DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮੇਰਾ ਵੀਰ ਸੰਧਾਰਾ ਲਿਆਇਆ...

ਸਰਬਜੀਤ ਸਿੰਘ ਜਰਮਨੀ ਬਿਕਰਮੀ ਕੈਲੰਡਰ ਦੇ ਪੰਜਵੇਂ ਮਹੀਨੇ ਭਾਵ ਸੌਣ/ਸਾਉਣ ਮਹੀਨੇ ਨੂੰ ਅਤੇ ਬਿਕਰਮੀ ਕੈਲੰਡਰ ਦੇ ਦਸਵੇਂ ਮਹੀਨੇ ਭਾਵ ਪੋਹ ਦੇ ਮਹੀਨੇ ਨੂੰ ਵਿਆਹੀਆਂ ਗਈਆਂ ਧੀਆਂਨੂੰ ਪੇਕਿਆਂ ਵੱਲੋਂ ਹਰ ਸਾਲ ਤੋਹਫ਼ੇ ਦਿੱਤੇ ਜਾਂਦੇ ਹਨ। ਜਿਨ੍ਹਾਂ ਵਿੱਚ ਸੁਹਾਗ ਦਾ ਸਾਮਾਨ ਜਿਵੇਂ...
  • fb
  • twitter
  • whatsapp
  • whatsapp
Advertisement

ਸਰਬਜੀਤ ਸਿੰਘ ਜਰਮਨੀ

ਬਿਕਰਮੀ ਕੈਲੰਡਰ ਦੇ ਪੰਜਵੇਂ ਮਹੀਨੇ ਭਾਵ ਸੌਣ/ਸਾਉਣ ਮਹੀਨੇ ਨੂੰ ਅਤੇ ਬਿਕਰਮੀ ਕੈਲੰਡਰ ਦੇ ਦਸਵੇਂ ਮਹੀਨੇ ਭਾਵ ਪੋਹ ਦੇ ਮਹੀਨੇ ਨੂੰ ਵਿਆਹੀਆਂ ਗਈਆਂ ਧੀਆਂਨੂੰ ਪੇਕਿਆਂ ਵੱਲੋਂ ਹਰ ਸਾਲ ਤੋਹਫ਼ੇ ਦਿੱਤੇ ਜਾਂਦੇ ਹਨ। ਜਿਨ੍ਹਾਂ ਵਿੱਚ ਸੁਹਾਗ ਦਾ ਸਾਮਾਨ ਜਿਵੇਂ ਬਿੰਦੀ, ਸੁਰਖੀ, ਪਰਾਂਦੀ, ਚੂੜੀਆਂ, ਟੂੰਬਾਂ, ਸੂਟ ਅਤੇ

ਘਰ ਦੀ ਰਸ਼ਦ (ਘਿਊ, ਗੁੜ, ਦੁੱਧ) ਤੋਂ ਬਣਾਏ ਆਟੇ ਵਾਲੇ ਬਿਸਕੁਟ ਖ਼ਾਸ ਹੁੰਦੇ ਹਨ। ਹੁਣ ਬਿਕਰਮੀ ਕੈਲੰਡਰ ਦਾ ਪੰਜਵਾਂ ਮਹੀਨਾ ਚੱਲ ਰਿਹਾ ਹੈ। ਸਾਰੀਆਂ ਵਿਆਹੀਆਂ ਕੁੜੀਆਂ ਨੂੰ ਪੇਕੇ ਘਰ ਤੋਂ ਸੰਧਾਰੇ ਦਿੱਤੇ ਜਾਂਦੇ ਹਨ। ਸੌਣ ਵਿੱਚ ਦਿੱਤੇ ਜਾਣ ਵਾਲੇ ਤੋਹਫ਼ੇ ਨੂੰ ਖਾਸ ਕਰਕੇ ਆਟੇ ਵਾਲੇ/ ਪੀਪੇ ਵਾਲੇ ਬਿਸਕੁਟਾਂ ਨੂੰ ਸੰਧਾਰਾ ਕਿਹਾ ਜਾਂਦਾ ਹੈ।

