Canada News: ਕੈਨੇਡਾ ਦੇ ਵਿਨੀਪੈਗ ’ਚ ਚੜ੍ਹਦੀਕਲਾ ਸਪੋਰਟਸ ਕਲੱਬ ਨੇ ਕਰਵਾਇਆ ਖੇਡ ਮੇਲਾ
ਚੜ੍ਹਦੀਕਲਾ ਸਪੋਰਟਸ ਕਲੱਬ ਮੈਨੀਟੋਬਾ ਵੱਲੋਂ ਵੈਸਟ ਸੇਂਟ ਪਾਲ ਸੈਂਟਰ ਦੀਆਂ ਖੇਡ ਮੈਦਾਨਾਂ ਵਿਚ ਬੜੀ ਧੂਮਧਾਮ ਨਾਲ ਖੇਡ ਮੇਲਾ ਕਰਵਾਇਆ ਗਿਆ। ਕਲੱਬ ਦੇ ਮੈਂਬਰਾਂ ਰੁਪਿੰਦਰ ਬਰਾੜ, ਜੱਗੀ ਗਰੇਵਾਲ, ਸੁੱਖ ਬਰਾੜ, ਰਣਧੀਰ ਬਰਾੜ, ਕਮਲ ਸੇਖੋਂ, ਸਰਬਜੀਤ ਧਾਲੀਵਾਲ ਅਤੇ ਉਨ੍ਹਾਂ ਦੀ ਪੂਰੀ ਕਲੱਬ ਵੱਲੋਂ ਕਰਵਾਏ ਗਏ ਇਸ ਖੇਡ ਮੇਲੇ ਦਾ ਮੁੱਖ ਉਦੇਸ਼ ਕੈਨੇਡਾ ਵਿਚ ਜਨਮੇ ਭਾਰਤੀ ਮੂਲ ਦੇ ਬੱਚਿਆਂ ਨੂੰ ਵੱਧ ਤੋਂ ਵੱਧ ਆਪਣੇ ਵਿਰਸੇ ਖੇਡਾਂ ਪ੍ਰਤੀ ਉਤਸ਼ਾਹਿਤ ਕਰਨਾ ਸੀ।
ਖੇਡ ਮੇਲੇ ਦਾ ਮੁੱਖ ਆਕਰਸ਼ਣ ਬੱਚਿਆਂ ਦੀਆਂ ਖੇਡਾਂ ਸਨ। ਇਸ 2 ਦਿਨਾਂ ਤੱਕ ਚੱਲੇ ਖੇਡ ਮੇਲੇ ਦੌਰਾਨ ਹਰ ਉਮਰ ਦੇ ਬੱਚਿਆਂ ਤੇ ਬੱਚੀਆਂ ਨੇ ਵੱਖੋ ਵੱਖ ਖੇਡਾਂ 'ਚ ਹਿੱਸਾ ਲਿਆ।
ਖੇਡ ਮੇਲੇ ਵਿਚ ਕਬੱਡੀ, ਫੁਟਬਾਲ ਤੋਂ ਇਲਾਵਾ ਵਾਲੀਬਾਲ ਅਤੇ ਦੌੜਾਂ ਵਿਚ ਵੀ ਜ਼ੋਰ ਅਜ਼ਮਾਇਸ਼ ਹੋਈ। ਵੱਖ-ਵੱਖ ਖੇਡਾਂ ਵਿਚ ਤਕਰੀਬਨ 50 ਤੋਂ ਵੱਧ ਟੀਮਾਂ ਨੇ ਹਿੱਸਾ ਲਿਆ। ਇਸ ਮੌਕੇ ਟੀਮਾਂ ਦੇ ਕਬੱਡੀ ਮੈਚ ਵੀ ਕਰਵਾਏ ਗਏ, ਬੱਚਿਆਂ ਦੀਆਂ ਦੌੜ ਵਿਚ ਪਹਿਲਾਂ 6 ਸਾਲ ਦੇ ਵਰਗ ਵਿਚ ਸੁੱਖ ਬਾਜ਼ ਨੇ ਪਹਿਲਾ, ਵੀਰਪ੍ਰਤਾਪ ਨੇ ਦੂਜਾ ਤੇ ਗੁਰਸ਼ਬਦ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਛੇ ਸਾਲ ਲੜਕੀਆਂ ਦੇ ਵਰਗ ਵਿਚ ਜਨਗਨ, ਅਨਰੀਤ ਤੇ ਹਸਰਤ ਕ੍ਰਮਵਾਰ ਪਹਿਲੇ, ਦੂਜੇ 'ਤੇ ਤੀਜੇ ਸਥਾਨ ’ਤੇ ਰਹੀਆਂ। ਅੱਠ ਸਾਲ ਦੇ ਲੜਕਿਆਂ ਦੇ ਵਰਗ ਵਿਚ ਫ਼ਤਿਹ ਨੇ ਪਹਿਲਾ, ਤ੍ਰਿਸ਼ਾਂਤ ਨੇ ਦੂਜਾ ਅਤੇ ਅਗਮ ਤੇ ਮਨਰਾਜ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੱਠ ਸਾਲ ਦੇ ਲੜਕੀਆਂ ਦੇ ਵਰਗ ਵਿਚ ਗੁਣਰੀਤ, ਹਰ-ਰੀਤ ਤੇ ਸੋਫੀਆ ਕ੍ਰਮਵਾਰ ਪਹਿਲੇ ਤਿੰਨ ਸਥਾਨਾਂ 'ਤੇ ਰਹੀਆਂ।
ਦਸ ਸਾਲ ਮੁੰਡਿਆਂ ਦੇ ਵਰਗ ਵਿਚ ਸਾਹਿਬ ਨੇ ਪਹਿਲਾ, ਬੱਬਨ ਨੇ ਦੂਜਾ ਤੇ ਰਿਧੀਵੀਰ ਨੇ ਤੀਜਾ ਸਥਾਨ ਹਾਸਲ ਕੀਤਾ। ਦਸ ਸਾਲ ਦੀਆਂ ਕੁੜੀਆਂ ਵਿਚੋਂ ਜਪਜੋਤ, ਜਾਪ੍ਰੀਤ ਤੇ ਰੂਬਲ ਕ੍ਰਮਵਾਰ ਪਹਿਲੇ, ਦੂਜੇ ਤੇ ਤੀਜੇ ਸਥਾਨ ’ਤੇ ਰਹੀਆਂ।
ਬਾਰਾਂ ਸਾਲ ਦੇ ਮੁੰਡਿਆਂ ’ਚੋਂ ਜੋਸ਼ੁਆ ਨੇ ਪਹਿਲਾ, ਸਾਹਿਬ ਨੇ ਦੂਜਾ ਤੇ ਬੱਬਨ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਬਾਰਾਂ ਸਾਲ ਦੀਆਂ ਲੜਕੀਆਂ ਵਿਚੋਂ ਗੁਨਪ੍ਰੀਤ, ਗੁਲਨੀਤ ਤੇ ਜਾਪ੍ਰੀਤ ਕ੍ਰਮਵਾਰ ਪਹਿਲੇ, ਦੂਜੇ ਤੇ ਤੀਜੇ ਸਥਾਨ ’ਤੇ ਰਹੀਆਂ। ਚੌਦਾਂ ਸਾਲ ਦੇ ਲੜਕਿਆਂ ਦੇ ਵਰਗ ਵਿਚ ਗਿਆਸੂ ਨੇ ਪਹਿਲਾ, ਰੱਬਜੀਤ ਨੇ ਦੂਜਾ ਤੇ ਹਰਕੀਰਤ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਚੌਦਾਂ ਸਾਲ ਦੀਆਂ ਕੁੜੀਆਂ ਵਿਚੋਂ ਗੁਰਸਿਮਰਤ, ਸੁਖਲੀਨ ਅਤੇ ਮਹਿਰੀਨ ਕ੍ਰਮਵਾਰ ਪਹਿਲੇ, ਦੂਜੇ ਤੇ ਤੀਜੇ ਸਥਾਨ ’ਤੇ ਰਹੀਆਂ। ਕਬੱਡੀ ਵਿਚ ਬਰਾੜ ਸਟੌਕਓ ਕਲੱਬ ਦੀ ਟੀਮ ਜੇਤੂ ਰਹੀ।
