸ਼ਾਦੀਆਂ ਅਤੇ ਹੋਰ ਸਮਾਗਮਾਂ ’ਤੇ ਜਾਂ ਫਿਰ ਮਕਾਨਾਂ ਦੀ ਉਸਾਰੀ ਕਰਨ ਵੇਲੇ ਪਾਣੀ ਦੇ ਟੈਂਕਰ ਮੰਗਵਾਉਣੇ ਨਹੀਂ ਪੈਂਦੇ ਸਗੋਂ ਘਰਾਂ ਵਿੱਚ ਹੀ ਪਾਣੀ ਬਹੁਤ ਹੁੰਦਾ ਹੈ। ਪਾਣੀ ਦੀ ਘਾਟ ਨੂੰ ਲੈ ਕੇ ਨਾ ਤਾਂ ਲੋਕਾਂ ’ਚ ਲੜਾਈਆਂ ਹੁੰਦੀਆਂ ਹਨ ਤੇ ਨਾ ਹੀ ਮੁਲਕ ਦੀਆਂ ਸਰਕਾਰਾਂ ਵਿਰੁੱਧ ਮੁਜ਼ਾਹਰੇ। ਜੇਕਰ ਕਿਧਰੇ ਅੱਗ ਲੱਗਣ ਦੀ ਦੁਰਘਟਨਾ ਵਾਪਰ ਜਾਵੇ ਤਾਂ ਅੱਗ ਬੁਝਾਊ ਵਿਭਾਗ ਨੂੰ ਪਾਣੀ ਦੁਰਘਟਨਾ ਵਾਪਰਨ ਵਾਲੇ ਸਥਾਨ ਦੇ ਨੇੜੇ-ਤੇੜੇ ਹੀ ਮਿਲ ਜਾਂਦਾ ਹੈ ਕਿਉਂਕਿ ਅਜਿਹੇ ਸਮੇਂ ਲਈ ਹਰ ਗਲੀ ਵਿੱਚ ਪਾਣੀ ਦਾ ਵਿਸ਼ੇਸ਼ ਪ੍ਰਬੰਧ ਹੈ ਤੇ ਲਾਲ ਰੰਗ ਵਾਲੀ ਪਾਈਪ ਬਾਹਰ ਕੱਢੀ ਹੋਈ ਹੈ ਤਾਂ ਕਿ ਉਸ ਦੀ ਸਮੇਂ ਸਿਰ ਵਰਤੋਂ ਹੋ ਸਕੇ।

ਹੁਣ ਸਵਾਲ ਇਹ ਹੈ ਕਿ ਇਸ ਮੁਲਕ ਦੇ ਲੋਕ ਪਾਣੀ ਦੀ ਸਹੂਲਤ ਦਾ ਆਨੰਦ ਕਿਵੇਂ ਮਾਣ ਰਹੇ ਹਨ ? ਸਭ ਤੋਂ ਪਹਿਲਾ ਕਾਰਨ ਇਹ ਹੈ ਕਿ ਇੱਥੋਂ ਦੀਆਂ ਸਰਕਾਰਾਂ ਪਾਣੀ ਦੀ ਵਰਤੋਂ ਅਤੇ ਸ਼ੁੱਧਤਾ ਪ੍ਰਤੀ ਬਹੁਤ ਸੁਚੇਤ ਹਨ। ਸਾਡੇ ਮੁਲਕ ਵਾਂਗ ਟੂਟੀਆਂ ’ਚ ਕਦੇ ਵੀ ਗੰਦਾ ਪਾਣੀ ਨਹੀਂ ਆਉਂਦਾ। ਪਾਣੀ ਦੀ ਵਰਤੋਂ ਨੂੰ ਨਾਪਣ ਲਈ ਘਰਾਂ ਦੇ ਬਾਹਰ ਮੀਟਰ ਲੱਗੇ ਹੋਏ ਹਨ। ਜਲ ਸਪਲਾਈ ਵਿਭਾਗ ਦੇ ਕਰਮਚਾਰੀ ਪਾਣੀ ਦੀ ਵਰਤੋਂ ਦੀ ਰੀਡਿੰਗ ਕਦੋਂ ਨੋਟ ਕਰਕੇ ਲੈ ਜਾਂਦੇ ਹਨ, ਪਤਾ ਹੀ ਨਹੀਂ ਲੱਗਦਾ। ਪਾਣੀ ਦੀ ਦੁਰਵਰਤੋਂ ਲਈ ਤਿੰਨ ਗੁਣਾ ਜ਼ਿਆਦਾ ਪੈਸੇ ਵਸੂਲੇ ਜਾਂਦੇ ਹਨ। ਇਸੇ ਕਾਰਨ ਲੋਕ ਘਰਾਂ ਵਿੱਚ ਪਾਣੀ ਦੀਆਂ ਟੂਟੀਆਂ ਚੱਲਦੀਆਂ ਨਹੀਂ ਛੱਡਦੇ।

ਪਾਣੀ ਦੀ ਦੁਰਵਰਤੋਂ ਰੋਕਣ ਲਈ ਘਰਾਂ ਅੱਗੇ ਕਾਰਾਂ ਧੋਣ ਦੀ ਮਨਾਹੀ ਹੈ ਪਰ ਫਿਰ ਵੀ ਇਸ ਮੁਲਕ ਵਿੱਚ ਵਿਦੇਸ਼ਾਂ ਤੋਂ ਆ ਕੇ ਵਸੇ ਲੋਕ ਆਪਣੇ ਘਰਾਂ ਅੱਗੇ ਕਾਰਾਂ ਧੋਂਦੇ ਨਜ਼ਰ ਆ ਜਾਂਦੇ ਹਨ। ਜਨਤਕ ਥਾਵਾਂ, ਪਾਰਕਾਂ, ਸੜਕਾਂ ’ਤੇ ਨਾ ਤਾਂ ਪਾਣੀ ਦੀਆਂ ਫਟੀਆਂ ਹੋਈਆਂ ਪਾਈਪਾਂ ਤੋਂ ਪਾਣੀ ਰਿਸਦਾ ਨਜ਼ਰ ਆਵੇਗਾ ਅਤੇ ਨਾ ਹੀ ਕੋਈ ਟੂਟੀ ਨਜ਼ਰ ਆਵੇਗੀ।

