ਬਲੌਕਚੇਨ ਨੇ ਖੋਹਿਆ ਚੈਨ
ਹੈਰੀ ਦਾ ਤਾਂ ਸਭ ਕੁਝ ਲੁੱਟਿਆ ਗਿਆ ਸੀ। ਆਪਣੀ ਰਿਟਾਇਰਮੈਂਟ ਲਈ ਉਸ ਨੇ ਜਿੰਨੇ ਵੀ ਪੈਸੇ ਜੋੜੇ ਸਨ, ਉਹ ਸਭ ਇਕਦਮ ਖ਼ਤਮ ਹੋ ਗਏ। ਇਹ ਸਭ ਉਸ ਦੀ ਗ਼ਲਤੀ ਕਰਕੇ ਤੇ ਉਸ ਨਾਲ ਹੋਈ ਧੋਖੇਬਾਜ਼ੀ ਕਰਕੇ ਹੋਇਆ। ਪੈਸੇ ਵੀ ਥੋੜ੍ਹੇ...
ਹੈਰੀ ਦਾ ਤਾਂ ਸਭ ਕੁਝ ਲੁੱਟਿਆ ਗਿਆ ਸੀ। ਆਪਣੀ ਰਿਟਾਇਰਮੈਂਟ ਲਈ ਉਸ ਨੇ ਜਿੰਨੇ ਵੀ ਪੈਸੇ ਜੋੜੇ ਸਨ, ਉਹ ਸਭ ਇਕਦਮ ਖ਼ਤਮ ਹੋ ਗਏ। ਇਹ ਸਭ ਉਸ ਦੀ ਗ਼ਲਤੀ ਕਰਕੇ ਤੇ ਉਸ ਨਾਲ ਹੋਈ ਧੋਖੇਬਾਜ਼ੀ ਕਰਕੇ ਹੋਇਆ। ਪੈਸੇ ਵੀ ਥੋੜ੍ਹੇ ਨਹੀਂ ਬਲਕਿ ਇੱਕ ਲੱਖ ਅਮਰੀਕਨ ਡਾਲਰ ਸਨ, ਜੋ ਉਸ ਦੇ ਕ੍ਰਿਪਟੋ ਕਰੰਸੀ ਖਾਤੇ ਵਿੱਚੋਂ ਖੰਭ ਲਾ ਕੇ ਉੱਡ ਗਏ। ਪੁਲੀਸ ਰਿਪੋਰਟ ਲਿਖਾਉਣ ’ਤੇ ਉਸ ਨੂੰ ਪਤਾ ਲੱਗਿਆ ਕਿ ਕ੍ਰਿਪਟੋ ਕਰੰਸੀ ਆਨਲਾਈਨ ਚੋਰਾਂ ਤੇ ਠੱਗਾਂ ਦੀ ਮਨਪਸੰਦ ਕਰੰਸੀ ਹੁੰਦੀ ਹੈ ਕਿਉਂਕਿ ਉਸ ਨੂੰ ਟਰੇਸ ਨਹੀਂ ਕੀਤਾ ਜਾ ਸਕਦਾ, ਉਹ ਗੁਪਤ ਹੁੰਦੀ ਹੈ, ਜਿਸਦਾ ਪਤਾ ਨਹੀਂ ਲਗਾਇਆ ਜਾ ਸਕਦਾ ਅਤੇ ਕੀਤੇ ਭੁਗਤਾਨ ਨੂੰ ਵਾਪਸ ਨਹੀਂ ਲਿਆ ਜਾ ਸਕਦਾ।
