DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਭਾਈ ਮਰਦਾਨੇ ਦਾ ਸਮਰਪਣ ਤੇ ਮੌਜੂਦਾ ਦੌਰ

ਭਾਈ ਮਰਦਾਨਾ, ਬਾਬਾ ਨਾਨਕ ਦਾ ਬਚਪਨ ਦਾ ਸਾਥੀ, ਉਨ੍ਹਾਂ ਦਾ ਗਰਾਈਂ, ਮਹਾਂ-ਰਬਾਬੀ ਅਤੇ ਮਹਾਨ ਵਿਅਕਤੀ। ਪਾਕ ਸੋਚ ਵਿੱਚੋਂ ਬਾਬਾ ਨਾਨਕ ਅਤੇ ਭਾਈ ਮਰਦਾਨਾ ਦੇ ਜੀਵਨ-ਭਰ ਦੇ ਸਾਥ ਦਾ ਆਗਾਜ਼ ਹੋਇਆ। ਭਾਈ ਮਰਦਾਨਾ ਸੰਗੀਤ ਦਾ ਭਰ ਵਗਦਾ ਦਰਿਆ ਸੀ ਜਿਸ ਨੇ...

  • fb
  • twitter
  • whatsapp
  • whatsapp
Advertisement

ਭਾਈ ਮਰਦਾਨਾ, ਬਾਬਾ ਨਾਨਕ ਦਾ ਬਚਪਨ ਦਾ ਸਾਥੀ, ਉਨ੍ਹਾਂ ਦਾ ਗਰਾਈਂ, ਮਹਾਂ-ਰਬਾਬੀ ਅਤੇ ਮਹਾਨ ਵਿਅਕਤੀ। ਪਾਕ ਸੋਚ ਵਿੱਚੋਂ ਬਾਬਾ ਨਾਨਕ ਅਤੇ ਭਾਈ ਮਰਦਾਨਾ ਦੇ ਜੀਵਨ-ਭਰ ਦੇ ਸਾਥ ਦਾ ਆਗਾਜ਼ ਹੋਇਆ। ਭਾਈ ਮਰਦਾਨਾ ਸੰਗੀਤ ਦਾ ਭਰ ਵਗਦਾ ਦਰਿਆ ਸੀ ਜਿਸ ਨੇ ਬਾਬਾ ਨਾਨਕ ਦੇ ਬਾਣੀ-ਬੋਲਾਂ ਦੀ ਰੂਹਾਨੀਅਤ ਨੂੰ ਰਬਾਬੀ ਰੰਗਤ ਨਾਲ ਐਸਾ ਰੰਗਿਆ ਕਿ ਅਨੂਠਾ ਰਸ ਗੁਰ-ਪ੍ਰਵਚਨਾਂ ’ਚ ਰਮ ਗਿਆ। ਭਾਈ ਮਰਦਾਨੇ ਨੇ ਸਭ ਤੋਂ ਵੱਧ ਬਾਬਾ ਨਾਨਕ ਦਾ ਸਾਥ ਮਾਣਿਆ, ਗੁਰਬਾਣੀ ਨੂੰ ਉਗਮਦਿਆਂ, ਉਚਾਰਦਿਆਂ, ਗਾਉਂਦਿਆਂ ਵੀ ਦੇਖਿਆ ਅਤੇ ਸੁਣਿਆ ਵੀ। ਖ਼ੁਦ ਵੀ ਇਸ ਦੀ ਰੂਹਾਨੀਅਤ ਵਿੱਚ ਰੰਗਿਆ ਗਿਆ ਅਤੇ ਨਾਲ ਹੀ ਦੁਨੀਆ ਨੂੰ ਇਸ ’ਚ ਰੰਗੇ ਜਾਣ ਦੇ ਅਲੌਕਿਕ ਦ੍ਰਿਸ਼ ਨੂੰ ਵੀ ਆਪਣੇ ਦੀਦਿਆਂ ਵਿੱਚ ਕੈਦ ਕੀਤਾ।

ਭਾਈ ਮਰਦਾਨੇ ਜੀ ਦੀ ਮਹਾਨਤਾ, ਵਿਲੱਖਣਤਾ ਅਤੇ ਮਹਿਮਾ ਬਾਰੇ ਗੁਰੂ ਅਰਜਨ ਦੇਵ ਜੀ ਨੇ ਗੁਰਬਾਣੀ ਵਿੱਚ ਵੀ ਉਚਾਰਿਆ ਹੈ;

Advertisement

ਜਾ ਕਉ ਮਿਹਰ ਮਿਹਰ ਮਿਹਰਵਾਨਾ।

Advertisement

ਸੋਈ ਮਰਦੁ ਮਰਦੁ ਮਰਦਾਨਾ।।

ਭਾਈ ਗੁਰਦਾਸ ਜੀ ਨੇ ਆਪਣੀ ਵਾਰ ਵਿੱਚ ਉਚਾਰਿਆ ਹੈ, ‘ਭਲਾ ਰਬਾਬ ਵਜਾਇੰਦਾ ਮਜਲਸ ਮਰਦਾਨਾ ਮੀਰਾਸੀ।” ਅਜਿਹਾ ਭਾਈ ਮਰਦਾਨਾ ਅੱਜਕੱਲ੍ਹ ਸਿੱਖ-ਚੇਤਿਆਂ ਵਿੱਚੋਂ ਗੁੰਮ ਹੈ ਕਿਉਂਕਿ ਕੋਈ ਵੀ ਭਾਈ ਮਰਦਾਨੇ ਵਰਗਾ ਬਣਨਾ ਹੀ ਨਹੀਂ ਚਾਹੁੰਦਾ। ਭਾਈ ਮਰਦਾਨਾ ਜੀ ਕਿਸੇ ਨੂੰ ਯਾਦ ਨਹੀਂ। ਉਨ੍ਹਾਂ ਦੀਆਂ ਬਾਤਾਂ ਕੋਈ ਨਹੀਂ ਪਾਉਂਦਾ। ਕੋਈ ਸੋਚਦਾ ਹੀ ਨਹੀਂ ਕਿ ਬਾਬਾ ਨਾਨਕ ਦੇ ਸਭ ਤੋਂ ਕਰੀਬੀ ਸਾਥੀ ਨੂੰ ਲੋਕ-ਮਨਾਂ ਵਿੱਚੋਂ ਕਿਸ ਨੇ, ਕਦੋਂ ਅਤੇ ਕਿਹੜੀ ਤਰਕੀਬ ਨਾਲ ਲੋਪ ਕੀਤਾ? ਇਸ ਦੇ ਕੀ ਕਾਰਨ ਹਨ? ਕਿਹੜੀ ਮੰਦ-ਭਾਵਨਾ ਨਾਲ ਭਾਈ ਮਰਦਾਨਾ ਦੀ ਜੀਵਨ-ਸਾਧਨਾ ਨੂੰ ਬੀਤੇ ਵਕਤ ਦਾ ਪਾਟਿਆ ਵਰਕਾ ਬਣਾਇਆ ਗਿਆ?

