ਦੋ ਮਹੀਨਿਆਂ ਮਗਰੋਂ ਸੈਲਾਨੀਆਂ ਲਈ ਖੁੱਲ੍ਹਿਆ ਚਿੜੀਆਘਰ
ਦਿੱਲੀ ਵਿੱਚ ਨੈਸ਼ਨਲ ਜ਼ੂਆਲੋਜੀਕਲ ਪਾਰਕ ਦੋ ਮਹੀਨਿਆਂ ਬਾਅਦ ਅੱਜ ਸੈਲਾਨੀਆਂ ਲਈ ਮੁੜ ਖੋਲ੍ਹ ਦਿੱਤਾ ਗਿਆ ਹੈ। ਅਧਿਕਾਰੀਆਂ ਅਨੁਸਾਰ ਚਿੜੀਆਘਰ ਵਿੱਚ ਬਰਡ ਫਲੂ ਦਾ ਪਤਾ ਲੱਗਣ ਤੋਂ ਬਾਅਦ ਚਿੜੀਆਘਰ ਨੂੰ ਬੰਦ ਕਰ ਦਿੱਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਵਾਟਰਬਰਡ ਪਿੰਜਰੇ ਵਿੱਚ ਕਈ ਪੰਛੀਆਂ ਦੀ ਮੌਤ ਤੋਂ ਬਾਅਦ 30 ਅਗਸਤ ਨੂੰ ਚਿੜੀਆਘਰ ਸਾਵਧਾਨੀ ਵਜੋਂ ਬੰਦ ਕਰ ਦਿੱਤਾ ਸੀ। ਚਿੜੀਆਘਰ ਦੇ ਅਧਿਕਾਰੀਆਂ ਅਨੁਸਾਰ ਉੱਚ ਅਧਿਕਾਰੀ ਤੋਂ ਮਨਜ਼ੂਰੀ ਮਿਲਣ ਤੋਂ ਬਾਅਦ ਨੈਸ਼ਨਲ ਜ਼ੂਆਲੋਜੀਕਲ ਪਾਰਕ ਅੱਜ ਤੋਂ ਸੈਲਾਨੀਆਂ ਲਈ ਮੁੜ ਖੁੱਲ੍ਹ ਗਿਆ ਹੈ। ਚਿੜੀਆਘਰ ਤਰਫੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਕਿ ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਮੰਤਰਾਲੇ ਵੱਲੋਂ ਜਾਰੀ ਨਿਰਦੇਸ਼ਾਂ ਅਨੁਸਾਰ ਅਧਿਕਾਰੀਆਂ ਨੇ ਸਫਾਈ, ਨਿਗਰਾਨੀ ਅਤੇ ਕਈ ਦੌਰ ਦੀ ਜਾਂਚ ਕੀਤੀ। ਵਾਇਰਸ ਫੈਲਣ ਤੋਂ ਬਾਅਦ ਇਕੱਠੇ ਕੀਤੇ ਗਏ ਨਮੂਨਿਆਂ ਦਾ ਪ੍ਰੀਖਣ ਨੈਸ਼ਨਲ ਇੰਸਟੀਚਿਊਟ ਆਫ਼ ਹਾਈ ਸਿਕਿਉਰਿਟੀ ਐਨੀਮਲ ਡਿਜ਼ੀਜ਼ ਭੋਪਾਲ ਵਿੱਚ ਕੀਤਾ ਗਿਆ। ਨਮੂਨੇ ਨੈਗੇਟਿਵ ਆਉਣ ਤੋਂ ਬਾਅਦ ਚਿੜੀਆਘਰ ਨੂੰ ਮੁੜ ਖੋਲ੍ਹਣ ਦਾ ਰਾਹ ਪੱਧਰਾ ਹੋ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਵਾਇਰਸ ਦਾ ਆਖ਼ਰੀ ਮਾਮਲਾ ਪਹਿਲੀ ਸਤੰਬਰ ਨੂੰ ਆਇਆ ਸੀ। ਉਦੋਂ ਤੋਂ ਪੰਛੀਆਂ ਦੇ ਵਾੜੇ ਤੇ ਪਿੰਜਰਿਆਂ ’ਚੋਂ ਨਮੂਨੇ ਇਕੱਤਰ ਕੀਤੇ ਗਏ ਜੋ ਨੈਗੇਟਿਵ ਆਏ। ਉਨ੍ਹਾਂ ਕਿਹਾ ਕਿ ਚਿੜੀਆਘਰ ਵਿੱਚ 28 ਤੋਂ 31 ਅਗਸਤ ਤੱਕ 12 ਪੰਛੀਆਂ ਦੀ ਮੌਤ ਹੋ ਗਈ ਸੀ। ਜ਼ਿਕਰਯੋਗ ਹੈ ਕਿ 2016 ਅਤੇ 2021 ਵਿੱਚ ਬਰਡ ਫਲੂ ਫੈਲਣ ਤੋਂ ਬਾਅਦ ਇਸ ਚਿੜੀਆਘਰ ਨੂੰ ਹੁਣ ਤੀਜੀ ਵਾਰ ਬੰਦ ਕੀਤਾ ਗਿਆ ਸੀ।