ਹੈਰੀ ਸਿੰਘ ਨੂੰ ਸੀਨੀਅਰ ਸੈਂਟਰ ਵਿੱਚ ਆਪਣੇ ਦੋਸਤਾਂ-ਮਿੱਤਰਾਂ ਨਾਲ ਗੱਲਬਾਤ ਕਰਦੇ ਹੋਏ ਤੇ ਉਨ੍ਹਾਂ ਦੀ ਰਿਟਾਇਰਮੈਂਟ ਦੇ ਸੁਨਹਿਰੀ ਸਾਲਾਂ ਬਾਰੇ ਸੁਣਦਿਆਂ ਮਹਿਸੂਸ ਹੋਇਆ ਕਿ ਉਸ ਕੋਲ ਤਾਂ ਰਿਟਾਇਰਮੈਂਟ ਲਈ ਇੰਨੇ ਪੈਸੇ ਨਹੀਂ ਹਨ ਜਿਨ੍ਹਾਂ ਨਾਲ ਰਿਟਾਇਰਮੈਂਟ ਤੋਂ ਬਾਅਦ ਉਸ ਦਾ ਆਸਾਨੀ ਨਾਲ ਗੁਜ਼ਾਰਾ ਹੋ ਸਕੇ। ਉਹ ਰਿਟਾਇਰ ਤਾਂ ਹੋ ਗਿਆ ਸੀ, ਪਰ ਬਿਨਾਂ ਕਿਸੇ ਪਲਾਨਿੰਗ ਦੇ। ਪਹਿਲਾਂ ਵਰਗੀ ਸੌਖੀ ਜ਼ਿੰਦਗੀ ਜਿਊਣ ਲਈ ਤੇ ਹਰ ਮਹੀਨੇ ਟਿਕਾਊ ਆਮਦਨ ਪ੍ਰਾਪਤ ਕਰਨ ਲਈ ਉਸ ਕੋਲ ਹੁਣ ਤੱਕ ਘੱਟੋ-ਘੱਟ 20 ਲੱਖ ਅਮਰੀਕੀ ਡਾਲਰ ਹੋਣੇ ਚਾਹੀਦੇ ਸਨ, ਪਰ ਉਸ ਕੋਲ ਤਾਂ ਮਸਾਂ ਦੋ-ਢਾਈ ਕੁ ਲੱਖ ਹੀ ਸਨ। ਅਜਿਹਾ ਉਸ ਨੇ ਆਨਲਾਈਨ ਰਿਟਾਇਰਮੈਂਟ ਕੈਲਕੁਲੇਟਰ ਤੋਂ ਅੰਦਾਜ਼ਾ ਲਗਾਇਆ ਸੀ। 20 ਲੱਖ ਡਾਲਰ ਉਹ ਇੰਨੇ ਥੋੜ੍ਹੇ ਸਮੇਂ ਵਿੱਚ ਕਿਵੇਂ ਜੋੜੇਗਾ? ਉਹ ਹੁਣ ਪਛਤਾ ਰਿਹਾ ਸੀ। ਉਸ ਨੇ ਪਹਿਲਾਂ ਤੋਂ ਹੀ ਪਲਾਨਿੰਗ ਕਿਉਂ ਨਹੀਂ ਕੀਤੀ? ਕਿਉਂ ਨਹੀਂ ਹਰ ਮਹੀਨੇ ਤਨਖਾਹ ਦੇ ਵਿੱਚੋਂ ਹੀ ਪੈਸੇ ਰਿਟਾਇਰਮੈਂਟ ਫੰਡ ਵਿੱਚ ਜਮ੍ਹਾਂ ਕਰਾਏ ਤਾਂ ਜੋ ਸ਼ੇਅਰ ਬਾਜ਼ਾਰ ਦੀ ਚੜ੍ਹਾਈ, ਮਿਸ਼ਰਤ ਵਿਆਜ ਦੇ ਜਾਦੂ ਸਦਕਾ ਤੇ ਸਮੇਂ ਨਾਲ ਉਸ ਕੋਲ ਹੁਣ 20 ਲੱਖ ਡਾਲਰ ਤੋਂ ਵੀ ਵੱਧ ਹੋਣੇ ਸਨ! ਹੁਣ ਉਹ ਕੀ ਕਰੇ?
