ਖਿਡੌਣਿਆਂ ਨਾਲ ਬੱਚਿਆਂ ਦੇ ਚਿਹਰਿਆਂ ’ਤੇ ਰੌਣਕ ਲਿਆਂਦੀ
ਹਰਦਮ ਮਾਨ
ਸਰੀ: ਬੀਤੇ ਦਿਨ ਚੜ੍ਹਦੀਕਲਾ ਬ੍ਰਦਰਹੁੱਡ ਵੈਲਫੇਅਰ ਐਸੋਸੀਏਸ਼ਨ ਵੱਲੋਂ ਸਥਾਨਕ ਕਮਿਊਨਿਟੀ ਦੀ ਮਦਦ ਨਾਲ ਬੀਸੀ ਚਿਲਡਰਨ ਹਸਪਤਾਲ ਵਿੱਚ ਦਾਖਲ ਬੱਚਿਆਂ ਨੂੰ ਖਿਡੌਣੇ ਦਾਨ ਕੀਤੇ ਗਏ। ਐਸੋਸੀਏਸ਼ਨ ਦੇ ਫਾਊਂਡਰ ਡਾਇਰੈਕਟਰ ਜਸਵਿੰਦਰ ਸਿੰਘ ਦਿਲਾਵਰੀ ਦੀ ਅਗਵਾਈ ਵਿੱਚ ਐਸੋਸੀਏਸ਼ਨ ਦੇ ਮੈਂਬਰਾਂ ਬਲਜੀਤ ਸਿੰਘ ਰਾਏ, ਮਨਜੀਤ ਸਿੰਘ ਚੀਮਾ, ਲਖਵੀਰ ਸਿੰਘ ਗਰੇਵਾਲ, ਹਰਪ੍ਰੀਤ ਸਿੰਘ ਮਾਨਕਟਲਾ, ਇੰਦਰਜੀਤ ਸਿੰਘ ਲੱਧੜ ਅਤੇ ਸੰਦੀਪ ਸਿੰਘ ਧੰਜੂ ਨੇ ਵੱਖ-ਵੱਖ ਬਿਮਾਰੀਆਂ ਨਾਲ ਜੂਝ ਰਹੇ ਬੱਚਿਆਂ ਨੂੰ ਖਿਡੌਣੇ ਦੇ ਕੇ ਉਨਾਂ ਦੇ ਚਿਹਰਿਆਂ ’ਤੇ ਮੁਸਕਰਾਹਟ ਲਿਆਉਣ ਦੀ ਸਫਲ ਕੋਸ਼ਿਸ਼ ਕੀਤੀ।
ਇਸ ਮੌਕੇ ਹਾਜ਼ਰ ਇਨ੍ਹਾਂ ਬੱਚਿਆਂ ਦੇ ਮਾਤਾ-ਪਿਤਾ ਵੱਲੋਂ ਐਸੋਸੀਏਸ਼ਨ ਦੇ ਇਸ ਕਾਰਜ ਦੀ ਸ਼ਲਾਘਾ ਕਰਦਿਆਂ ਧੰਨਵਾਦ ਕੀਤਾ ਗਿਆ ਅਤੇ ਆਉਂਦੇ ਸਮੇਂ ਵਿੱਚ ਅਜਿਹੇ ਹੋਰ ਕਾਰਜ ਕਰਨ ਲਈ ਪ੍ਰੇਰਨਾ ਵੀ ਦਿੱਤੀ। ਐਸੋਸੀਏਸ਼ਨ ਦੇ ਫਾਊਂਡਰ ਡਾਇਰੈਕਟਰ ਜਸਵਿੰਦਰ ਸਿੰਘ ਦਿਲਾਵਰੀ ਨੇ ਕਿਹਾ ਕਿ ਅਜਿਹੇ ਕਾਰਜਾਂ ਨਾਲ ਜਿੱਥੇ ਅਸੀਂ ਕਮਿਊਨਿਟੀ ਦੇ ਸੇਵਾ ਕਾਰਜ ਵਿੱਚ ਆਪਣਾ ਯੋਗਦਾਨ ਪਾ ਰਹੇ ਹਾਂ, ਉੱਥੇ ਸਾਨੂੰ ਨਿੱਜੀ ਤੌਰ ’ਤੇ ਵੀ ਬਹੁਤ ਸਕੂਨ ਮਿਲਦਾ ਹੈ। ਉਨ੍ਹਾਂ ਕਿਹਾ ਕਿ ਆਉਂਦੇ ਸਮੇਂ ਵਿੱਚ ਐਸੋਸੀਏਸ਼ਨ ਵੱਲੋਂ ਅਜਿਹੇ ਉਪਰਾਲੇ ਹੋਰ ਵੀ ਵੱਡੀ ਪੱਧਰ ’ਤੇ ਕੀਤੇ ਜਾਣਗੇ। ਉਨ੍ਹਾਂ ਕਮਿਊਨਿਟੀ ਵਿੱਚੋਂ ਹੋਰ ਵੀ ਲੋਕਾਂ ਨੂੰ ਐਸੋਸੀਏਸ਼ਨ ਨਾਲ ਜੁੜਨ ਅਤੇ ਅਜਿਹੇ ਨੇਕ ਕੰਮਾਂ ਲਈ ਅੱਗੇ ਆਉਣ ਦਾ ਸੱਦਾ ਦਿੱਤਾ।
ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਹੀ ਹੋਂਦ ਵਿੱਚ ਆਈ ਚੜ੍ਹਦੀਕਲਾ ਬ੍ਰਦਰਹੁੱਡ ਵੈਲਫੇਅਰ ਐਸੋਸੀਏਸ਼ਨ ਸਿੱਖੀ ਦੇ ਸਿਧਾਂਤ ‘ਸਰਬੱਤ ਦਾ ਭਲਾ’ ਦੇ ਨੈਤਿਕ ਆਧਾਰ ’ਤੇ ਬਣਾਈ ਗਈ ਹੈ, ਜਿਸ ਦਾ ਉਦੇਸ਼ ਨਿਰਪੱਖ ਹੋ ਕੇ ਸਮਾਜ ਸੇਵਾ ਅਤੇ ਮਾਨਵਤਾ ਦੀ ਭਲਾਈ ਮਿਥਿਆ ਗਿਆ ਹੈ। ਐਸੋਸੀਏਸ਼ਨ ਵੱਲੋਂ ਆਪਣੇ ਨੇਕ ਕਾਰਜਾਂ ਦੀ ਸ਼ੁਰੂਆਤ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸੇਵਕ ਰਾਏ ਬੁਲਾਰ ਜੀ ਦੇ ਵੰਸ਼ਜ ਰਾਏ ਬਿਲਾਲ ਭੱਟੀ ਅਤੇ ਸਈਅਦ ਉੱਲਾਹ ਭੱਟੀ ਦੀ ਕੈਨੇਡਾ ਫੇਰੀ ਦੌਰਾਨ ਉਨ੍ਹਾਂ ਦੇ ਸਨਮਾਨ ਨਾਲ ਕੀਤੀ ਗਈ ਸੀ।
ਐਸੋਸੀਏਸ਼ਨ ਵੱਲੋਂ ਪਿਛਲੇ ਦਿਨੀਂ ਕਮਿਊਨਿਟੀ ਵਿੱਚ ਸਾਰਥਿਕ ਯੋਗਦਾਨ ਪਾਉਣ ਵਾਲੀਆਂ ਸ਼ਖ਼ਸੀਅਤਾਂ ਨੂੰ ਵੀ ਸਨਮਾਨਿਤ ਕੀਤਾ ਗਿਆ ਅਤੇ ਕਲੋਵਰਡੇਲ ਅਥਲੈਟਿਕਸ ਪਾਰਕ ਤੋਂ ਸ਼ਹਿਰ ਵਿੱਚ ਸਫ਼ਾਈ ਮੁਹਿੰਮ ਸ਼ੁਰੂ ਕੀਤੀ ਗਈ। ਐਸੋਸੀਏਸ਼ਨ ਵੱਲੋਂ 12 ਜੁਲਾਈ ਨੂੰ ਮਾਨਵਤਾ ਦੀ ਸੇਵਾ ਲਈ ਸਰੀ ਵਿੱਚ ਖੂਨਦਾਨ ਕੈਂਪ ਵੀ ਲਾਇਆ ਜਾ ਰਿਹਾ ਹੈ।
ਸੰਪਰਕ: +1 604 308 6663