ਕੈਨੇਡਾ: ਬਰੈਂਪਟਨ ਪਲਾਜ਼ੇ ਵਿਚ ਗੋਲੀਆਂ ਚਲਾਉਣ ਵਾਲੇ ਤਿੰਨ ਭਰਾ ਕਾਬੂ, ਚੌਥੇ ਦੀ ਭਾਲ
ਸਵਾਰੀ ਦਾ ਕਾਰਡ ਬਦਲ ਕੇ ਠੱਗੀ ਮਾਰਨ ਵਾਲੇ ਮਨਵੀਰ ਤੇ ਹੁਸੈਨ ਵੀ ਪੁਲੀਸ ਦੀ ਗ੍ਰਿਫ਼ਤ ’ਚ
ਪਿਛਲੇ ਹਫਤੇ ਬਰੈਂਪਟਨ ਦੇ ਪਲਾਜ਼ੇ ਵਿੱਚ ਕਾਰ ਪਾਰਕਿੰਗ ਦੀ ਨਿੱਕੀ ਜਿਹੀ ਗੱਲ ’ਤੇ ਗੋਲੀਆਂ ਚਲਾ ਕੇ ਦਹਿਸ਼ਤ ਫੈਲਾਉਣ ਵਾਲੇ ਚਾਰ ਜਣਿਆਂ ’ਚੋਂ ਤਿੰਨ ਨੂੰ ਪੁਲੀਸ ਨੇ ਕਾਬੂ ਕਰ ਲਿਆ ਹੈ, ਜਦ ਕਿ ਚੌਥੇ ਦੀ ਭਾਲ ਜਾਰੀ ਹੈ। ਮੁਲਜ਼ਮਾਂ ਦੀ ਪਛਾਣ ਮਨਜੋਤ ਭੱਟੀ (26), ਨਵਜੋਤ ਭੱਟੀ (27) ਤੇ ਅਮਰਜੋਤ ਭੱਟੀ (22) ਵਜੋਂ ਕੀਤੀ ਗਈ ਹੈ।
ਪੁਲੀਸ ਨੇ ਦੱਸਿਆ ਕਿ ਪਾਰਕਿੰਗ ਵਿੱਚ ਹੋਈ ਤਲਖ਼ੀ ਤੋਂ ਭੜਕੇ ਭੱਟੀ ਭਰਾਵਾਂ ਨੇ ਆਪਣੇ ਕੋਲ ਰੱਖੇ ਨਜਾਇਜ ਹਥਿਆਰ ਨਾਲ ਗੋਲੀਆਂ ਚਲਾਈਆਂ ਤੇ ਉੱਥੇ ਦਹਿਸ਼ਤ ਦਾ ਮਹੌਲ ਸਿਰਜ ਦਿੱਤਾ। ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਸੀ। ਪੁਲੀਸ ਉਦੋਂ ਤੋਂ ਉਨ੍ਹਾਂ ਦੀ ਭਾਲ ਕਰ ਰਹੀ ਸੀ। ਅਖੀਰ ਪੁਲੀਸ ਨੇ ਕੈਲੇਡਨ ਦੇ ਇੱਕ ਘਰ ’ਤੇ ਛਾਪਾ ਮਾਰ ਕੇ ਤਿੰਨਾਂ ਨੂੰ ਫੜ ਲਿਆ। ਉਨ੍ਹਾਂ ਦੇ ਚੌਥੇ ਸਾਥੀ ਦੀ ਭਾਲ ਜਾਰੀ ਹੈ। ਤਿੰਨਾਂ ਖਿਲਾਫ਼ ਦੋਸ਼ ਆਇਦ ਕੀਤੇ ਗਏ ਹਨ, ਪਰ ਜੱਜ ਵਲੋਂ ਅਗਲੀ ਪੇਸ਼ੀ ਤੱਕ ਜ਼ਮਾਨਤ ’ਤੇ ਛੱਡ ਦਿੱਤਾ ਗਿਆ।
ਇਸੇ ਤਰ੍ਹਾਂ ਚੋਰੀ ਦੀਆਂ ਕਾਰਾਂ ਉੱਤੇ ਟੈਕਸੀ ਲਿਖਵਾ ਕੇ ਸਵਾਰੀਆਂ ਨਾਲ ਧੋਖਾਧੜੀ ਕਰਨ ਵਾਲੇ ਦੋ ਜਣਿਆਂ ਨੂੰ ਵੀ ਪੁਲੀਸ ਨੇ ਕਾਬੂ ਕੀਤਾ ਹੈ, ਜਿਨ੍ਹਾਂ ਦੀ ਪਛਾਣ ਮਨਵੀਰ ਸਿੰਘ ਤੇ ਸਈਅਦ ਹੁਸੈਨ ਵਜੋਂ ਦੱਸੀ ਗਈ ਹੈ। ਪੁਲੀਸ ਅਨੁਸਾਰ ਇਨ੍ਹਾਂ ਨੇ ਸਵਾਰੀ ਬੈਠਾਈ ਤੇ ਉਸ ਦੇ ਠਿਕਾਣੇ ਨੇੜੇ ਜਾ ਕੇ ਕਿਰਾਇਆ ਨਕਦੀ ਲੈਣ ਦੀ ਥਾਂ ਕੰਪਨੀ ਸ਼ਰਤ ਤਹਿਤ ਕਾਰਡ ਤੋਂ ਦੇਣ ਬਾਰੇ ਕਿਹਾ। ਬਜ਼ੁਰਗ ਸਵਾਰੀ ਨੇ ਜਿਵੇਂ ਹੀ ਆਪਣਾ ਡੈਬਿਟ ਕਾਰਡ ਦਿੱਤਾ ਤਾਂ ਦੋਹਾਂ ਨੇ ਫੁਰਤੀ ਨਾਲ ਕਾਰਡ ਬਦਲ ਲਿਆ ਤੇ ਕੁਝ ਹੀ ਮਿੰਟਾਂ ਵਿੱਚ ਕਿਸੇ ਏਟੀਐਮ ’ਤੇ ਜਾ ਕੇ ਉਸ ਦਾ ਖਾਤਾ ਖਾਲੀ ਕਰ ਦਿੱਤਾ। ਏਟੀਐਮ ਤੋਂ ਲਈ ਉਨ੍ਹਾਂ ਦੀ ਫੋਟੋ ਤੋਂ ਪੁਲੀਸ ਉਦੋਂ ਤੋਂ ਉਨ੍ਹਾਂ ਦੀ ਭਾਲ ਵਿੱਚ ਸੀ। ਕੁਝ ਦਿਨ ਪਹਿਲਾਂ ਮਨਵੀਰ ਤੇ ਮਗਰੋਂ ਹੁਸੈਨ ਨੂੰ ਪੁਲੀਸ ਨੇ ਕਾਬੂ ਕਰ ਲਿਆ। ਦੋਹਾਂ ਵਲੋਂ ਠੱਗੀ ਦੇ ਕਈ ਹੋਰ ਮਾਮਲੇ ਵੀ ਪੁਲੀਸ ਨੇ ਹੱਲ ਕਰ ਲਏ ਹਨ।