ਉਸ ਦਾ ਨਿਰਾਸ਼ ਮਨ ਜਲਦੀ ਨਾਲ ਪੈਸੇ ਬਣਾਉਣ ਦੀਆਂ ਤਰਕੀਬਾਂ ਸੋਚਣ ਲੱਗਾ। ਉਸ ਨੇ ਸੁਣਿਆ ਸੀ ਕਿ ਤੇਜ਼ੀ ਨਾਲ ਵਧ ਰਹੀ ਨਵੀਂ ਤਕਨਾਲੋਜੀ ਬਲੌਕ ਚੇਨ, ਜੋ ਕ੍ਰਿਪਟੋ ਕਰੰਸੀ ਦਾ ਆਧਾਰ ਹੈ ਤੇ ਏਆਈ ਦੀ ਵਰਤੋਂ ਨਾਲ ਬਹੁਤ ਸਾਰੇ ਲੋਕ ਰਾਤੋ-ਰਾਤ ਅਮੀਰ ਬਣ ਚੁੱਕੇ ਸਨ ਜਾਂ ਬਣਨ ਦਾ ਦਾਅਵਾ ਕਰਦੇ ਸਨ। ਉਸ ਨੇ ਵੀ ਉਸ ਵਿੱਚ ਪੈਸੇ ਨਿਵੇਸ਼ ਕਰਨ ਦਾ ਫ਼ੈਸਲਾ ਕੀਤਾ ਤਾਂ ਜੋ ਉਹ ਵੀ ਰਾਤੋ-ਰਾਤ ਅਮੀਰ ਬਣ ਸਕੇ। ਉਹ ਜਾਣਦਾ ਸੀ ਕਿ ਅਜਿਹਾ ਹੋਣਾ ਅਤਿ ਮੁਸ਼ਕਲ ਹੈ, ਪਰ ਫਿਰ ਵੀ ਇੱਕ ਆਰਾਮਦਾਇਕ ਰਿਟਾਇਰਮੈਂਟ ਦੀ ਤਸਵੀਰ ਨੇ ਉਸ ਦੀ ਬੁੱਧੀ ’ਤੇ ਪਰਦਾ ਪਾ ਦਿੱਤਾ।
ਕਿੰਨੀਆਂ ਹੀ ਆਨਲਾਈਨ ਵੈੱਬਸਾਈਟਾਂ ਲੋਕਾਂ ਨੂੰ ਕ੍ਰਿਪਟੋ ਕਰੰਸੀ ਵਿੱਚ ਨਿਵੇਸ਼ ਕਰਕੇ ਅਮੀਰ ਹੋਣ ਦੇ ਸਬਜ਼ ਬਾਗ਼ ਦਿਖਾਉਂਦੀਆਂ ਸਨ ਤੇ ਉਨ੍ਹਾਂ ਦੇ ਏਜੰਟ ਜਾਂ ਠੱਗ ਲੋਕਾਂ ਨਾਲ ਈ-ਮੇਲ ਤੇ ਫੋਨ ਜ਼ਰੀਏ ਸੰਪਰਕ ਕਰਕੇ ਉਨ੍ਹਾਂ ਨੂੰ ਭਰਮਾਉਂਦੇ ਰਹਿੰਦੇ ਸਨ। ਉਹ ਵੀ ਇੱਕ ਅਜਿਹੇ ਹੀ ਆਨਲਾਈਨ ਠੱਗ ਦੇ ਝਾਂਸੇ ਵਿੱਚ ਫਸ ਗਿਆ ਜੋ ਆਪਣੀ ਮਿੱਠੀ ਗੱਲਬਾਤ ਕਰਕੇ ਭਰੋਸੇਯੋਗ ਲੱਗ ਰਿਹਾ ਸੀ। ਉਸ ਨੇ ਛੋਟੀ ਸ਼ੁਰੂਆਤ ਕੀਤੀ, ਕੁਝ ਹਜ਼ਾਰ ਡਾਲਰ ਅਤੇ ਸਾਹ ਰੋਕ ਕੇ ਦੇਖਿਆ ਕਿੰਝ ਉਸ ਦੇ ਔਨਲਾਈਨ ਡੈਸ਼ਬੋਰਡ ’ਤੇ ਨੰਬਰ ਚਮਤਕਾਰੀ ਢੰਗ ਨਾਲ ਦੁੱਗਣੇ, ਫਿਰ ਤਿੰਨ ਗੁਣਾ ਹੋ ਗਏ। ਉਹ ਬਹੁਤ ਖ਼ੁਸ਼ ਹੋਇਆ ਤੇ ਕਾਹਲੀ ਵਿੱਚ ਵੱਡੀ ਰਕਮ ਜਮ੍ਹਾਂ ਕਰਵਾ ਦਿੱਤੀ, ਪਰ ਜਲਦੀ ਹੀ ਉਸ ਦੀ ਖ਼ੁਸ਼ੀ ਗ਼ਮੀ ਵਿੱਚ ਬਦਲ ਗਈ।
