ਯੂਥ ਕਾਂਗਰਸ ਵੱਲੋਂ ਮਹਾਰਾਸ਼ਟਰ ਸਰਕਾਰ ਖ਼ਿਲਾਫ਼ ਮੁਜ਼ਾਹਰਾ
ਸੰਪਦਾ ਮੁੰਡੇ ਲਈ ਇਨਸਾਫ਼ ਮੰਗਿਆ; ਪੁਲੀਸ ਰੋਕਾਂ ਤੋਡ਼ਨ ’ਤੇ ਕਈ ਗ੍ਰਿਫ਼ਤਾਰ
ਇੰਡੀਅਨ ਯੂਥ ਕਾਂਗਰਸ ਨੇ ਅੱਜ ਮਹਾਰਾਸ਼ਟਰ ਸਰਕਾਰ ਖ਼ਿਲਾਫ਼ ਮੁਜ਼ਾਹਰਾ ਕਰਦਿਆਂ ਡਾ. ਸੰਪਦਾ ਮੁੰਡੇ ਖ਼ੁਦਕੁਸ਼ੀ ਮਾਮਲੇ ਵਿੱਚ ਇਨਸਾਫ਼ ਦੀ ਮੰਗ ਕੀਤੀ। ਮੁਜ਼ਾਹਰੇ ਦੌਰਾਨ ਯੂਥ ਕਾਂਗਰਸ ਦੇ ਕਾਰਕੁਨ ਜਦੋਂ ਕਾਂਗਰਸ ਦਫ਼ਤਰ ਤੋਂ ਰਾਏਸੀਨਾ ਰੋਡ ਵੱਲ ਮਾਰਚ ਕਰਨ ਲੱਗੇ ਤਾਂ ਦਿੱਲੀ ਪੁਲੀਸ ਨੇ ਉਨ੍ਹਾਂ ਨੂੰ ਅੱਗ ਜਾਣ ਤੋਂ ਰੋਕ ਦਿੱਤਾ। ਮੁਜ਼ਾਹਰੇ ਦੌਰਾਨ ਦਿੱਲੀ ਪ੍ਰਦੇਸ਼ ਯੂਥ ਕਾਂਗਰਸ ਦੇ ਪ੍ਰਧਾਨ ਅਕਸ਼ੈ ਲਾਕੜਾ, ਦਿੱਲੀ ਇੰਚਾਰਜ ਖੁਸ਼ਬੂ ਸ਼ਰਮਾ ਸਮੇਤ ਵੱਡੀ ਗਿਣਤੀ ਵਿੱਚ ਆਗੂ ਮੌਜੂਦ ਸਨ। ਪ੍ਰਦਰਸ਼ਨਕਾਰੀਆਂ ਨੇ ਮਹਾਰਾਸ਼ਟਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਪੁਲੀਸ ਵੱਲੋਂ ਰੋਕ ਕੇ ਜਾਣ ’ਤੇ ਉਥੇ ਹੀ ਧਰਨਾ ਦਿੱਤਾ। ਇਸ ਦੌਰਾਨ ਬੈਰੀਕੇਡਿੰਗ ਤੋੜਨ ’ਤੇ ਪੁਲੀਸ ਨੇ ਕਈ ਜਣਿਆਂ ਨੂੰ ਹਿਰਾਸਤ ਵਿੱਚ ਲੈ ਲਿਆ ਪਰ ਕੁਝ ਦੇਰ ਬਾਅਦ ਉਨ੍ਹਾਂ ਨੂੰ ਛੱਡ ਦਿੱਤਾ ਗਿਆ। ਕਾਂਗਰਸੀ ਆਗੂਆਂ ਦੇ ਹੱਥਾਂ ਵਿੱਚ ਤਖਤੀਆਂ ਫੜੀਆਂ ਹੋਈਆਂ ਸਨ ਜਿਨ੍ਹਾਂ ’ਤੇ ਖ਼ੁਦਕੁਸ਼ੀ ਲਈ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਸਖਤ ਕਾਰਵਾਈ ਦੀ ਮੰਗ ਕੀਤੀ ਗਈ ਸੀ। ਯੂਥ ਕਾਂਗਰਸ ਦੇ ਕੌਮੀ ਪ੍ਰਧਾਨ ਉਦੈ ਭਾਨੂ ਚਿੱਬ ਨੇ ਕਿਹਾ ਕਿ ਡਾ. ਸੰਪਦਾ ਮੁੰਡੇ ਦੀ ਮੌਤ ਸਿਰਫ਼ ਖੁਦਕੁਸ਼ੀ ਨਹੀਂ ਹੈ, ਇਹ ਸੱਚ ਦਾ ਕਤਲ ਕੀਤਾ ਗਿਆ ਹੈ। ਦਿੱਲੀ ਪ੍ਰਦੇਸ਼ ਯੂਥ ਕਾਂਗਰਸ ਦੇ ਪ੍ਰਧਾਨ ਅਕਸ਼ੈ ਲਾਕੜਾ ਨੇ ਕਿਹਾ ਕਿ ਮਹਾਰਾਸ਼ਟਰ ਦੇ ਸਤਾਰਾ ਵਿੱਚ ਜਾਨਾਂ ਬਚਾਉਣ ਵਾਲੀ ਡਾ. ਸੰਪਦਾ ਮੁੰਡੇ ਨੇ ਇਕ ਪੁਲੀਸ ਅਧਿਕਾਰੀ ਤੋਂ ਪ੍ਰੇਸ਼ਾਨ ਹੋ ਕੇ ਖੁਦਕੁਸ਼ੀ ਕੀਤੀ ਹੈ। ਆਪਣੇ ਸੁਸਾਈਡ ਨੋਟ ਵਿੱਚ ਸੰਪਦਾ ਮੁੰਡੇ ਨੇ ਉਸ ’ਤੇ ਗੰਭੀਰ ਦੋਸ਼ ਲਾਏ ਗਏ। ਅਜਿਹੀਆਂ ਭਿਆਨਕ ਘਟਨਾਵਾਂ ਭਾਜਪਾ ਸਰਕਾਰ ਦੇ ਅਧੀਨ ਔਰਤਾਂ ਵਿਰੁੱਧ ਵੱਧ ਰਹੇ ਅਪਰਾਧਾਂ ਦਾ ਪਰਦਾਫਾਸ਼ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਪੀੜਤਾ ਨੂੰ ਇਨਸਾਫ਼ ਦਿਵਾਉਣ ਲਈ ਸੰਘਰਸ਼ ਜਾਰੀ ਰਹੇਗਾ। ਇਸ ਦੌਰਾਨ ਉਨ੍ਹਾਂ ਕੇਂਦਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਇਨਸਾਫ਼ ਦੀ ਮੰਗ ਕੀਤੀ।

