ਸੱਚਾਈ ਤੇ ਨਿਡਰਤਾ ਨਾਲ ਫ਼ਰਜ਼ ਨਿਭਾਉਣ ਦਾ ਸੱਦਾ
ਕੈਲਗਰੀ: ਪੰਜਾਬੀ ਸਾਹਿਤ ਸਭਾ ਕੈਲਗਰੀ ਦੀ ਜੂਨ ਮਹੀਨੇ ਦੀ ਇਕੱਤਰਤਾ ਕੋਸੋ ਹਾਲ ਵਿੱਚ ਭਾਰਤ ਤੋਂ ਆਏ ਲੇਖਕ, ਅਲੋਚਕ ਅਤੇ ਸਰਬ ਭਾਰਤੀ ਪ੍ਰਗਤੀਸ਼ੀਲ ਲੇਖਕ ਸੰਘ ਦੇ ਜਨਰਲ ਸਕੱਤਰ ਪ੍ਰੋ. ਸੁਖਦੇਵ ਸਿੰਘ ਸਿਰਸਾ, ਸੁਰਿੰਦਰ ਗੀਤ ਅਤੇ ਡਾ, ਰਾਜਵੰਤ ਕੌਰ ਮਾਨ ਦੀ ਪ੍ਰਧਾਨਗੀ ਵਿੱਚ ਹੋਈ।
ਆਰੰਭ ਵਿੱਚ ਸਭਾ ਦੇ ਜਨਰਲ ਸਕੱਤਰ ਗੁਰਦਿਆਲ ਸਿੰਘ ਖਹਿਰਾ ਨੇ ਪ੍ਰੋ. ਸਿਰਸਾ ਦੇ ਜੀਵਨ, ਕਾਰਜਾਂ, ਪੰਜਾਬੀ ਸਾਹਿਤ ਵਿੱਚ ਪਾਏ ਯੋਗਦਾਨ, ਪ੍ਰਾਪਤੀਆਂ ਅਤੇ ਸਨਮਾਨਾਂ ਦਾ ਵਿਸਥਾਰ ਪੂਰਵਕ ਵੇਰਵਾ ਦਿੱਤਾ। ਇਸ ਦੇ ਨਾਲ ਹੀ ਉਨ੍ਹਾਂ ਕੈਲਗਰੀ ਦੀਆਂ ਸਾਹਿਤਕ ਸਭਾਵਾਂ ਬਾਰੇ ਸੰਖੇਪ ਜਾਣਕਾਰੀ ਦਿੱਤੀ ।
ਇਸ ਤੋਂ ਉਪਰੰਤ ਮਨਮੋਹਨ ਸਿੰਘ ਬਾਠ, ਡਾ. ਜੋਗਾ ਸਿੰਘ ਸਹੋਤਾ ਨੇ ਸੁਰਜੀਤ ਪਾਤਰ ਦੀਆਂ ਪ੍ਰਸਿੱਧ ਗ਼ਜ਼ਲਾਂ ਦਾ ਗਾਇਨ ਕੀਤਾ। ਸੁਖਮੰਦਰ ਗਿੱਲ ਨੇ ਆਪਣੀ ਮੌਲਿਕ ਰਚਨਾ ਦਾ ਗਾਇਨ ਕਰਕੇ ਮਨੋਰੰਜਨ ਦਾ ਮਾਹੌਲ ਸਿਰਜਿਆ। ਸੁਖਮੰਦਰ ਗਿੱਲ ਦੀ ਰਚਨਾ ਦੇ ਬੋਲ ਸਨ;
ਮੀਨਾਰਾਂ ’ਤੇ ਬੈਠੇ ਕਾਂ ਵੀ ਹੁਣ/ ਮੀਨਾਰਾਂ ਦੇ ਮਾਲਕ ਬਣ ਗਏ
ਦਰਬਾਨ ਦਰ ’ਤੇ ਖੜ੍ਹਨ ਵਾਲੇ/ਦਰਬਾਰਾਂ ਦੇ ਮਾਲਕ ਬਣ ਗਏ
ਸੁਖਵਿੰਦਰ ਤੂਰ ਨੇ ਪਾਲ ਢਿੱਲੋਂ ਦੀ ਖ਼ੂਬਸੂਰਤ ਰਚਨਾ ਨੂੰ ਆਪਣੀ ਖ਼ੂਬਸੂਰਤ ਆਵਾਜ਼ ਨਾਲ ਹੋਰ ਵੀ ਖ਼ੂਬਸੂਰਤ ਬਣ ਦਿੱਤਾ;
ਮੇਰੇ ਪੈਰਾਂ ’ਚ ਇੱਕ ਅਸਾ ਸਫ਼ਰ ਹੈ
ਨਾ ਇਹ ਮੁੱਕਿਆ ਹੈ ਨਾ ਮੁੱਕਣਾ ਕਦੇ ਵੀ।
ਨਿਰੰਤਰ ਇਹ ਤੁਰੇਗਾ ਮੌਤ ਤੀਕਰ
ਇਹ ਰੋਕੇ ਵੀ ਨਹੀਂ ਰੁਕਣਾ ਕਦੇ ਵੀ।
ਡਾ. ਰਾਜਵੰਤ ਕੌਰ ਮਾਨ ਨੇ ਡਾ. ਸੁਖਦੇਵ ਸਿੰਘ ਸਿਰਸਾ ਦਾ ਸਵਾਗਤ ਕਰਦਿਆਂ ਕਿਹਾ ਕਿ ਉਹ ਪ੍ਰਗਤੀਸ਼ੀਲ ਲਹਿਰ ਦੇ ਸੰਚਾਲਕ ਅਤੇ ਝੰਡਾਬਰਦਾਰ ਹਨ। ਉਨ੍ਹਾਂ ਨੇ ਪ੍ਰਗਤੀਸ਼ੀਲ ਲਹਿਰ, ਅਮਨ ਲਹਿਰ ਅਤੇ ਇਪਟਾ ਦੇ ਇਤਿਹਾਸ ਬਾਰੇ ਆਪਣੇ ਨਿੱਜੀ ਅਨੁਭਵ ਸਾਂਝੇ ਕੀਤੇ, ਇਨ੍ਹਾਂ ਸੰਸਥਾਵਾਂ ਦੇ ਮੋਢੀਆਂ ਅਤੇ ਇਨ੍ਹਾਂ ਨਾਲ ਜੁੜੇ ਹਿੰਦੁਸਤਾਨ ਦੇ ਮਹਾਨ ਲੇਖਕਾਂ, ਨਾਟ-ਕਰਮੀਆਂ ਅਤੇ ਅਦਾਕਾਰਾਂ ਦਾ ਜ਼ਿਕਰ ਕੀਤਾ। ਦੱਸਣਯੋਗ ਹੈ ਕਿ ਡਾ. ਰਾਜਵੰਤ ਮਾਨ ਅਤੇ ਇਨ੍ਹਾਂ ਦੇ ਪਤੀ ਨਿਰੰਜਣ ਸਿੰਘ ਮਾਨ ਵੀ ਉਨ੍ਹਾਂ ਵਿੱਚ ਸ਼ਾਮਲ ਰਹੇ ਸਨ।
ਸੁਰਿੰਦਰ ਗੀਤ ਦੇ ਸੱਦੇ ’ਤੇ ਵਿਸ਼ੇਸ਼ ਤੌਰ ’ਤੇ ਆਏ ਡਾ. ਸਿਰਸਾ ਨੇ ਪ੍ਰਗਤੀਸ਼ੀਲ ਲਹਿਰ ਦੇ ਪਿਛੋਕੜ ਅਤੇ ਇਤਿਹਾਸ ਬਾਰੇ ਵਿਸਥਾਰ ਵਿੱਚ ਦੱਸਿਆ। ਇਸ ਲਹਿਰ ਅਤੇ ਇਪਟਾ ਵਿੱਚ ਸ਼ਾਮਲ ਰਹੇ ਲੇਖਕਾਂ, ਬੁੱਧੀਜੀਵੀਆਂ, ਕਲਾਕਾਰਾਂ, ਰੰਗਕਰਮੀਆਂ, ਪੱਤਰਕਾਰਾਂ ਆਦਿ ਦੇ ਯੋਗਦਾਨ ਬਾਰੇ ਭਰਪੂਰ ਜਾਣਕਾਰੀ ਦਿੱਤੀ। ਉਸ ਨੇ ਵਿਚਾਰ ਪ੍ਰਗਟਾਇਆ ਕਿ ਮੌਜੂਦਾ ਸਮੇਂ ਦੀਆਂ ਸਰਕਾਰਾਂ ਸਰਮਾਏਦਾਰਾਂ ਦੀਆਂ ਬਣਾਈਆਂ ਨੀਤੀਆਂ ਹੀ ਲਾਗੂ ਕਰਦੀਆਂ ਹਨ, ਇਸੇ ਕਰ ਕੇ ਸਮਾਜ ਵਿੱਚ ਆਰਥਿਕ ਪਾੜਾ ਵਧ ਰਿਹਾ ਹੈ। ਜਦੋਂ ਤੱਕ ਸਮਾਜ ਵਿੱਚ ਏਨਾ ਪਾੜਾ ਰਹੇਗਾ, ਓਦੋਂ ਤੱਕ ਸ਼ਾਂਤੀ ਨਹੀਂ ਰਹੇਗੀ।
ਲੇਖਕਾਂ ਬਾਰੇ ਬੋਲਦਿਆਂ ਕਿਹਾ ਕਿ ਉਨ੍ਹਾਂ ਨੂੰ ਸੱਚਾਈ ਨਾਲ ਅਤੇ ਨਿਡਰ ਹੋ ਕੇ ਸਮਾਜ ਪ੍ਰਤੀ ਆਪਣਾ ਫ਼ਰਜ਼ ਨਿਭਾਉਣਾ ਚਾਹੀਦਾ ਹੈ। ਜੇ ਕਵੀ ਦੇ ਬੋਲਾਂ ਵਿੱਚ ਤਿੱਖੀ ਧਾਰ ਨਹੀਂ ਤਾਂ ਉਹ ਕਵੀ ਨਹੀਂ। ਸਾਹਿਤਕਾਰ ਮੁਸ਼ਕਿਲ ਸਥਿਤੀਆਂ ਵਿੱਚੋਂ ਵਿਚਾਰਾਂ ਰਾਹੀਂ ਇਤਿਹਾਸ ਸਿਰਜਦੇ ਹਨ। ਉਸ ਨੇ ਹਿੰਦੁਸਤਾਨ ਵਿੱਚ ਜੰਗਲਾਂ ਵਿੱਚ ਰਹਿੰਦੇ ਮੂਲ ਨਿਵਾਸੀਆਂ, ਘੱਟ ਗਿਣਤੀ ਵਰਗਾਂ, ਹੱਕ-ਸੱਚ ਦੀ ਆਵਾਜ਼ ਬੁਲੰਦ ਕਰਨ ਵਾਲੇ ਕਵੀਆਂ, ਪੱਤਰਕਾਰਾਂ ਅਤੇ ਕਾਰਕੁੰਨਾਂ ਖਿਲਾਫ਼ ਚਲਾਈ ਜਾ ਰਹੀ ਦਮਨਕਾਰੀ ਨੀਤੀ ਬਾਰੇ ਤੱਥ ਪੇਸ਼ ਕੀਤੇ।
ਡਾ. ਸੁਖਦੇਵ ਸਿੰਘ ਸਿਰਸਾ ਨੇ ਕੈਲਗਰੀ ਦੇ ਮਰਹੂਮ ਸਾਹਿਤਕਾਰ ਕੇਸਰ ਸਿੰਘ ਨੀਰ ਅਤੇ ਇਕਬਾਲ ਅਰਪਨ ਅਤੇ ਇਕਬਾਲ ਖ਼ਾਨ ਨੂੰ ਵੀ ਯਾਦ ਕੀਤਾ। ਜਸਵੀਰ ਸਿੰਘ ਸਿਹੋਤਾ, ਜ਼ੀਰ ਸਿੰਘ ਬਰਾੜ ਅਤੇ ਜਰਨੈਲ ਸਿੰਘ ਤੱਗੜ ਅਤੇ ਸੁਰਿੰਦਰ ਢਿੱਲੋਂ ਨੇ ਆਪਣੇ ਵਿਚਾਰ ਪ੍ਰਗਟ ਕੀਤੇ। ਸਰਦੂਲ ਸਿੰਘ ਲੱਖਾ ਨੇ ਆਪਣੀ ਡੂੰਘੇ ਭਾਵਾਂ ਨਾਲ ਲਬਰੇਜ਼ ਕਵਿਤਾ ਪੇਸ਼ ਕੀਤੀ। ਕਵਿਤਾ ਵਿਚਲੀ ਹਰ ਸਤਰ ਸਾਡੇ ਦੇਸ਼ ਦੀਆਂ ਅਦਾਲਤਾਂ ਅਤੇ ਪੁਲੀਸ ਦੇ ਪ੍ਰਬੰਧਕੀ ਢਾਂਚੇ ’ਤੇ ਕਰਾਰੀ ਚੋਟ ਸੀ। ਅੰਤ ਵਿੱਚ ਸੁਰਿੰਦਰ ਗੀਤ ਨੇ ਭਾਵਪੂਰਤ ਸ਼ਬਦਾਂ ਰਾਹੀਂ ਡਾ. ਸੁਖਦੇਵ ਸਿੰਘ ਸਿਰਸਾ ਦਾ ਉਚੇਚਾ ਧੰਨਵਾਦ ਕੀਤਾ। ਵੱਡੀ ਗਿਣਤੀ ਵਿੱਚ ਆਏ ਸਾਹਿਤ-ਪ੍ਰੇਮੀਆਂ ਦਾ ਸ਼ੁਕਰੀਆਂ ਅਦਾ ਕਰਦਿਆਂ ਸੁਰਿੰਦਰ ਗੀਤ ਨੇ ਅੱਗੇ ਤੋਂ ਵੀ ਅਜਿਹੇ ਸਹਿਯੋਗ ਦੀ ਆਸ ਪ੍ਰਗਟਾਈ। ਮੰਚ ਸੰਚਾਲਨ ਦਾ ਕੰਮ ਸਭਾ ਦੇ ਜਨਰਲ ਸਕੱਤਰ ਗੁਰਦਿਆਲ ਸਿੰਘ ਖਹਿਰਾ ਨੇ ਨਿਭਾਇਆ। ਪੰਜਾਬੀ ਸਾਹਿਤ ਸਭਾ ਦੀ ਅਗਲੀ ਇਕੱਤਰਤਾ ਜੁਲਾਈ 27 ਜੁਲਾਈ, 2025 ਨੂੰ ਬਾਅਦ ਦੁਪਹਿਰ ਦੋ ਵਜੇ ਕੋਸੋ ਹਾਲ ਵਿੱਚ ਹੋਵੇਗੀ।
*ਖ਼ਬਰ ਸਰੋਤ: ਪੰਜਾਬੀ ਸਾਹਿਤ ਸਭਾ ਕੈਲਗਰੀ