ਦਿੱਲੀ ਵਿਚ ਯਮੁਨਾ ਖ਼ਤਰੇ ਦੇ ਨਿਸ਼ਾਨ ਤੋਂ ਪਾਰ, ਮੰਡੀ ਅਤੇ ਕੁੱਲੂ ਵਿਚ 2000 ਵਾਹਨ ਫਸੇ
ਮੰਗਲਵਾਰ ਸਵੇਰੇ ਦਿੱਲੀ ਦੇ ਪੁਰਾਣੇ ਰੇਲਵੇ ਪੁਲ ’ਤੇ ਯਮੁਨਾ ਨਦੀ ਦਾ ਪਾਣੀ ਦਾ ਪੱਧਰ 205.80 ਮੀਟਰ ਤੱਕ ਪਹੁੰਚ ਗਿਆ, ਜੋ ਖ਼ਤਰੇ ਦੇ ਨਿਸ਼ਾਨ 205.33 ਮੀਟਰ ਤੋਂ ਪਾਰ ਹੈ। ਇਸ ਵਾਧੇ ਨਾਲ ਸ਼ਹਿਰ ਦੇ ਨੀਵੇਂ ਇਲਾਕਿਆਂ ਵਿੱਚ ਹੜ੍ਹ ਦਾ ਖ਼ਤਰਾ ਪੈਦਾ ਹੋ ਗਿਆ ਹੈ। ਸੋਮਵਾਰ ਨੂੰ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਕਿਹਾ ਸੀ ਕਿ ਸਰਕਾਰ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ।
ਅਧਿਕਾਰੀਆਂ ਅਨੁਸਾਰ ਸਵੇਰੇ 6 ਵਜੇ ਪੁਰਾਣੇ ਯਮੁਨਾ ਪੁਲ ’ਤੇ ਨਦੀ 205.68 ਮੀਟਰ 'ਤੇ ਵਹਿ ਰਹੀ ਸੀ, ਜੋ ਕਿ ਖ਼ਤਰੇ ਦੇ ਨਿਸ਼ਾਨ 205.33 ਮੀਟਰ ਤੋਂ ਕਾਫ਼ੀ ਉੱਪਰ ਹੈ। ਉਨ੍ਹਾਂ ਦੱਸਿਆ ਕਿ ਹਥਨੀ ਕੁੰਡ ਬੈਰਾਜ ਤੋਂ 1.76 ਲੱਖ ਕਿਊਸਿਕ, ਵਜ਼ੀਰਾਬਾਦ ਬੈਰਾਜ ਤੋਂ 69,210 ਕਿਊਸਿਕ ਅਤੇ ਓਖਲਾ ਬੈਰਾਜ ਤੋਂ 73,619 ਕਿਊਸਿਕ ਪਾਣੀ ਛੱਡਿਆ ਗਿਆ। ਤਿੰਨ ਬੈਰਾਜਾਂ ਤੋਂ ਪਾਣੀ ਛੱਡਣ ਕਾਰਨ ਸਵੇਰੇ 8 ਵਜੇ ਪੱਧਰ ਹੋਰ ਵਧ ਕੇ 205.80 ਮੀਟਰ ਹੋ ਗਿਆ।
ਹਰਿਆਣਾ ਤੋਂ ਪਾਣੀ ਰਿਕਾਰਡ ਮਾਤਰਾ ਵਿੱਚ ਛੱਡੇ ਜਾਣ ਕਾਰਨ ਦਿੱਲੀ ਵਿੱਚ ਅਧਿਕਾਰੀ ਹਾਈ ਅਲਰਟ ’ਤੇ ਹਨ। ਯਮੁਨਾ ਦੇ ਹੜ੍ਹ ਦੇ ਮੈਦਾਨਾਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਜਾਣ ਦੀ ਸਲਾਹ ਦਿੱਤੀ ਗਈ ਹੈ। ਸ਼ਾਮ ਤੱਕ ਯਮੁਨਾ ਵਿੱਚ ਪਾਣੀ ਦਾ ਪੱਧਰ 206 ਮੀਟਰ ਦੇ ਨਿਕਾਸੀ ਨਿਸ਼ਾਨ ਤੱਕ ਪਹੁੰਚਣ ਦੀ ਭਵਿੱਖਬਾਣੀ ਕੀਤੀ ਗਈ ਹੈ।
