ਯਮੁਨਾ ਦਾ ਪਾਣੀ ਪੀਣ ਯੋਗ ਨਹੀਂ: ਭਾਰਦਵਾਜ
ਆਮ ਆਦਮੀ ਪਾਰਟੀ ਨੇ ਮੁੱਖ ਮੰਤਰੀ ਰੇਖਾ ਗੁਪਤਾ ਅਤੇ ਭਾਜਪਾ ਆਗੂਆਂ ਵੱਲੋਂ ਯਮੁਨਾ ਨਦੀ ਨੂੰ ਸਾਫ਼ ਕਰਨ ਦੇ ਦਾਅਵੇ ਨੂੰ ਝੂਠਾ ਕਰਾਰ ਦਿੱਤਾ। ‘ਆਪ’ ਦਿੱਲੀ ਦੇ ਕਨਵੀਨਰ ਸੌਰਭ ਭਾਰਦਵਾਜ ਨੇ ਕਿਹਾ ਕਿ ਦਿੱਲੀ ਸਰਕਾਰ ਦੀ ਪ੍ਰਦੂਸ਼ਣ ਰਿਪੋਰਟ ਦਰਸਾਉਂਦੀ ਹੈ ਕਿ ਯਮੁਨਾ ਦਾ ਪਾਣੀ ਨਾ ਤਾਂ ਪੀਣ ਯੋਗ ਹੈ ਅਤੇ ਨਾ ਹੀ ਨਹਾਉਣ ਯੋਗ ਹੈ। ਭਾਜਪਾ ਦੇ ਝੂਠ ਬਹੁਤ ਖ਼ਤਰਨਾਕ ਹਨ। ਯਮੁਨਾ ਦਾ ਪਾਣੀ ਪੀਣ ਨਾਲ ਬੱਚਿਆਂ ਅਤੇ ਗਰਭਵਤੀ ਔਰਤਾਂ ਦੀ ਮੌਤ ਹੋ ਸਕਦੀ ਹੈ। ਭਾਜਪਾ ਪੂਰਵਾਂਚਲ ਦੇ ਲੋਕਾਂ ਨੂੰ ਗੁਮਰਾਹ ਕਰ ਰਹੀ ਹੈ ਅਤੇ ਬਿਹਾਰ ਚੋਣਾਂ ਵਿੱਚ ਵੋਟਾਂ ਹਾਸਲ ਕਰਨ ਲਈ ਉਨ੍ਹਾਂ ਦੀਆਂ ਜਾਨਾਂ ਨਾਲ ਖੇਡ ਰਹੀ ਹੈ। ਝੂਠ ਬੋਲ ਕੇ ਲੋਕਾਂ ਨੂੰ ਗੁਮਰਾਹ ਕਰਨ ਵਾਲੇ ਭਾਜਪਾ ਆਗੂਆਂ ਵਿਰੁੱਧ ਐੱਫ ਆਈ ਆਰ ਦਰਜ ਕੀਤੀ ਜਾਣੀ ਚਾਹੀਦੀ ਹੈ। ਭਾਰਦਵਾਜ ਨੇ ਕਿਹਾ ਕਿ ਉਹ, ਵਿਧਾਇਕ ਸੰਜੀਵ ਝਾਅ ਤੇ ਹੋਰ ਆਗੂ ਮੁੱਖ ਮੰਤਰੀ ਰੇਖਾ ਗੁਪਤਾ ਦੇ ਘਰ ਪ੍ਰਦੂਸ਼ਿਤ ਯਮੁਨਾ ਪਾਣੀ ਦੀਆਂ ਬੋਤਲਾਂ ਲੈ ਕੇ ਪਹੁੰਚੇ ਅਤੇ ਉਨ੍ਹਾਂ ਨੂੰ ਚੁਣੌਤੀ ਦਿੱਤੀ ਕਿ ਜੇਕਰ ਇਹ ਸਾਫ਼ ਕੀਤਾ ਗਿਆ ਹੈ ਤਾਂ ਉਹ ਇਸ ਨੂੰ ਪੀ ਲਵੇ। ਹਾਲਾਂਕਿ ਦਿੱਲੀ ਪੁਲੀਸ ਨੇ ‘ਆਪ’ ਆਗੂਆਂ ਨੂੰ ਥੋੜ੍ਹੀ ਦੂਰੀ ’ਤੇ ਰੋਕ ਦਿੱਤਾ।
ਭਾਰਦਵਾਜ ਨੇ ਕਿਹਾ ਕਿ ਪਿਛਲੇ ਤਿੰਨ ਦਿਨਾਂ ਤੋਂ ਉਹ ਸੋਸ਼ਲ ਮੀਡੀਆ ਰਾਹੀਂ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਅਤੇ ਭਾਜਪਾ ਦਿੱਲੀ ਪ੍ਰਧਾਨ ਸਚਦੇਵਾ ਨੂੰ ਝੂਠ ਬੋਲਣਾ ਬੰਦ ਕਰਨ ਦੀ ਅਪੀਲ ਕਰ ਰਹੇ ਹਨ। ਜੇਕਰ ਭਾਜਪਾ ਚਾਹੁੰਦੀ ਹੈ ਕਿ ਪੂਰਵਾਂਚਲ ਦੇ ਛੋਟੇ ਬੱਚੇ ਯਮੁਨਾ ਦਾ ਗੰਦਾ ਪਾਣੀ ਪੀਣ ਤਾਂ ਰੇਖਾ ਗੁਪਤਾ ਅਤੇ ਵਰਿੰਦਰ ਸਚਦੇਵਾ ਨੂੰ ਪਹਿਲਾਂ ਇਹ ਪਾਣੀ ਖੁਦ ਪੀਣਾ ਚਾਹੀਦਾ ਹੈ। ਸੌਰਭ ਭਾਰਦਵਾਜ ਨੇ ਦੱਸਿਆ ਕਿ ਭਾਜਪਾ ਨੇ ਉੱਤਰ ਪ੍ਰਦੇਸ਼ ਅਤੇ ਹਰਿਆਣਾ ਦੇ ਹਥਨੀਕੁੰਡ ਤੋਂ ਪੂਰਬੀ ਨਹਿਰ ਦਾ ਪਾਣੀ ਯਮੁਨਾ ਵਿੱਚ ਮੋੜ ਦਿੱਤਾ ਤਾਂ ਜੋ ਇਹ ਦਿਖਾਇਆ ਜਾ ਸਕੇ ਕਿ ਯਮੁਨਾ ਸਾਫ਼ ਹੋ ਗਈ ਹੈ। ਇਸ ਦੇ ਬਾਵਜੂਦ ਯਮੁਨਾ ਪ੍ਰਦੂਸ਼ਿਤ ਹੈ।