ਸਿਰਫ਼ ਭਾਈ ਮਰਦਾਨਾ ਹੀ ਗੁੰਮ ਨਹੀਂ ਹੋਇਆ। ਇਸ ਨਾਲ ਬਹੁਤ ਕੁਝ ਅਸੀਂ ਵੀ ਗਵਾ ਲਿਆ ਏ। ਬਹੁਤ ਕੁਝ ਅਚੇਤ ਤੇ ਸੁਚੇਤ ਰੂਪ ਵਿੱਚ ਸਾਡੀ ਸੋਚ ਵਿੱਚੋਂ ਖ਼ੁਦ ਹੀ ਲੋਪ ਹੋ ਗਿਆ ਅਤੇ ਇਸ ਦਾ ਸਾਨੂੰ ਅਹਿਸਾਸ ਹੀ ਨਹੀਂ ਹੋਇਆ। ਇਸ ਅਹਿਸਾਸ-ਹੀਣਤਾ ਦਾ ਰੋਗ ਹੀ ਮਨੁੱਖੀ ਮਾਨਸਿਕਤਾ ਦੇ ਵਿਗਾੜਾਂ ਦਾ ਕਾਰਨ ਅਤੇ ਇਸ ਦਾ ਖ਼ਮਿਆਜ਼ਾ ਅਜੋਕਾ ਸਿੱਖ ਭੁਗਤ ਰਿਹਾ ਹੈ।

ਭਾਈ ਮਰਦਾਨਾ ਗੁੰਮ ਹੋਇਆ ਤਾਂ ਉਸ ਸਾਂਝ ਦਾ ਮਰਸੀਆ ਵੀ ਪੜ੍ਹਿਆ ਗਿਆ ਜੋ ਬਾਬੇ ਨਾਨਕ ਨੇ ਨੀਵੀਂ ਜਾਤ ਦੇ ਬਚਪਨ ਦੇ ਸਾਥੀ ਨਾਲ ਨਿਭਾਈ ਸੀ। ਜਾਤ-ਪਾਤ ਦੀ ਵਲਗਣ ਨੂੰ ਤੋੜਿਆ ਅਤੇ ਇਸ ਵਿੱਚੋਂ ਹੀ ਪਰਮ ਮਨੁੱਖ ਦੇ ਆਪਣੇ ਵਰਗੇ ਪਾਕ-ਮਨੁੱਖ ਨਾਲ ਪਾਕ ਸਬੰਧਾਂ ਦਾ ਮੁੱਢ ਬੰਨ੍ਹਿਆ ਸੀ। ਪਰ ਅਸੀਂ ਇਸ ਮਿਟਾਏ ਹੋਏ ਪਾੜੇ ਨੂੰ ਮੁੜ ਸਿਰਜਣ ਦੇ ਰਾਹ ਤੁਰ ਪਏ ਹਾਂ। ਸਿੱਖੀ-ਸੰਦੇਸ਼ ਤਾਂ ਜੋੜਨ ਅਤੇ ਫੈਲਣ ਦਾ ਨਾਮ ਸੀ, ਪਰ ਇਹ ਕੇਹੀ ਤ੍ਰਾਸਦੀ ਹੈ ਕਿ ਸਿੱਖੀ ਹੁਣ ਡੇਰਿਆਂ, ਵੱਖ-ਵੱਖ ਫਿਰਕਿਆਂ ਅਤੇ ਜਾਤਾਂ ਦੇ ਗੁਰਦੁਆਰਿਆਂ ਵਿੱਚ ਤਕਸੀਮ ਹੋ ਗਈ ਹੈ। ਹਰੇਕ ਦਾ ਆਪੋ-ਆਪਣਾ ਮੁਫ਼ਾਦ, ਆਪੋ ਆਪਣੀ ਡਫਲੀ ਤੇ ਆਪੋ-ਆਪਣਾ ਰਾਗ ਹੈ। ਗਾਇਬ ਹੋਈ ਸਰਬ-ਸਮੁੱਚਤਾ ਕਾਰਨ ਸਿੱਖੀ-ਸੋਚ ਦੇ ਘਾਣ ਦਾ ਕੌਣ ਏ ਕਸੂਰਵਾਰ?

ਭਾਈ ਮਰਦਾਨਾ ਜਦ ਸਿੱਖ-ਮਨਾਂ ਵਿੱਚੋਂ ਗਾਇਬ ਹੋਇਆ ਤਾਂ ਉਸ ਵਿਸ਼ਵਾਸ ਨੇ ਆਤਮਘਾਤ ਕਰ ਲਿਆ ਜਿਸ ਕਾਰਨ ਬਾਬੇ ਨਾਨਕ ਨੇ ਭਾਈ ਮਰਦਾਨੇ ਨੂੰ ਉਦਾਸੀਆਂ ਦਾ ਸਾਥੀ ਬਣਾਇਆ ਸੀ। ਹੁਣ ਤਾਂ ਕਿਸੇ ’ਤੇ ਭਰੋਸਾ ਹੀ ਨਹੀਂ ਰਿਹਾ। ਅਸੀਂ ਤਾਂ ਆਪਣਿਆਂ ’ਤੇ ਵੀ ਵਿਸ਼ਵਾਸ ਕਰਨ ਤੋਂ ਡਰਦੇ ਹਾਂ ਕਿਉਂਕਿ ਆਪਣੇ ਹੀ ਪਿੱਠ ਵਿੱਚ ਛੁਰੀ ਮਾਰਨ ਤੋਂ ਵੇਲਾ ਨਹੀਂ ਖੁੰਝਾਉਂਦੇ। ਬਾਬਾ ਨਾਨਕ ਦਾ ਉਹ ਵਿਸ਼ਵਾਸ ਜੋ ਉਨ੍ਹਾਂ ਭਾਈ ਮਰਦਾਨੇ ’ਤੇ ਕੀਤਾ ਸੀ, ਕਿਧਰੇ ਵੀ ਨਜ਼ਰ ਨਹੀਂ ਆਉਂਦਾ। ਹੁਣ ਕੋਈ ਵੀ ਭਾਈ ਮਰਦਾਨਾ ਬਣਨ ਲਈ ਤਿਆਰ ਨਹੀਂ। ਅਜੋਕੇ ਮਖੌਟਾਧਾਰੀ ਆਪਣੀਆਂ ਗਿਣਤੀਆਂ-ਮਿਣਤੀਆਂ ਵਿੱਚ ਹੀ ਉਲਝੇ, ਮਨਾਂ ਵਿੱਚ ਭਾਈ ਮਰਦਾਨੇ ਵਰਗੀ ਸਮਰਪਿਤ ਸੋਚ ਦਾ ਸੂਰਜ ਕਿਵੇਂ ਉਗਾ ਸਕਦੇ ਹਨ? ਸਾਡੇ ਮਨਾਂ ’ਚੋਂ ਗੁੰਮ ਗਿਆ ਸੂਰਜ ਸਿਰਫ਼ ਸਾਨੂੰ ਹਨੇਰ ਢੋਣ ਲਈ ਹੀ ਮਜਬੂਰ ਕਰੇਗਾ ਜੋ ਅਸੀਂ ਕਰ ਰਹੇ ਹਾਂ।

