ਨੌਜਵਾਨ ਦਾ ਚਾਕੂ ਮਾਰ ਕੇ ਕਤਲ
ਬਾਹਰੀ ਦਿੱਲੀ ਵਿੱਚ ਮੰਗਲਵਾਰ ਨੂੰ ਰੋਹਿਣੀ ਇਲਾਕੇ ਵਿੱਚ ਸੜਕ ਦੇ ਵਿਚਕਾਰ ਇੱਕ ਨੌਜਵਾਨ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ। ਬਦਮਾਸ਼ਾਂ ਨੇ ਕੇ ਐੱਨ ਕਾਟਜੂ ਥਾਣਾ ਖੇਤਰ ਦੇ ਰੋਹਿਣੀ ਸੈਕਟਰ 26 ਵਿੱਚ ਇਸ ਘਿਨਾਉਣੇ ਅਪਰਾਧ ਨੂੰ ਅੰਜਾਮ ਦਿੱਤਾ। ਹਮਲਾਵਰ ਵਾਰਦਾਤ ਮਗਰੋਂ ਅਪਰਾਧ ਵਾਲੀ ਥਾਂ ਤੋਂ ਭੱਜ ਗਏ। ਸ਼ੁਰੂਆਤੀ ਜਾਣਕਾਰੀ ਅਨੁਸਾਰ, ਤਿੰਨ ਬਦਮਾਸ਼ ਨੌਜਵਾਨ ਨੂੰ ਮਾਰਨ ਲਈ ਆਏ ਸਨ। ਇਸ ਘਟਨਾ ਦੀ ਜਾਣਕਾਰੀ ਮਿਲਦੇ ਹੀ ਸਥਾਨਕ ਪੁਲੀਸ ਮੌਕੇ ’ਤੇ ਪਹੁੰਚ ਗਈ ਅਤੇ ਕਾਗਜ਼ੀ ਕਾਰਵਾਈ ਸ਼ੁਰੂ ਕਰ ਦਿੱਤੀ। ਮੰਗਲਵਾਰ ਸਵੇਰੇ 6:15 ਵਜੇ, ਦਿੱਲੀ ਦੇ ਰੋਹਿਣੀ ਜ਼ਿਲ੍ਹੇ ਦੇ ਕੇ ਐੱਨ ਕਾਟਜੂ ਮਾਰਗ ਥਾਣੇ ਨੂੰ ਇੱਕ ਪੀ ਸੀ ਆਰ ਕਾਲ ਆਈ। ਕਾਲ ਕਰਨ ਵਾਲੇ ਨੇ ਦੱਸਿਆ ਕਿ ਰੋਹਿਣੀ ਸੈਕਟਰ-26 ਵਿੱਚ ਸ਼ਮਸ਼ਾਨਘਾਟ ਵੱਲ ਜਾਣ ਵਾਲੀ ਸੜਕ ’ਤੇ ਇੱਕ ਹਾਦਸਾ ਹੋਇਆ ਹੈ ਅਤੇ ਇੱਕ ਵਿਅਕਤੀ ਜ਼ਖਮੀ ਪਿਆ ਹੈ। ਸੂਚਨਾ ਮਿਲਣ ’ਤੇ ਤੁਰੰਤ ਮੌਕੇ ’ਤੇ ਪਹੁੰਚੀ ਪੁਲੀਸ ਨੂੰ ਸੜਕ ’ਤੇ ਇੱਕ ਵਿਅਕਤੀ ਮ੍ਰਿਤਕ ਮਿਲਿਆ, ਜਿਸ ਦੇ ਸਰੀਰ ’ਤੇ ਚਾਕੂ ਦੇ ਕਈ ਜ਼ਖ਼ਮ ਸਨ। ਘਟਨਾ ਸਥਾਨ ’ਤੇ ਖੂਨ ਦੇ ਨਿਸ਼ਾਨ ਮਿਲੇ। ਪੁਲੀਸ ਨੇ ਦੇਖਿਆ ਕਿ ਸੜਕ ’ਤੇ ਇੱਕ ਅਪਾਚੇ ਮੋਟਰਸਾਈਕਲ ਖੜ੍ਹਾ ਸੀ, ਜਦੋਂ ਕਿ ਇੱਕ ਪੈਸ਼ਨ ਪ੍ਰੋ ਮੋਟਰਸਾਈਕਲ ਸੜਕ ਕਿਨਾਰੇ ਨਾਲੇ ਵਿੱਚ ਹਾਦਸਾਗ੍ਰਸਤ ਹਾਲਤ ਵਿੱਚ ਪਿਆ ਸੀ। ਸੜਕ ’ਤੇ ਬਾਈਕ ਫਿਸਲਣ ਦੇ ਨਿਸ਼ਾਨ ਵੀ ਦਿਖਾਈ ਦੇ ਰਹੇ ਸਨ। ਪੁਲੀਸ ਨੇ ਤੁਰੰਤ ਅਪਰਾਧ ਅਤੇ ਫੋਰੈਂਸਿਕ ਟੀਮ ਨੂੰ ਸੂਚਿਤ ਕੀਤਾ। ਮੌਕੇ ’ਤੇ ਪਹੁੰਚੀਆਂ ਟੀਮਾਂ ਨੇ ਮੌਕੇ ਤੋਂ ਕਈ ਮਹੱਤਵਪੂਰਨ ਸਬੂਤ ਇਕੱਠੇ ਕੀਤੇ। ਮ੍ਰਿਤਕ ਕੋਲੋਂ ਮਿਲੇ ਦਸਤਾਵੇਜ਼ਾਂ ਦੇ ਆਧਾਰ ’ਤੇ, ਉਸ ਦੀ ਪਛਾਣ 30 ਸਾਲਾ ਰੱਜ਼ਬ ਖਾਨ ਵਜੋਂ ਹੋਈ।