Advertisement

ਸੰਧਾਰਾ ਸ਼ਬਦ ਸੁਹਾਗਣਾ ਦੀ ਖਾਸ ਨਿਸ਼ਾਨੀ ਸੰਧੂਰ

ਤੋਂ ਉਪਜਿਆ ਹੋਇਆ ਸ਼ਬਦ ਹੈ। ਸੁਹਾਗ ਦੀ

ਨਿਸ਼ਾਨੀ ਤੋਂ ਨਵੇਂ ਰੂਪ ਵਿੱਚ ਪੰਜਾਬੀ ਵਿੱਚ ਸ਼ਾਮਲ ਹੋਇਆ ਸੰਧਾਰਾ ਸ਼ਬਦ ਆਪਣੇ ਆਪ ਵਿੱਚ ਬਹੁਤ ਵਿਲੱਖਣ ਹੈ ਕਿਉਂਕਿ ਇਹ ਵਿਆਹੀਆਂ ਗਈਆਂ ਸੁਹਾਗਣ ਧੀਆਂ ਨੂੰ ਪੇਕੇ ਪਰਿਵਾਰ ਵਾਲੇ ਬਹੁਤ ਚਾਅ ਨਾਲ ਦਿੰਦੇ ਹਨ। ਇੱਕ ਨੂੰਹ ਆਪਣੀ ਸੱਸ ਦੇ ਆਏ ਸੰਧਾਰੇ ’ਤੇ ਆਪਣੀ ਸੱਸ ਦੇ ਚਾਅ ਨੂੰ ਵੇਖ ਕੇ ਕੁਝ ਇਉਂ ਆਖਦੀ ਹੈ:

ਜਦੋਂ ਸੱਸ ਦਾ ਸੰਧਾਰਾ ਆਇਆ

ਨੀਂ ਗਲੀ ਗਲੀ ਵੰਡਦੀ ਫਿਰੇ!

ਜਿਸ ਕੁੜੀ ਦਾ ਵਿਆਹ ਤੋਂ ਬਾਅਦ ਪਹਿਲਾ ਸੌਣ ਮਹੀਨਾ ਹੋਵੇ। ਉਸ ਨੂੰ ਪੇਕੇ ਹਾੜ੍ਹ ਮਹੀਨੇ ਦੇ ਅਖੀਰਲੇ ਦਿਨਾਂ ਵਿੱਚ ਪੇਕੇ ਘਰ ਲੈ ਆਉਂਦੇ ਹਨ। ਇਸ ਪੇਕੇ ਗਈ ਨੂੰਹ ਨੂੰ ਸੱਸ ਵੱਲੋਂ ਖਾਸ ਰੂਪ ਵਿੱਚ ਸੰਧਾਰਾ ਭੇਜਿਆ ਜਾਂਦਾ ਹੈ। ਸੱਸ ਵੱਲੋਂ ਭੇਜੇ ਸੰਧਾਰੇ ਦਾ ਵੱਖਰਾ ਈ ਚਾਅ ਹੁੰਦਾ ਹੈ। ਔਰਤਾਂ ਇਸ ਨੂੰ ਭਲੀਭਾਂਤ ਸਮਝ ਸਕਦੀਆਂ ਹਨ। ਇਸ ਸੰਧਾਰੇ ਦੀ ਸਿਫ਼ਤ ਮੁਟਿਆਰਾਂ ਕੁਝ ਇਉਂ ਕਰਦੀਆਂ ਹਨ:

ਸੱਸ ਨੇ ਸੰਧਾਰਾ ਭੇਜਿਆ

ਮੇਰੀ ਹਿੱਕ ’ਤੇ ਰੌਸ਼ਨੀ ਹੋਈ

ਨੀਂ ਤੀਆਂ ਵਿੱਚ ਨੱਚਦੀ ਨੂੰ

ਮੈਨੂੰ ਅੱਜ ਨਾ ਵਰਜਿਓ ਕੋਈ

ਨੀਂ ਤੀਆਂ ਵਿੱਚ ਨੱਚਦੀ ਨੂੰ

ਪੂਰਾ ਸੌਣ ਮਹੀਨਾ ਪੇਕੇ ਰਹਿ ਪੀਂਘਾਂ ਪਾਉਂਦੀ, ਨੱਚਦੀ ਗਾਉਂਦੀ ਇਸ ਨਵੀਂ ਵਿਆਹੀ ਮੁਟਿਆਰ ਨੂੰ ਭਾਦੋਂ ਮਹੀਨੇ ਦੇ ਪਹਿਲੇ ਦਿਨ ਮਾਹੀ ਆ ਕੇ ਮੁੜ ਸਹੁਰੇ ਘਰ ਲੈ ਜਾਂਦਾ ਹੈ। ਇਸ ਸੌਣ ਦੇ ਸੋਹਣੇ ਦਿਨਾਂ ਤੋਂ ਬਾਅਦ ਭਾਦੋਂ ਦੇ ਪਏ ਵਿਛੋੜੇ ਨੂੰ ਮੁਟਿਆਰਾਂ ਕੁਝ ਇਸ ਤਰ੍ਹਾਂ ਬੋਲੀ ਪਾ ਕੇ ਬਿਆਨ ਕਰਦੀਆਂ ਹਨ:

ਸੌਣ ਵੀਰ ’ਕੱਠੀਆਂ ਕਰੇ

ਭਾਦੋਂ ਚੰਦਰੀ ਵਿਛੋੜੇ ਪਾਵੇ

ਨੀਂ ਸੌਣ ਵੀਰ ’ਕੱਠੀਆਂ ਕਰੇ...।

ਜੇਕਰ ਕਿਸੇ ਨੂੰਹ ਨੂੰ ਸੌਣ ਦੇ ਮਹੀਨੇ ਪੇਕੇ ਘਰੋਂ ਕੋਈ ਲੈਣ ਨਾ ਆਵੇ ਤਾਂ ਅੱਗੋਂ ਸੱਸ, ਨੂੰਹ ਨੂੰ ਤਾਅਨਾ ਦਿੰਦੀ ਹੋਈ ਕਹਿੰਦੀ ਹੈ:

ਤੈਨੂੰ ਤੀਆਂ ’ਤੇ ਲੈਣ ਨਾ ਆਏ

ਬਹੁਤਿਆਂ ਭਰਾਵਾਂ ਵਾਲੀਏ!

ਤੇ ਜਦੋਂ ਕਿਧਰੇ ਭੈਣ ਆਪਣੇ ਵੀਰ ਨੂੰ ਸੰਧਾਰਾ ਲੈ ਕੇ ਆਉਂਦੇ ਨੂੰ ਵੇਖ ਲਏ ਤਾਂ ਉਸ ਦੀ ਖੁਸ਼ੀ ਦੁੱਗਣੀ ਚੌਗੁਣੀ ਹੋ ਜਾਂਦੀ ਹੈ। ਆਪਣੀਆਂ ਖ਼ੁਸ਼ੀ ਦੀ ਉਨ੍ਹਾਂ ਭਾਵਨਾਵਾਂ ਨੂੰ ਉਹ ਇਸ ਤਰ੍ਹਾਂ ਨੱਚਦੀ ਹੋਈ ਬਾਹਰ ਕੱਢਦੀ ਹੈ:

ਮੇਰਾ ਵੀਰ ਸੰਧਾਰਾ ਲਿਆਇਆ

ਨੀਂ ਉਹ ਲੰਬੇ ਚੀਰ ਕੇ ਪੈਂਡੇ ਆਇਆ!

ਸ਼ਾਲਾ! ਇਹ ਸੰਧਾਰਾ ਦੇਣ ਦੀ ਰਸਮ ਇਉਂ ਹੀ ਚੱਲਦੀ ਰਹੇ। ਹਰ ਧੀ ਨੂੰ ਪੇਕੇ ਘਰੋਂ ਪਿਆਰ ਸਤਿਕਾਰ ਤੇ ਸੰਧਾਰਾ ਮਿਲਦਾ ਰਹੇ।

Advertisement
×