ਭਾਈ ਮਰਦਾਨਾ ਜਦੋਂ ਅਜੋਕੇ ਦੁਨਿਆਵੀ ਦਾਇਰੇ ਵਿੱਚੋਂ ਮਨਫ਼ੀ ਹੁੰਦਾ ਏ ਤਾਂ ਗਾਇਬ ਹੁੰਦੀ ਹੈ ਉਸ ਦੀ ਰਬਾਬ, ਸਰੋਦੀਪਣ, ਸੰਗੀਤ ਤੇ ਗੁਰਬਾਣੀ ਦਾ ਸੁੰਦਰ ਸਾਥ, ਅੱਲਾਹੀ ਬੋਲਾਂ ਵਿੱਚੋਂ ਉਗਮਦੀ ਅੰਬਰੀਂ ਪਰਵਾਜ਼ ਅਤੇ ਅਨੂਠਾ ਅੰਦਾਜ਼। ਸਰੋਤਿਆਂ ਦੇ ਮਨਾਂ ਵਿੱਚ ਪੈਂਦਾ ਅਮਿੱਟ ਪ੍ਰਭਾਵ ਜਿਸਨੇ ਸਿੱਖ-ਸੋਚ ਨੂੰ ਸਾਰੇ ਪਾਸੇ ਫੈਲਾਉਣ ਵਿੱਚ ਅਹਿਮ ਰੋਲ ਨਿਭਾਇਆ ਅਤੇ ਬੋਧ-ਬੋਲਾਂ ਨੇ ਸਦੀਵੀ ਪ੍ਰਭਾਵ ਪਾਇਆ। ਰਬਾਬ ਨੇ ਸੰਗੀਤ ਨੂੰ ਸ਼ੋਰ ਤੋਂ ਦੂਰ ਰੱਖਿਆ। ਇਸ ਦੀ ਪਾਕੀਜ਼ਗੀ ਤੇ ਪਹਿਚਾਣ ਨੂੰ ਕਦੇ ਆਂਚ ਨਹੀਂ ਆਉਣ ਦਿੱਤੀ। ਰਬਾਬ ਨੂੰ ਗਵਾ ਕੇ ਅਜੋਕੇ ਸੰਗੀਤ ਨੇ ਸਾਨੂੰ ਸ਼ੋਰ, ਸੰਤਾਪ ਅਤੇ ਸਹਿਮ ਹੀ ਦਿੱਤਾ ਜਿਸ ਨੇ ਸਮਾਜਿਕ ਤਾਣੇ-ਬਾਣੇ ਨੂੰ ਨਹਿਸ਼ ਕਰ ਦਿੱਤਾ ਹੈ।

ਭਾਈ ਮਰਦਾਨੇ ਦੀ ਗ਼ੈਰ-ਹਾਜ਼ਰੀ ਕਾਰਨ ਮਰਦਾਨੇ ਵਾਲੀ ਨਿਰ-ਸਵਾਰਥ ਸੋਚ ਵੀ ਤਿਲਾਂਜਲੀ ਦੇ ਗਈ ਹੈ। ਭਾਈ ਮਰਦਾਨੇ ਨੇ ਬਾਬਾ ਨਾਨਕ ਦੇ ਸਾਥ ਨੂੰ ਅੰਤਰੀਵ ਵਿੱਚ ਮਾਣਿਆ। ਇਸ ਦੇ ਸੁਖਨ ਅਤੇ ਆਤਮਿਕ ਰਸ ਵਿੱਚ ਖ਼ੁਦ ਨੂੰ ਰੰਗ ਲਿਆ। ਉਸ ਦੀ ਕੋਈ ਮਾਇਕ ਲੋੜ ਨਹੀਂ ਸੀ, ਨਾ ਹੀ ਮੰਗ ਜਾਂ ਅੜੀ। ਸਿਰਫ਼ ਦੋਸਤੀ ਅਤੇ ਸਾਂਝ ਦਾ ਹੀ ਮਾਣ ਸੀ, ਪਰ ਅੱਜਕੱਲ੍ਹ ਤਾਂ ਰਬਾਬੀ-ਰੰਗਤ ਵਿਕਦੀ, ਕੀਰਤਨ ਤੇ ਕਥਾ ਵਿਕਾਉ ਅਤੇ ਬਾਣੀ-ਬੋਲਾਂ ਨੂੰ ਉਚਾਰਨ ਦੀ ਵੀ ਬੋਲੀ ਲੱਗਦੀ ਹੈ। ਗੁਰ-ਸ਼ਬਦ ਦੀ ਲੋਰ ਨੂੰ ਭਾਈ ਮਰਦਾਨਾ ਵਰਗੀ ਸ਼ਰਧਾ ਤੇ ਸਮਰਪਣ ਨਾਲ ਮਨ ਦੀ ਤਰਜੀਹ ਬਣਾਉਣਾ, ਹੁਣ ਤਰਜੀਹ ਨਹੀਂ ਰਿਹਾ। ਹੁਣ ਸਿਰਫ਼ ਇੱਕ ਕਿੱਤਾ ਹੈ। ਇਸ ’ਚੋਂ ਮੋਟੀ ਕਮਾਈ ਕਰਨਾ ਜ਼ਿਆਦਾਤਰ ਲੋਕਾਂ ਦਾ ਕਸਬ ਤੇ ਵਪਾਰ ਬਣ ਗਿਆ ਹੈ।

ਭਾਈ ਮਰਦਾਨਾ ਦੇ ਗੁੰਮ ਹੋਣ ਨਾਲ ਬੇਬੇ ਨਾਨਕੀ ਦੀ ਬੇਫ਼ਿਕਰੀ ਨੂੰ ਵੀ ਘੁਣ ਖਾ ਗਿਆ ਕਿਉਂਕਿ ਭਾਈ ਮਰਦਾਨਾ ਸਦਕਾ ਹੀ ਬੇਬੇ ਨਾਨਕੀ ਬੇਫ਼ਿਕਰ ਹੋ ਗਈ ਸੀ ਜਦੋਂ ਬਾਬਾ ਨਾਨਕ ਉਦਾਸੀ ’ਤੇ ਤੁਰਨ ਲੱਗਾ ਸੀ। ਉਨ੍ਹਾਂ ਨੂੰ ਪਤਾ ਸੀ ਕਿ ਵੀਰ ਨਾਨਕ ਨਾਲ ਉਸ ਦਾ ਸਾਥੀ ਭਾਈ ਮਰਦਾਨਾ ਸਦਾ ਪਰਛਾਵੇਂ ਵਾਂਗ ਰਹੇਗਾ। ਉਨ੍ਹਾਂ ਦੀਆਂ ਕਠਿਨਾਈਆਂ ਅਤੇ ਦੁੱਖ ਸਾਂਝੇ ਹੋਣਗੇ। ਉਹ ਸਫ਼ਰ ਨੂੰ ਸੁਖਾਵਾਂ ਬਣਾਈ ਰੱਖੇਗਾ। ਉਹ ਇੱਕ ਜੋਤ ਦੂਏ ਮੂਰਤੀ ਵਾਂਗ ਉਦਾਸੀ ਦੇ ਸਫ਼ਰ ਨੂੰ ਨਵੀਂ ਬੁਲੰਦਗੀ ਦੇਣਗੇ। ਬੇਬੇ ਨਾਨਕੀ ਦੀ ਬੇਫ਼ਿਕਰੀ ਨੂੰ ਖੋਹਣ ਲਈ ਕਸੂਰਵਾਰ ਕੌਣ ਨੇ? ਕੌਣ ਨੇ ਜਿਨ੍ਹਾਂ ਨੇ ਭਾਈ ਮਰਦਾਨੇ ਨੂੰ ਸਿੱਖੀ ਵਿਰਾਸਤ ਤੋਂ ਗਾਇਬ ਕੀਤਾ? ਧਾਰਮਿਕ ਸਮਾਗਮਾਂ ਵਿੱਚੋਂ ਜਦੋਂ ਭਾਈ ਮਰਦਾਨਾ ਹੀ ਗਾਇਬ ਕਰ ਦਿੱਤਾ ਜਾਵੇ ਤਾਂ ਨਾਨਕ ਸੋਚ ਅਤੇ ਉਸ ਦੇ ਸਾਥ ਵਿੱਚੋਂ ਉਗਮਿਆ ਬਹੁਤ ਕੁਝ ਖ਼ੁਦ-ਬ-ਖ਼ੁਦ ਹੀ ਖ਼ਤਮ ਹੋ ਜਾਂਦਾ ਹੈ। ਅਜਿਹਾ ਹੀ ਹੋ ਰਿਹਾ ਹੈ। ਜੇ ਇਸ ਨੂੰ ਸੁਚੇਤ ਹੋ ਕੇ ਰੋਕਿਆ ਨਾ ਗਿਆ ਤਾਂ ਅਜਿਹਾ ਵਰਤਾਰਾ ਆਉਣ ਵਾਲੀਆਂ ਪੀੜ੍ਹੀਆਂ ਨੇ ਵੀ ਜਾਰੀ ਰੱਖਣਾ ਹੈ। ਹੁਣ ਭਾਈ ਮਰਦਾਨੇ ਵਰਗਾ ਸਫ਼ਰ ਦਾ ਸਾਥੀ ਕਿਧਰੇ ਨਹੀਂ ਮਿਲਦਾ ਜਿਸ ਦੇ ਸਾਥ ਵਿੱਚੋਂ ਅਲਹਾਮ ਅਤੇ ਬੰਦਗੀ ਨੂੰ ਨਵੀਆਂ ਬੁਲੰਦੀਆਂ ਮਿਲੀਆਂ ਹੋਣ, ਜਿਸ ਦੀ ਮੌਜੂਦਗੀ ਨਾਲ ਮਨ ’ਚ ਉਪਜੀ ਬੇਫ਼ਿਕਰੀ, ਨਵੀਆਂ ਪੈੜਾਂ ਸਿਰਜਣ ਅਤੇ ਨਵੇਂ ਕੀਰਤੀਮਾਨ ਸਥਾਪਿਤ ਕਰਨ ਵਿੱਚ ਪਹਿਲ ਬਣੇ।