ਜਦੋਂ ਉਸ ਨੇ ਆਪਣੇ ਪੈਸੇ ਕਢਾਉਣੇ ਚਾਹੇ ਤਾਂ ਠੱਗ ਹੋਰ ਪੈਸੇ ਮੰਗਣ ਲੱਗਾ। ਪੁੱਛਣ ’ਤੇ ਉਸ ਨੂੰ ਦੱਸਿਆ ਕਿ ਫੀਸਾਂ ਦੇ ਕਾਰਨ ਉਸ ਨੂੰ ਆਪਣੇ ਪੈਸੇ ਕੱਢਣ ਲਈ ਹੋਰ ਪੈਸੇ ਦੀ ਲੋੜ ਹੈ ਜੋ ਵੱਡੀ ਰਕਮ ਦੇ ਅਨੁਪਾਤ ਅਨੁਸਾਰ ਹੀ ਵੱਡੀ ਸੀ। ਹੁਣ ਉਹ ਫਸ ਗਿਆ ਸੀ। ਉਸ ਕੋਲ ਆਪਣੇ ਪੈਸੇ ਵਾਪਸ ਲੈਣ ਲਈ ਵੀ ਲੋੜੀਂਦੇ ਪੈਸੇ ਨਹੀਂ ਸਨ ਬਚੇ। ਉਸ ਦੀਆਂ ਅੱਖਾਂ ਖੁੱਲ੍ਹ ਗਈਆਂ। ਉਹ ਆਪਣੇ ਰਿਟਾਇਰਮੈਂਟ ਫੰਡ ਵਿੱਚੋਂ ਹੁਣ ਹੋਰ ਪੈਸੇ ਨਹੀਂ ਸੀ ਬਰਬਾਦ ਕਰਨਾ ਚਾਹੁੰਦਾ। ਉਸ ਨੇ ਠੱਗ ਨੂੰ ਫੀਸ ਤੇ ਹੋਰ ਪੈਸੇ ਦੇਣ ਤੋਂ ਮਨ੍ਹਾ ਕਰ ਦਿੱਤਾ। ਜਿਸ ਦੇ ਨਤੀਜੇ ਵਜੋਂ ਉਸ ਦੇ ਅਕਾਊਂਟ ਵਿੱਚ ਪੈਸੇ ਰਾਤੋ-ਰਾਤ ਤੇਜ਼ੀ ਨਾਲ ਘਟਣ ਲੱਗੇ ਜਿਵੇਂ ਵਧੇ ਸਨ। ਜਿਸ ਵੈੱਬਸਾਈਟ ’ਤੇ ਉਸ ਦਾ ਅਕਾਊਂਟ ਸੀ ਉਹ ਵੀ ਗ਼ਾਇਬ ਹੋ ਗਈ ਤੇ ਉਹ ਠੱਗ ਵੀ ਜਿਸ ਰਾਹੀਂ ਉਹ ਪੈਸੇ ਲਗਾ ਰਿਹਾ ਸੀ। ਉਸ ਵੱਲੋਂ ਹੁਣ ਕੋਈ ਜਵਾਬ ਨਹੀਂ ਸੀ ਆ ਰਿਹਾ। ਉਸ ਦੇ ਜੀਵਨ ਭਰ ਦੀ ਕਮਾਈ ਇਕਦਮ ਕ੍ਰਿਪਟੋ ਘੁਟਾਲੇ ਦੇ ਅੰਨ੍ਹੇ ਖੂਹ ਵਿੱਚ ਡਿੱਗ ਪਈ ਸੀ।
