ਯਮੁਨਾ ਦਾ ਪਾਣੀ ਚਿਤਾਵਨੀ ਦੇ ਨਿਸ਼ਾਨ ਤੋਂ ਉਪਰ
ਦਿੱਲੀ ਵਿੱਚ ਯਮੁਨਾ ਦਾ ਪਾਣੀ ਅੱਜ 204.50 ਮੀਟਰ ਦੇ ਚਿਤਾਵਨੀ ਵਾਲੇ ਪੱਧਰ ਤੋਂ ਪਾਰ ਕਰਕੇ ਪੁਰਾਣੇ ਰੇਲਵੇ ਪੁਲ ’ਤੇ 204.88 ਮੀਟਰ ਤੱਕ ਪਹੁੰਚ ਗਿਆ ਹੈ। ਜਲ ਵਿਭਾਗ ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ। .ਇਸ ਸਬੰਧੀ ਦਿੱਲੀ ਦੇ ਸਿੰਜਾਈ ਅਤੇ ਹੜ੍ਹ ਰੋਕਥਾਮ ਮੰਤਰੀ ਪਰਵੇਸ਼ ਸਿੰਘ ਵਰਮਾ ਨੇ ਵੀ ਯਮੁਨਾ ਨਦੀ ਦੇ ਪਾਣੀ ਦੇ ਪੱਧਰ ਦਾ ਨਿਰੀਖਣ ਕੀਤਾ। ਇਸ ਦੌਰਾਨ ਉਨ੍ਹਾਂ ਹੜ੍ਹਾਂ ਨੂੰ ਰੋਕਣ ਲਈ ਕੀਤੀਆਂ ਜਾਣ ਵਾਲੀਆਂ ਤਿਆਰੀਆਂ ਦਾ ਵੀ ਜਾਇਜ਼ਾ ਲਿਆ। ਅਧਿਕਾਰੀਆਂ ਅਨੁਸਾਰ ਸੰਭਾਵਿਤ ਹੜ੍ਹ ਵਰਗੀ ਸਥਿਤੀ ਨਾਲ ਨਿਪਟਣ ਲਈ ਮੁੱਢਲੇ ਕਦਮ ਚੁੱਕਣ ਲਈ ਸਬੰਧਤ ਵਿਭਾਗਾਂ ਅਤੇ ਏਜੰਸੀਆਂ ਨੂੰ ਚਿਤਾਵਨੀ ਦੇ ਦਿੱਤੀ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸਵੇਰੇ ਅੱਠ ਵਜੇ ਪੁਰਾਣੇ ਰੇਲਵੇ ਪੁਲ ’ਤੇ ਯਮੁਨਾ ਦਾ ਪਾਣੀ ਦਾ ਪੱਧਰ 204.88 ਮੀਟਰ ਸੀ। ਸ਼ਹਿਰ ਦਾ ਚਿਤਾਵਨੀ ਵਾਲਾ ਪੱਧਰ 204.5 ਮੀਟਰ ਹੈ, ਜਦੋਂਕਿ ਖਤਰੇ ਦਾ ਨਿਸ਼ਾਨ 205.3 ਮੀਟਰ ਹੈ ਅਤੇ ਨਿਕਾਸੀ 206 ਮੀਟਰ ਤੋਂ ਸ਼ੁਰੂ ਹੁੰਦੀ ਹੈ। ਜ਼ਿਕਰਯੋਗ ਹੈ ਕਿ ਪੁਰਾਣਾ ਰੇਲਵੇ ਪੁਲ ਨਦੀ ਦੇ ਪ੍ਰਵਾਹ ਅਤੇ ਸੰਭਾਵਿਤ ਹੜ ਵਰਗੇ ਖਤਰਿਆਂ ’ਤੇ ਨਜ਼ਰ ਰੱਖਣ ਲਈ ਇੱਕ ਮੁੱਖ ਬਿੰਦੂ ਵਜੋਂ ਕੰਮ ਕਰਦਾ ਹੈ। ਕੇਂਦਰੀ ਹੜ੍ਹ ਵਿਭਾਗ ਨਾਲ ਸਬੰਧਤ ਇੱਕ ਅਧਿਕਾਰੀ ਨੇ ਦੱਸਿਆ ਕਿ ਯਮੁਨਾ ਦੇ ਪਾਣੀ ਦਾ ਪੱਧਰ ਵਧਣ ਦਾ ਮੁੱਖ ਕਾਰਨ ਹਥਨੀਕੁੰਡ ਬੈਰਾਜ ਤੋਂ ਹਰ ਘੰਟੇ ਵੱਡੀ ਮਾਤਰਾ ਵਿੱਚ ਪਾਣੀ ਛੱਡਣਾ ਹੈ। ਇਸ ਮੌਨਸੂਨ ਵਿੱਚ ਪਹਿਲੀ ਵਾਰ ਹਰਿਆਣਾ ਦੇ ਹਥਨੀਕੁੰਡ ਬੈਰਾਜ ਤੋਂ 50,000 ਕਿਊਸਕ ਤੋਂ ਵੱਧ ਪਾਣੀ ਛੱਡਿਆ ਗਿਆ ਹੈੈ। ਉਦੋਂ ਤੋਂ ਹਥਨੀਕੁੰਡ ਬੈਰਾਜ ਤੋਂ ਹਰ ਘੰਟੇ 50,000 ਕਿਊਸਕ ਪਾਣੀ ਛੱਡਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਘਬਰਾਉਣ ਦੀ ਕੋਈ ਲੋੜ ਨਹੀਂ ਸਾਰੇ ਬੰਦੋਬਸਤ ਕੀਤੇ ਹੋਏ ਹਨ।
ਕੌਮੀ ਰਾਜਧਾਨੀ ’ਚ ਹਲਕੇ ਮੀਂਹ ਦੀ ਪੇਸ਼ੀਨਗੋਈ
ਨਵੀਂ ਦਿੱਲੀ: ਭਾਰਤੀ ਮੌਸਮ ਵਿਭਾਗ ਨੇ ਕਿਹਾ ਹੈ ਕਿ ਕੌਮੀ ਰਾਜਧਾਨੀ ’ਚ ਦਿਨ ਵੇਲੇ ਹਲਕੇ ਬੱਦਲ ਛਾਏ ਰਹਿਣਗੇ ਅਤੇ ਹਲਕਾ ਮੀਂਹ ਵੀ ਪੈ ਸਕਦਾ ਹੈ। ਮੌਸਮ ਵਿਭਾਗ ਨੇ ਦੱਸਿਆ ਕਿ ਵੀਰਵਾਰ ਨੂੰ ਦਿੱਲੀ ਵਿੱਚ ਘੱਟੋ-ਘੱਟ ਤਾਪਮਾਨ 26.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਕਿ ਇਸ ਸੀਜ਼ਨ ਦੇ ਔਸਤ ਤਾਪਮਾਨ ਨਾਲੋਂ 0.8 ਡਿਗਰੀ ਸੈਲਸੀਅਸ ਘੱਟ ਹੈ। ਮੌਸਮ ਵਿਭਾਗ ਨੇ ਦਿਨ ਵੇਲੇ ਹਲਕੇ ਬੱਦਲ ਅਤੇ ਮੀਂਹ ਪੈਣ ਦੀ ਸੰਭਾਵਨਾ ਜਤਾਈ ਹੈ। ਦਿੱਲੀ ਵਿੱਚ ਵੱਧ ਤੋੋਂ ਵੱਧ ਤਾਪਮਾਨ 34 ਡਿਗਰੀ ਸੈਲਸੀਅਸ ਰਹਿ ਸਕਦਾ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅੰਕੜਿਆਂ ਮੁਤਬਾਕ ਰਾਜਧਾਨੀ ਵਿੱਚ ਹਵ ਗੁਣਵੱਤਾ (ਐਕਿਊਆਈ) 110 ਦਰਜ ਕੀਤਾ ਗਿਆ ਹੈ। ਪ੍ਰਦੂਸ਼ਣ ਮਾਪਣ ਤਹਿਤ ਇਹ ਅੰਕੜੇ ਮੱਧ ਸ਼੍ਰੇਣੀ ਵਿੱਚ ਦਰਜ ਕੀਤਾ ਜਾਂਦੇ ਹਨ। ਇਹ ਸਿਫ਼ਰ ਤੋਂ ਲੈ ਕੇ 50 ਦੇ ਵਿਚਕਾਰ ‘ਚੰਗਾ’, 51 ਤੋਂ 100 ਦੇ ਵਿਚਕਾਰ ‘ਸੰਤੁਸ਼ਟੀਜਨਕ’, 101 ਤੋਂ 200 ਦੇ ਵਿਚਕਾਰ ‘ਦਰਮਿਆਨਾ’, 201 ਤੋਂ 300 ਦੇ ਵਿਚਕਾਰ ‘ਖਰਾਬ’, 301 ਤੋਂ 400 ਦੇ ਵਿਚਕਾਰ ‘ਬਹੁਤ ਖਰਾਬ’ ਅਤੇ 401 ਤੋਂ 500 ਦੇ ਵਿਚਕਾਰ ‘ਗੰਭੀਰ’ ਮੰਨਿਆ ਜਾਂਦਾ ਹੈ।