ਮੀਟਿੰਗ ’ਚ ਚੱਲਿਆ ਕਵਿਤਾਵਾਂ ਦਾ ਦੌਰ
ਕੈਲਗਰੀ: ਪੰਜਾਬੀ ਸਾਹਿਤ ਸਭਾ ਕੈਗਲਰੀ ਦੀ ਮਾਸਿਕ ਇਕੱਤਰਤਾ ਕੋਸੋ ਦੇ ਦਫ਼ਤਰ ਵਿੱਚ ਹੋਈ। ਸਭਾ ਦੀ ਪ੍ਰਧਾਨਗੀ ਸਭਾ ਦੇ ਸੀਨੀਅਰ ਮੀਤ ਪ੍ਰਧਾਨ ਜਰਨੈਲ ਸਿੰਘ ਤੱਗੜ ਨੇ ਨਿਭਾਈ। ਆਰੰਭ ਵਿੱਚ ਸਭਾ ਦੇ ਜਨਰਲ ਸਕੱਤਰ ਗੁਰਦਿਆਲ ਸਿੰਘ ਖਹਿਰਾ ਨੇ ਸਾਰਿਆਂ ਨੂੰ ਜੀਅ ਆਇਆਂ ਆਖਿਆ ਅਤੇ ਡਾ. ਸੁਰਜੀਤ ਪਾਤਰ ਦੀ ਨਜ਼ਮ ਆਪਣੇ ਵਿਲੱਖਣ ਅੰਦਾਜ਼ ਨਾਲ ਤਰੰਨੁਮ ਵਿੱਚ ਪੇਸ਼ ਕੀਤੀ;
ਕਿਸ ਕਿਸ ਦਿਸ਼ਾ ਤੋਂ ਸ਼ਾਮ ਨੂੰ ਆਵਾਜ਼ਾਂ ਆਉਂਦੀਆਂ
ਬੰਦੇ ਨੂੰ ਬਹਿਬਲ ਕਰਦੀਆਂ ਪਾਗਲ ਬਣਾਉਂਦੀਆਂ।
ਜਰਨੈਲ ਤੱਗੜ ਨੇ ਅਗਿਆਤ ਲੇਖਕ ਦੀ ਰਚਨਾ ਸੁਣਾਈ। ਰਚਨਾ ਦੇ ਮੁੱਢਲੇ ਬੋਲ ਸਨ;
ਪੱਕੇ ਹੁਣ ਮਕਾਨ ਬਣੇ ਨੇ
ਸੋਹਣੇ ਹੁਣ ਇਨਸਾਨ ਬਣੇ ਨੇ
ਡਾ. ਮਨਮੋਹਨ ਬਾਠ ਨੇ ਆਪਣੀ ਆਵਾਜ਼ ਵਿੱਚ ਇੱਕ ਫਿਲਮੀ ਗੀਤ ਗਾ ਕੇ ਰੰਗ ਬੰਨ੍ਹਿਆ। ਭਾਰਤ ਤੋਂ ਆਏ ਸੇਵਾ-ਮੁਕਤ ਪ੍ਰਿੰਸੀਪਲ ਅਮਰਜੀਤ ਸਿੰਘ ਸਿੱਧੂ ਨੇ ਡਾ. ਸੁਰਜੀਤ ਪਾਤਰ ਦੀ ਮਕਬੂਲ ਰਚਨਾ ਸੁਣਾਈ;
ਜਗਾ ਦੇ ਮੋਮਬੱਤੀਆਂ
ਇਹ ਤਾਂ ਏਥੇ ਵਗਦੀਆਂ ਹੀ ਰਹਿਣੀਆਂ
ਹਵਾਵਾਂ ਕੁਪੱਤੀਆਂ
ਉੱਠ ਜਗਾ ਦੇ ਮੋਮਬੱਤੀਆਂ
ਡਾ. ਰਾਜਵੰਤ ਕੌਰ ਮਾਨ ਨੇ ਗਿੱਲ ਸੁਖਮੰਦਰ ਦੀ ਹਾਲੀਆ ਪ੍ਰਕਾਸ਼ਿਤ ਪੁਸਤਕ ‘ਖ਼ਾਕ ਤੋਂ ਖ਼ਾਕ ਤੱਕ’ ’ਤੇ ਸੰਖ਼ੇਪ ਚਰਚਾ ਕੀਤੀ। ਸਰਦੂਲ ਲੱਖਾ ਨੇ ਹਾਸ-ਰਸ ਲਘੂ ਨਾਟਕ ‘ਰੱਬ ਤੇ ਉਸਦੀ ਪਤਨੀ’ ਪੇਸ਼ ਕੀਤਾ। ਸੁਰਿੰਦਰ ਢਿੱਲੋਂ ਨੇ ਕਲਾਸੀਕਲ ਗਾਇਕੀ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਉਸ ਨੇ ਕਿਹਾ ਕਿ ਗਾਇਕੀ ਵਿੱਚ ਸੁਰ ਤੇ ਤਾਲ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਉਸ ਨੇ ਜਗਜੀਤ ਸਿੰਘ ਰਹਿਸੀ ਦੇ ਚੋਣਵੇਂ ਸ਼ਿਅਰ ਵੀ ਸਰੋਤਿਆਂ ਨਾਲ ਸਾਂਝੇ ਕੀਤੇ।
ਨੌਜਵਾਨ ਗੀਤਕਾਰ ਮਨਜੀਤ ਬਰਾੜ ਨੇ ਵੱਖਰੇ ਅਤੇ ਵਧੀਆ ਅੰਦਾਜ਼ ਵਿੱਚ ਆਪਣੀ ਮੌਲਿਕ ਰਚਨਾ ਸੁਣਾਈ;
ਪੱਗਾਂ ਲਾਲ ਪੀਲੀਆਂ ਬੰਨ੍ਹਣੀਆਂ ਹੀ ਕਾਫ਼ੀ ਨਹੀਂ
ਬੰਨ੍ਹੀਆਂ ਪੱਗਾਂ ਦੀ ਲਾਜ਼ ਪਾਲਣੀ ਪੈਂਦੀ ਹੈ।
ਵਿਜੈ ਸਚਦੇਵਾ ਨੇ ਫੌਜੀਆਂ ਦੇ ਜੀਵਨ ’ਤੇ ਰੋਸ਼ਨੀ ਪਾਉਂਦੇ ਨਾਟਕ ‘ਮਿੱਟੀ ਦਾ ਬਾਵਾ’ – ਇੱਕ ਬਾਰਡਰ ਤੋਂ ਦੂਜੇ ਬਾਰਡਰ ਤੱਕ ’ਤੇ ਆਪਣੇ ਵਿਚਾਰ ਪ੍ਰਗਟ ਕੀਤੇ। ਇਸ ਤੋਂ ਇਲਾਵਾ ਉਸ ਨੇ ਡਾ. ਪਾਤਰ ਦੀ ਇੱਕ ਮਕਬੂਲ ਨਜ਼ਮ ਸੁਣਾਈ;
ਅਸਾਡੀ ਤੁਹਾਡੀ ਮੁਲਾਕਾਤ ਹੋਈ
ਜਿਵੇਂ ਬਲਦੇ ਜੰਗਲ ’ਤੇ ਬਰਸਾਤ ਹੋਈ।
ਲਖਵਿੰਦਰ ਸਿੰਘ ਪਟਿਆਲਾ ਨੇ ਡਾ. ਪਾਤਰ ਦੀ ਨਜ਼ਮ ਮੋਮਬੱਤੀਆਂ ਵਾਲੀ ਗੱਲ ਨੂੰ ਅੱਗੇ ਤੋਰਦਿਆਂ ਆਪਣੀ ਇੱਕ ਨਜ਼ਮ ਸੁਣਾਈ;
ਜੇ ਸੂਰਜ ਨਾ ਬਣ ਸਕੋ ਤਾਂ ਚਿਰਾਗ਼ ਬਣ ਜਾਵੋ
ਕਿਉਂਕਿ ਰਾਤ ਦੇ ਹਨੇਰੇ ਵਿੱਚ ਏਹੀ ਦਿੰਦਾ ਹੈ ਰੋਸ਼ਨੀ।
ਭੋਲਾ ਸਿੰਘ ਚੌਹਾਨ ਨੇ ਆਪਣੀ ਮੌਲਿਕ ਗ਼ਜ਼ਲ ਸੁਣਾਈ ਜਿਸਦੇ ਬੋਲ ਸਨ;
ਜਿਨ੍ਹਾਂ ’ਤੇ ਹਰ ਕਦਮ ਤੁਰੇ ਹਾਂ
ਕਿੰਜ ਭੁਲਾਵਾਂ ਰਾਹਵਾਂ ਨੂੰ
ਸੀਨੇ ਅੰਦਰ ਸੁਲਗਦੀਆਂ
ਅਣਲਿਖੀਆਂ ਕਵਿਤਾਵਾਂ ਨੂੰ।
ਅੰਤ ਵਿੱਚ ਜਗਦੇਵ ਸਿੱਧੂ ਨੇ ਆਪਣੇ ਵਿਚਾਰ ਸਾਂਝੇ ਕੀਤੇ। ਲਹਿੰਦੇ ਪੰਜਾਬ ਤੋਂ ਆਏ ਸਈਅਦ ਵੜੈਚ ਨੇ ਕਿਹਾ ਕਿ ਉਹ ਕੈਲਗਰੀ ਤੋਂ ਬਹੁਤ ਮਿੱਠੀਆਂ ਯਾਦਾਂ ਆਪਣੇ ਨਾਲ ਲੈ ਕੇ ਜਾ ਰਿਹਾ ਹੈ। ਮੀਟਿੰਗ ਵਿੱਚ ਸੁਖਜਿੰਦਰ ਕੌਰ, ਗੁਰਬਖ਼ਸ਼ ਗਿੱਲ, ਲਖਵੀਰ ਸਿੰਘ ਕੰਗ ਅਤੇ ਗੱਜਣ ਸਿੰਘ ਸੰਧਾਵਾਲੀਆ ਨੇ ਹਾਜ਼ਰੀ ਲਗਵਾਈ।
ਖ਼ਬਰ ਸਰੋਤ: ਪੰਜਾਬੀ ਸਾਹਿਤ ਸਭਾ ਕੈਗਲਰੀ