ਸਾਂਝੀਵਾਲਤਾ ਦੀਆਂ ਤੰਦਾਂ ਮਜ਼ਬੂਤ ਕਰਨ ਦਾ ਸੱਦਾ
ਐਬਟਸਫੋਰਡ: ਸ੍ਰੀ ਗੁਰੂ ਗਰੰਥ ਸਾਹਿਬ ਦਰਬਾਰ ਅਤੇ ‘ਹਿਊਮਿਲਟੀ, ਕਾਈਂਡਨੈੱਸ ਐਂਡ ਲਵ ਫਾਊਂਡੇਸ਼ਨ’ ਵੱਲੋਂ ਨਿਮਰਤਾ, ਦਇਆ ਅਤੇ ਪ੍ਰੇਮ ਦੀ ਲਹਿਰ ਤਹਿਤ ਇੱਕ ਕੌਮਾਂਤਰੀ ਸਮਾਗਮ ਕਰਵਾਇਆ ਗਿਆ। ਇਸ ਵਿੱਚ ਵਿਸ਼ਵ ਭਰ ਤੋਂ ਪਹੁੰਚੇ ਵਿਦਵਾਨਾਂ ਤੇ ਧਾਰਮਿਕ ਸ਼ਖ਼ਸੀਅਤਾਂ ਨੇ ਪਿਆਰ ਤੇ ਸਾਂਝੀਵਾਲਤਾ ਦਾ ਸੰਦੇਸ਼ ਦਿੱਤਾ।
ਸੰਤ ਬਾਬਾ ਬਲਦੇਵ ਸਿੰਘ ਨੇ ਆਏ ਵਿਦਵਾਨਾਂ ਅਤੇ ਸੰਗਤ ਦਾ ਸਵਾਗਤ ਕੀਤਾ ਤੇ ਇਸ ਇਤਿਹਾਸਕ ਕਾਨਫਰੰਸ ਵਿੱਚ ਸ਼ਮੂਲੀਅਤ ਕਰਨ ਲਈ ਧੰਨਵਾਦ ਕੀਤਾ। ਸਮਾਗਮ ਦੌਰਾਨ ਸੰਤ ਬਾਬਾ ਬਲਦੇਵ ਸਿੰਘ, ਡਾ. ਅੰਨਾ ਸਟੀਵਾਰਟ ( ਪਨਾਮਾ ਯੂਐੱਸਏ), ਡਾ. ਲੁਇਗੀ ਡੀ ਸਾਲਵੀਆ (ਇਟਲੀ), ਮੇਅਰ ਮਾਈਕਲ ਗੁਏਰਾ, ਸਿੱਖ ਵਿਦਵਾਨ ਹਰਿੰਦਰ ਸਿੰਘ ਤੋਂ ਇਲਾਵਾ ਕਈ ਹੋਰ ਵਿਦਵਾਨ ਬੁਲਾਰਿਆਂ ਨੇ ਨਿਮਰਤਾ ਤੇ ਪਿਆਰ ਦੇ ਸੰਦੇਸ਼ ਨਾਲ ਮਨੁੱਖੀ ਸਾਂਝ ਦੀਆਂ ਤੰਦਾਂ ਨੂੰ ਹੋਰ ਮਜ਼ਬੂਤ ਕਰਨ ਦਾ ਸੱਦਾ ਦਿੱਤਾ।
ਵੱਖ ਵੱਖ ਵਿਸ਼ਿਆਂ ਉੱਪਰ ਪੈਨਲ ਡਿਸਕਸ਼ਨ ਵੀ ਹੋਈ ਤੇ ਸੰਗਤ ਦੇ ਮਨਾਂ ਵਿੱਚ ਉਪਜੇ ਸਵਾਲਾਂ ਦਾ ਨਿਵਾਰਨ ਵੀ ਕੀਤਾ। ਇਸ ਮੌਕੇ ਬਾਬਾ ਜੀ ਵੱਲੋਂ ਵਿਸ਼ਵ ਭਰ ਦੇ ਵੱਖ ਵੱਖ ਸ਼ਹਿਰਾਂ ਵਾਸਤੇ ਸ਼ਾਂਤੀ ਅਤੇ ਪਿਆਰ ਦੇ ਅੰਬੈਸਡਰਾਂ ਦੀ ਨਿਯੁਕਤੀ ਵੀ ਕੀਤੀ ਗਈ। ਇਹ ਨਿਯੁਕਤੀ ਸਾਈਨ ਚੀਫ ਫਿਲ ਲੇਨ ਜੂਨੀਅਰ ਵੱਲੋਂ ਪ੍ਰਦਾਨ ਕੀਤੀ ਗਈ।
