ਕੈਨੇਡਾ: ਸਰੀ ਪੁਲੀਸ ਵੱਲੋਂ ਫਿਰੌਤੀ ਤੇ ਗੋਲੀਬਾਰੀ ਮਾਮਲੇ ’ਚ ਪੰਜ ਭਾਰਤੀ ਗ੍ਰਿਫ਼ਤਾਰ
ਫਿਰੌਤੀ ਮਾਮਲਿਆਂ ਨਾਲ ਨਜਿੱਠਣ ਲਈ ਬਣਾਈ ਟੀਮ ਨਤੀਜੇ ਦੇਣ ਲੱਗੀ
ਸਰੀ ਪੁਲੀਸ ਨੇ ਫਿਰੌਤੀ ਤੇ ਗੋਲੀਬਾਰੀ ਨਾਲ ਜੁੜੇ ਦੋ ਮਾਮਲਿਆਂ ਵਿੱਚ ਭਾਰਤੀ ਮੂਲ ਦੇ ਪੰਜ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਫਿਲਹਾਲ ਇਨ੍ਹਾਂ ਉੱਤੇ ਗੋਲੀਬਾਰੀ ਦੇ ਦੋਸ਼ ਆਇਦ ਕੀਤੇ ਹਨ ਜਦੋਂਕਿ ਫਿਰੌਤੀ ਦੇ ਦੋਸ਼ ਹੋਰ ਪੁੱਛਗਿੱਛ ਅਤੇ ਸਬੂਤ ਇਕੱਤਰ ਕਰਨ ਮਗਰੋਂ ਆਇਦ ਕੀਤੇ ਜਾਣਗੇ। ਮੁਲਜ਼ਮਾਂ ਵੱਲੋਂ ਇਸੇ ਸਾਲ 27 ਮਾਰਚ ਨੂੰ ਸਰੀ ਵਿੱਚ 89 ਐਵੇਨਿਊ ਅਤੇ 133 ਸਟਰੀਟ ਸਥਿਤ ਘਰ ’ਤੇ ਗੋਲੀਆਂ ਚਲਾਈਆਂ ਗਈਆਂ ਸੀ, ਹਾਲਾਂਕਿ ਇਸ ਦੌਰਾਨ ਕਿਸੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ।
ਜਾਂਚ ਦੌਰਾਨ ਪੁਲੀਸ ਨੂੰ ਪਤਾ ਲੱਗਾ ਕਿ ਜਿਸ ਘਰ ’ਤੇ ਗੋਲੀਆਂ ਚੱਲੀਆਂ, ਉਸ ਦੇ ਮਾਲਕ ਤੋਂ ਫੋਨ ਰਾਹੀਂ ਫਿਰੌਤੀ ਦੀ ਵੱਡੀ ਰਕਮ ਮੰਗੀ ਗਈ ਸੀ। ਮਾਲਕ ਨੇ ਫਿਰੌਤੀ ਦੇਣ ਤੋਂ ਨਾਂਹ ਕੀਤੀ ਤਾਂ ਗਰੋਹ ਵੱਲੋਂ ਉਸ ਨੂੰ ਡਰਾਉਣ ਲਈ ਗੋਲੀਬਾਰੀ ਕੀਤੀ ਗਈ। ਕਾਬੂ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਮਨਦੀਪ ਗਿੱਡਾ (23), ਨਿਰਮਾਣਜੀਤ ਚੀਮਾ (20) ਤੇ ਅਰੁਣਦੀਪ ਸਿੰਘ (26) ਵਜੋਂ ਕੀਤੀ ਗਈ ਹੈ। ਪੁਲੀਸ ਅਨੁਸਾਰ ਇਨ੍ਹਾਂ ਨੂੰ 3 ਅਕਤੂਬਰ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਇਸ ਹਫਤੇ ਜੱਜ ਮੂਹਰੇ ਪੇਸ਼ ਕੀਤਾ ਜਾਵੇਗਾ।
