ਯੂਥ ਕਾਂਗਰਸ ਵੱਲੋਂ ਆਰ ਐੱਸ ਐੱਸ ਖ਼ਿਲਾਫ਼ ਮੁਜ਼ਾਹਰਾ
ਕੇਰਲ ਦੇ ਨੌਜਵਾਨ ਲਈ ਇਨਸਾਫ਼ ਮੰਗਿਆ; ਕਈ ਆਗੂ ਪੁਲੀਸ ਨੇ ਹਿਰਾਸਤ ’ਚ ਲਏ
ਯੂਥ ਕਾਂਗਰਸ ਵੱਲੋਂ ਅੱਜ ਕੇਰਲ ਦੇ 26 ਸਾਲਾ ਨੌਜਵਾਨ ਲਈ ਇਨਸਾਫ਼ ਵਾਸਤੇ ਆਰ ਐੱਸ ਐੱਸ (ਰਾਸ਼ਟਰੀ ਸਵੈਮਸੇਵਕ ਸੰਘ) ਵਿਰੁੱਧ ਦਿੱਲੀ ’ਚ ਮੁਜ਼ਾਹਰਾ ਕੀਤਾ ਗਿਆ। ਇਸ ਦੌਰਾਨ ਪੁਲੀਸ ਨੇ ਕਈ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿੱਚ ਲਿਆ ਜਿਨ੍ਹਾਂ ਨੂੰ ਬਾਅਦ ਵਿੱਚ ਡੀ ਟੀ ਸੀ ਦੀ ਬੱਸ ਵਿੱਚ ਥਾਣੇ ਲਿਜਾਇਆ ਗਿਆ। ਜਾਣਕਾਰੀ ਅਨੁਸਾਰ ਜਦੋਂ ਯੂਥ ਕਾਂਗਰਸੀ ਵਰਕਰ, ਪਾਰਟੀ ਦਫ਼ਤਰ ਤੋਂ ਡਾ. ਰਾਜੇਂਦਰ ਪ੍ਰਸਾਦ ਰੋਡ ਵੱਲ ਪ੍ਰਦਰਸ਼ਨ ਲਈ ਨਿਕਲੇ ਤਾਂ ਦਿੱਲੀ ਪੁਲੀਸ ਨੇ ਉਨ੍ਹਾਂ ਨੂੰ ਰੋਕ ਲਿਆ ਅਤੇ ਕੌਮੀ ਪ੍ਰਧਾਨ ਉਦੈ ਭਾਨੂ ਸਣੇ ਕਈ ਵਰਕਰਾਂ ਨੂੰ ਹਿਰਾਸਤ ਵਿੱਚ ਲੈ ਲਿਆ। ਪ੍ਰਦਰਸ਼ਨਕਾਰੀਆਂ ਦੇ ਹੱਥਾਂ ਵਿੱਚ ਤਖ਼ਤੀਆਂ ਫੜੀਆਂ ਹੋਈਆਂ ਸਨ ਜਿਨ੍ਹਾਂ ’ਤੇ ਆਰ ਐੱਸ ਐੱਸ ਵਿਰੋਧੀ ਨਾਅਰੇ ਲਿਖੇ ਹੋਏ ਸਨ
ਸ੍ਰੀ ਉਦੈ ਭਾਨੂ ਨੇ ਕਿਹਾ ਕਿ ਆਰ ਐੱਸ ਐੱਸ ਸ਼ਾਖਾਵਾਂ ਹੁਣ ਸ਼ੋਸ਼ਣ ਦਾ ਅੱਡਾ ਬਣ ਗਈਆਂ ਹਨ ਤੇ ਉਨ੍ਹਾਂ ਦਾ ਅਸਲੀ ਚਿਹਰਾ ਪੂਰੇ ਦੇਸ਼ ਨੂੰ ਦਿਖਾਈ ਦੇ ਰਿਹਾ ਹੈ। ਕੇਰਲ ਦੇ 26 ਸਾਲਾ ਇੰਜਨੀਅਰ ਆਨੰਦੂ ਅਜੀ ਨੇ ਖੁਦਕੁਸ਼ੀ ਕਰ ਲਈ ਤੇ ਉਹ ਅਜਿਹਾ ਕਰਨ ਲਈ ਮਜਬੂਰ ਹੋ ਗਿਆ। ਪ੍ਰਧਾਨ ਨੇ ਦੱਸਿਆ ਕਿ ਆਨੰਦੂ ਦੀ ਕਹਾਣੀ ਇੱਕ ਦੁਖਾਂਤ ਹੈ। ਆਨੰਦੂ ਅਜੀ ਦੀ ਇੰਸਟਾਗ੍ਰਾਮ ਪੋਸਟ ਵੀ ਸਾਹਮਣੇ ਆਈ ਹੈ, ਜਿਸ ਵਿੱਚ ਉਹ ਆਪਣਾ ਦਰਦ ਬਿਆਨ ਕਰਦਾ ਹੈ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਆਰ ਐੱਸ ਐੱਸ ਮੈਂਬਰ ਆਪਣੀਆਂ ਸ਼ਾਖਾਵਾਂ ਵਿੱਚ ਮੁੰਡਿਆਂ ਨਾਲ ਕਥਿਤ ਗ਼ਲਤ ਹਰਕਤਾਂ ਕਰ ਰਹੇ ਹਨ। ਇਹ ਕਿਹੋ ਜਿਹਾ ਸੱਭਿਆਚਾਰ ਹੈ? ਉਨ੍ਹਾਂ ਕਿਹਾ ਕਿ ਧੀਆਂ ਨੂੰ ਭਾਜਪਾ ਨੇਤਾਵਾਂ ਤੋਂ ਬਚਾਓ ਅਤੇ ਪੁੱਤਰਾਂ ਨੂੰ ਆਰ ਐੱਸ ਐੱਸ ਮੈਂਬਰਾਂ ਤੋਂ ਬਚਾਓ। ਇਸ ਤੋਂ ਵੱਧ ਦਰਦਨਾਕ ਕੁਝ ਨਹੀਂ ਹੋ ਸਕਦਾ। ਆਨੰਦੂ ਦੇ ਅਨੁਸਾਰ, ਆਰ ਐੱਸ ਐੱਸ ਸਿਖਲਾਈ ਕੈਂਪਾਂ ਵਿੱਚ ਬਹੁਤ ਸਾਰੇ ਬੱਚਿਆਂ ਦਾ ਜਿਨਸੀ ਸ਼ੋਸ਼ਣ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਆਰ ਐੱਸ ਐੱਸ ਆਪਣੀ 100ਵੀਂ ਵਰ੍ਹੇਗੰਢ ਮਨਾ ਰਿਹਾ ਹੈ, ਸਿੱਕੇ ਅਤੇ ਡਾਕ ਟਿਕਟ ਜਾਰੀ ਕਰ ਰਿਹਾ ਹੈ, ਪਰ ਅੰਦਰ ਕੁਝ ਹੋਰ ਹੀ ਚੱਲ ਰਿਹਾ ਹੈ। ਆਨੰਦੂ ਨੇ ਬਚਪਨ ਤੋਂ ਹੀ ਆਪਣੇ ਨਾਲ ਜੋ ਕੁਝ ਹੋਇਆ ਉਸ ਵਿਰੁੱਧ 22 ਸਾਲ ਲੜਾਈ ਲੜੀ ਪਰ ਅੰਤ ਵਿੱਚ ਹਾਰ ਮੰਨ ਲਈ ਅਤੇ ਆਪਣੀ ਜਾਨ ਲੈ ਲਈ।