ਭਾਈ ਮਰਦਾਨਾ ਜੀ ਜੇ ਗੁੰਮ ਜਾਵੇ ਤਾਂ ਬਾਬਾ ਨਾਨਕ ਦੀ ਬਾਣੀ ਲਈ ਰਬਾਬ ਦੀਆਂ ਤਰੰਗਾਂ ’ਚ ਪੈਦਾ ਹੋਇਆ ਸਰੋਦੀਪਣ, ਸੋਗ ਹੀ ਬਣ ਸਕਦਾ ਹੈ। ਭਾਈ ਮਰਦਾਨਾ ਨੂੰ ਵਿਸਾਰਨਾ ਇੱਕ ਚਸ਼ਮਦੀਦ ਨੂੰ ਚੇਤਿਆਂ ਵਿੱਚੋਂ ਵਿਸਾਰਨ ਦਾ ਗੁਨਾਹ ਹੈ। ਸਾਕੀ ਅਤੇ ਸਖੀ ਨੂੰ ਯਾਦ ਨਾ ਕਰਨ ਲਈ ਤਨਖਾਹਦਾਰ ਜਿਸ ਨੇ ਸਿੱਧ-ਗੋਸ਼ਟਿ ਨੂੰ ਆਪਣੇ ਕੰਨਾਂ ਨਾਲ ਸੁਣਿਆ, ਕਾਜ਼ੀ ਦਸਤਗੀਰ ਨਾਲ ਰਚਾਈ ਗੁਫ਼ਤਗੂ ਨੂੰ ਅੱਖੀਂ ਡਿੱਠਾ ਅਤੇ ਪੰਡਤਾਂ ਨਾਲ ਕੀਤੇ ਨਾਨਕ-ਪ੍ਰਵਚਨਾਂ ਨੂੰ ਰੂਹ ਵਿੱਚ ਸਮੋਇਆ। ਜੋ ਭੁੱਖ, ਪਿਆਸ, ਕਸ਼ਟ ਅਤੇ ਦੁੱਖਾਂ ਤੋਂ ਨਿਰਲੇਪ ਰਹਿ ਕੇ ਬਾਬਾ ਨਾਨਕ ਦਾ ਸਾਥ ਨਿਭਾਉਂਦਾ ਰਿਹਾ। ਬਹੁਤ ਕੁਝ ਆਪਣੀ ਝੋਲੀ ਵਿੱਚ ਪਵਾਉਂਦਾ ਰਿਹਾ ਜੋ ਸਿਰਫ਼ ਉਸ ਦਾ ਹੀ ਹਾਸਲ ਸੀ, ਹਾਸਲ ਹੈ ਅਤੇ ਸਦੀਵੀ ਰਹੇਗਾ। ਭਾਈ ਮਰਦਾਨੇ ਨੂੰ ਬਾਬਾ ਨਾਨਕ ਦੇ ਨਾਲ ਉਨ੍ਹਾਂ ਰਾਹਾਂ, ਥਾਵਾਂ, ਤੀਰਥਾਂ, ਮੰਦਰਾਂ, ਮੱਠਾਂ, ਮਸਜਦਾਂ ਆਦਿ ’ਤੇ ਜਾਣ, ਵੱਖੋ-ਵੱਖਰੇ ਖਿੱਤੇ ਦੇ ਲੋਕਾਂ ਨੂੰ ਉਨ੍ਹਾਂ ਦੀਆਂ ਬੋਲੀਆਂ ਵਿੱਚ ਗੱਲਾਂ ਕਰਨ, ਉਨ੍ਹਾਂ ਵਰਗੇ ਹੋਣ, ਉਨ੍ਹਾਂ ’ਚ ਰਚਣ-ਮਿਚਣ ਅਤੇ ਉਨ੍ਹਾਂ ਨੂੰ ਆਪਣਾ ਬਣਾਉਣ ਦਾ ਕੇਹਾ ਮਾਣ ਸੀ ਕਿ ਉਹ ਉਨ੍ਹਾਂ ਵਿੱਚ ਉਨ੍ਹਾਂ ਦੇ ਆਪਣੇ ਹੀ ਬਣ ਜਾਂਦੇ ਸਨ। ਇਸ ਕਰਕੇ ਨਾਨਕ-ਸੋਚ ਨੂੰ ਹਰ ਫਿਰਕੇ, ਕਬੀਲੇ ਅਤੇ ਖਿੱਤੇ ਦੇ ਲੋਕਾਂ ਨੇ ਰੂਹ ਨਾਲ ਅਪਣਾਇਆ। ਇਸ ਸੋਚ ਦੇ ਚਿਰਾਗ ਹੁਣ ਤੀਕ ਵੀ ਜਗ ਰਹੇ ਹਨ, ਪਰ ਭਾਈ ਮਰਦਾਨੇ ਨੂੰ ਭੁਲਾ ਕੇ ਅਸੀਂ ਇਨ੍ਹਾਂ ਨੂੰ ਬੁਝਾਉਣ ਵੱਲ ਉਲਾਰ ਤਾਂ ਹੋਏ ਹਾਂ, ਪਰ ਨਾਨਕ-ਜੋਤ ਨੇ ਕਦੇ ਨਹੀਂ ਬੁਝਣਾ। ਸਗੋਂ ਸਦੀਵੀ ਜਗਦੇ ਰਹਿਣਾ ਹੈ ਕਿਉਂਕਿ ਸੂਰਜ ਕਦੇ ਵੀ ਠੰਢੇ ਨਹੀਂ ਹੁੰਦੇ ਅਤੇ ਇਨ੍ਹਾਂ ਦੀ ਤਾਸੀਰ ਹੀ ਚਾਨਣ ਵੰਡਦੇ ਰਹਿਣਾ ਹੁੰਦੀ ਹੈ।