ਆਪਣਾ ਸਾਰਾ ਕੁਝ ਗਵਾਉਣ ਤੋਂ ਬਾਅਦ ਉਸ ਦਾ ਦਿਨ ਦਾ ਚੈਨ ਤੇ ਰਾਤਾਂ ਦੀ ਨੀਂਦ ਹਰਾਮ ਹੋ ਗਏ। ਉਸ ਦਾ ਦਿਲ ਡੋਬੂੰ ਖਾ ਰਿਹਾ ਸੀ ਤੇ ਉਸ ਨੂੰ ਠੰਢੀਆਂ ਤਰੇਲੀਆਂ ਆ ਰਹੀਆਂ ਸਨ। ਹੁਣ ਤਾਂ ਦਵਾ ਨਹੀਂ ਸਿਰਫ਼ ਦੁਆ ਹੀ ਕੰਮ ਕਰ ਸਕਦੀ ਸੀ ਤਾਂ ਜੋ ਉਸ ਦੇ ਦਿਲ ਨੂੰ ਥੋੜ੍ਹਾ ਚੈਨ ਆਵੇ। ਉਹ ਜਿਵੇਂ ਪੂਰਾ ਟੁੱਟ ਗਿਆ ਸੀ। ਉਹ ਚਿੜਚਿੜਾ ਜਿਹਾ ਵੀ ਹੋ ਗਿਆ ਸੀ। ਆਪਣੀ ਪਤਨੀ ’ਤੇ ਗੱਲ-ਗੱਲ ਨਾਲ ਗੁੱਸੇ ਹੋ ਰਿਹਾ ਸੀ। ਉਹ ਵਿਚਾਰੀ ਉਸ ਨੂੰ ਪਿਆਰ ਨਾਲ ਢਾਰਸ ਦੇ ਰਹੀ ਸੀ। ਉਸ ਨੇ ਸੀਨੀਅਰ ਸੈਂਟਰ ਵੀ ਜਾਣਾ ਬੰਦ ਕਰ ਦਿੱਤਾ ਤੇ ਆਪਣੇ ਦੋਸਤਾਂ ਤੋਂ ਵੀ ਦੂਰ ਹੋ ਗਿਆ। ਉਹ ਇਕੱਲਾ ਹੀ ਕਮਰੇ ਵਿੱਚ ਬੰਦ ਪਿਆ ਰਹਿੰਦਾ। ਸ਼ਰਮ ਅਤੇ ਅਪਮਾਨ ਉਸ ਨੂੰ ਝੂਰ-ਝੂਰ ਕੇ ਖਾਣ ਲੱਗੇ। ਉਸ ਦਾ ਸੁੱਖ ਨਾਲ ਰਿਟਾਇਰ ਹੋਣ ਦਾ ਸੁਪਨਾ ਟੁੱਟ ਗਿਆ ਸੀ। ਰਹਿ ਰਹਿ ਕੇ ਉਸ ਨੂੰ ਆਪਣੀ ਗ਼ਲਤੀ ਦਾ ਅਹਿਸਾਸ ਹੋ ਰਿਹਾ ਸੀ। ਉਸ ਦੀ ਪਤਨੀ ਨੇ ਉਸ ਨੂੰ ਢਾਰਸ ਦਿੱਤਾ ਤੇ ਇਸ ਦੁੱਖ ਦੀ ਘੜੀ ਵਿੱਚ ਅਰਧਾਂਗਣੀ ਹੋਣ ਦਾ ਆਪਣਾ ਫ਼ਰਜ਼ ਨਿਭਾਇਆ ਤੇ ਰੱਬ ਵਿੱਚ ਭਰੋਸਾ ਰੱਖਣ ਲਈ ਪ੍ਰੇਰਿਆ।
ਉਸ ਨੇ ਘਰ ਦਾ ਖ਼ਰਚਾ ਪਾਣੀ ਚਲਾਉਣ ਲਈ ਫਿਰ ਨੌਕਰੀ ਕਰਨ ਬਾਰੇ ਸੋਚਿਆ, ਪਰ ਬਜ਼ੁਰਗ ਹੋਣ ਕਾਰਨ ਉਸ ਨੂੰ ਆਪਣੀ ਪਹਿਲਾਂ ਵਾਲੀ ਨੌਕਰੀ ਨਹੀਂ ਸੀ ਮਿਲਣੀ ਤੇ ਉਸ ਨੂੰ ਵਾਲਮਾਰਟ ਵਿੱਚ ਸਟੋਰ ਐਸੋਸੀਏਟ ਦੀ ਨੌਕਰੀ ਸ਼ੁਰੂ ਕਰਨੀ ਪਈ। ਹੁਣ ਆਪਣੀ ਰਹਿੰਦੀ ਉਮਰ ਉਸ ਨੂੰ ਕੋਈ ਨਾ ਕੋਈ ਨੌਕਰੀ ਕਰਨੀ ਪੈਣੀ ਸੀ।
ਈ-ਮੇਲ:amandeep.singh@udaanpunjabi.com