Canada News:ਕੈਨੇਡਾ ਦੇ ਸਰੀ ’ਚ ਗਦਰੀ ਬਾਬਿਆਂ ਦੀ ਯਾਦ ਵਿੱਚ ਮੇਲਾ ਮਨਾਇਆ
ਗਦਰੀ ਬਾਬਿਆਂ ਦੀ ਯਾਦ ਵਿੱਚ ਪ੍ਰੋ. ਮੋਹਨ ਸਿੰਘ ਯਾਦਗਾਰੀ ਫਾਊਂਡੇਸ਼ਨ ਵਲੋਂ 29ਵਾਂ ਸਲਾਨਾ ਮੇਲਾ ਸਰੀ ਦੇ ਬੇਅਰ ਕਰੀਕ ਪਾਰਕ ਵਿੱਚ ਮਨਾਇਆ ਗਿਆ। ਮੇਲੇ ਵਿੱਚ ਭਾਰਤ ਤੋਂ ਆਏ ਕਈ ਕਲਾਕਾਰਾਂ ਨੇ ਸ਼ਮੂਲੀਅਤ ਕੀਤੀ ਅਤੇ ਖ਼ੂਬ ਰੰਗ ਬੰਨ੍ਹਿਆ।
ਇਸ ਮੌਕੇ ਕੁਝ ਮਤੇ ਪਾਸ ਕੀਤੇ ਗਏ ਜਿਨ੍ਹਾਂ ਵਿੱਚ ਸਰੀ ਦੀ 128 ਸਟਰੀਟ ਦਾ ਨਾਂ ਗੁਰੂ ਨਾਨਕ ਦੇਵ ਜੀ ਮਾਰਗ ਰੱਖਣ, ਸ਼ਹੀਦ ਭਾਈ ਮੇਵਾ ਸਿੰਘ ਦੇ ਅਦਾਲਤੀ ਰਿਕਾਰਡ ਵਿੱਚ ਸੋਧ ਕਰਨ ਅਤੇ ਉਸ ਮਾਮਲੇ ਵਿੱਚ ਗੁਰੂ ਨਾਨਕ ਸਟੀਮਰ ਕੰਪਨੀ ਦਾ ਨਾਂ ਸ਼ਾਮਲ ਕੀਤੇ ਜਾਣ ਦੀ ਮੰਗ ਕੀਤੀ ਗਈ।
ਗੌਰਤਲਬ ਹੈ ਕਿ ਕੈਨੇਡਾ ਦੇ ਤੱਤਕਾਲੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਲੋਂ 2018 ਵਿੱਚ ਪਿਛਲੀ ਸਦੀ ਦੇ ਉਸ ਦੁਖਾਂਤਕ ਕਾਂਡ ਲਈ ਕੈਨੇਡੀਅਨ ਲੋਕਾਂ ਵਲੋਂ ਮੁਆਫ਼ੀ ਮੰਗੀ ਗਈ ਸੀ ਅਤੇ ਬਾਅਦ ਵਿੱਚ ਸੰਸਦ ਵਿੱਚ ਸੋਗ ਮਤਾ ਪਾਸ ਕੀਤਾ ਗਿਆ ਸੀ।
ਪ੍ਰੋਫ਼ੈਸਰ ਗੁਰਬਾਜ ਸਿੰਘ ਵੱਲੋਂ ਸੰਭਾਲੀ ਗਈ ਮੇਲੇ ਦੀ ਸਟੇਜ ਤੋਂ ਕਈ ਆਗੂਆਂ ਨੇ ਸੰਬੋਧਨ ਕੀਤਾ। ਰੇਡੀਓ ਹੋਸਟ ਜਸਵੀਰ ਸਿੰਘ ਰੋਮਾਣਾ, ਰਮਿੰਦਰ ਸਿੰਘ ਕੰਗ, ਪ੍ਰੋ ਗੋਪਾਲ ਸਿੰਘ ਬੁੱਟਰ, ਕੁਲਵੰਤ ਸਿੰਘ ਢੇਸੀ, ਪਰੀਤਮ ਸਿੰਘ ਭਰੋਵਾਲ, ਰਣਜੀਤ ਸਿੰਘ ਸੰਧੂ, ਸਾਬਕਾ ਸੂਬਾਈ ਮੰਤਰੀ ਅਤੇ ਸਾਬਕਾ ਸੰਸਦ ਮੈਂਬਰ ਜਿਮੀ ਸਿੰਮਜ (ਜੁਗਿੰਦਰ ਕੌਰ ਹੋਠੀ) ਤੇ ਸਿਆਸੀ ਆਗੂਆਂ ’ਚੋਂ ਸਰੀ ਤੋਂ ਸੰਸਦ ਮੈਂਬਰ ਸੁੱਖ ਧਾਲੀਵਾਲ, ਸੰਸਦ ਮੈਂਬਰ ਗੁਰਬਖਸ਼ ਸਿੰਘ ਸੈਣੀ, ਸੂਬਾਈ ਮੰਤਰੀ ਜਗਰੂਪ ਸਿੰਘ ਬਰਾੜ ਨੇ ਦੁਖਾਂਤ ਬਾਰੇ ਆਪਣੇ ਵਿਚਾਰ ਰੱਖੇ।
ਉਨ੍ਹਾਂ ਗਦਰੀ ਬਾਬਿਆਂ ਦੀਆਂ ਕੁਰਬਾਨੀਆਂ ਯਾਦ ਕਰਾਉਂਦਿਆਂ ਭਾਰਤ ਦੀ ਅਜ਼ਾਦੀ ਦੇ ਸੰਘਰਸ਼ ਵਿੱਚ ਉਨ੍ਹਾਂ ਦੇ ਵੱਡੇ ਯੋਗਦਾਨ ਤੋਂ ਦਰਸ਼ਕਾਂ ਨੂੰ ਜਾਣੂ ਕਰਾਇਆ।ਸਟੇਜ ਤੋਂ ਗਾਇਕਾਂ ਵਲੋਂ ਪੇਸ਼ ਕੀਤੇ ਗਾਣਿਆਂ 'ਤੇ ਦਰਸ਼ਕ ਝੂੰਮਣ ਲੱਗੇ। ਆਖਰ ਵਿੱਚ ਮੇਲੇ ਦੇ ਪ੍ਰਬੰਧਕ ਸਾਹਿਬ ਸਿੰਘ ਥਿੰਦ ਨੇ ਆਏ ਆਗੂਆਂ, ਸਮਾਜ ਸੇਵਕਾਂ, ਰੇਡੀਓ ਹੋਸਟਾਂ, ਕਾਰੋਬਾਰੀਆਂ ਅਤੇ ਦਰਸ਼ਕਾਂ ਦਾ ਧੰਨਵਾਦ ਕੀਤਾ। ਮੇਲੇ ਦੌਰਾਨ ਸਤੀਸ਼ ਗੁਲਾਟੀ ਨੇ ਪੰਜਾਬੀ ਕਿਤਾਬਾਂ ਦਾ ਸਟਾਲ ਲਾਇਆ, ਜਿੱਥੋਂ ਸਾਹਿਤਕ ਪ੍ਰੇਮੀ ਖਰੀਦਦਾਰੀ ਕਰਦੇ ਵੇਖੇ ਗਏ।