ਹਰ ਸਮਾਗਮ ਵਿੱਚ ਪਾਣੀ ਦੀਆਂ ਬੰਦ ਬੋਤਲਾਂ ਦੀ ਵਰਤੋਂ ਕੀਤੀ ਜਾਂਦੀ ਹੈ। ਮਕਾਨਾਂ ਦੀ ਉਸਾਰੀ ਸਮੇਂ ਪਾਣੀ ਦੀ ਦੁਰਵਰਤੋਂ ਨਹੀਂ ਹੋ ਸਕਦੀ ਕਿਉਂਕਿ ਮਸ਼ੀਨਰੀ ਹੀ ਇਸ ਢੰਗ ਦੀ ਹੈ। ਜਨਤਕ ਥਾਵਾਂ ਅਤੇ ਅਦਾਰਿਆਂ ਦੇ ਪਖਾਨਿਆਂ ’ਚ ਨਾ ਟੂਟੀਆਂ ਰਿਸਦੀਆਂ ਵਿਖਾਈ ਦੇਣਗੀਆਂ ਤੇ ਨਾ ਹੀ ਕੋਈ ਪਾਈਪ ਟੁੱਟੀ ਨਜ਼ਰ ਆਵੇਗੀ। ਬੱਸ ਅੱਡਿਆਂ ਤੇ ਰੇਲਵੇ ਸਟੇਸ਼ਨਾਂ ’ਤੇ ਕੋਈ ਟੂਟੀ ਅਤੇ ਵਾਟਰ ਕੂਲਰ ਲੱਗੇ ਨਜ਼ਰ ਨਹੀਂ ਆਉਂਦੇ ਕਿਉਂਕਿ ਲੋਕ ਪਾਣੀ ਦੀਆਂ ਆਪਣੀਆਂ ਬੋਤਲਾਂ ਲੈ ਕੇ ਤੁਰਦੇ ਹਨ। ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਪਾਣੀ ਦੀ ਕੋਈ ਟੂਟੀ ਨਜ਼ਰ ਨਹੀਂ ਆਵੇਗੀ। ਸੀਵਰੇਜ ਸਿਸਟਮ ਵੀ ਅਜਿਹੇ ਵਧੀਆ ਢੰਗ ਦਾ ਹੈ ਕਿ ਇੱਕ ਬੂੰਦ ਵੀ ਪਾਣੀ ਦੀ ਬਰਬਾਦ ਨਹੀਂ ਹੋਣ ਦਿੱਤੀ ਜਾਂਦੀ। ਖੇਤਾਂ ਦੀ ਸਿੰਚਾਈ ਲਈ ਪਾਣੀ ਦੀ ਅਜਿਹੀ ਵਿਵਸਥਾ ਹੈ ਕਿ ਪਾਣੀ ਦੀ ਬਰਬਾਦੀ ਦਾ ਸਵਾਲ ਪੈਦਾ ਹੀ ਨਹੀਂ ਹੁੰਦਾ।

ਪਾਣੀ ਦੀ ਵਰਤੋਂ ਦਾ ਬਿਲ ਮੁਲਕ ਦੇ ਹਰ ਵਿਅਕਤੀ ਨੂੰ ਅਦਾ ਕਰਨਾ ਪੈਂਦਾ ਹੈ। ਇਸ ਮੁਲਕ ਨੂੰ ਝੀਲਾਂ ਅਤੇ ਦਰਿਆਵਾਂ ਦਾ ਦੇਸ਼ ਕਿਹਾ ਜਾਂਦਾ ਹੈ। ਇੱਥੇ ਪੈਣ ਵਾਲੀ ਬਰਫ਼ ਅਤੇ ਵਰਖਾ ਦੇ ਪਾਣੀ ਦੀ ਪੂਰੀ ਸੰਭਾਲ ਕਰਨ ਦਾ ਪ੍ਰਬੰਧ ਹੈ। ਫਿਰ ਵੀ ਇੱਥੋਂ ਦੀਆਂ ਸਰਕਾਰਾਂ ਪਾਣੀ ਦੀ ਸੰਭਾਲ ਪ੍ਰਤੀ ਬਹੁਤ ਸੁਚੇਤ ਹਨ। ਝੀਲਾਂ ਅਤੇ ਦਰਿਆਵਾਂ ਨੂੰ ਮਨੋਰੰਜਨ ਸਥਾਨ ਬਣਾ ਕੇ ਉਨ੍ਹਾਂ ਤੋਂ ਕਮਾਈ ਕੀਤੀ ਜਾ ਰਹੀ ਹੈ। ਪਤਾ ਨਹੀਂ ਸਾਡੇ ਮੁਲਕ ਦੀਆਂ ਸਰਕਾਰਾਂ ਅਤੇ ਲੋਕਾਂ ਨੂੰ ਪਾਣੀ ਦੀ ਸੰਭਾਲ ਅਤੇ ਬਰਬਾਦੀ ਨੂੰ ਰੋਕਣ ਦੀ ਸਮਝ ਕਦੋਂ ਆਵੇਗੀ?

ਈਮੇਲ: vijaykumarbehki@gmail.com

Advertisement
×