ਏਆਈ ਮਨੁੱਖੀ ਰਚਨਾਤਮਕਤਾ ਦਾ ਬਦਲ ਨਹੀਂ ਬਣ ਸਕੇਗੀ
ਵਿਸ਼ਵ ਪੰਜਾਬੀ ਸਾਹਿਤ ਅਕਾਦਮੀ ਕੈਲੀਫੋਰਨੀਆ ਵੱਲੋਂ ਆਪਣੀ 25ਵੀਂ ਵਰ੍ਹੇਗੰਢ ਉੱਤੇ ਤਿੰਨ ਰੋਜ਼ਾ ਪੰਜਾਬੀ ਸਾਹਿਤਕ ਕਾਨਫਰੰਸ ਸੈਫਾਇਰ ਬੈਂਕੁਇਟ ਹਾਲ ਹੇਵਰਡ (ਕੈਲੀਫੋਰਨੀਆ) ਵਿਖੇ ਕਰਵਾਈ ਗਈ। ਇਸ ਵਿੱਚ ਵਿਦਵਾਨਾਂ ਅਤੇ ਸਾਹਿਤਕਾਰਾਂ ਨੇ ਲਗਾਤਾਰ ਤਿੰਨ ਦਿਨ ਪੰਜਾਬੀ ਸਾਹਿਤ ਅਤੇ ਪੰਜਾਬੀ ਮਾਂ ਬੋਲੀ ਦੇ ਵੱਖ...
ਵਿਸ਼ਵ ਪੰਜਾਬੀ ਸਾਹਿਤ ਅਕਾਦਮੀ ਕੈਲੀਫੋਰਨੀਆ ਵੱਲੋਂ ਆਪਣੀ 25ਵੀਂ ਵਰ੍ਹੇਗੰਢ ਉੱਤੇ ਤਿੰਨ ਰੋਜ਼ਾ ਪੰਜਾਬੀ ਸਾਹਿਤਕ ਕਾਨਫਰੰਸ ਸੈਫਾਇਰ ਬੈਂਕੁਇਟ ਹਾਲ ਹੇਵਰਡ (ਕੈਲੀਫੋਰਨੀਆ) ਵਿਖੇ ਕਰਵਾਈ ਗਈ। ਇਸ ਵਿੱਚ ਵਿਦਵਾਨਾਂ ਅਤੇ ਸਾਹਿਤਕਾਰਾਂ ਨੇ ਲਗਾਤਾਰ ਤਿੰਨ ਦਿਨ ਪੰਜਾਬੀ ਸਾਹਿਤ ਅਤੇ ਪੰਜਾਬੀ ਮਾਂ ਬੋਲੀ ਦੇ ਵੱਖ ਵੱਖ ਪਹਿਲੂਆਂ ਉੱਪਰ ਗੰਭੀਰ ਚਿੰਤਨ ਕੀਤਾ।
ਕਾਨਫਰੰਸ ਦੀ ਸ਼ੁਰੂਆਤ ਵਿਸ਼ਵ ਪੰਜਾਬੀ ਸਾਹਿਤ ਅਕਾਦਮੀ (ਵਿਪਸਾ) ਦੇ ਸ਼ਾਇਰ ਕੁਲਵਿੰਦਰ ਦੇ ਮੋਹ ਭਰੇ ਸ਼ਬਦਾਂ ਨਾਲ ਹੋਈ। ਕੁਲਵਿੰਦਰ ਨੇ ਅਕਾਦਮੀ ਦੀ ਸਥਾਪਨਾ, ਸਰਗਰਮੀਆਂ ਅਤੇ ਪੰਜਾਬੀ ਭਾਸ਼ਾ ਤੇ ਸਾਹਿਤ ਲਈ ਕੀਤੇ ਜਾ ਰਹੇ ਕਾਰਜਾਂ ਬਾਰੇ ਸੰਖੇਪ ਵਿੱਚ ਜਾਣਕਾਰੀ ਦਿੱਤੀ ਅਤੇ ਇਸ ਸੰਸਥਾ ਦੇ ਮੁੱਖ ਸਹਿਯੋਗੀ ਅਤੇ ਉੱਘੇ ਕਾਰੋਬਾਰੀ ਜਸਬੀਰ ਗਿੱਲ, ਨਾਵਲਕਾਰ ਡਾ. ਗੁਰਪ੍ਰੀਤ ਧੁੱਗਾ ਅਤੇ ਪੰਕਜ ਆਂਸਲ ਨੇ ਅਕਾਦਮੀ ਵੱਲੋਂ ਪੰਜਾਬੀ ਸਾਹਿਤ ਅਤੇ ਪੰਜਾਬੀ ਭਾਸ਼ਾ ਲਈ ਕੀਤੇ ਜਾ ਰਹੇ ਕਾਰਜਾਂ ਅਤੇ ਸਰਗਰਮੀਆਂ ਦੀ ਸ਼ਲਾਘਾ ਕੀਤੀ।
ਪਹਿਲੇ ਦਿਨ ਹੋਈ ਸੰਗੀਤਕ ਸ਼ਾਮ ਵਿੱਚ ਗ਼ਜ਼ਲ ਗਾਇਕ ਸੁਖਦੇਵ ਸਾਹਿਬ, ਪਰਮਿੰਦਰ ਗੁਰੀ ਅਤੇ ਗਾਇਕਾ ਟੀਨਾ ਮਾਨ ਨੇ ਡਾ. ਸੁਰਜੀਤ ਪਾਤਰ, ਸ਼ਿਵ ਕੁਮਾਰ ਬਟਾਲਵੀ, ਜਸਵਿੰਦਰ, ਕੁਲਵਿੰਦਰ, ਰਾਜਵੰਤ ਰਾਜ, ਪ੍ਰੀਤ ਮਨਪ੍ਰੀਤ ਅਤੇ ਹੋਰ ਪੰਜਾਬੀ ਸ਼ਾਇਰਾਂ ਦੇ ਕਲਾਮਾਂ ਨਾਲ ਆਪਣੇ ਸੁਰੀਲੇ ਸੁਰਾਂ ਦੀ ਖੂਬਸੂਰਤ ਮਹਿਫ਼ਿਲ ਸਜਾਈ। ਵਿਪਸਾ ਵੱਲੋਂ 25ਵੀਂ ਵਰ੍ਹੇਗੰਢ ਮੌਕੇ ਵਿਪਸਾ ਬਾਰੇ ਤਿਆਰ ਕੀਤੀ ਡਾਕੂਮੈਂਟਰੀ ਵੀ ਵਿਖਾਈ ਗਈ।
ਕਾਨਫਰੰਸ ਦੇ ਦੂਜੇ ਦਿਨ ਡਿਜੀਟਲ ਦੁਨੀਆ ਦੇ ਮਾਹਿਰ ਨੌਜਵਾਨ ਸ਼ਾਇਰ ਚਰਨਜੀਤ ਗਿੱਲ ਨੇ ਪੰਜਾਬੀ ਫੌਂਟਸ, ਪੰਜਾਬੀ ਸ਼ਬਦਾਵਲੀ ਅਤੇ ਡਿਜੀਟਲ ਪੰਜਾਬੀ ਡਿਕਸ਼ਨਰੀ ਬਾਰੇ ਖੋਜ ਭਰਪੂਰ ਜਾਣਕਾਰੀ ਪ੍ਰਦਰਸ਼ਿਤ ਕੀਤੀ। ਡਾ. ਰਾਜੇਸ਼ ਸ਼ਰਮਾ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਦੇ ਪੰਜਾਬੀ ਸਾਹਿਤ ਉੱਪਰ ਪੈ ਰਹੇ ਅਤੇ ਪੈਣ ਵਾਲੇ ਪ੍ਰਭਾਵ ਬਾਰੇ ਵਿਸਥਾਰ ਵਿੱਚ ਸਾਰੇ ਪਹਿਲੂਆਂ ਨੂੰ ਉਜਾਗਰ ਕੀਤਾ। ਉਸ ਨੇ ਕਿਹਾ ਕਿ ਜੇ ਕਿਸੇ ਨੂੰ ਏਆਈ ਪ੍ਰਭਾਵਿਤ ਕਰਦੀ ਹੈ ਅਤੇ ਲੱਗਦਾ ਹੈ ਕਿ ਇਹ ਤੁਹਾਡੇ ਤੋਂ ਵਧੀਆ ਲਿਖ ਸਕਦੀ ਹੈ ਤਾਂ ਇਸ ਦਾ ਮਤਲਬ ਹੈ ਕਿ ਤੁਸੀਂ ਕੁਝ ਪੜ੍ਹਿਆ ਜਾਂ ਲਿਖਿਆ ਨਹੀਂ ਅਤੇ ਤੁਹਾਨੂੰ ਲਿਖਣਾ ਛੱਡ ਦੇਣਾ ਚਾਹੀਦਾ ਹੈ। ਰਾਜਵੰਤ ਰਾਜ ਨੇ ਕਿਹਾ ਕਿ ਏਆਈ ਅਜੇ ਬੱਚਾ ਹੈ ਅਤੇ ਇਸ ਦੇ ਭਵਿੱਖ ਬਾਰੇ ਅਜੇ ਕੁਝ ਨਹੀਂ ਕਿਹਾ ਜਾ ਸਕਦਾ, ਪਰ ਇਹ ਇੰਟਰਨੈੱਟ ਦੇ ਖੇਤਰ ਵਿੱਚ ਬਹੁਤ ਵੱਡੀ ਤਬਦੀਲੀ ਹੈ। ਉਨ੍ਹਾਂ ਆਸ ਪ੍ਰਗਟ ਕੀਤੀ ਕਿ ਮਨੁੱਖ ਇਸ ਨੂੰ ਚੰਗੇ ਕਾਰਜ ਲਈ ਵਰਤੇਗਾ। ਡਾ. ਮਨਜਿੰਦਰ ਸਿੰਘ ਨੇ ਕਿਹਾ ਕਿ ਏਆਈ ਵੀ ਬਾਕੀ ਨਵੀਆਂ ਤਕਨੀਕਾਂ ਵਾਂਗ ਜ਼ਿੰਦਗੀ ਨੂੰ ਸੁਖਾਲਾ ਕਰੇਗੀ, ਪਰ ਮਨੁੱਖੀ ਕਲਪਨਾ ਅਤੇ ਰਚਨਾਤਮਕਤਾ ਦਾ ਬਦਲ ਨਹੀਂ ਬਣ ਸਕੇਗੀ, ਸੋ ਸਾਨੂੰ ਇਸ ਤੋਂ ਡਰਨਾ ਨਹੀਂ ਚਾਹੀਦਾ।
ਕਾਨਫਰੰਸ ਦੇ ਤੀਜੇ ਦਿਨ ਡਾ. ਮਨਜਿੰਦਰ ਸਿੰਘ ਨੇ ਅਮਰੀਕਾ ਵਿੱਚ ਲਿਖੀ ਜਾ ਰਹੀ ਪੰਜਾਬੀ ਕਵਿਤਾ ਬਾਰੇ ਪਰਚਾ ਪੜਿ੍ਹਆ। ਉਸ ਨੇ ਕਿਹਾ ਕਿ ਅਮਰੀਕੀ ਪੰਜਾਬੀ ਕਵਿਤਾ ਨੇ ਵਿਦਵਾਨਾਂ ਦੇ ਪੁਰਾਣੇ ਮਾਪਦੰਡਾਂ ਨੂੰ ਤੋੜਿਆ ਹੈ। ਇਸ ਕਵਿਤਾ ਨੂੰ ਹੁਣ ਮੁੱਖ ਧਾਰਾ ਦੀ ਕਵਿਤਾ ਮੰਨ ਕੇ ਮੁਲਾਂਕਣ ਕਰਨ ਦੀ ਲੋੜ ਹੈ। ਡਾ. ਗੁਰਪਾਲ ਸਿੰਘ ਸੰਧੂ ਨੇ ਕਿਹਾ ਕਿ ਅਮਰੀਕਾ ਵਿੱਚ ਗ਼ਜ਼ਲ ਵਧੀਆ ਲਿਖੀ ਜਾ ਰਹੀ ਹੈ। ਸਮੁੱਚੀ ਅਮਰੀਕੀ ਪੰਜਾਬੀ ਕਵਿਤਾ ਸੱਚ ਤੱਕ ਪਹੁੰਚਦੀ ਹੈ। ਸ਼ਾਇਰ ਜਸਵਿੰਦਰ ਨੇ ਕਿਹਾ ਕਿ ਗ਼ਜ਼ਲ ਮੁੱਖ ਵਿਧਾ ਬਣੀ ਹੋਈ ਹੈ ਅਤੇ ਅਮਰੀਕਾ ਦੇ ਸ਼ਾਇਰਾਂ ਦੇ ਸ਼ਿਅਰ ਅਕਸਰ ਲੋਕ ਕੋਟ ਕਰਦੇ ਹਨ। ਡਾ. ਜਸਵਿੰਦਰ ਨੇ ਕਿਹਾ ਕਿ ਵਰਤਮਾਨ ਪੰਜਾਬੀ ਕਵਿਤਾ ਨੇ ਵਿਕਸਤ ਪੂੰਜੀਵਾਦ ਅਤੇ ਰਾਜਨੀਤੀ ਦੀਆਂ ਅੰਦਰਲੀਆਂ ਰੌਆਂ ਨੂੰ ਪਛਾਣਿਆ ਹੈ।
ਅਮਰੀਕਾ ਵਿੱਚ ਰਚੀ ਜਾ ਰਹੀ ਪੰਜਾਬੀ ਕਹਾਣੀ ਵਾਲੇ ਸੈਸ਼ਨ ਦੀ ਪ੍ਰਧਾਨਗੀ ਕਹਾਣੀਕਾਰ ਡਾ. ਵਰਿਆਮ ਸੰਧੂ ਨੇ ਕੀਤੀ। ਡਾ. ਬਲਦੇਵ ਧਾਲੀਵਾਲ ਨੇ ਆਪਣੇ ਪਰਚੇ ਵਿੱਚ ਕਿਹਾ ਕਿ ਅਮਰੀਕੀ ਪੰਜਾਬੀ ਕਹਾਣੀ ਦੀ ਉਮਰ ਅੱਧੀ ਕੁ ਸਦੀ ਹੈ। 9/11 ਦੀ ਘਟਨਾ ਨੇ ਇਸ ਨੂੰ ਚਿੰਤਨ ਦੇ ਰਾਹ ਪਾਇਆ ਹੈ। ਇਸ ਵਿੱਚ ਨਾਬਰੀ ਅਤੇ ਪ੍ਰਤੀਰੋਧ ਦੀ ਸੁਰ ਹੈ। ਇਸ ਮੌਕੇ ਡਾ. ਧਾਲੀਵਾਲ ਨੇ 22 ਲੇਖਕਾਂ ਦੀਆਂ ਕਹਾਣੀਆਂ ਦਾ ਵੀ ਸੰਖੇਪ ਮੁਲਾਂਕਣ ਕੀਤਾ।