ਭਾਈ ਮਰਦਾਨੇ ਨੂੰ ਭੁਲਾ ਕੇ ਅਸੀਂ ਉਸ ਪ੍ਰਣ ਨੂੰ ਵੀ ਤੋੜ ਰਹੇ ਹਾਂ ਜੋ ਪ੍ਰਣ ਭਾਈ ਮਰਦਾਨੇ ਨੇ ਉਦਾਸੀ ਤੋਂ ਪਰਤ ਕੇ ਰਾਏ ਭੌਇ ਦੀ ਤਲਵੰਡੀ ਵਿੱਚ ਪਹੁੰਚਣ ’ਤੇ ਬਾਬਾ ਨਾਨਕ ਨਾਲ ਕੀਤਾ ਸੀ ਕਿ ਤਲਵੰਡੀ ਜਾ ਕੇ ਉਹ ਆਪਣੇ ਸਾਥੀ ਬਾਬਾ ਨਾਨਕ ਬਾਰੇ ਕੁਝ ਨਹੀਂ ਦੱਸੇਗਾ। ਮਾਈ ਤ੍ਰਿਪਤਾ ਨੇ ਹੀ ਭਾਈ ਮਰਦਾਨੇ ਦੇ ਨੈਣਾਂ ਵਿੱਚ ਆਪਣੇ ਪੁੱਤ ਦਾ ਅਕਸ ਦੇਖ ਲਿਆ ਸੀ ਅਤੇ ਹੌਲੀ ਹੌਲੀ ਉਸ ਦੇ ਪਿੱਛੇ ਤੁਰਦੀ ਆਪਣੇ ਨਾਨਕ ਪੁੱਤਰ ਨੂੰ ਮਿਲਣ ਤੁਰ ਪਈ ਸੀ, ਪਰ ਭਾਈ ਮਰਦਾਨੇ ਨੇ ਪ੍ਰਣ ਨਹੀਂ ਸੀ ਤੋੜਿਆ। ਅਸੀਂ ਤਾਂ ਨਿੱਕੇ ਜਿਹੇ ਲਾਲਚ, ਮਾਇਕ ਫਾਇਦਾ ਜਾਂ ਰੁਤਬਾ ਪ੍ਰਾਪਤੀ ਖਾਤਰ ਕੀਤੇ ਵਚਨ ਤੋੜਨ ਜਾਂ ਮੁੱਕਰਨ ਵਿੱਚ ਪਲ ਵੀ ਨਹੀਂ ਲਾਉਂਦੇ। ਕਦੇ ਭਾਈ ਮਰਦਾਨੇ ਵਰਗੀ ਪ੍ਰਣ-ਪਕਿਆਈ ਨੂੰ ਮਨ-ਦ੍ਰਿੜਤਾ ਬਣਾਉਣਾ, ਬਾਬੇ ਨਾਨਕ ਦੀਆਂ ਰਹਿਮਤਾਂ ਦੀ ਬਖ਼ਸ਼ਿਸ਼ ਹੋਵੇਗੀ। ਮਨ ਦੀ ਤਕੜਾਈ ਅਤੇ ਪਕਿਆਈ ਮਨੁੱਖੀ ਸ਼ਖ਼ਸੀਅਤ ਦਾ ਅਜਿਹਾ ਮਜੀਠ ਰੰਗ ਏ ਜਿਸਦੇ ਫਿੱਕੇ ਹੋਣ ਦੀ ਕਦੇ ਵੀ ਸੰਭਾਵਨਾ ਨਹੀਂ ਹੁੰਦੀ। ਇਹ ਰੰਗ ਸਦੀਵ ਹੈ। ਭਾਈ ਮਰਦਾਨੇ ਨੂੰ ਭੁਲਾਉਣ ਦੀ ਬਜਾਏ ਲੋੜ ਹੈ ਕਿ ਹੁਣ ਵੀ ਵਾਪਸ ਪਰਤੀਏ। ਆਪਣੇ ਪੁਰਖਿਆਂ ਦੇ ਬੋਲਾਂ ਤੇ ਕੀਰਤੀਆਂ ’ਤੇ ਮਾਣ ਕਰੀਏ ਅਤੇ ਉਨ੍ਹਾਂ ਦੇ ਪਦ-ਚਿੰਨ੍ਹਾਂ ’ਤੇ ਚੱਲਣ ਦਾ ਉੱਦਮ ਕਰੀਏ।

ਭਾਈ ਮਰਦਾਨਾ ਜਦੋਂ ਭੁੱਲਦਾ ਹੈ ਤਾਂ ਅਸੀਂ ਉਸ ਦਾਤ ਤੋਂ ਮਹਿਰੂਮ ਹੋ ਜਾਂਦੇ ਹਾਂ ਜਿਹੜੀ ਭਾਈ ਮਰਦਾਨੇ ਨੇ ਆਪਣੇ ਆਖਰੀ ਵਕਤ ਬਾਬਾ ਨਾਨਕ ਦੀ ਰਹਿਮਤ ’ਚੋਂ ਪਾਈ ਸੀ, ਜਦੋਂ ਬਾਬੇ ਨਾਨਕ ਦੀ ਬੁੱਕਲ ਵਿੱਚ ਉਸ ਨੇ ਸਾਹਾਂ ਨੂੰ ਅਲਵਿਦਾ ਕਹੀ ਸੀ। ਉਸ ਸਾਥ ਨੂੰ ਨਵਾਂ ਅੰਜ਼ਾਮ ਦਿੱਤਾ ਕਿ ਜਦ ਦਿਲਾਂ ਦੀ ਸਾਂਝ ਹੁੰਦੀ ਹੈ ਤਾਂ ਸਾਹਾਂ ਦਾ ਸਫ਼ਰ, ਸਾਥੀ ਦੇ ਸਾਥ ਵਿੱਚ ਪੂਰਨ ਕਰਨ ਲੱਗਿਆਂ ਅਕਹਿ ਅਨੰਦ ਤੇ ਸੰਤੁਸ਼ਟੀ ਹਾਸਲ ਹੁੰਦੀ ਹੈ। ਇੱਕ ਸੁਖਨ ਤੇ ਸਕੂਨ ਦੀ ਪ੍ਰਾਪਤੀ ਹੁੰਦੀ ਹੈ। ਮਨ ਦੀ ਤ੍ਰਿਪਤੀ ਦਾ ਅਹਿਸਾਸ ਹੁੰਦਾ ਹੈ। ਇਹ ਸਿਰਫ਼ ਭਾਈ ਮਰਦਾਨਾ ਵਰਗੀ ਰੱਬੀ ਰੂਹ ਹੀ ਪ੍ਰਾਪਤ ਕਰ ਸਕੀ ਜਿਸਨੂੰ ਬਾਬਾ ਨਾਨਕ ਦੀ ਨੇੜਤਾ ਨਸੀਬ ਹੋਈ। ਕਿੱਥੇ ਹੈ ਅਜਿਹੀ ਨੇੜਤਾ? ਕੌਣ ਨਿਭਾਉਂਦਾ ਹੈ ਅਜਿਹੀ ਦੋਸਤੀ? ਕਿਸ ਨੂੰ ਪਤਾ ਹੈ ਅਜਿਹੇ ਸਬੰਧਾਂ ਦੀ ਸਾਰਥਿਕਤਾ ਅਤੇ ਸਦੀਵਤਾ ਦੀ ਸਾਰ ਦਾ? ਕੌਣ ਨੇ ਜਿਨ੍ਹਾਂ ਨੂੰ ਬਾਬਾ ਨਾਨਕ ਅਤੇ ਭਾਈ ਮਰਦਾਨਾ ਦੀ ਆਪਸੀ ਗੁਫ਼ਤਗੂ ਵਿੱਚ ਅਧਿਆਤਮਿਕਤਾ ਅਤੇ ਰੂਹਾਨੀਅਤ ਦੇ ਦੀਦਾਰੇ ਨਹੀਂ ਹੁੰਦੇ? ਕੀ ਉਹ ਲੋਕ ਇਸ ਦ੍ਰਿਸ਼ ਨੂੰ ਆਪਣੇ ਮਨ-ਮੰਦਰ ਵਿੱਚ ਸ਼ਾਖ਼ਸਾਤ ਕਰ ਸਕਣਗੇ ਜਿਨ੍ਹਾਂ ਦੀ ਮਾਨਸਿਕਤਾ ਵਿੱਚ ਲਾਲਚ ਅਤੇ ਨਿੱਜ-ਪ੍ਰਸਤੀ ਹਾਵੀ ਹੋਵੇ? ਭਾਈ ਮਰਦਾਨਾ ਵਰਗੀ ਅਪਣੱਤ ਅਤੇ ਮੋਹ ਦੀ ਦਾਸਤਾਨ, ਇੱਕ ਸਦੀਵੀ ਮਿਸਾਲ ਹੈ। ਅਸੀਂ ਇਸ ਮਿਸਾਲ ਨੂੰ ਸਮਝਣ ਤੋਂ ਹੀਣੇ ਹਾਂ। ਮਿਸਾਲ ਬਣਨਾ ਤਾਂ ਦੂਰ ਦੀ ਗੱਲ ਹੈ।