ਮੰਡੀ, ਕੁੱਲੂ ਵਿੱਚ ਜ਼ਮੀਨ ਖਿਸਕਣ ਕਾਰਨ 2,000 ਗੱਡੀਆਂ ਫਸੀਆਂ
ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ਵਿੱਚ ਲਗਾਤਾਰ ਪੈ ਰਹੇ ਮੀਂਹ ਕਾਰਨ ਢਿੱਗਾਂ ਡਿੱਗਣ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ, ਜਿਸ ਨਾਲ ਸੜਕੀ ਸੰਪਰਕ ਠੱਪ ਹੋ ਗਿਆ ਹੈ ਅਤੇ ਜ਼ਰੂਰੀ ਸੇਵਾਵਾਂ ਵਿੱਚ ਵਿਘਨ ਪਿਆ ਹੈ। ਇੱਥੇ ਸਥਿਤੀ ਗੰਭੀਰ ਬਣੀ ਹੋਈ ਹੈ ਕਿਉਂਕਿ 257 ਤੋਂ ਵੱਧ ਸੜਕਾਂ ਬੰਦ ਹੋ ਗਈਆਂ ਹਨ ਅਤੇ ਜਿਸ ਨਾਲ ਮੁੱਖ ਖੇਤਰ ਕੱਟੇ ਗਏ ਹਨ। ਉਧਰ ਕਿਰਤਪੁਰ-ਮਨਾਲੀ ਚਾਰ-ਮਾਰਗੀ ਹਾਈਵੇ, ਜੋ ਕੁੱਲੂ-ਮਨਾਲੀ, ਲਾਹੌਲ-ਸਪਿਤੀ ਅਤੇ ਲੇਹ-ਲੱਦਾਖ ਨੂੰ ਜੋੜਨ ਵਾਲਾ ਇੱਕ ਮਹੱਤਵਪੂਰਨ ਰਸਤਾ ਹੈ, ਮੰਡੀ ਅਤੇ ਬਨਾਲਾ ਵਿਚਕਾਰ ਕਈ ਥਾਵਾਂ ’ਤੇ ਢਿੱਗਾਂ ਡਿੱਗਣ ਕਾਰਨ ਦੂਜੇ ਦਿਨ ਵੀ ਬੰਦ ਰਿਹਾ। ਹਾਲਾਤ ਵਿਗੜਣ ਕਾਰਨ ਮੰਡੀ ਅਤੇ ਕੁੱਲੂ ਵਿੱਚ 2,000 ਤੋਂ ਵੱਧ ਵਾਹਨ ਫਸੇ ਹੋਏ ਹਨ, ਜਿੱਥੇ ਯਾਤਰੀਆਂ ਅਤੇ ਸੈਲਾਨੀਆਂ ਨੂੰ ਵਿਗੜ ਰਹੇ ਮੌਸਮ ਦੇ ਹਾਲਾਤਾਂ ਵਿਚਕਾਰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਕਟੌਲਾ ਰਾਹੀਂ ਬਦਲਵੇਂ ਰਸਤੇ ਨੂੰ ਵੀ ਢਿੱਗਾਂ ਡਿੱਗਣ ਕਾਰਨ ਬੰਦ ਕਰ ਦਿੱਤਾ ਗਿਆ ਹੈ, ਜਿਸ ਨਾਲ ਮੰਡੀ ਅਤੇ ਕੁੱਲੂ ਵਿਚਕਾਰ ਆਵਾਜਾਈ ਲਈ ਕੋਈ ਤੁਰੰਤ ਬਦਲਵਾਂ ਰਸਤਾ ਨਹੀਂ ਰਿਹਾ। ਇਸ ਦੋਹਰੀ ਨਾਕੇਬੰਦੀ ਨੇ ਖੇਤਰ ਭਰ ਵਿੱਚ ਆਵਾਜਾਈ ਸੇਵਾਵਾਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ।