ਅਕਾਲੀ ਸਿੰਘ ਸਿੱਖ ਸੁਸਾਇਟੀ ਵੱਲੋਂ ਗੁਰਦੇਵ ਸਿੰਘ ਬਾਠ ਦਾ ਸਨਮਾਨ
ਵੈਨਕੂਵਰ: ਅਕਾਲੀ ਸਿੰਘ ਸਿੱਖ ਸੁਸਾਇਟੀ ਵੈਨਕੂਵਰ ਅਤੇ ਸਥਾਨਕ ਸੰਗਤ ਵੱਲੋਂ ਬੀਤੇ ਦਿਨ ਸਿੱਖ ਪ੍ਰਚਾਰਕ ਗੁਰਦੇਵ ਸਿੰਘ ਬਾਠ (ਹਾਂਗਕਾਂਗ) ਦਾ ਸਨਮਾਨ ਕੀਤਾ ਗਿਆ। ਸਮਾਗਮ ਦੌਰਾਨ ਲੇਖਕ ਰਜਿੰਦਰ ਸਿੰਘ ਪੰਧੇਰ ਨੇ ਬਾਠ ਸਾਹਿਬ ਦੇ ਜੀਵਨ, ਸੇਵਾ ਅਤੇ ਦੁਨੀਆ ਭਰ ’ਚ ਕੀਤੇ ਪ੍ਰਚਾਰਕ...
ਵੈਨਕੂਵਰ: ਅਕਾਲੀ ਸਿੰਘ ਸਿੱਖ ਸੁਸਾਇਟੀ ਵੈਨਕੂਵਰ ਅਤੇ ਸਥਾਨਕ ਸੰਗਤ ਵੱਲੋਂ ਬੀਤੇ ਦਿਨ ਸਿੱਖ ਪ੍ਰਚਾਰਕ ਗੁਰਦੇਵ ਸਿੰਘ ਬਾਠ (ਹਾਂਗਕਾਂਗ) ਦਾ ਸਨਮਾਨ ਕੀਤਾ ਗਿਆ। ਸਮਾਗਮ ਦੌਰਾਨ ਲੇਖਕ ਰਜਿੰਦਰ ਸਿੰਘ ਪੰਧੇਰ ਨੇ ਬਾਠ ਸਾਹਿਬ ਦੇ ਜੀਵਨ, ਸੇਵਾ ਅਤੇ ਦੁਨੀਆ ਭਰ ’ਚ ਕੀਤੇ ਪ੍ਰਚਾਰਕ ਕਾਰਜਾਂ ਬਾਰੇ ਵਿਸ਼ੇਸ਼ ਜਾਣਕਾਰੀ ਸਾਂਝੀ ਕੀਤੀ।
ਰਜਿੰਦਰ ਸਿੰਘ ਪੰਧੇਰ ਨੇ ਦੱਸਿਆ ਕਿ 1938 ਵਿੱਚ ਹਾਂਗਕਾਂਗ ਵਿੱਚ ਜਨਮੇ ਗੁਰਦੇਵ ਸਿੰਘ ਬਾਠ 1958 ਵਿੱਚ ਹਾਂਗਕਾਂਗ ਦੇ ਜੇਲ੍ਹ ਮਹਿਕਮੇ ਦੀ ਪੁਲੀਸ ਵਿੱਚ ਭਰਤੀ ਹੋਏ ਅਤੇ 1994 ਤੱਕ ਮੁੱਖ ਭੂਮਿਕਾਵਾਂ ਨਿਭਾਉਂਦੇ ਰਹੇ। ਸੇਵਾ ਮੁਕਤ ਹੋਣ ਮਗਰੋਂ ਉਹ ਕੈਨੇਡਾ ਆ ਗਏ। ਧਾਰਮਿਕ ਰੁਝਾਨ ਅਤੇ ਸਮਰਪਿਤ ਮਨੋਭਾਵਾਂ ਕਾਰਨ ਉਨ੍ਹਾਂ ਨੇ ਗੁਰਬਾਣੀ ਅਤੇ ਸਿੱਖ ਇਤਿਹਾਸ ਨੂੰ ਅਨੋਖੇ ਤੇ ਪ੍ਰੇਰਕ ਢੰਗ ਨਾਲ ਦੁਨੀਆ ਤੱਕ ਪਹੁੰਚਾਉਣ ਦਾ ਮਿਸ਼ਨ ਸ਼ੁਰੂ ਕੀਤਾ, ਜਿਸ ਵਿੱਚ ਉਨ੍ਹਾਂ ਦੀ ਜੀਵਨ ਸਾਥਣ ਰਣਜੀਤ ਕੌਰ ਅਤੇ ਪੁੱਤਰ ਸਤਿੰਦਰ ਸਿੰਘ ਬਾਠ ਤੇ ਹਰਦੀਪ ਸਿੰਘ ਬਾਠ ਨੇ ਵੱਡਾ ਯੋਗਦਾਨ ਪਾਇਆ।
