ਸੈਨਿਕ ਫਾਰਮਜ਼ ’ਚ ਬੰਗਲੇ ’ਤੇ ਚੱਲਿਆ ਪੀਲਾ ਪੰਜਾ
ਦੱਖਣੀ ਦਿੱਲੀ ਦੇ ਸੈਨਿਕ ਫਾਰਮ ਇਲਾਕੇ ਵਿੱਚ ਅੱਜ ਪ੍ਰਸ਼ਾਸਨ ਨੇ ਸਰਕਾਰੀ ਜ਼ਮੀਨ ’ਤੇ ਬਣੀ ਆਲੀਸ਼ਾਨ ਕੋਠੀ ਢਾਹ ਦਿੱਤੀ। ਅਧਿਕਾਰੀਆਂ ਮੁਤਾਬਕ ਇਹ ਹਵੇਲੀ ਦਿੱਲੀ ਵਿਕਾਸ ਅਥਾਰਟੀ (ਡੀ ਡੀ ਏ) ਦੀ ਜ਼ਮੀਨ ’ਤੇ ਨਾਜਾਇਜ਼ ਕਬਜ਼ਾ ਕਰਕੇ ਬਣਾਈ ਗਈ ਸੀ। ਕਾਰਵਾਈ ਸਵੇਰੇ 6 ਵਜੇ ਸ਼ੁਰੂ ਹੋਈ, ਜਿਸ ਦੌਰਾਨ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਦਿੱਲੀ ਪੁਲੀਸ ਅਤੇ ਅਰਧ ਸੈਨਿਕ ਬਲਾਂ ਦੀ ਭਾਰੀ ਤਾਇਨਾਤੀ ਕੀਤੀ ਗਈ ਸੀ। ਮੌਕੇ ’ਤੇ ਤਕਰੀਬਨ ਅੱਧਾ ਦਰਜਨ ਬੁਲਡੋਜ਼ਰਾਂ ਦੀ ਮਦਦ ਨਾਲ ਇਹਾ ਢਾਂਚਾ ਢਾਹਿਆ ਗਿਆ।
ਕੋਠੀ ਦੇ ਮਾਲਕ ਨੇ ਦੋਸ਼ ਲਗਾਇਆ ਕਿ ਡੀ ਡੀ ਏ ਅਦਾਲਤੀ ਕੇਸ ਚੱਲਦਾ ਹੋਣ ਦੇ ਬਾਵਜੂਦ ਕਾਰਵਾਈ ਕਰ ਰਿਹਾ ਹੈ। ਉਸ ਦਾ ਦਾਅਵਾ ਸੀ ਕਿ ਉਸ ਨੇ 1993 ਵਿੱਚ ਪਲਾਟ ਖਰੀਦਿਆ ਸੀ ਅਤੇ ਸਾਲ 2000 ਵਿੱਚ ਘਰ ਬਣਾਇਆ ਸੀ। ਦੂਜੇ ਪਾਸੇ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਉਕਤ ਉਸਾਰੀ ’ਤੇ ਅਦਾਲਤ ਵੱਲੋਂ ਕੋਈ ਸਟੇਅ ਨਹੀਂ ਸੀ ਅਤੇ ਇਹ ਬਿਨਾਂ ਕਾਨੂੰਨੀ ਪ੍ਰਕਿਰਿਆ ਦੇ ਗਲਤ ਤਰੀਕੇ ਨਾਲ ਬਣਾਈ ਗਈ ਸੀ। ਦਿੱਲੀ ਨਗਰ ਨਿਗਮ (ਐੱਮ ਸੀ ਡੀ) ਦੇ ਅਧਿਕਾਰੀਆਂ ਨੇ ਕਿਹਾ ਕਿ ਗੈਰ-ਕਾਨੂੰਨੀ ਕਬਜ਼ੇ ਹਟਾਉਣ ਲਈ ਇਹ ਮੁਹਿੰਮ ਜਾਰੀ ਰਹੇਗੀ। ਜ਼ਿਕਰਯੋਗ ਹੈ ਕਿ ਦਿੱਲੀ-ਮਹਿਰੋਲੀ ਰੋਡ ’ਤੇ ਬੱਤਰਾ ਹਸਪਤਾਲ ਦੇ ਸਾਹਮਣੇ ਸਥਿਤ ਸੈਨਿਕ ਫਾਰਮ ਅਮੀਰ ਲੋਕਾਂ ਦਾ ਇਲਾਕਾ ਹੈ, ਜਿੱਥੇ ਕਈ ਸਿਆਸੀ ਆਗੂਆਂ, ਉਦਯੋਗਪਤੀਆਂ ਅਤੇ ਕਾਰੋਬਾਰੀਆਂ ਦੇ ਫਾਰਮ ਹਾਊਸ ਹਨ। ਇਹ ਉਸਾਰੀਆਂ ਪਹਾੜੀ ਅਤੇ ਵਾਹੀਯੋਗ ਜ਼ਮੀਨ ’ਤੇ ਕੀਤੀਆਂ ਗਈਆਂ ਹਨ।
