ਭਗਵਾਨ ਸਿੰਘ ਜਗੇੜਾ ਦੀ ਪੁਸਤਕ ਲੋਕ ਅਰਪਣ
ਬ੍ਰਿਸਬਨ: ਇੰਡੋਜ ਪੰਜਾਬੀ ਸਾਹਿਤ ਅਕਾਦਮੀ ਆਫ ਆਸਟਰੇਲੀਆ ਵੱਲੋਂ ਸਥਾਨਕ ਇੰਡੋਜ ਪੰਜਾਬੀ ਲਾਇਬ੍ਰੇਰੀ ਇਨਾਲਾ ਵਿਖੇ ਭਾਰਤ ਤੋਂ ਆਏ ਸ਼ਾਇਰ ਗੁਰਦਿਆਲ ਰੌਸ਼ਨ ਦੇ ਸਨਮਾਨ ਵਿੱਚ ਸਮਾਗਮ ਕਰਵਾਇਆ ਗਿਆ। ਇਸ ਵਿੱਚ ਸਰਦਾਰ ਭਗਵਾਨ ਸਿੰਘ ਜਗੇੜਾ ਦੀ ਸਵੈ ਜੀਵਨੀ ‘ਪੌਣੀ ਸਦੀ ਦਾ ਸਫ਼ਰ’ ਲੋਕ ਅਰਪਣ ਕੀਤੀ ਗਈ। ਸਮਾਗਮ ਦੀ ਸ਼ੁਰੂਆਤ ਕਰਦਿਆਂ ਸਰਬਜੀਤ ਸੋਹੀ ਵੱਲੋਂ ਗੁਰਦਿਆਲ ਰੌਸ਼ਨ ਦੀ ਸ਼ਖ਼ਸੀਅਤ ਅਤੇ ਸਾਹਿਤਕ ਸਫ਼ਰ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਅਤੇ ਭਗਵਾਨ ਸਿੰਘ ਜਗੇੜਾ ਸਮੇਤ ਸਮੂਹ ਮਹਿਮਾਨ ਹਸਤੀਆਂ ਨੂੰ ਜੀ ਆਇਆਂ ਕਿਹਾ।
ਇਪਸਾ ਦੇ ਸਾਹਿਤ ਵਿੰਗ ਦੇ ਪ੍ਰਧਾਨ ਰੁਪਿੰਦਰ ਸੋਜ਼ ਨੇ ਇਪਸਾ ਦੇ ਆਰੰਭ ਤੋਂ ਲੈ ਕੇ 10 ਸਾਲ ਦੇ ਜ਼ਿਕਰਯੋਗ ਇਤਿਹਾਸ ਬਾਰੇ ਚਾਨਣਾ ਪਾਉਂਦਿਆਂ ਉਸਤਾਦ ਗੁਰਦਿਆਲ ਰੌਸ਼ਨ ਦੀ ਸ਼ਾਇਰੀ ਦੇ ਪਹਿਲੂਆਂ ਅਤੇ ਉਸ ਦੀ ਸਾਹਿਤਕ ਦੇਣ ਬਾਰੇ ਵਿਚਾਰ ਪੇਸ਼ ਕੀਤੇ। ਕਵੀ ਦਰਬਾਰ ਵਿੱਚ ਦਲਵੀਰ ਹਲਵਾਰਵੀ, ਪਰਮਿੰਦਰ ਸਿੰਘ, ਰੁਪਿੰਦਰ ਸੋਜ਼, ਮੀਤ ਧਾਲੀਵਾਲ, ਜਸਵੰਤ ਵਾਗਲਾ, ਲਖਬੀਰ ਸਿੰਘ ਅਤੇ ਰੀਤੂ ਅਹੀਰ ਨੇ ਆਪਣੀਆਂ ਰਚਨਾਵਾਂ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ। ਹੋਰ ਬੁਲਾਰਿਆਂ ਵਿੱਚੋਂ ਡਾ. ਪਰਮਜੀਤ ਸਿੰਘ, ਬਲਵਿੰਦਰ ਸਿੰਘ ਮੋਰੋਂ, ਐਡਵੋਕੇਟ ਪ੍ਰਿਤਪਾਲ ਸਿੰਘ, ਸਤਵਿੰਦਰ ਟੀਨੂੰ, ਗੁਰਦੀਪ ਜਗੇੜਾ, ਅਮਨਦੀਪ ਸਿੰਘ ਭੰਗੂ, ਦਲਜੀਤ ਸਿੰਘ ਆਦਿ ਨੇ ਗੁਰਦਿਆਲ ਰੌਸ਼ਨ ਦੇ ਸਨਮਾਨ ਵਿੱਚ ਅਤੇ ਭਗਵਾਨ ਸਿੰਘ ਜਗੇੜਾ ਦੀ ਕਿਤਾਬ ਅਤੇ ਜੀਵਨ ਘਾਲਣਾ ਬਾਰੇ ਆਪਣੇ ਵਿਚਾਰ ਰੱਖਦਿਆਂ ਇਪਸਾ ਦੀ ਇਸ ਪਹਿਲਕਦਮੀ ਦੀ ਸ਼ਲਾਘਾ ਕੀਤੀ।