ਭਾਈ ਮਰਦਾਨੇ ਨੂੰ ਭੁਲਾ ਕੇ ਅਸੀਂ ਬਾਬੇ ਨਾਨਕ ਦੇ ਉਸ ਸਬੱਬ ਨੂੰ ਵੀ ਭੁੱਲ ਬੈਠੈ ਹਾਂ ਜਿਸ ਰਾਹੀਂ ਬਾਬਾ ਨਾਨਕ ਨੇ ਸੱਜਣ ਠੱਗ ਨੂੰ ਨੇਕਨੀਤੀ ਦਾ ਪਾਠ ਪੜ੍ਹਾਇਆ ਅਤੇ ਮਾਨਵਤਾ ਦੇ ਮਾਰਗ ਤੋਰਿਆ ਸੀ। ਜਿਸ ਰਾਹੀਂ ਵਲੀ ਕੰਧਾਰੀ ਦਾ ਹੰਕਾਰ ਤੋੜਿਆ ਅਤੇ ਉਸ ਦੇ ਮਨ ਵਿੱਚ ਕੋਮਲਤਾ ਤੇ ਅਪਣੱਤ ਦੀਆਂ ਭਾਵਨਾਵਾਂ ਪੈਦਾ ਕਰਨ ਵਿੱਚ ਸਕਾਰਾਤਮਕ ਰੋਲ ਨਿਭਾਇਆ। ਭਾਈ ਮਰਦਾਨਾ, ਬਾਬਾ ਨਾਨਕ ਦੀ ਹਰੇਕ ਉਦਾਸੀ ਵਿੱਚ ਨਵੀਆਂ ਪੈੜਾਂ ਸਿਰਜਣ, ਸੁਗਮ ਸੰਦੇਸ਼ ਦੇਣ ਅਤੇ ਸਮਾਜਿਕ ਸੁਹਜ ਤੇ ਸਦਭਾਵਨਾ ਦੇ ਪੈਗ਼ਾਮ ਦਾ ਸਬੱਬ ਬਣਿਆ। ਅਸੀਂ ਤਾਂ ਬਾਬਾ ਨਾਨਕ ਦੇ ਉਸ ਅਜ਼ੀਮ ਸਬੱਬ ਨੂੰ ਭੁਲਾ ਕੇ ਅਜਿਹੇ ਸਬੱਬ ਸਿਰਜਣ ਲਈ ਕਾਹਲੇ ਹਾਂ ਜੋ ਕੁਮੱਤ, ਕਪਟ ਅਤੇ ਕੁਹਜ ਦੀ ਮਾਰਗ-ਦਰਸ਼ਨਾ ਕਰਦੇ, ਜਿਹੜੇ ਕਮੀਨਗੀ, ਕਮੀਆਂ ਅਤੇ ਕੁਤਾਹੀਆਂ ਵੰਨੀਂ ਪ੍ਰੇਰਿਤ ਕਰਦੇ ਹਨ ਜੋ ਰਾਹਾਂ ਦੀ ਨਿਸ਼ਾਨਦੇਹੀ ਕਰਨ ਤੇ ਸੁਚਾਰੂ ਸੋਚ ਮਸਤਕ ਦੇ ਨਾਮ ਕਰਨ ਦੀ ਬਜਾਏ ਕਾਲਖਾਂ ਵਣਜਣ ਲਈ ਉਤਸੁਕ ਨੇ। ਅਜਿਹੇ ਸਬੱਬਾਂ ਕਾਰਨਾਂ ਅਜੋਕਾ ਮਨੁੱਖ ਰਸਾਤਲ ਵੰਨੀਂ ਗਰਕ ਰਿਹਾ ਏ ਜਿਸ ’ਚੋਂ ਮਨੁੱਖਤਾ ਮਨਫ਼ੀ ਹੈ। ਕਦੇ ਮਰਦਾਨੇ ਵਰਗਾ ਸਬੱਬ ਸਿਰਜਣ ਨਾਲ ਤੁਹਾਨੂੰ ਸਬੱਬ ਰਾਹੀਂ ਸੁੱਘੜ-ਸੰਦੇਸ਼ ਦੇਣ ਦੀ ਸੱਚੀ ਸਾਰਥਿਕਤਾ ਸਮਝ ਆ ਜਾਵੇਗੀ।