ਦੌੜਾਂ ਵਿਚ ਹਰ ਉਮਰ ਵਰਗ ਦੀਆਂ ਮਰਦਾਂ ਤੇ ਔਰਤਾਂ ਦੀਆਂ ਦੌੜਾਂ ਦਾ ਆਨੰਦ ਖੇਡ ਮੇਲੇ 'ਚ ਆਏ ਹੋਏ ਦਰਸ਼ਕਾਂ ਨੇ ਖ਼ੂਬ ਮਾਣਿਆ। ਇਸ ਮੌਕੇ 100, 200 ਮੀਟਰ ਦੀਆਂ ਅਲੱਗ ਅਲੱਗ ਵਰਗ ਦੀਆਂ ਦੌੜਾਂ ਕਰਵਾਈਆਂ ਗਈਆਂ। ਟੂਰਨਾਮੈਂਟ ਦੀ ਖ਼ਾਸ ਗੱਲ ਇਹ ਰਹੀ ਕਿ ਇੱਥੇ ਤੀਆਂ ਦਾ ਮੇਲਾ ਵੀ ਲਾਇਆ ਗਿਆ, ਇਸ ਵਿਚ ਬੱਚਿਆਂ ਵੱਲੋਂ ਭੰਗੜਾ, ਗਿੱਧਾ ਪਾਇਆ ਗਿਆ ਤੇ ਸੀਨੀਅਰ ਔਰਤਾਂ ਵੱਲੋਂ ਬੋਲੀਆਂ ਸੁਣਾਈਆਂ ਗਈਆਂ। ਮਾਂਵਾਂ-ਧੀਆਂ, ਨੂੰਹ-ਸੱਸ, ਨਣਦ-ਭਾਬੀ, ਦਰਾਣੀ-ਜਠਾਣੀ, ਭੈਣਾਂ-ਭੈਣਾਂ, ਦਾਦੀ-ਪੋਤੀ, ਨਾਨੀਆਂ-ਦੋਹਤੀਆਂ ਤੇ ਸਹੇਲੀਆਂ ਨੇ ਰਲ-ਮਿਲ ਕੇ ਬੋਲੀਆਂ ਪਾਈਆਂ।
'ਸੱਸ ਕੁੱਟਣੀ ਸੰਦੂਕਾਂ ਓਹਲੇ' ਵਰਗੀਆਂ ਵਿਅੰਗਾਤਮਕ ਬੋਲੀਆਂ ਵਿਚ ਇਕ ਦੂਜੇ ਨੂੰ ਮਿਹਣੇ ਵੀ ਸਨ ਤੇ ਉਨ੍ਹਾਂ ਦੀਆਂ ਸਿਫ਼ਤਾਂ ਵੀ, ਗ਼ੁੱਸੇ, ਰੋਸੇ, ਵਿਛੋੜੇ, ਸ਼ਿਕਵੇ ਸ਼ਿਕਾਇਤਾਂ ਵੀ। 60 ਸਾਲ ਦੇ ਨੌਜਵਾਨਾਂ ਵੱਲੋਂ ਰੱਸਾਕਸ਼ੀ ਵਿੱਚ ਆਪਣੇ ਜੌਹਰ ਦਿਖਾਏ ਗਏ। ਚਾਹ ਤੇ ਪਕੌੜਿਆਂ ਦਾ ਲੰਗਰ ਵੀ ਲਾਇਆ ਗਿਆ।
ਅਖ਼ੀਰ ਵਿਚ ਸਤਿੰਦਰ ਬਿੱਟੀ ਨੇ ਆਪਣਾ ਰੰਗਾਰੰਗ ਪ੍ਰੋਗਰਾਮ ਪੇਸ਼ ਕਰਦਿਆਂ ਆਪਣੇ ਨਵੇਂ ਤੇ ਪੁਰਾਣੇ ਗੀਤਾਂ ਨਾਲ ਖ਼ੂਬ ਰੌਣਕਾਂ ਲਾਈਆਂ। ਕਲੱਬ ਦੇ ਮੈਂਬਰਾਂ ਵੱਲੋਂ ਸਾਰੇ ਹੀ ਖਿਡਾਰੀਆਂ, ਦਰਸ਼ਕਾਂ ਤੇ ਸਪਾਂਸਰ ਦਾ ਧੰਨਵਾਦ ਕੀਤਾ ਗਿਆ।
d