ਸਮਾਗਮ ਦੌਰਾਨ ਸਿਆਸੀ ਆਗੂਆਂ ਤੇ ਵੱਖ-ਵੱਖ ਖੇਤਰਾਂ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੇ ਵੀ ਹਾਜ਼ਰੀ ਭਰੀ ਤੇ ਧਾਰਮਿਕ ਹਸਤੀਆਂ ਦਾ ਅਸ਼ੀਰਵਾਦ ਲਿਆ। ਸਮਾਗਮ ਵਿੱਚ ਐੱਮਪੀ ਸੁੱਖ ਧਾਲੀਵਾਲ, ਐੱਮਪੀ ਰਣਦੀਪ ਸਿੰਘ ਸਰਾਏ, ਐੱਮਪੀ ਟਿੰਮ ਉੱਪਲ, ਐੱਮਪੀ ਸੁਖਮਨ ਗਿੱਲ, ਐੱਮਪੀ ਟਮੈਰਾ ਜੈਨਸਨ, ਐੱਮਐੱਲਏ ਮਨਦੀਪ ਧਾਲੀਵਾਲ, ਐੱਮਐੱਲਏ ਹਰਮਨ ਭੰਗੂ, ਐੱਮਐੱਲਏ ਬਰੂਸ ਬੈਨਮੈਨ, ਐੱਮਐੱਲਏ ਕੋਰਕੀ ਨਿਊਫੈਲਡ, ਐੱਮਐਲਏ ਰੇਨ ਗੈਸਪਰ, ਕੌਂਸਲਰ ਕੈਲੀ ਚਾਹਲ, ਪਾਕਿਸਤਾਨ ਦੇ ਸਾਬਕਾ ਐੱਮਪੀ ਰਾਏ ਅਜ਼ੀਜ਼ ਉੱਲਾ ਖਾਨ, ਅਵਤਾਰ ਸਿੰਘ ਗਿੱਲ, ਕੈਲਗਰੀ ਤੋਂ ਅਵਤਾਰ ਸਿੰਘ ਕਲੇਰ ਤੇ ਹੋਰ ਕਈ ਸ਼ਖ਼ਸੀਅਤਾਂ ਹਾਜ਼ਰ ਸਨ।
ਵਿਦਿਆਰਥੀ ਗੁਰਦੁਆਰੇ ਵਿਖੇ ਨਤਮਸਤਕ ਹੋਏ
ਸਰੀ (ਮਾਨ): ਵੈਨਕੂਵਰ ਮਿਸ਼ਨ ਐਡਵੈਂਚਰਜ ਦੇ ਵਿਦਿਆਰਥੀ ਅਤੇ ਉਨ੍ਹਾਂ ਦੇ ਅਧਿਆਪਕ ਐਨਾਬੈਲਾ ਬੀਤੇ ਦਿਨੀਂ ਗੁਰਦੁਆਰਾ ਨਾਨਕ ਨਿਵਾਸ ਰਿਚਮੰਡ ਵਿਖੇ ਨਤਮਸਤਕ ਹੋਏ। ਗੁਰਦਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮੋਹਣ ਸਿੰਘ ਸੰਧੂ ਅਤੇ ਚੇਅਰਪਰਸਨ ਬੀਬੀ ਕਸ਼ਮੀਰ ਕੌਰ ਜੌਹਲ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਅਤੇ ਸਿੱਖ ਧਰਮ ਅਤੇ ਸਿੱਖ ਕਮਿਊਨਿਟੀ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ। ਵਿਦਿਆਰਥੀਆਂ ਨੇ ਸਿੱਖ ਧਰਮ ਬਾਰੇ ਜਾਣਕਾਰੀ ਹਾਸਲ ਕਰਨ ਲਈ ਬੇਹੱਦ ਜਗਿਆਸਾ ਪ੍ਰਗਟ ਕੀਤੀ। ਉਨ੍ਹਾਂ ਨੇ ਗੁਰੂ ਕੇ ਲੰਗਰ ਦਾ ਆਨੰਦ ਮਾਣਿਆ ਅਤੇ ਗੁਰੂ ਘਰ ਦੇ ਪ੍ਰਬੰਧਕਾਂ ਦਾ ਹਾਰਦਿਕ ਧੰਨਵਾਦ ਕੀਤਾ।
ਸੰਪਰਕ: +1 604 308 6663