ਭਾਈ ਮਰਦਾਨੇ ਨੂੰ ਚੇਤਿਆਂ ’ਚੋਂ ਵਿਸਾਰ ਕੇ ਅਸੀਂ ਬਾਬਾ ਨਾਨਕ ਦੀ ਉਸ ਉਦਾਸੀ ਨੂੰ ਭੁੱਲ ਗਏ ਹਾਂ ਜਿਹੜੇ ਉਨ੍ਹਾਂ ਨੇ ਆਪਣੇ ਸਾਥੀ ਦੇ ਸਦੀਵੀ ਤੁਰ ਜਾਣ ਤੋਂ ਬਾਅਦ ਉਦਾਸ ਪਲਾਂ ਵਿੱਚ ਆਰੰਭੀ ਸੀ। ਕਿਰਤ ਦੀ ਉਦਾਸੀ। ਕਰਤਾਰਪੁਰ ਵਿੱਚ ਕਿਰਤ ਕਰਨ ਅਤੇ ਵੰਡ ਛੱਕਣ ਦੇ ਸੰਦੇਸ਼ ਨੂੰ ਅਮਲੀ ਜਾਮਾ ਪਹਿਨਾਉਣ ਦਾ ਉੱਦਮ ਤੇ ਉਪਰਾਲਾ। ਕਿਰਤ-ਧਰਮ ਵਿੱਚ ਨਵੀਆਂ ਉੱਚਾਈਆਂ ਦੇਣ ਵਾਲੇ ਬਾਬੇ ਨਾਨਕ ਦਾ ਕੇਹਾ ਪਿਆਰ ਅਤੇ ਸਬੰਧ ਸੀ ਭਾਈ ਮਰਦਾਨੇ ਨਾਲ ਕਿ ਉਹ ਫਿਰ ਬਾਹਰਲੀ ਉਦਾਸੀ ’ਤੇ ਨਹੀਂ ਗਏ। ਸਗੋਂ ਕਿਰਤ-ਉਦਾਸੀ ਵਿੱਚੋਂ ਜੀਵਨੀ ਸੁੱਚਮ ਅਤੇ ਉੱਚਮ ਨੂੰ ਨਵੀਆਂ ਤਰਜੀਹਾਂ ਦੇ ਕੇ ਸਮੁੱਚੀ ਲੋਕਾਈ ਨੂੰ ਜੀਵਨ-ਸੇਧਾਂ ਨਾਲ ਨਿਵਾਜਿਆ। ਆਮ ਲੋਕਾਂ ਵਿੱਚ ਆਮ ਜਿਹੇ ਬਣ ਕੇ ਮਾਨਵੀ ਸੰਦੇਸ਼ ਨੂੰ ਲੋਕ-ਮਨਾਂ ਵਿੱਚ ਸਦੀਵੀ ਉੱਕਰ ਦਿੱਤਾ ਜੋ ਇਨ੍ਹਾਂ ਉਪਦੇਸ਼ਾਂ ਤੋਂ ਬਹੁਤ ਦੂਰ ਸਨ। ਕੌਣ ਤੁਰਦਾ ਹੈ ਅਜਿਹੀ ਉਦਾਸੀ ’ਤੇ? ਅੱਜਕੱਲ੍ਹ ਅਸੀਂ ਆਪਣੇ ਪਿਆਰੇ ਦੇ ਤੁਰ ਜਾਣ ’ਤੇ ਕੁਝ ਹੀ ਦਿਨਾਂ ਵਿੱਚ ਤੁਰ ਗਿਆਂ ਨੂੰ ਭੁਲਾ ਕੇ ਫਿਰ ਕਪਟੀ ਚਾਲਾਂ, ਕੂੜ-ਵਪਾਰ ਅਤੇ ਕੁਹਜੀ ਚਾਲਾਂ ਵਿੱਚ ਖ਼ੁਦ ਨੂੰ ਉਲਝਾ ਲੈਂਦੇ ਹਾਂ। ਸਾਨੂੰ ਤਾਂ ਯਾਦ ਹੀ ਨਹੀਂ ਰਹਿੰਦੀ ਕਰਮ-ਧਰਮ ਅਤੇ ਕਿਰਤ ਵਿਚਲੀ ਸੁੱਚਮਤਾ ਅਤੇ ਉੱਚਮਤਾ ਦੀ ਅਹਿਮੀਅਤ। ਕਿੰਨੇ ਕੁ ਨੇ ਅਜੋਕੇ ਡੇਰੇਦਾਰ ਅਤੇ ਧਾਰਮਿਕ ਰਹਿਨੁਮਾ ਜਿਨ੍ਹਾਂ ਨੇ ਹੱਥੀਂ ਕਿਰਤ ਕਰਕੇ ਆਪਣੇ ਜੀਵਨ ਨੂੰ ਸੰਵਾਰਿਆ ਹੋਵੇ ਅਤੇ ਲੋਕਾਂ ਲਈ ਮਿਸਾਲ ਬਣੇ ਹੋਣ? ਭਾਈ ਮਰਦਾਨੇ ਨੂੰ ਭੁਲਾ ਕੇ ਅਸੀਂ ਕਿਰਤ-ਉਦਾਸੀ ਤੋਂ ਹੀ ਦੂਰ ਨਹੀਂ ਹੋਏ ਸਗੋਂ ਖ਼ੁਦ ਤੋਂ ਵੀ ਬਹੁਤ ਦੂਰ ਹੋ ਗਏ ਹਾਂ। ਖ਼ੁਦ ਤੋਂ ਦੂਰੀ ਹੀ ਮਨੁੱਖੀ-ਮਨ ਵਿੱਚ ਪੈਦਾ ਹੋਈ ਨੀਚਤਾ ਅਤੇ ਰਸਾਤਲ-ਗਰਕਣੀ ਦਾ ਕਾਰਨ ਹੈ।

ਅਸੀਂ ਤਾਂ ਭਾਈ ਮਰਦਾਨੇ ਦੀ ਰੂਹ ਨੂੰ ਵੀ ਨਹੀਂ ਬਖ਼ਸ਼ਿਆ। ਉਸ ਦੀ ਰੂਹ-ਵਿਲਕਣੀ ਸੁਣਨ ਤੋਂ ਇਨਕਾਰੀ ਹੈ। ਇਹ ਕੇਹੀ ਵਿਡੰਬਨਾ ਹੈ ਕਿ ਭਾਈ ਮਰਦਾਨਾ ਦੇ ਵਾਰਸਾਂ ਵਿੱਚ ਵੱਸਦੀ ਉਸ ਰੱਬੀ ਰੂਹ ਨੂੰ ਰਬਾਬ ਦੀਆਂ ਤਰੰਗਾਂ ਛੇੜਨ ਅਤੇ ਗੁਰਬਾਣੀ ਨੂੰ ਰਬਾਬੀ ਰੰਗਤ ਵਿੱਚ ਰੰਗ ਕੇ ਸ਼ਰਧਾਲੂਆਂ ਤੀਕ ਪਹੁੰਚਾਉਣ ਦੇ ਪਰਉਪਕਾਰੀ ਕਰਮ ਤੋਂ ਵੀ ਵਰਜ ਦਿੱਤਾ। ਉਨ੍ਹਾਂ ਨੂੰ ਹਰਿਮੰਦਰ ਸਾਹਿਬ ਵਿੱਚ ਕੀਰਤਨ ਹੀ ਨਹੀਂ ਕਰਨ ਦਿੱਤਾ ਜੋ ਕੀਰਤਨ ਰੂਪੀ ਇਬਾਦਤ ਕਰਨ ਲਈ ਉਚੇਚੇ ਤੌਰ ’ਤੇ ਦੂਸਰੇ ਦੇਸ਼ ਤੋਂ ਆਏ ਹੋਣ। ਇਹ ਕੇਹੀ ਅਕ੍ਰਿਤਘਣਤਾ ਅਤੇ ਖੁਨਾਮੀ ਏ ਜਿਸ ਨੂੰ ਇਤਿਹਾਸ ਕਦੇ ਮੁਆਫ਼ ਨਹੀਂ ਕਰੇਗਾ। ਭਾਈ ਮਰਦਾਨਾ ਦੀ ਰੂਹ, ਉਸ ਕੀਰਤਨ ਤੋਂ ਵਿਰਵੀ ਕਰ ਦਿੱਤੀ ਗਈ ਜਿਹੜਾ ਕੀਰਤਨ ਉਸ ਨੇ ਬਾਬਾ ਨਾਨਕ ਦੀ ਸੰਗਤ ਵਿੱਚ ਸਾਰੀ ਉਮਰ ਕੀਤਾ ਸੀ। ਕੀ ਜਵਾਬ ਦੇਵਾਂਗੇ ਅਸੀਂ ਭਾਈ ਮਰਦਾਨੇ ਦੀ ਰੂਹ ਨੂੰ? ਮਰਿਆਦਾ ਨੂੰ ਬਾਣੀ ਤੋਂ ਉੱਤਮ ਕਿਸ ਨੇ ਬਣਾਇਆ? ਭਾਈ ਮਰਦਾਨਾ ਦੀ ਰੂਹ ਤਾਂ ਹੁਣ ਬੀਤੇ ਪਲਾਂ ਵਿੱਚੋਂ ਹੀ ਸੰਤੁਸ਼ਟੀ ਭਾਲਦੀ ਹੋਵੇਗੀ ਜਦ ਉਦਾਸੀਆਂ ਦੌਰਾਨ ਬਾਬਾ ਨਾਨਕ ਕਹਿੰਦੇ ਸਨ ਕਿ ਭਾਈ ਮਰਦਾਨਿਆ ਰਬਾਬ ਛੇੜ, ਬਾਣੀ ਆਈ ਏ...। ਭਾਈ ਮਰਦਾਨੇ ਦੀ ਰਬਾਬ ਅਤੇ ਬਾਬਾ ਨਾਨਕ ਦੇ ਬੋਲ ਸਮੁੱਚੀ ਕਾਇਨਾਤ ਨੂੰ ਮੰਤਰ-ਮੁਗਧ ਕਰ ਦਿੰਦੇ ਸਨ। ਇਹ ਅਨੂਠਾ ਸੰਗਮ, ਫ਼ਿਜ਼ਾ ਦਾ ਅਜਿਹਾ ਹਾਸਲ ਹੁੰਦਾ ਸੀ ਕਿ ਜੀਵਨ-ਨਾਦ ਨੂੰ ਨਵੇਂ ਅਰਥ, ਅਦਬ ਅਤੇ ਅਕੀਦਤ ਪ੍ਰਾਪਤ ਹੁੰਦੀ ਸੀ।