ਲੇਖਕ, ਪਾਠਕ ਅਤੇ ਪ੍ਰਕਾਸ਼ਕ ਵਿਸ਼ੇ ’ਤੇ ਵੀ ਮਹੱਤਵਪੂਰਨ ਵਿਚਾਰ ਚਰਚਾ ਹੋਈ ਜਿਸ ਵਿੱਚ ਡਾ. ਰਾਜੇਸ਼ ਸ਼ਰਮਾ, ਸਤੀਸ਼ ਗੁਲਾਟੀ, ਦਲਜੀਤ ਸਰਾਂ, ਡਾ. ਗੁਰਪ੍ਰੀਤ ਧੁੱਗਾ ਅਤੇ ਸੋਨੀਆ ਮਨਜਿੰਦਰ ਨੇ ਆਪਣੇ ਵਿਚਾਰ ਪੇਸ਼ ਕੀਤੇ। ਇਸ ਵਿੱਚ ਮੁੱਖ ਤੌਰ ’ਤੇ ਪੰਜਾਬੀ ਪੁਸਤਕਾਂ ਦੇ ਪ੍ਰਕਾਸ਼ਨ ਵਿੱਚ ਸੰਪਾਦਨ ਦੀ ਅਣਹੋਂਦ ਦਾ ਮਸਲਾ ਉੱਭਰ ਕੇ ਸਾਹਮਣੇ ਆਇਆ ਜਿਸ ਕਾਰਨ ਬਹੁਤ ਸਾਰੀਆਂ ਗ਼ੈਰ-ਮਿਆਰੀ ਪੁਸਤਕਾਂ ਛਪ ਰਹੀਆਂ ਹਨ। ਅਜਿਹੀਆਂ ਪੁਸਤਕਾਂ ਪੰਜਾਬੀ ਪਾਠਕਾਂ ਨੂੰ ਵੀ ਨਿਰਾਸ਼ ਕਰਦੀਆਂ ਹਨ ਅਤੇ ਪਾਠਕਾਂ ਦੀ ਸਾਹਿਤ ਪ੍ਰਤੀ ਦਿਲਚਸਪੀ ਘਟਾਉਣ ਦਾ ਕਾਰਨ ਵੀ ਬਣਦੀਆਂ ਹਨ।
ਕਾਨਫਰੰਸ ਦੌਰਾਨ ਹੋਏ ਕਵੀ ਦਰਬਾਰ ਵਿੱਚ ਦਰਸ਼ਨ ਬੁੱਟਰ, ਜਸਵਿੰਦਰ, ਕੁਲਵਿੰਦਰ, ਤਾਹਿਰਾ ਸਰਾ, ਜਗਜੀਤ ਨੌਸ਼ਹਿਰਵੀ, ਸੁਰਿੰਦਰ ਸੀਰਤ, ਸੁਖਵਿੰਦਰ ਕੰਬੋਜ, ਰਾਜਵੰਤ ਰਾਜ, ਦਵਿੰਦਰ ਗੌਤਮ, ਪ੍ਰੀਤ ਮਨਪ੍ਰੀਤ, ਸਤੀਸ਼ ਗੁਲਾਟੀ, ਸੁਰਜੀਤ ਸਖੀ, ਹਰਪ੍ਰੀਤ ਕੌਰ ਧੂਤ, ਨੀਲਮ ਲਾਜ ਸੈਣੀ, ਹਰਜਿੰਦਰ ਕੰਗ, ਸੰਤੋਖ ਮਿਨਹਾਸ, ਹਰਦਮ ਮਾਨ, ਜਸਬੀਰ ਗਿੱਲ, ਚਰਨਜੀਤ ਗਿੱਲ, ਦਿਲ ਨਿੱਝਰ, ਡਾ. ਅੰਬਰੀਸ਼, ਡਾ. ਮਨਜੀਤ ਕੌਰ, ਲਖਵਿੰਦਰ ਕੌਰ ਲੱਕੀ, ਨਛੱਤਰ ਭੋਗਲ ਭਾਖੜੀਆਣਾ, ਡਾ. ਬਿਕਰਮ ਸੋਹੀ, ਜਸਵੰਤ ਸ਼ਾਦ, ਦਲਵੀਰ ਕੌਰ ਯੂ.ਕੇ., ਡਾ. ਸੁਖਪਾਲ ਸੰਘੇੜਾ, ਪਿਆਰਾ ਸਿੰਘ ਕੁੱਦੋਵਾਲ, ਕੁਲਵਿੰਦਰ ਖਹਿਰਾ, ਬੀਬੀ ਸੁਰਜੀਤ ਕੌਰ ਸੈਕਰਾਮੈਂਟੋ, ਭੁਪਿੰਦਰ ਦੂਲੇ, ਲਖਵਿੰਦਰ ਗਿੱਲ, ਰਾਕਿੰਦ ਕੌਰ, ਰਾਜਵੰਤ ਕੌਰ ਸੰਧੂ, ਗੁਰਦੇਵ ਚੌਹਾਨ, ਗੁਲਸ਼ਨ ਦਿਆਲ, ਅਰਤਿੰਦਰ ਸੰਧੂ, ਅੰਜੂ ਮੀਰਾ, ਮੁਕੇਸ਼ ਕੁਮਾਰ, ਗੁਰੁਤੇਜ ਪਾਰਸਾ, ਡਾ. ਕੁਲਜੀਤ ਜੰਜੂਆ, ਬਲਬੀਰ ਸਿੰਘ ਐੱਮ.ਏ., ਅਮਰਜੀਤ ਜੌਹਲ, ਹਰਕੰਵਲਜੀਤ ਸਾਹਿਲ, ਕਾਕਾ ਕਲੇਰ, ਡਾ. ਇੰਦਰਪਾਲ ਕੌਰ, ਹਰਜੀਤ ਹਮਸਫ਼ਰ, ਕੁਲਵੰਤ ਸੇਖੋਂ, ਸੁੱਖੀ ਧਾਲੀਵਾਲ, ਅਮਰਜੀਤ ਕੌਰ ਪੰਨੂ, ਐਸ਼ ਕੁਮ ਐਸ਼, ਗਗਨਦੀਪ ਮਾਹਲ ਅਤੇ ਹੋਰ ਸਥਾਨਕ ਕਵੀਆਂ ਨੇ ਆਪਣੇ ਕਲਾਮ ਪੇਸ਼ ਕੀਤੇ।
ਕਾਨਫਰੰਸ ਦੌਰਾਨ ਪੰਜਾਬ ਲੋਕ ਰੰਗਮੰਚ ਵੱਲੋਂ ਸੁਰਿੰਦਰ ਸਿੰਘ ਧਨੋਆ ਦਾ ਲਿਖਿਆ ਨਾਟਕ ‘ਜ਼ਫ਼ਰਨਾਮਾ-ਕਲਮ ਦੀ ਤਲਵਾਰ ਉੱਪਰ ਜਿੱਤ’ ਖੇਡਿਆ ਗਿਆ। ਜੰਮੂ ਯੂਨੀਵਰਸਿਟੀ ਤੋਂ ਡਾ. ਬਲਜੀਤ ਕੌਰ ਨੇ ਇਸ ਨਾਟਕ ਬਾਰੇ ਆਪਣੇ ਵਿਚਾਰ ਰੱਖੇ। ਕੁਲਵਿੰਦਰ ਅਤੇ ਸੁਰਿੰਦਰ ਸੀਰਤ ਵੱਲੋਂ ਸੰਪਾਦਿਤ ਕੀਤੀ ਪੁਸਤਕ ‘ਅਮਰੀਕੀ ਪੰਜਾਬੀ ਕਹਾਣੀ’, ਹਰਪ੍ਰੀਤ ਕੌਰ ਧੂਤ ਦਾ ਕਹਾਣੀ ਸੰਗ੍ਰਹਿ ‘ਖ਼ਤਰਾ ਤਾਂ ਹੈ’ ਅਤੇ ਐਸ਼ ਕੁਮ ਐਸ਼ ਤੇ ਬਲਿਹਾਰ ਦੀਆਂ ਪੁਸਤਕਾਂ ਅਤੇ ਸੋਨੀਆ ਮਨਜਿੰਦਰ ਦੇ ਆਨਲਾਈਨ ਮੈਗਜ਼ੀਨ ਦਾ ਪੋਸਟਰ ਵੀ ਰਿਲੀਜ਼ ਕੀਤਾ ਗਿਆ।
ਸੰਪਰਕ: +1 604 308 6663