ਸਮਾਗਮ ਦੇ ਦੂਸਰੇ ਭਾਗ ਵਿੱਚ ਭਗਵਾਨ ਸਿੰਘ ਜਗੇੜਾ ਨੇ ਆਪਣੀ ਪੁਸਤਕ ਲਿਖਣ ਦੀ ਪ੍ਰੇਰਣਾ, ਪਿਛੋਕੜ ਅਤੇ ਇਸ ਦੇ ਪ੍ਰਕਾਸ਼ਨ ਵਿੱਚ ਸਹਾਇਕ ਦੋਸਤਾਂ ਬਾਰੇ ਦੱਸਿਆ। ਭਗਵਾਨ ਸਿੰਘ ਜਗੇੜਾ ਨੇ ਇਪਸਾ ਦੇ ਉੱਦਮ ਅਤੇ ਆਸਟਰੇਲੀਆ ਬਾਰੇ ਆਪਣੇ ਤਜਰਬੇ ਸਾਂਝੇ ਕਰਦਿਆਂ ਪੰਜਾਬੀ ਭਾਈਚਾਰੇ ਦੀ ਤਰੱਕੀ ’ਤੇ ਖ਼ੁਸ਼ੀ ਪ੍ਰਗਟ ਕੀਤੀ। ਅੰਤ ਵਿੱਚ ਇਸ ਸਮਾਗਮ ਦੇ ਮੁੱਖ ਮਹਿਮਾਨ ਅਤੇ ਗ਼ਜ਼ਲਗੋ ਗੁਰਦਿਆਲ ਰੌਸ਼ਨ ਨੇ ਮੰਚ ’ਤੇ ਯਾਦਗਾਰੀ ਹਾਜ਼ਰੀ ਲਵਾਈ। ਉਸ ਨੇ ਆਪਣੇ ਪਹਿਲੇ ਆਸਟਰੇਲੀਆ ਦੇ ਦੌਰੇ ਦੇ ਅਨੁਭਵ ਦੱਸੇ ਅਤੇ ਆਪਣੀ ਸ਼ਾਇਰੀ ਦੇ ਖ਼ੂਬਸੂਰਤ ਰੰਗ ਪੇਸ਼ ਕਰਦਿਆਂ ਸਰੋਤਿਆਂ ਨੂੰ ਕੀਲ ਕੇ ਰੱਖ ਦਿੱਤਾ। ਇਪਸਾ ਵੱਲੋਂ ਉਸ ਨੂੰ ਇਪਸਾ ਸੋਵੀਨਾਰ ਅਤੇ ਜੀਵਨ ਭਰ ਦੀਆਂ ਪ੍ਰਾਪਤੀਆਂ ਲਈ ਵਿਸ਼ੇਸ਼ ਐਵਾਰਡ ਆਫ ਆਨਰ ਪ੍ਰਦਾਨ ਕੀਤਾ ਗਿਆ।
ਇਪਸਾ ਵੱਲੋਂ ਭਗਵਾਨ ਸਿੰਘ ਜਗੇੜਾ ਨੂੰ ਉਸ ਦੀ ਸਵੈ ਜੀਵਨੀ ਲੋਕ ਅਰਪਣ ਕਰਦਿਆਂ ਐਵਾਰਡ ਆਫ ਆਨਰ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮਨਦੀਪ ਸਿੰਘ ਹੀਰਾ, ਬਿਕਰਮਜੀਤ ਸਿੰਘ ਚੰਦੀ, ਪੁਸ਼ਪਿੰਦਰ ਤੂਰ, ਗੁਰਜੀਤ ਉੱਪਲ, ਪਾਲ ਰਾਊਕੇ, ਰਾਜਦੀਪ ਸਿੰਘ ਲਾਲੀ, ਹਰਦੀਪ ਸਿੰਘ ਵਾਗਲਾ, ਸ਼ਮਸ਼ੇਰ ਸਿੰਘ ਚੀਮਾ, ਤਜਿੰਦਰ ਭੰਗੂ, ਜਸਕਰਨ ਸ਼ੀਂਹ, ਅਸ਼ੋਕ ਕੁਮਾਰ ਆਦਿ ਨਾਮਵਰ ਹਸਤੀਆਂ ਹਾਜ਼ਰ ਸਨ।