ਪੁਲੀਸ ਬੁਲਾਰੇ ਹੌਟਨ ਨੇ ਦੱਸਿਆ ਕਿ ਪਿਛਲੇ ਸਾਲ ਅਗਸਤ ਵਿੱਚ ਗੋਲੀਬਾਰੀ ਤੇ ਫਿਰੌਤੀ ਮਾਮਲੇ ਦੀ ਹੁਣ ਤੱਕ ਕੀਤੀ ਜਾਂਚ ਦੌਰਾਨ ਮਿਲੇ ਸਬੂਤਾਂ ਦੇ ਅਧਾਰ ’ਤੇ ਅਭੀਜੀਤ ਕਿੰਗਰਾ (26) ਤੇ ਵਿਕਰਮ ਸ਼ਰਮਾ (24) ਉੱਤੇ ਫਿਰੌਤੀ ਅਤੇ ਗੋਲੀਬਾਰੀ ਦੇ ਦੋਸ਼ ਆਇਦ ਕੀਤੇ ਗਏ ਹਨ। ਪਰ ਜਾਂਚ ਅਜੇ ਜਾਰੀ ਹੈ। ਬੁਲਾਰੇ ਨੇ ਕਿਹਾ ਕਿ ਮੁਲਜ਼ਮਾਂ ਦੀ ਹੋਰ ਕਈ ਅਪਰਾਧਿਕ ਮਾਮਲਿਆਂ ਵਿੱਚ ਸ਼ਮੂਲੀਅਤ ਹੋ ਸਕਦੀ ਹੈ ਤੇ ਉਸੇ ਅਨੁਸਾਰ ਉਨ੍ਹਾਂ ’ਤੇ ਹੋਰ ਦੋਸ਼ ਆਇਦ ਕੀਤੇ ਜਾਣਗੇ।
ਪੁਲੀਸ ਬੁਲਾਰੇ ਨੇ ਦੱਸਿਆ ਕਿ ਅਭੀਜੀਤ ਕਿੰਗਰਾ ਅਪਰਾਧੀ ਸੁਭਾਅ ਵਾਲਾ ਹੈ ਤੇ ਉਸ ਨੂੰ ਇੰਜ ਦੇ ਮਾਮਲਿਆਂ ਵਿੱਚ ਕੈਦ ਵੀ ਹੋ ਚੁੱਕੀ ਹੈ। ਸੁਣਵਾਈ ਕਰ ਰਹੇ ਜੱਜ ਕਿੰਗਰਾ ਬਾਰੇ ਟਿੱਪਣੀ ਕਰ ਚੁੱਕੇ ਹਨ ਕਿ ਉਹ ਲਾਰੈਂਸ ਬਿਸ਼ਨੋਈ ਦੇ ਦਿਸ਼ਾ ਨਿਰਦੇਸ਼ਾਂ ’ਤੇ ਕੰਮ ਕਰਦਾ ਹੈ। ਟਾਸਕ ਫੋਰਸ ਵਲੋਂ ਹਰਮਨਜੋਤ ਬਰਾੜ (25) ਤੇ ਹਰਦਿਲਪ੍ਰੀਤ ਸਿੰਘ (23) ਉੱਤੇ ਵੀ ਫਿਰੌਤੀ ਅਤੇ ਗੋਲੀਬਾਰੀ ਦੇ ਦੋਸ਼ ਲਗਾਏ ਗਏ ਹਨ। ਪੁਲੀਸ ਨੇ ਦਾਅਵਾ ਕੀਤਾ ਹੈ ਕਿ ਸਰੀ ਸ਼ਹਿਰ ਵਿੱਚ ਫਿਰੌਤੀ ਦੇ 56 ਅਤੇ ਗੋਲੀਬਾਰੀ ਦੇ 31 ਮਾਮਲਿਆਂ ਦੀ ਜਾਂਚ ਤੇਜ਼ੀ ਨਾਲ ਕੀਤੀ ਜਾ ਰਹੀ ਹੈ ਤੇ ਛੇਤੀ ਹੀ ਸਾਰੇ ਦੋਸ਼ੀ ਕਟਿਹਰੇ ਵਿੱਚ ਖੜੇ ਕੀਤੇ ਜਾਣਗੇ। ਉੱਧਰ ਪੁਲੀਸ ਦੇ ਦਾਅਵਿਆਂ ਦੇ ਉਲਟ ਅੱਜ ਵੀ ਸਕਾਈ ਟਰੇਨ ਸਟੇਸ਼ਨ ਕੋਲ ਗੋਲੀਬਾਰੀ ਦੀ ਘਟਨਾ ਵਾਪਰੀ ਹੈ, ਪਰ ਕੋਈ ਜ਼ਖ਼ਮੀ ਨਹੀਂ ਹੋਇਆ।
(ਨੋਟ -ਪੁਲੀਸ ਨੇ ਫੜੇ ਲੋਕਾਂ ਦੀ ਫੋਟੋ ਜਾਰੀ ਨਹੀਂ ਕੀਤੀ)