ਯਮੁਨਾ ਦਾ ਪਾਣੀ ਮੁੜ ਚਿਤਾਵਨੀ ਨਿਸ਼ਾਨ ਤੋਂ ਪਾਰ
ਦਿੱਲੀ ਵਿੱਚ ਯਮੁਨਾ ਨਦੀ ਇੱਕ ਵਾਰ ਫਿਰ ਚਿਤਾਵਨੀ ਦੇ ਨਿਸ਼ਾਨ ਤੋਂ ਉੱਪਰ ਵਗ਼ਣ ਲੱਗੀ ਹੈ ਅਤੇ ਦੇਰ ਰਾਤ ਤੱਕ ਇਸ ਦੇ ਪਾਣੀ ਦੇ ਪੱਧਰ ਵਿੱਚ ਹੋਰ ਵਾਧਾ ਹੋਣ ਦੇ ਸ਼ੰਕੇ ਪ੍ਰਗਟਾਏ ਜਾ ਰਹੇ ਹਨ। ਅਧਿਕਾਰੀਆਂ ਨੇ ਦੱਸਿਆ ਕਿ ਯਮੁਨਾ ਨਦੀ ਦੇ ਪਾਣੀ ਦਾ ਪੱਧਰ ਬੁੱਧਵਾਰ ਸਵੇਰੇ ਪੁਰਾਣੇ ਰੇਲਵੇ ਪੁਲ ’ਤੇ 204.61 ਮੀਟਰ ਤੱਕ ਪਹੁੰਚ ਗਿਆ, ਜੋ ਲਗਾਤਾਰ ਦੂਜੇ ਦਿਨ 204.50 ਮੀਟਰ ਦੇ ਚੇਤਾਵਨੀ ਨਿਸ਼ਾਨ ਤੋਂ ਉੱਪਰ ਰਿਹਾ। ਕੇਂਦਰੀ ਜਲ ਕਮਿਸ਼ਨ ਵੱਲੋਂ ਮੰਗਲਵਾਰ ਸ਼ਾਮ ਨੂੰ ਜਾਰੀ ਕੀਤੀ ਗਈ ਹੜ੍ਹ ਚੇਤਾਵਨੀ ਦੇ ਅਨੁਸਾਰ, ਬੁੱਧਵਾਰ ਸ਼ਾਮ ਤੱਕ ਨਦੀ ਦੇ ਖ਼ਤਰੇ ਦੇ ਨਿਸ਼ਾਨ ਨੂੰ ਪਾਰ ਕਰਨ ਦੀ ਸੰਭਾਵਨਾ ਹੈ। ਅਧਿਕਾਰੀਆਂ ਨੇ ਆਪਣੇ-ਆਪਣੇ ਖੇਤਰਾਂ ਵਿੱਚ ਚੌਕਸੀ ਰੱਖਣ ਅਤੇ ਲੋੜੀਂਦੀ ਕਾਰਵਾਈ ਕਰਨ ਦੀ ਸਲਾਹ ਦਿੱਤੀ, ਜਿਵੇਂ ਕਿ ਨਦੀ ਦੇ ਕੰਢਿਆਂ ਦੇ ਨੇੜੇ ਰਹਿਣ ਵਾਲੇ ਲੋਕਾਂ ਨੂੰ ਚੇਤਾਵਨੀ ਜਾਰੀ ਕਰਨਾ ਅਤੇ ਉਨ੍ਹਾਂ ਨੂੰ ਸੁਰੱਖਿਅਤ ਥਾਵਾਂ ’ਤੇ ਭੇਜਣ ਦੇ ਪ੍ਰਬੰਧ ਕਰਨਾ। ਅਧਿਕਾਰੀਆਂ ਨੇ ਕਿਹਾ ਕਿ ਬੁੱਧਵਾਰ ਸਵੇਰੇ 9 ਵਜੇ ਯਮੁਨਾ ਦੇ ਪਾਣੀ ਦਾ ਪੱਧਰ 204.61 ਮੀਟਰ ਸੀ। ਦਿੱਲੀ ਦਾ ਚੇਤਾਵਨੀ ਨਿਸ਼ਾਨ 204.5 ਮੀਟਰ ਹੈ, ਜਦੋਂ ਕਿ ਖ਼ਤਰੇ ਦਾ ਨਿਸ਼ਾਨ 205.3 ਮੀਟਰ ਹੈ ਅਤੇ 206 ਮੀਟਰ ਤੋਂ ਹੜ੍ਹ ਦਾ ਪਾਣੀ ਬਾਹਰ ਕੰਢੇ ਤੋੜ ਕੇ ਵਗਣਾ ਸ਼ੁਰੂ ਕਰ ਦਿੰਦਾ ਹੈ। ਪੁਰਾਣਾ ਰੇਲਵੇ ਪੁਲ ਨਦੀ ਦੇ ਪਾਣੀ ਨੂੰ ਦੇਖਣ ਦਾ ਬਿੰਦੂ ਹੈ। ਯਮੁਨਾ ਵਿੱਚ ਪਾਣੀ ਵਧਣ ਦਾ ਕਾਰਨ ਵਜ਼ੀਰਾਬਾਦ ਅਤੇ ਹਥਨੀਕੁੰਡ ਬੈਰਾਜਾਂ ਤੋਂ ਹਰ ਘੰਟੇ ਛੱਡਿਆ ਜਾ ਰਿਹਾ ਪਾਣੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਪਹਾੜੀ ਇਲਾਕਿਆਂ ਵਿੱਚ ਪੈ ਰਹੇ ਮੀਂਹ ਕਾਰਨ ਉਕਤ ਦੋਵਾਂ ਬਿਰਾਜਾਂ ਤੋਂ ਪਾਣੀ ਛੱਡਣਾ ਮਜਬੂਰੀ ਬਣ ਜਾਂਦਾ ਹੈ। ਹੜ੍ਹ ਕੰਟਰੋਲ ਵਿਭਾਗ ਅਨੁਸਾਰ ਵਜ਼ੀਰਾਬਾਦ ਤੋਂ ਹਰ ਘੰਟੇ ਲਗਪਗ 37,230 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ ਤੇ ਹਥਨੀਕੁੰਡ ਬੈਰਾਜ ਤੋਂ 52,448 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ। ਬੈਰਾਜਾਂ ਤੋਂ ਛੱਡੇ ਜਾਣ ਵਾਲੇ ਪਾਣੀ ਨੂੰ ਦਿੱਲੀ ਪਹੁੰਚਣ ਵਿੱਚ 48 ਤੋਂ 50 ਘੰਟੇ ਲੱਗਦੇ ਹਨ। ਉੱਪਰਲੇ ਪਾਸੇ ਤੋਂ ਘੱਟ ਪਾਣੀ ਛੱਡਣ ਨਾਲ ਵੀ ਯਮੁਨਾ ਦੇ ਪਾਣੀ ਦਾ ਪੱਧਰ ਵੱਧ ਰਿਹਾ ਹੈ।
ਦਿੱਲੀ ਐੱਨਸੀਆਰ ਵਿੱਚ ਮੀਂਹ ਦਾ ਜ਼ੋਰ
ਦਿੱਲੀ ਐੱਨਸੀਆਰ ਵਿੱਚ ਅੱਜ ਵੀ ਸਵੇਰ ਵੇਲੇ ਮੀਂਹ ਦਾ ਜ਼ੋਰ ਰਿਹਾ ਅਤੇ 10 ਤੋਂ 11 ਵਜੇ ਦੇ ਦਰਮਿਆਨ ਕਰੀਬ ਅੱਧਾ ਘੰਟਾ ਜ਼ੋਰਦਾਰ ਮੀਂਹ ਪਿਆ। ਮੌਸਮ ਮਹਿਕਮੇ ਨੇ ਦਿੱਲੀ ਦੇ ਜ਼ਿਆਦਾਤਰ ਹਿੱਸਿਆਂ ਲਈ ਓਰੈਂਜ ਅਲਰਟ ਜਾਰੀ ਕੀਤਾ ਹੈ, ਜਦੋਂ ਕਿ ਪੱਛਮੀ ਖੇਤਰਾਂ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਬੀਤੀ ਰਾਤ ਸਪਾਈਸਜੈੱਟ ਅਤੇ ਇੰਡੀਗੋ ਵਰਗੀਆਂ ਏਅਰਲਾਈਨਾਂ ਨੇ ਯਾਤਰੀਆਂ ਨੂੰ ਉਡਾਣਾਂ ਦੀ ਸਥਿਤੀ ਦੀ ਜਾਂਚ ਕਰਨ ਲਈ ਚਿਤਾਵਨੀਆਂ ਵੀ ਜਾਰੀ ਕੀਤੀਆਂ। ਮੌਸਮ ਵਿਭਾਗ ਨੇ ਆਉਣ ਵਾਲੇ ਤਿੰਨ ਚਾਰ ਦਿਨਾਂ ਦੌਰਾਨ ਇੱਥੇ ਮੀਂਹ ਪੈਣ ਦੀ ਚਿਤਾਵਨੀ ਦਿੱਤੀ ਹੈ। ਐੱਨਸੀਆਰ ਦੇ ਸ਼ਹਿਰਾਂ ਫਰੀਦਾਬਾਦ, ਗੁਰੂਗ੍ਰਾਮ, ਗਾਜ਼ੀਆਬਾਦ, ਸੋਨੀਪਤ ਅਤੇ ਪਲਵਲ ਵਿੱਚ ਮੀਂਹ ਪਿਆ। ਅੱਜ ਮੀਂਹ ਦਾ ਪਾਣੀ ਸੜਕਾਂ ਉੱਪਰ ਭਰ ਗਿਆ।