ਯੂਥ ਕਾਂਗਰਸ ਵੱਲੋਂ ਚੋਣ ਕਮਿਸ਼ਨ ਖ਼ਿਲਾਫ਼ ਪ੍ਰਦਰਸ਼ਨ
ਭਾਰਤੀ ਯੁਵਾ ਕਾਂਗਰਸ ਨੇ ਅੱਜ ਬਿਹਾਰ ਵਿੱਚ ਚੋਣ ਕਮਿਸ਼ਨ ਵੱਲੋਂ ਕੀਤੇ ਜਾ ਰਹੇ ਐੱਸਆਈਆਰ ਦਾ ਵਿਰੋਧ ਕੀਤਾ। ਯੂਥ ਕਾਂਗਰਸ ਵੱਲੋਂ ਇਸ ਪ੍ਰਦਰਸ਼ਨ ਦੌਰਾਨ ਚੋਣ ਕਮਿਸ਼ਨ ਨੂੰ ਨਿਰਪੱਖ ਹੋਣ ਦਾ ਹੋਕਾ ਦਿੱਤਾ ਗਿਆ। ਇਸ ਦੌਰਾਨ ਬਹੁਤ ਸਾਰੇ ਯੂਥ ਕਾਂਗਰਸ ਵਰਕਰ ਯੂਥ ਕਾਂਗਰਸ ਦਫ਼ਤਰ ਤੋਂ ਚੋਣ ਕਮਿਸ਼ਨ ਦਫ਼ਤਰ ਤੱਕ ਵਿਰੋਧ ਪ੍ਰਦਰਸ਼ਨ ਲਈ ਜਾਣ ਦੀ ਕੋਸ਼ਿਸ਼ ਕਰ ਰਹੇ ਸਨ, ਪਰ ਦਿੱਲੀ ਪੁਲੀਸ ਨੇ ਉਨ੍ਹਾਂ ਨੂੰ ਰਾਏਸੀਨਾ ਰੋਡ ‘ਤੇ ਬੈਰੀਕੇਡਿੰਗ ਕਰਕੇ ਰੋਕ ਦਿੱਤਾ। ਇਸ ਕੁਝ ਆਗੂਆਂ ਅਤੇ ਕਾਰਕੁਨਾਂ ਨੇ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਪਰ ਪੁਲੀਸ ਨੇ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਕੇ ਬੱਸਾਂ ਅੰਦਰ ਭਰ ਲਿਆ ਅਤੇ ਫਿਰ ਉਨ੍ਹਾਂ ਨੂੰ ਨੇੜੇ ਦੇ ਪੁਲੀਸ ਥਾਣਿਆਂ ਵਿੱਚ ਲੈ ਗਏ। ਕੁਝ ਘੰਟੇ ਬਾਅਦ ਹਿਰਾਸਤ ਵਿੱਚ ਲਏ ਗਏ ਕਾਰਕੁਨ ਛੱਡ ਦਿੱਤੇ ਗਏ। ਪ੍ਰਦਰਸ਼ਨਕਾਰੀਆਂ ਨੇ ਹੱਥਾਂ ਵਿੱਚ ਪੋਸਟਰ ਫੜੇ ਹੋਏ ਸਨ ਜਿਨ੍ਹਾਂ ਉੱਪਰ ਐੱਸਆਈਆਰ ਦੀ ਖ਼ਿਲਾਫ਼ਤ ਕੀਤੀ ਗਈ ਸੀ। ਇਸ ਮੌਕੇ ਇੰਡੀਅਨ ਯੂਥ ਕਾਂਗਰਸ ਦੇ ਕੌਮੀ ਪ੍ਰਧਾਨ ਉਦੈ ਭਾਨੂ ਚਿਬ ਨੇ ਕਿਹਾ ਕਿ ਅੱਜ ਚੋਣ ਕਮਿਸ਼ਨ ਭਾਜਪਾ ਦੀ ਕਠਪੁਤਲੀ ਬਣ ਗਿਆ ਹੈ। ਲੋਕਤੰਤਰ ਨੂੰ ਮੋਦੀ ਸਰਕਾਰ ਦੇ ਇਸ਼ਾਰਿਆਂ ‘ਤੇ ਨੱਚਣ ਲਈ ਬਣਾਇਆ ਜਾ ਰਿਹਾ ਹੈ, ਇਹ ਸ਼ਰਮਨਾਕ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਅਸੀਂ ਐੱਸਆਈਆਰ ਦੇ ਨਾਮ ‘ਤੇ ਵੋਟ ਚੋਰੀ ਦੀ ਇਸ ਸਾਜ਼ਿਸ਼ ਨੂੰ ਬਰਦਾਸ਼ਤ ਨਹੀਂ ਕਰਾਂਗੇ, ਅਸੀਂ ਜ਼ੋਰਦਾਰ ਢੰਗ ਨਾਲ ਲੜਾਂਗੇ ਕਿਉਂਕਿ ਲੋਕਤੰਤਰ ਨੂੰ ਬਚਾਉਣਾ ਹੈ। ਅੱਜ ਦੇ ਵਿਰੋਧ ਪ੍ਰਦਰਸ਼ਨ ਤੋਂ ਉੱਠੀ ਆਵਾਜ਼ ਸਿਰਫ਼ ਇੱਕ ਸੰਗਠਨ ਦੀ ਨਹੀਂ ਹੈ; ਇਹ ਹਰ ਨੌਜਵਾਨ, ਹਰ ਦਲਿਤ, ਹਰ ਗਰੀਬ, ਹਰ ਘੱਟ ਗਿਣਤੀ ਦੀ ਆਵਾਜ਼ ਹੈ। ਚੋਣ ਕਮਿਸ਼ਨ ਅਤੇ ਭਾਜਪਾ ਨੂੰ ਢੁਕਵਾਂ ਜਵਾਬ ਦੇਣਾ ਪਵੇਗਾ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਜਦੋਂ ਸ੍ਰੀ ਰਾਹੁਲ ਗਾਂਧੀ ਨੇ ਮਹਾਰਾਸ਼ਟਰ ਵਿੱਚ ਉਨ੍ਹਾਂ ਦੀ ਸਾਜ਼ਿਸ਼ ਦਾ ਪਰਦਾਫਾਸ਼ ਕੀਤਾ ਸੀ, ਹੁਣ ਉਨ੍ਹਾਂ ਨੇ ਐਸਆਈਆਰ ਯੋਜਨਾ ਦੇ ਨਾਮ ‘ਤੇ ਵੋਟਾਂ ਚੋਰੀ ਕਰਨਾ ਸ਼ੁਰੂ ਕਰ ਦਿੱਤਾ ਹੈ, ਪਰ ਯੂਥ ਕਾਂਗਰਸ ਸੰਸਦ ਤੋਂ ਸੜਕਾਂ ‘ਤੇ ਨਹੀਂ ਰੁਕਣ ਵਾਲੀ, ਚੋਣ ਕਮਿਸ਼ਨ ਨੂੰ ਇਹ ਫੈਸਲਾ ਵਾਪਸ ਲੈਣਾ ਪਵੇਗਾ। ਇਸ ਪ੍ਰਦਰਸ਼ਨ ਦੌਰਾਨ ਦਿੱਲੀ ਪ੍ਰਦੇਸ਼ ਯੁਵਾ ਕਾਂਗਰਸ ਇੰਚਾਰਜ ਖੁਸ਼ਬੂ ਸ਼ਰਮਾ, ਉਪ ਪ੍ਰਧਾਨ ਮੁਹੰਮਦ ਇਲਤਾਜ, ਅਮਿਤ ਡੇਢਾ, ਅਸਦੁੱਲਾ ਖਾਨ ਸਮੇਤ ਕਈ ਹੋਰ ਯੂਥ ਕਾਂਗਰਸ ਵਰਕਰ ਮੌਜੂਦ ਸਨ।