ਦੇਖ ਭਾਈ ਮਰਦਾਨਿਆ, ਕੇਹੇ ਰੁੱਤਾਂ ਦੇ ਮਿਜ਼ਾਜ਼।

ਕਿ ਸ਼ੋਰ ਵਿੱਚੋਂ ਭਾਲੀਏ, ਸੰਗੀਤ ਦਾ ਰਿਆਜ਼।

ਫਿਜ਼ਾ ਵਿੱਚ ਨਾ ਗੂੰਜਦਾ, ਅਨਹਦ ਅਲਾਪ।

ਤੇ ਨਾ ਹੀ ਰਬਾਬ ਕਰੇ, ਜਪੁ ਜੀ ਦਾ ਜਾਪ।

ਵਿਕਦੀਆਂ ਨੇ ਸੁਰਾਂ, ਤੇ ਵਿਕਾਊ ਅੰਦਾਜ਼ ਏ।

ਹਉਕਿਆਂ ਦੇ ਪੱਲੇ, ਮਰੀ ਸੋਚ ਦਾ ਖ਼ੁਆਬ ਏ।

ਭਾਈ ਮਰਦਾਨੇ ਨੂੰ ਭੁੱਲਣ ਵਾਲਿਓ! ਅਜਿਹੇ ਬੇਨਜ਼ੀਰ ਬਜ਼ੁਰਗਾਂ ਨੂੰ ਕਦੇ ਨਾ ਭੁਲਾਓ ਜੋ ਸਾਡੀ ਵਿਰਾਸਤ ਨੇ, ਜਿਨ੍ਹਾਂ ਦਾ ਇਤਿਹਾਸ ਵਿੱਚ ਮਾਣ-ਮੱਤਾ ਸਥਾਨ ਹੈ, ਜਿਨ੍ਹਾਂ ਦੇ ਭਰਾਤਰੀ-ਭਾਵ, ਭਗਤੀ ਅਤੇ ਬੰਦਗੀ ਵਿੱਚੋਂ ਹੀ ਰੱਬੀ ਰੂਹ ਨੂੰ ਮਕਸਦ ਪੂਰਤੀ ਲਈ ਅਜ਼ਲੀ ਸਾਥ ਨਸੀਬ ਹੋਇਆ ਸੀ। ਜਿਸ ਦੀਆਂ ਸੁਰਾਂ ਵਿੱਚ ਬਾਣੀ-ਬੋਧ ਨੂੰ ਸੰਗੀਤਕ ਪਰਵਾਜ਼ ਮਿਲਦੀ ਸੀ। ਬਾਬਾ ਨਾਨਕ ਦੀ ਸਮੁੱਚੀ ਬਾਣੀ ਨੂੰ ਰਬਾਬੀ ਰੰਗਤ ਦੇਣ ਵਾਲੇ ਮਹਾਨ ਰਬਾਬੀ ਨੂੰ ਭੁੱਲਣ ਦੇ ਗੁਨਾਹਗਾਰ ਨਾ ਬਣੋ। ਆਉਣ ਵਾਲੀਆਂ ਪੀੜ੍ਹੀਆਂ ਕਦੇ ਮੁਆਫ਼ ਨਹੀਂ ਕਰਨਗੀਆਂ। ਮਰਦਾਨੇ ਦੇ ਵੰਸ਼ ਨੂੰ ਮਾਣ ਸਤਿਕਾਰ ਜ਼ਰੂਰ ਦਿਓ। ਉਨ੍ਹਾਂ ਦੇ ਕੀਰਤਨ-ਰਸ ਨਾਲ ਆਪਣੀਆਂ ਮਲੀਨ ਆਤਮਾਵਾਂ ਧੋਵੋ। ਖ਼ੁਦ ਨੂੰ ਆਤਮਿਕ ਦਰ ਵੰਨੀਂ ਤੋਰੋ ਕਿਉਂਕਿ ਮਰਦਾਨੇ ਦੀ ਰੂਹ ਤਾਂ ਉਸ ਦੀ ਰਬਾਬ ਅਤੇ ਉਸ ਦੀਆਂ ਆਉਣ ਵਾਲੀਆਂ ਨਸਲਾਂ ਵਿੱਚ ਹੀ ਵੱਸਦੀ ਹੈ ਜਿਨ੍ਹਾਂ ਨੇ ਹੁਣ ਤੀਕ ਰਬਾਬ ਅਤੇ ਰਬਾਬੀ ਅੰਦਾਜ਼ ਰਾਹੀਂ ਗੁਰਬਾਣੀ ਕੀਰਤਨ ਨੂੰ ਰੂਹ-ਰੰਗ ਦਾ ਹਿੱਸਾ ਬਣਾਇਆ ਹੈ। ਸ਼ਾਇਦ ਮਰਦਾਨੇ ਦੀ ਲੋਪਤਾ ਨੂੰ ਹੁਣ ਵੀ ਯਾਦ ਕਰਕੇ ਮਨ ਨੂੰ ਕੁਝ ਸਕੂਨ ਤਾਂ ਦਿੱਤਾ ਹੀ ਜਾ ਸਕਦਾ ਹੈ।

ਸੰਪਰਕ: 216-556-2080

Advertisement
×