ਕੈਨੇਡਾ: ਗੋਲਕ ’ਚੋਂ 20 ਲੱਖ ਡਾਲਰ ਦੀ ਲੁੱਟ; ਕੋਰਟ ਨੇ ਗ੍ਰੰਥੀ ਸਿੰਘ ਤੋਂ ਬੇਹਿਸਾਬੀ ਜਾਇਦਾਦ ਦਾ ਵੇਰਵਾ ਮੰਗਿਆ
ਵਿਨੀਪੈਗ ਦੇ ਗੁਰਦੁਆਰਾ ਕਲਗ਼ੀਧਰ ਦਰਬਾਰ ਵਿਚ 2011 ਤੋਂ 2024 ਤੱਕ ਗ੍ਰੰਥੀ ਸਿੰਘ ਵਜੋਂ ਸੇਵਾਵਾਂ ਨਿਭਾਉਣ ਵਾਲੇ ਸੁਖਵਿੰਦਰ ਸਿੰਘ ਨੇ ਇਕ ਹਜ਼ਾਰ ਡਾਲਰ ਪ੍ਰਤੀ ਮਹੀਨਾ ਤਨਖ਼ਾਹ ਹੋਣ ਦੇ ਬਾਵਜੂਦ 3.32 ਲੱਖ ਡਾਲਰ ਮੁੱਲ ਵਾਲਾ ਘਰ ਬਗੈਰ ਕਰਜ਼ੇ ਤੋਂ ਖ਼ਰੀਦ ਲਿਆ। ਗੁਰਦੁਆਰਾ...
ਵਿਨੀਪੈਗ ਦੇ ਗੁਰਦੁਆਰਾ ਕਲਗ਼ੀਧਰ ਦਰਬਾਰ ਵਿਚ 2011 ਤੋਂ 2024 ਤੱਕ ਗ੍ਰੰਥੀ ਸਿੰਘ ਵਜੋਂ ਸੇਵਾਵਾਂ ਨਿਭਾਉਣ ਵਾਲੇ ਸੁਖਵਿੰਦਰ ਸਿੰਘ ਨੇ ਇਕ ਹਜ਼ਾਰ ਡਾਲਰ ਪ੍ਰਤੀ ਮਹੀਨਾ ਤਨਖ਼ਾਹ ਹੋਣ ਦੇ ਬਾਵਜੂਦ 3.32 ਲੱਖ ਡਾਲਰ ਮੁੱਲ ਵਾਲਾ ਘਰ ਬਗੈਰ ਕਰਜ਼ੇ ਤੋਂ ਖ਼ਰੀਦ ਲਿਆ। ਗੁਰਦੁਆਰਾ ਸਾਹਿਬ ਵਿਚ ਉਸ ਦੀ ਰਿਹਾਇਸ਼ ਵਾਲੇ ਕਮਰੇ ਵਿਚੋਂ 4.10 ਲੱਖ ਡਾਲਰ ਤੋਂ ਵੱਧ ਰਕਮ ਵੱਖਰੇ ਤੌਰ ’ਤੇ ਬਰਾਮਦ ਕੀਤੀ ਗਈ। ਇਸ ਗ੍ਰੰਥੀ ਸਿੰਘ ਵੱਲੋਂ ਗੁਰਦੁਆਰਾ ਸਾਹਿਬ ਦੀ ਗੋਲਕ ਵਿਚੋਂ 20 ਲੱਖ ਡਾਲਰ ਲੁੱਟਣ ਦਾ ਕਥਿਤ ਮਾਮਲਾ ਸਾਹਮਣੇ ਆਇਆ ਹੈ ਅਤੇ ਅਦਾਲਤ ਵੱਲੋਂ ਬੇਹਿਸਾਬੀ ਜਾਇਦਾਦ ਦਾ ਹਿਸਾਬ-ਕਿਤਾਬ ਪੇਸ਼ ਕਰਨ ਦੇ ਹੁਕਮ ਦਿੱਤੇ ਗਏ ਹਨ।
ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦੱਸਿਆ ਕਿ ਫਰਵਰੀ 2024 ਵਿਚ ਸੁਖਵਿੰਦਰ ਸਿੰਘ ਦੀ ਤਨਖ਼ਾਹ ਇਕ ਹਜ਼ਾਰ ਡਾਲਰ ਪ੍ਰਤੀ ਮਹੀਨਾ ਤੋਂ ਵਧਾ ਕੇ 1500 