‘ਤੁਸੀਂ ਹਿੰਦੂ ਹੋ, ਸਿੱਖ ਜਥੇ ਨਾਲ ਨਹੀਂ ਜਾ ਸਕਦੇ’: ਹਿੰਦੂ ਸ਼ਰਧਾਲੂ ਨੂੰ ਸਿੱਖ ਜਥੇ ਨਾਲ ਜਾਣ ਤੋਂ ਰੋਕਿਆ
ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਜਸ਼ਨਾਂ ਲਈ ਲਗਪਗ 1,900 ਸਿੱਖ ਸ਼ਰਧਾਲੂਆਂ ਦਾ ਇੱਕ ਜਥਾ ਮੰਗਲਵਾਰ ਨੂੰ ਅਟਾਰੀ-ਵਾਹਗਾ ਸਰਹੱਦ ਰਾਹੀਂ ਪਾਕਿਸਤਾਨ ਗਿਆ ਸੀ। ਅਮਰ ਚੰਦ ਵੀ ਉਸੇ ਜਥੇ ਦਾ ਹਿੱਸਾ ਸੀ ਅਤੇ ਪ੍ਰਕਾਸ਼ ਪੁਰਬ ਸਮਾਗਮਾਂ ਵਿੱਚ ਸ਼ਾਮਲ ਹੋਣ ਲਈ ਪਰਿਵਾਰ ਸਮੇਤ ਜਾਣਾ ਚਾਹੁੰਦਾ ਸੀ।
ਭਾਵੁਕ ਹੁੰਦਿਆਂ ਉਨ੍ਹਾਂ ਦੱਸਿਆ ਕਿ, ‘‘ਪਾਕਿਸਤਾਨੀ ਅਧਿਕਾਰੀਆਂ ਨੇ ਸਾਨੂੰ ਕਿਹਾ ਕਿ ਤੁਸੀਂ ਹਿੰਦੂ ਹੋ, ਤੁਸੀਂ ਸਿੱਖ ਜਥੇ ਨਾਲ ਨਹੀਂ ਜਾ ਸਕਦੇ।" ਅਤੇ ਅਮਰ ਚੰਦ ਨੂੰ ਉਸ ਦੇ ਪਰਿਵਾਰ ਦੇ ਛੇ ਹੋਰ ਮੈਂਬਰਾਂ ਸਮੇਤ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਮਾਗਮਾਂ ਵਿੱਚ ਸ਼ਾਮਲ ਹੋਣ ਲਈ ਗੁਆਂਢੀ ਦੇਸ਼ ਵਿੱਚ ਦਾਖਲ ਹੋਣ ਤੋਂ ਬਾਅਦ ਵਾਪਸ ਭੇਜ ਦਿੱਤਾ ਗਿਆ।
ਚੰਦ ਨੇ ਦਾਅਵਾ ਕੀਤਾ ਕਿ ਉਹ ਸਿੱਖ ਧਰਮ ਦੇ ਬਾਨੀ ਦੇ ਪ੍ਰਕਾਸ਼ ਪੁਰਬ ਦੇ ਮੌਕੇ ’ਤੇ ਪਾਕਿਸਤਾਨ ਦੇ ਗੁਰਦੁਆਰਿਆਂ ਵਿੱਚ ਮੱਥਾ ਟੇਕਣਾ ਚਾਹੁੰਦੇ ਸਨ। ਉਨ੍ਹਾਂ ਕਿਹਾ ਕਿ ਉਸ ਨੂੰ ਅਤੇ ਉਸ ਦੇ ਪਰਿਵਾਰ ਦੇ ਛੇ ਮੈਂਬਰਾਂ ਨੂੰ ਇਸ ਲਈ ਵਾਪਸ ਭੇਜ ਦਿੱਤਾ ਗਿਆ ਕਿਉਂਕਿ ਉਹ ਹਿੰਦੂ ਸਨ। ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਨੇ ਅਟਾਰੀ-ਵਾਹਗਾ ਜ਼ਮੀਨੀ ਰਸਤੇ ਰਾਹੀਂ ਪਾਕਿਸਤਾਨ ਵਿੱਚ ਦਾਖਲ ਹੋਣ ਦੀਆਂ ਸਾਰੀਆਂ ਰਸਮਾਂ ਪੂਰੀਆਂ ਕਰ ਲਈਆਂ ਸਨ।