ਗੁਰਦੇਵ ਸਿੰਘ ਬਾਠ ਨੇ ਸਿੱਖ ਰਹਿਤ ਮਰਿਆਦਾ, ਨਿਤਨੇਮ ਅਤੇ ਸਿੱਖ ਇਤਿਹਾਸ ਨਾਲ ਸਬੰਧਤ ਪੁਸਤਕਾਂ ਨੂੰ ਚੀਨੀ, ਜਪਾਨੀ, ਕੋਰੀਅਨ, ਫਰੈਂਚ, ਇਟਾਲੀਅਨ, ਜਰਮਨ ਅਤੇ ਸਪੈਨਿਸ਼ ਸਮੇਤ ਕਈ ਅੰਤਰਰਾਸ਼ਟਰੀ ਭਾਸ਼ਾਵਾਂ ਵਿੱਚ ਅਨੁਵਾਦ ਕਰਵਾ ਕੇ ਨਾ ਕੇਵਲ ਇਨ੍ਹਾਂ ਦੇਸ਼ਾਂ ਵਿੱਚ ਪ੍ਰਚਾਰਿਆ, ਸਗੋਂ ਕੈਨੇਡਾ ਆ ਕੇ ਸਰੀ ਦੇ ਗੁਰਦੁਆਰਿਆਂ ਦੇ ਬਾਹਰ ਖੜ੍ਹ ਕੇ ਵੀ ਇਹ ਸਾਹਿਤ ਸੰਗਤ ਵਿੱਚ ਵੰਡਿਆ। ਕੈਲਗਰੀ, ਟੋਰਾਂਟੋ ਅਤੇ ਐਡਮਿੰਟਨ ਦੀਆਂ ਲਾਇਬ੍ਰੇਰੀਆਂ ਵਿੱਚ ਵੀ ਉਨ੍ਹਾਂ ਨੇ ਹਜ਼ਾਰਾਂ ਦੀ ਗਿਣਤੀ ਵਿੱਚ ਇਹ ਧਾਰਮਿਕ ਸਾਹਿਤ ਮੁਫ਼ਤ ਸਾਂਝਾ ਕੀਤਾ। ਇਸ ਮੁਹਿੰਮ ਨੂੰ ਹਾਂਗਕਾਂਗ ਗੁਰਦੁਆਰਾ ਸਾਹਿਬ ਵੱਲੋਂ ਵੀ ਕੁਝ ਸਹਿਯੋਗ ਮਿਲਿਆ।
ਸਿੱਖ ਧਰਮ ਦੇ ਪ੍ਰਚਾਰ ਅਤੇ ਨਿਸ਼ਕਾਮ ਸੇਵਾ ਪ੍ਰਤੀ ਗੁਰਦੇਵ ਸਿੰਘ ਬਾਠ ਦੀ ਲਗਨ ਨੂੰ ਦੇਖਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਉਨ੍ਹਾਂ ਨੂੰ ਖ਼ਾਸ ਸਨਮਾਨ ਨਾਲ ਨਿਵਾਜਿਆ ਗਿਆ ਸੀ। ਵੈਨਕੂਵਰ ਦੇ ਅਕਾਲੀ ਸਿੰਘ ਗੁਰਦੁਆਰਾ ਸਾਹਿਬ ਵੱਲੋਂ ਸਮਰਪਿਤ ਸਮਾਗਮ ਵਿੱਚ ਉਨ੍ਹਾਂ ਨੂੰ ਯਾਦਗਾਰੀ ਪਲੇਕ ਅਤੇ ਸਿਰੋਪਾਓ ਭੇਟ ਕੀਤਾ ਗਿਆ, ਜਦਕਿ ਜੀਵਨ ਸਾਥਣ ਬੀਬੀ ਰਣਜੀਤ ਕੌਰ ਨੂੰ ਵੀ ਸਿਰੋਪਾਓ ਨਾਲ ਸਨਮਾਨਿਤ ਕੀਤਾ ਗਿਆ। ਸੰਗਤ ਵੱਲੋਂ ਉਨ੍ਹਾਂ ਦੇ ਇਸ ਨਿਸ਼ਕਾਮ ਸੇਵਾ ਭਰੇ ਯੋਗਦਾਨ ਦੀ ਖ਼ੂਬ ਸਰਾਹਨਾ ਕੀਤੀ ਗਈ।
ਸੰਪਰਕ: +1 604 308 6663