ਡਾਲਰ ਮਹੀਨਾ ਕੀਤੀ ਗਈ। ਸੀਮਤ ਤਨਖ਼ਾਹ ਦੇ ਬਾਵਜੂਦ ਲੱਖਾਂ ਡਾਲਰ ਦੀ ਬਰਾਮਦਗੀ ਬਾਰੇ ਅਦਾਲਤ ਨੇ ਸਪੱਸ਼ਟੀ ਕਰਨ ਮੰਗਿਆ ਤਾਂ ਸੁਖਵਿੰਦਰ ਸਿੰਘ ਦੇ ਵਕੀਲ ਸਟੀਵਨ ਬਰੇਨ ਵੱਲੋਂ ਮੋਹਲਤ ਦੀ ਮੰਗ ਕੀਤੀ ਗਈ ਪਰ ਰਾਹਤ ਨਾ ਮਿਲ ਸਕੀ। ਮੈਨੀਟੋਬਾ ਕੋਰਟ ਆਫ਼ ਕਿੰਗਜ਼ ਬੈਂਚ ਦੀ ਜਸਟਿਸ ਸਾਰਾ ਇਨੈਸ ਨੇ ਕਿਹਾ ਕਿ ਅਪਰਾਧਿਕ ਮਾਮਲੇ ਦੀ ਸੁਣਵਾਈ ਦੌਰਾਨ ਸੁਖਵਿੰਦਰ ਸਿੰਘ ਨੂੰ ਚੁੱਪ ਰਹਿਣ ਦਾ ਹੱਕ ਹੈ ਪਰ ਸਿਵਲ ਕਾਰਵਾਈ ਦੌਰਾਨ ਇਹ ਹੱਕ ਨਹੀਂ ਮਿਲਦਾ ਅਤੇ ਜਾਇਦਾਦ ਦਾ ਹਿਸਾਬ ਕਿਤਾਬ ਦੇਣਾ ਹੀ ਪਵੇਗਾ। ਦੱਸ ਦੇਈਏ ਕਿ ਸੁਖਵਿੰਦਰ ਸਿੰਘ ਵਿਰੁੱਧ ਅਪਰਾਧਿਕ ਮੁਕੱਦਮਾ ਫਰਵਰੀ ਵਿਚ ਸ਼ੁਰੂ ਹੋਣਾ ਹੈ।
ਰਿਪੋਰਟ ਮੁਤਾਬਕ ਗੁਰਦੁਆਰਾ ਸਾਹਿਬ ਵਿਚ ਹੈੱਡ ਗ੍ਰੰਥੀ ਵਜੋਂ ਸੇਵਾਵਾਂ ਨਿਭਾਅ ਰਹੇ ਸੁਖਵਿੰਦਰ ਸਿੰਘ ਉੱਤੇ ਸ਼ੱਕ ਹੋਣ ਮਗਰੋਂ ਪ੍ਰਬੰਧਕ ਕਮੇਟੀ ਵੱਲੋਂ ਸੀ.ਸੀ.ਟੀ.ਵੀ. ਕੈਮਰਾ ਲਗਵਾਇਆ ਗਿਆ ਜੋ ਪਹਿਲੀ ਵਾਰ 18 ਮਿੰਟ ਬੰਦ ਰਿਹਾ ਜਿਸ ਤੋਂ ਯਕੀਨ ਹੋ ਗਿਆ ਕਿ ਗੋਲਕ ਵਿਚੋਂ ਨਕਦੀ ਕੱਢੀ ਗਈ। ਅਦਾਲਤ ਵਿਚ ਲੱਗੇ ਦੋਸ਼ਾਂ ਮੁਤਾਬਕ ਦੂਜੇ ਕੈਮਰੇ ਦੀ ਫੁਟੇਜ ਵਿੱਚ ਸਿੰਘ ਨੂੰ ਗੁਰੂ ਘਰ ਦੇ ਗੋਲਕ ਵਿੱਚੋਂ ਨਕਦੀ ਕੱਢਦੇ ਹੋਏ ਵੇਖਿਆ ਗਿਆ। ਮੁਕੱਦਮੇ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਪੈਸੇ, ਜਿਸ ਵਿੱਚ ਮੁੱਖ ਤੌਰ ’ਤੇ $100, $50 ਅਤੇ $20 ਦੇ ਨੋਟ ਸਨ, ਜੋ ਕੇ ਬੈੱਡ-ਸ਼ੀਟਾਂ ਵਿੱਚ ਲਪੇਟੇ ਹੋਏ ਪਲਾਸਟਿਕ ਦੇ ਡੱਬਿਆਂ ਵਿੱਚ ਛੁਪਾਏ ਗਏ ਸਨ। ਮੁਕੱਦਮੇ ਵਿੱਚ ਕਿਹਾ ਗਿਆ ਹੈ ਕਿ ਹੋਰ ਜਾਂਚ ਵਿੱਚ ਗੁਰਦੁਆਰੇ ਵਿੱਚ ਸਿੰਘ ਦੇ ਰਹਿਣ ਵਾਲੇ ਕਮਰੇ ਵਿਚੋਂ $410,000 ਤੋਂ ਵੱਧ ਨਕਦੀ ਮਿਲੀ। ਕੈਮਰੇ ਵਿਚ ਸੁਖਵਿੰਦਰ ਸਿੰਘ ਸਾਫ਼ ਤੌਰ ’ਤੇ ਗੋਲਕ ਵਿਚੋਂ ਨਕਦੀ ਕੱਢਦਿਆਂ ਨਜ਼ਰ ਆ ਰਿਹਾ ਹੈ। ਮਾਮਲਾ ਪੁਲੀਸ ਕੋਲ ਪੁੱਜਾ ਤਾਂ ਤਲਾਸ਼ੀ ਦੌਰਾਨ ਲੱਖਾਂ ਡਾਲਰ ਨਕਦ ਦੇਖ ਕੇ ਪ੍ਰਬੰਧਕ ਕਮੇਟੀ ਮੈਂਬਰਾਂ ਦੇ ਹੋਸ਼ ਉੱਡ ਗਏ।
ਗ੍ਰੰਥੀ ਸਿੰਘ ’ਤੇ ਕਰੀਬ $1.5 ਮਿਲੀਅਨ ਤੋਂ $2 ਮਿਲੀਅਨ ਡਾਲਰ ਦੀ ਦੁਰਵਰਤੋਂ ਕਰਨ ਦਾ ਦੋਸ਼ ਹੈ। ਕਲਗ਼ੀਧਰ ਸੰਸਥਾ ਵੱਲੋਂ ਪੁਲੀਸ ਨੂੰ ਇਸ ਦੀ ਰਿਪੋਰਟ ਕਰਨ ਤੋਂ ਬਾਅਦ ਪੈਸੇ ਜ਼ਬਤ ਕਰ ਲਏ ਗਏ ਸਨ ਤੇ ਗ੍ਰੰਥੀ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਪਰ ਇਸ ਤੋਂ ਪਹਿਲਾਂ 2019 ਵਿਚ ਸੁਖਵਿੰਦਰ ਸਿੰਘ ਸਵਾ ਤਿੰਨ ਲੱਖ ਡਾਲਰ ਦਾ ਘਰ ਖ਼ਰੀਦ ਚੁੱਕਾ ਸੀ। ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਸੁਖਵਿੰਦਰ ਸਿੰਘ ਵਿਰੁੱਧ 15 ਤੋਂ 20 ਲੱਖ ਡਾਲਰ ਚੋਰੀ ਕਰਨ ਦੇ ਦੋਸ਼ ਲਾਏ ਗਏ ਹਨ। ਸੁਖਵਿੰਦਰ ਸਿੰਘ ਨੂੰ ਪਹਿਲੀ ਵਾਰ ਸਤੰਬਰ 2024 ਵਿਚ ਗ੍ਰਿਫ਼ਤਾਰ ਕੀਤਾ ਗਿਆ। ਉਸ ਉੱਤੇ 5 ਹਜ਼ਾਰ ਡਾਲਰ ਤੋਂ ਵੱਧ ਰਕਮ ਚੋਰੀ ਕਰਨ ਤੋਂ ਇਲਾਵਾ ਅਪਰਾਧ ਰਾਹੀਂ ਹਾਸਲ 5 ਹਜ਼ਾਰ ਡਾਲਰ ਤੋਂ ਵੱਧ ਮੁੱਲ ਦੀ ਜਾਇਦਾਦ ਰੱਖਣ ਦੇ ਦੋਸ਼ ਲੱਗੇ ਸਨ।

