ਯੂਥ ਕਾਂਗਰਸ ਨੇ ਕੇਰਲ ਦੇ ਨੌਜਵਾਨ ਖੁਦਕੁਸ਼ੀ ਮਾਮਲੇ ’ਚ ਇਨਸਾਫ਼ ਮੰਗਿਆ
ਭਾਰਤੀ ਯੂਥ ਕਾਂਗਰਸ ਵੱਲੋਂ ਅੱਜ ਕੇਰਲ ਦੇ ਇੱਕ 26 ਸਾਲਾ ਨੌਜਵਾਨ ਲਈ ਇਨਸਾਫ਼ ਪ੍ਰਾਪਤ ਕਰਨ ਲਈ ਆਰ ਐੱਸ ਐੱਸ (ਰਾਸ਼ਟਰੀ ਸਵੈਮ ਸੰਘ) ਵਿਰੁੱਧ ਦਿੱਲੀ ਵਿਚ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨ ਦੌਰਾਨ ਮੁੱਖ ਆਗੂਆਂ ਸਮੇਤ ਕਈ ਯੂਥ ਆਗੂਆਂ ਨੂੰ ਹਿਰਾਸਤ ਵਿੱਚ ਲੈਣ ਉਪਰੰਤ ਥਾਣੇ ਲਿਜਾਇਆ ਗਿਆ।
ਇਸ ਤੋਂ ਪਹਿਲਾਂ ਕਈ ਵਰਕਰ ਯੂਥ ਕਾਂਗਰਸ ਦਫ਼ਤਰ ਤੋਂ ਡਾ. ਰਾਜੇਂਦਰ ਪ੍ਰਸਾਦ ਰੋਡ ਵੱਲ ਜਾਣ ਲਈ ਨਿਕਲੇ ਤਾਂ ਦਿੱਲੀ ਪੁਲੀਸ ਨੇ ਉਨ੍ਹਾਂ ਨੂੰ ਰੋਕ ਦਿੱਤਾ ਅਤੇ ਕੌਮੀ ਪ੍ਰਧਾਨ ਉਦੈ ਭਾਨੂ ਚਿਬ ਸਮੇਤ ਕਈ ਵਰਕਰਾਂ ਨੂੰ ਹਿਰਾਸਤ ਵਿੱਚ ਲੈ ਲਿਆ। ਪ੍ਰਦਰਸ਼ਨਕਾਰੀਆਂ ਦੇ ਹੱਥਾਂ ਵਿੱਚ ਤਖਤੀਆਂ ਫੜੀਆਂ ਹੋਈਆਂ ਸਨ ਜਿਨ੍ਹਾਂ ਉੱਪਰ ਆਰਐੱਸਐੱਸ ਵਿਰੋਧੀ ਨਾਅਰੇ ਲਿਖੇ ਹੋਏ ਸਨ। ਉਦੈ ਭਾਨੂ ਚਿਬ ਨੇ ਕਿਹਾ ਕਿ ਆਰਐੱਸਐੱਸ ਦਾ ਅਸਲੀ ਚਿਹਰਾ ਹੁਣ ਪੂਰੇ ਦੇਸ਼ ਨੂੰ ਦਿਖਾਈ ਦੇ ਰਿਹਾ ਹੈ। ਕੇਰਲ ਦੇ 26 ਸਾਲਾ ਇੰਜਨੀਅਰ ਆਨੰਦ ਅਜੀ ਨੇ ਖੁਦਕੁਸ਼ੀ ਕਰ ਲਈ ਅਤੇ ਉਸ ਨੂੰ ਅਜਿਹਾ ਕਰਨ ਲਈ ਮਜਬੂਰ ਕੀਤਾ ਗਿਆ।
ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਆਰਐਸਐਸ ਮੈਂਬਰ ਆਪਣੀਆਂ ਸ਼ਾਖਾਵਾਂ ਵਿੱਚ ਲੜਕਿਆਂ ਦਾ ਸ਼ੋਸ਼ਣ ਕਰ ਰਹੇ ਹਨ।