ਯਮੁਨਾ ਤੀਜੀ ਵਾਰ ਖ਼ਤਰੇ ਦੇ ਨਿਸ਼ਾਨ ਤੋਂ ਪਾਰ
ਪਹਾੜੀ ਇਲਾਕੇ ਹਿਮਾਚਲ ਪ੍ਰਦੇਸ਼ ਵਿੱਚ ਪੈ ਰਹੇ ਮੀਂਹ ਅਤੇ ਹਥਨੀ ਕੁੰਡ ਤੋਂ ਛੱਡੇ ਜਾਣ ਵਾਲੇ ਵਾਧੂ ਪਾਣੀ ਕਾਰਨ ਪਿਛਲੇ ਕਈ ਦਿਨਾਂ ਤੋਂ ਦਿੱਲੀ ਵਿੱਚ ਹੜ੍ਹ ਦਾ ਖ਼ਤਰਾ ਬਣਿਆ ਹੋਇਆ ਹੈ। ਇਸ ਮੌਨਸੂਨ ਵਿੱਚ ਯਮੁਨਾ ਤੀਜੀ ਵਾਰ 205.33 ਮੀਟਰ ਦੇ ਖ਼ਤਰੇ ਦਾ ਨਿਸ਼ਾਨ ਪਾਰ ਕਰ ਗਈ ਹੈ। ਇਸ ਨਾਲ ਪ੍ਰਸ਼ਾਸਨ ਦੀ ਚਿੰਤਾ ਵਧ ਗਈ ਹੈ। ਨੀਵੇਂ ਇਲਾਕਿਆਂ ਦੇ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਜਾਣ ਦੀ ਸਲਾਹ ਦਿੱਤੀ ਗਈ ਹੈ। ਹਰਿਆਣਾ ਤੋਂ ਜ਼ਿਆਦਾ ਪਾਣੀ ਆਉਣ ਕਾਰਨ ਦਿੱਲੀ ਦੇ ਵਜ਼ੀਰਾਬਾਦ ਤੋਂ ਪਹਿਲਾਂ ਨਾਲੋਂ ਜ਼ਿਆਦਾ ਪਾਣੀ ਛੱਡਿਆ ਜਾ ਰਿਹਾ ਹੈ। ਇਸ ਕਾਰਨ ਲੋਹਾ ਪੁਲ ਦੇ ਨੇੜੇ ਨਦੀ ਦੇ ਪਾਣੀ ਦਾ ਪੱਧਰ ਵਧ ਰਿਹਾ ਹੈ। ਉਧਰ ਗਾਜ਼ੀਆਬਾਦ ਦੇ ਲੋਨੀ ਖੇਤਰ ਵਿੱਚ ਯਮੁਨਾ ਦਾ ਪਾਣੀ ਖੇਤਾਂ ਵਿੱਚ ਵੜ ਗਿਆ ਹੈ ਜਿਸ ਕਾਰਨ ਕਿਸਾਨਾਂ ਦੀਆਂ ਚਿੰਤਾਵਾਂ ਵਧ ਗਈਆਂ ਹਨ। ਉਨ੍ਹਾਂ ਨੂੰ ਆਪਣੀਆਂ ਫਸਲਾਂ ਮਾਰੀਆਂ ਜਾਣ ਦਾ ਡਰ ਸਤਾਉਣ ਲੱਗਾ ਹੈ। ਲੋਨੀ ਵਿੱਚ ਯਮੁਨਾ ਦੇ ਪਾਣੀ ਦਾ ਪੱਧਰ 205.55 ਮੀਟਰ ਤੱਕ ਵੀ ਪਹੁੰਚ ਗਿਆ ਸੀ। ਉੱਪਰਲੇ ਖੇਤਰਾਂ ਵਿੱਚ ਪਾਣੀ ਦਾ ਦਬਾਅ ਵਧਣ ਕਰ ਕੇ ਇਸ ਨਾਲ ਯਮੁਨਾ ਬਾਜ਼ਾਰ ਅਤੇ ਹੋਰ ਨੀਵੇਂ ਇਲਾਕਿਆਂ ਵਿੱਚ ਲੋਕਾਂ ਦੇ ਘਰਾਂ ਵਿੱਚ ਹੜ੍ਹ ਆਉਣ ਦਾ ਖ਼ਤਰਾ ਵਧ ਗਿਆ ਹੈ। ਦਿੱਲੀ ਪ੍ਰਸ਼ਾਸਨ ਅਤੇ ਹੜ੍ਹ ਕੰਟਰੋਲ ਵਿਭਾਗ ਨੇ ਸ਼ਾਸਤਰੀ ਪਾਰਕ ਮੈਟਰੋ ਸਟੇਸ਼ਨ ਰੋਡ ’ਤੇ ਲੋਹਾ ਪੁਲ, ਮਯੂਰ ਵਿਹਾਰ ਅਤੇ ਹੋਰ ਥਾਵਾਂ ’ਤੇ ਰਾਹਤ ਕੈਂਪ ਲਗਾਏ ਗਏ ਹਨ। ਲੋਕਾਂ ਨੂੰ ਰਾਹਤ ਕੈਂਪਾਂ ਵਿੱਚ ਜਾਣ ਦੀ ਸਲਾਹ ਦਿੱਤੀ ਜਾ ਰਹੀ ਹੈ। ਇਸ ਮੌਨਸੂਨ ਵਿੱਚ ਪਹਿਲੀ ਵਾਰ, 19 ਅਗਸਤ ਨੂੰ ਅਤੇ ਫਿਰ 27 ਅਗਸਤ ਦੀ ਰਾਤ ਨੂੰ ਯਮੁਨਾ ਦਾ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਪਹੁੰਚ ਗਿਆ ਸੀ। ਪਾਣੀ ਦਾ ਪੱਧਰ 206 ਮੀਟਰ ’ਤੇ ਪੁਹੰਚਣ ਕਾਰਨ ਨੀਵੇਂ ਇਲਾਕੇ ਨੂੰ ਪੂਰੀ ਤਰ੍ਹਾਂ ਖਾਲੀ ਕਰਵਾ ਲਿਆ ਗਿਆ ਹੈ। ਬਚਾਅ ਟੀਮਾਂ ਨੂੰ 14 ਥਾਵਾਂ ’ਤੇ ਕਿਸ਼ਤੀਆਂ ਰਾਹੀਂ ਤਾਇਨਾਤ ਕੀਤਾ ਗਿਆ ਹੈ।