ਚੰਦ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ਰਧਾਲੂਆਂ ਲਈ ਇੱਕ ਵਿਸ਼ੇਸ਼ ਬੱਸ ਵਿੱਚ ਬੈਠਣ ਲਈ ਕਿਹਾ ਗਿਆ ਸੀ। ਉਨ੍ਹਾਂ ਕਿਹਾ, ‘‘ਅਸੀਂ ਸੱਤ ਮੈਂਬਰਾਂ ਲਈ ਬੱਸ ਦੀਆਂ ਟਿਕਟਾਂ ’ਤੇ 95,000 ਰੁਪਏ (ਪਾਕਿਸਤਾਨੀ ਕਰੰਸੀ) ਖਰਚ ਕੀਤੇ ਸਨ। ਫਿਰ ਪਾਕਿਸਤਾਨ ਦੇ ਪੰਜ ਅਧਿਕਾਰੀ ਆਏ ਅਤੇ ਉਨ੍ਹਾਂ ਨੂੰ ਬੱਸ ਤੋਂ ਉਤਰਨ ਲਈ ਕਿਹਾ।
ਚੰਦ ਨੇ ਦੱਸਿਆ, "ਪਾਕਿਸਤਾਨੀ ਅਧਿਕਾਰੀਆਂ ਨੇ ਸਾਨੂੰ ਕਿਹਾ ਕਿ ਤੁਸੀਂ ਹਿੰਦੂ ਹੋ, ਤੁਸੀਂ ਸਿੱਖ ਜਥੇ ਨਾਲ ਨਹੀਂ ਜਾ ਸਕਦੇ। ਫਿਰ ਉਨ੍ਹਾਂ ਨੇ ਸਾਨੂੰ ਵਾਪਸ ਭੇਜ ਦਿੱਤਾ।’’ ਭਾਰਤੀ ਅਧਿਕਾਰੀਆਂ ਨੇ ਪਾਕਿਸਤਾਨੀ ਅਧਿਕਾਰੀਆਂ ਤੋਂ ਪੁੱਛਿਆ ਕਿ ਉਨ੍ਹਾਂ ਨੂੰ ਵਾਪਸ ਕਿਉਂ ਭੇਜਿਆ ਗਿਆ।
ਦਿੱਲੀ ਦੇ ਰਹਿਣ ਵਾਲੇ ਚੰਦ ਜੋ ਪਹਿਲਾਂ ਪਾਕਿਸਤਾਨੀ ਨਾਗਰਿਕ ਸੀ ਪਰ 1999 ਵਿੱਚ ਭਾਰਤ ਆਇਆ ਅਤੇ 2010 ਵਿੱਚ ਭਾਰਤੀ ਨਾਗਰਿਕਤਾ ਪ੍ਰਾਪਤ ਕੀਤੀ ਸੀ। ਉਨ੍ਹਾਂ ਨੇ ਦੱਸਿਆ ਕਿ ਜੋ ਪੈਸਾ ਉਨ੍ਹਾਂ ਨੇ ਬੱਸ ਦੀਆਂ ਟਿਕਟਾਂ 'ਤੇ ਖਰਚ ਕੀਤਾ ਸੀ, ਉਹ ਵੀ ਵਾਪਸ ਨਹੀਂ ਕੀਤਾ ਗਿਆ। ਚੰਦ ਨੇ ਇਹ ਵੀ ਦਾਅਵਾ ਕੀਤਾ ਕਿ ਲਖਨਊ ਦੇ ਸੱਤ ਹੋਰ ਭਾਰਤੀਆਂ ਨੂੰ ਵੀ ਵਾਪਸ ਮੋੜ ਦਿੱਤਾ ਗਿਆ।
ਇਸ ਦੌਰਾਨ ਜਥਾ ਜੋ 4 ਨਵੰਬਰ ਤੋਂ 13 ਨਵੰਬਰ ਤੱਕ ਪਾਕਿਸਤਾਨ ਦਾ ਦੌਰਾ ਕਰ ਰਿਹਾ ਹੈ, ਗੁਰਦੁਆਰਾ ਨਨਕਾਣਾ ਸਾਹਿਬ, ਗੁਰਦੁਆਰਾ ਪੰਜਾ ਸਾਹਿਬ, ਗੁਰਦੁਆਰਾ ਸੱਚਾ ਸੌਦਾ ਅਤੇ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਦੇ ਦਰਸ਼ਨ ਕਰੇਗਾ। ਇਸ ਤੋਂ ਪਹਿਲਾਂ ਕੇਂਦਰ ਸਰਕਾਰ ਨੇ ਗੁਆਂਢੀ ਦੇਸ਼ ਵਿੱਚ ਸੁਰੱਖਿਆ ਸਥਿਤੀ ਦਾ ਹਵਾਲਾ ਦਿੰਦੇ ਹੋਏ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ 'ਤੇ ਸਿੱਖ ਸ਼ਰਧਾਲੂਆਂ ਨੂੰ ਪਾਕਿਸਤਾਨ ਭੇਜਣ ਤੋਂ ਇਨਕਾਰ ਕਰ ਦਿੱਤਾ ਸੀ, ਪਰ ਬਾਅਦ ਵਿੱਚ ਕੇਂਦਰ ਸਰਕਾਰ ਨੇ ਸਿੱਖ ਜਥੇ ਨੂੰ ਪਾਕਿਸਤਾਨ ਵਿੱਚ ਗੁਰਦੁਆਰਿਆਂ ਦਾ ਦੌਰਾ ਕਰਨ ਦੀ ਇਜਾਜ਼ਤ ਦੇ ਦਿੱਤੀ ਸੀ।
