ਦਿੱਲੀ ਵਿੱਚ ਯਮੁਨਾ ਦਾ ਪੱਧਰ 207 ਮੀਟਰ ਤੋਂ ਹੇਠਾਂ ਆਇਆ
Yamuna drops below 207 metres in Delhiਯਮੁਨਾ ਨਦੀ ਦਾ ਪਾਣੀ ਦਾ ਪੱਧਰ ਅੱਜ 206.47 ਮੀਟਰ ਦਰਜ ਕੀਤਾ ਗਿਆ ਤੇ ਇਹ ਪੱਧਰ ਕਈ ਦਿਨਾਂ ਬਾਅਦ 207 ਮੀਟਰ ਤੋਂ ਹੇਠਾਂ ਆ ਗਿਆ ਹੈ। ਕੌਮੀ ਰਾਜਧਾਨੀ ਦੇ ਕੁਝ ਹਿੱਸਿਆਂ ਵਿੱਚ ਪਾਣੀ ਹਾਲੇ ਵੀ ਭਰਿਆ ਹੋਇਆ ਹੈ ਤੇ ਹਜ਼ਾਰਾਂ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਗਿਆ ਹੈ। ਯਮੁਨਾ ਵਿਚ ਪਾਣੀ ਦੇ ਪੱਧਰ ਲਈ ਖਤਰੇ ਦਾ ਨਿਸ਼ਾਨ 205.33 ਮੀਟਰ ਹੈ ਪਰ ਸ਼ਹਿਰ ਲਈ ਚਿਤਾਵਨੀ ਨਿਸ਼ਾਨ 204.50 ਮੀਟਰ ਹੈ। ਦੂਜੇ ਪਾਸੇ ਅਧਿਕਾਰੀਆਂ ਨੇ ਕਿਹਾ ਹੈ ਕਿ ਸਥਿਤੀ ’ਤੇ ਨੇੜਿਓਂ ਨਜ਼ਰ ਰੱਖੀ ਜਾ ਰਹੀ ਹੈ ਅਤੇ ਸਾਰੀਆਂ ਸਬੰਧਤ ਏਜੰਸੀਆਂ ਹਾਈ ਅਲਰਟ ’ਤੇ ਹਨ।
ਦਿੱਲੀ-ਮੇਰਠ ਐਕਸਪ੍ਰੈਸਵੇਅ ’ਤੇ ਮਿਊਰ ਵਿਹਾਰ, ਕਸ਼ਮੀਰੀ ਗੇਟ ਅਤੇ ਨੇੜਲੇ ਖੇਤਰਾਂ ਵਿੱਚ ਨਦੀ ਦੇ ਨੇੜੇ ਨੀਵੇਂ ਇਲਾਕਿਆਂ ਵਿੱਚ ਰਹਿਣ ਵਾਲੇ ਲੋਕਾਂ ਦੇ ਰੈਣ ਬਸੇਰੇ ਲਈ ਤੰਬੂ ਲਗਾਏ ਗਏ ਹਨ।
ਹੜ੍ਹ ਕੰਟਰੋਲ ਵਿਭਾਗ ਅਨੁਸਾਰ ਹਥਨੀਕੁੰਡ ਬੈਰਾਜ ਤੋਂ ਸਵੇਰੇ 9 ਵਜੇ 50,629 ਕਿਊਸਿਕ ਪਾਣੀ ਛੱਡਿਆ ਗਿਆ। ਵਜ਼ੀਰਾਬਾਦ ਬੈਰਾਜ ਤੋਂ ਪਾਣੀ ਦਾ ਨਿਕਾਸ ਲਗਪਗ 1,17,260 ਕਿਊਸਿਕ ਹੈ।
ਬੈਰਾਜਾਂ ਤੋਂ ਛੱਡੇ ਜਾਣ ਵਾਲੇ ਪਾਣੀ ਨੂੰ ਦਿੱਲੀ ਪਹੁੰਚਣ ਵਿੱਚ ਆਮ ਤੌਰ ’ਤੇ 48 ਤੋਂ 50 ਘੰਟੇ ਲੱਗਦੇ ਹਨ। ਅਧਿਕਾਰੀਆਂ ਨੇ ਕਿਹਾ ਕਿ ਹਾਲੇ ਉੱਪਰਲੇ ਪਾਸੇ ਤੋਂ ਘੱਟ ਪਾਣੀ ਆ ਰਿਹਾ ਹੈ ਪਰ ਦਿੱਲੀ ਵਿਚ ਪਾਣੀ ਦਾ ਪੱਧਰ ਹਾਲੇ ਵੀ ਜ਼ਿਆਦਾ ਹੈ। ਪੀਟੀਆਈ