ਮਹਿਲਾ ਅਧਿਕਾਰ ਪੰਚਾਇਤ ਵਿੱਚ ਔਰਤਾਂ ਦੇ ਹੱਕਾਂ ਲਈ ਆਵਾਜ਼ ਬੁਲੰਦ
ਅੱਜ ਦਿੱਲੀ ਦੇ ਜੰਤਰ-ਮੰਤਰ ਵਿਖੇ ਏ ਆਈ ਪੀ ਡਬਲਿਊ ਵੱਲੋਂ ਕਰਵਾਈ ਗਈ ਮਹਿਲਾ ਅਧਿਕਾਰ ਪੰਚਾਇਤ ਵਿੱਚ ਕੌਮੀ ਰਾਜਧਾਨੀ ਦਿੱਲੀ ਦੀਆਂ ਔਰਤਾਂ ਦੇ ਹੱਕ ਦੀ ਆਵਾਜ਼ ਉਠਾਈ ਗਈ ਅਤੇ ਪੰਚਾਇਤ ਵਿੱਚ ਸੈਂਕੜੇ ਔਰਤਾਂ ਨੇ ਹਿੱਸਾ ਲਿਆ। ਦਿੱਲੀ ਦੇ ਵੱਖ-ਵੱਖ ਇਲਾਕਿਆਂ ਵਜ਼ੀਰਪੁਰ, ਨਜਫਗੜ੍ਹ, ਨਰੇਲਾ, ਓਖਲਾ, ਧੋਬੀ ਘਾਟ, ਕੁਸੁਮਪੁਰ, ਗੋਲਾ ਕੈਂਪ ਅਤੇ ਲਾਲ ਬਾਗ ਦੀਆਂ ਔਰਤਾਂ ਨੇ ਮਹਿਲਾ ਅਧਿਕਾਰ ਪੰਚਾਇਤ ਵਿੱਚ ਔਰਤਾਂ ਦੇ ਹੱਕਾਂ ਦੀ ਰਾਖੀ ਲਈ ਆਵਾਜ਼ ਬੁਲੰਦ ਕੀਤੀ। ਇਨ੍ਹਾਂ ਵਿੱਚ ਉਹ ਔਰਤਾਂ ਵੀ ਸ਼ਾਮਿਲ ਸਨ, ਜਿਨ੍ਹਾਂ ਦੇ ਮਕਾਨ ਦਿੱਲੀ ਨਗਰ ਨਿਗਮ ਨੇ ਢਾਹੇ ਸਨ। ਵਜ਼ੀਰਪੁਰ ਦੀ ਵਸਨੀਕ ਸ਼ਕੁੰਤਲਾ ਦੇਵੀ ਨੇ ਕਿਹਾ, ‘‘ਸਰਕਾਰ ਨੇ ਸਾਡੀਆਂ ਝੁੱਗੀਆਂ ਢਾਹ ਕੇ ਸਾਡੇ ਘਰ ਸਾਡੇ ਤੋਂ ਖੋਹ ਲਏ ਹਨ। ਅਜਿਹੀ ਸਥਿਤੀ ਵਿੱਚ ਅਸੀਂ ਦਿੱਲੀ ਵਿੱਚ ਸਥਾਈ ਪਤਾ ਕਿੱਥੋਂ ਪਾਵਾਂਗੇ? ਸਰਕਾਰ ਸਾਡੇ ਤੋਂ ਮੁਫ਼ਤ ਬੱਸ ਸੇਵਾ ਦਾ ਅਧਿਕਾਰ ਨਹੀਂ ਖੋਹ ਸਕਦੀ।’’ ਧੋਬੀ ਘਾਟ ਦੀ ਸ਼ਬਨਮ ਨੇ ਕਿਹਾ, ‘‘ਅਸੀਂ ਬਹੁਤ ਗਰੀਬ ਹਾਂ, ਸਰਕਾਰ ਸਾਨੂੰ 2,500 ਰੁਪਏ ਪ੍ਰਤੀ ਮਹੀਨਾ ਕਦੋਂ ਦੇਵੇਗੀ?’’ ਆਸ਼ਾ ਵਰਕਰ ਰੀਤਾ ਨੇ ਕਿਹਾ, ‘‘ਸਾਨੂੰ ਕੰਮ ਲਈ ਬੱਸ ਸਫ਼ਰ ਕਰਨਾ ਪੈਂਦਾ ਹੈ ਤੇ ਸਾਨੂੰ ਬਹੁਤੀ ਤਨਖਾਹ ਨਹੀਂ ਮਿਲਦੀ। ਸਰਕਾਰ ਸਾਡੇ ਤੋਂ ਸਿਰਫ਼ ਕੰਮ ਕਰਵਾਉਂਦੀ ਹੈ। ਇਹ ਸਾਨੂੰ ਸਰਕਾਰੀ ਕਰਮਚਾਰੀਆਂ ਦਾ ਦਰਜਾ ਨਹੀਂ ਦੇਣਾ ਚਾਹੁੰਦੀ।’’ ਪਰਵਾਸੀ ਮਜ਼ਦੂਰ ਰਾਮੇਸ਼ਵਰੀ ਨੇ ਕਿਹਾ, ‘‘ਸਾਡਾ ਸਾਰਾ ਸਾਮਾਨ ਬੁਲਡੋਜ਼ਰ ਦੀ ਕਾਰਵਾਈ ਵਿੱਚ ਦੱਬ ਗਿਆ, ਹੁਣ ਸਾਨੂੰ ਰਿਹਾਇਸ਼ ਸਰਟੀਫਿਕੇਟ ਕਿੱਥੋਂ ਮਿਲੇਗਾ?’’ ਛੋਟੀ ਦੁਕਾਨਦਾਰ ਸੋਨੀ ਯਾਦਵ ਨੇ ਕਿਹਾ, ‘‘ਮਹਿੰਗਾਈ ਦੇ ਇਸ ਯੁੱਗ ਵਿੱਚ ਦੁਕਾਨ ਅਤੇ ਘਰ ਚਲਾਉਣਾ ਮੁਸ਼ਕਲ ਹੁੰਦਾ ਜਾ ਰਿਹਾ ਹੈ। ਅਜਿਹੀ ਸਥਿਤੀ ਵਿੱਚ ਦਿੱਲੀ ਸਰਕਾਰ ਔਰਤਾਂ ਲਈ ਸਿਲੰਡਰਾਂ ’ਤੇ 500 ਰੁਪਏ ਦੀ ਛੋਟ ਦੇ ਆਪਣੇ ਵਾਅਦੇ ਨੂੰ ਭੁੱਲ ਗਈ ਹੈ।’’ ਅੱਜ ਦੀ ਮਹਿਲਾ ਅਧਿਕਾਰ ਪੰਚਾਇਤ ਵਿੱਚ ਜੇ ਐੱਨ ਯੂ ਯੂਨੀਵਰਸਿਟੀ ਦੀ ਪ੍ਰੋਫੈਸਰ ਮੌਸਮੀ ਬਾਸੂ, ਪੱਤਰਕਾਰ ਭਾਸ਼ਾ ਸਿੰਘ, ਦਲਿਤ ਚਿੰਤਕ ਪੂਨਮ ਤੁਸ਼ਾਮ ਅਤੇ ਵਕੀਲ ਅਨੁਪ੍ਰਿਆ ਨੇ ਦਿੱਲੀ ਦੀਆਂ ਮਿਹਨਤੀ ਔਰਤਾਂ ਦੇ ਹੱਕ ’ਚ ਵਿੱਚ ਆਪਣੀ ਆਵਾਜ਼ ਬੁਲੰਦ ਕੀਤੀ। ਏ ਆਈ ਪੀ ਡਬਲਿਊ ਵੱਲੋਂ ਦਿੱਲੀ ਐੱਨਸੀਆਰ ਦੇ ਵੱਖ-ਵੱਖ ਖੇਤਰਾਂ ਵਿੱਚ ਇੱਕ ਮਹਿਲਾ ਦਸਤਖ਼ਤ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ਵਿੱਚ ਔਰਤਾਂ ਉਤਸ਼ਾਹ ਨਾਲ ਹਿੱਸਾ ਲੈ ਰਹੀਆਂ ਹਨ। ਵਜ਼ੀਰਪੁਰ, ਨਰੇਲਾ, ਮੁਕੁੰਦਪੁਰ, ਸੰਗਮ ਵਿਹਾਰ, ਗੋਲਾ ਕੈਂਪ, ਓਖਲਾ, ਕੋਂਡਲੀ, ਖੋਡਾ ਅਤੇ ਦਿੱਲੀ ਐੱਨ ਸੀ ਆਰ ਦੇ ਹੋਰ ਖੇਤਰਾਂ ਵਿੱਚ ਇਸ ਦਸਤਖ਼ਤ ਮੁਹਿੰਮ ਵਿੱਚ ਔਰਤਾਂ ਨੇ ਹਿੱਸਾ ਲਿਆ। ਉਨ੍ਹਾਂ ਕਿਹਾ ਕਿ ਦਿੱਲੀ ਵਿਧਾਨ ਸਭਾ ਵਿੱਚ ਸੱਤਾ ਵਿੱਚ ਆਉਣ ਤੋਂ ਬਾਅਦ, ਭਾਜਪਾ ਸਰਕਾਰ ਜਨਤਾ ਨਾਲ ਕੀਤੇ ਗਏ ਬਹੁਤ ਸਾਰੇ ਵਾਅਦੇ ਭੁੱਲ ਗਈ ਹੈ। ਇਨ੍ਹਾਂ ਵਿੱਚ ਗਰੀਬ ਔਰਤਾਂ ਨੂੰ 2,500 ਰੁਪਏ ਪ੍ਰਤੀ ਮਹੀਨਾ ਅਤੇ ਗੈਸ ਸਿਲੰਡਰਾਂ ’ਤੇ 500 ਰੁਪਏ ਦੀ ਛੋਟ ਦੇਣ ਵਰਗੀਆਂ ਮੰਗਾਂ ਸ਼ਾਮਲ ਹਨ। ਹਾਲਾਤ ਅਜਿਹੇ ਹਨ ਕਿ ਦਿੱਲੀ ਸਰਕਾਰ ਨਾ ਸਿਰਫ਼ ਆਪਣੇ ਚੋਣ ਵਾਅਦੇ ਪੂਰੇ ਕਰਨ ਵਿੱਚ ਅਸਫ਼ਲ ਰਹੀ ਹੈ, ਸਗੋਂ ਦਿੱਲੀ ਦੀਆਂ ਸਾਰੀਆਂ ਔਰਤਾਂ ਤੋਂ ਬਿਨਾਂ ਸ਼ਰਤ ਬੱਸ ਸੇਵਾ ਦਾ ਅਧਿਕਾਰ ਵੀ ਖੋਹਣ ’ਤੇ ਤੁਲੀ ਹੋਈ ਹੈ। ਮੁੱਖ ਮੰਤਰੀ ਰੇਖਾ ਗੁਪਤਾ ਦਾ ਕਹਿਣਾ ਹੈ ਕਿ ਹੁਣ ਸਿਰਫ਼ ਉਹੀ ਔਰਤਾਂ ਜੋ ਦਿੱਲੀ ਦੀਆਂ ਸਥਾਈ ਨਿਵਾਸੀ ਹਨ, ਮੁਫ਼ਤ ਬੱਸ ਸੇਵਾ ਪ੍ਰਾਪਤ ਕਰਨਗੀਆਂ। ਫਰੀਦਾਬਾਦ, ਨੋਇਡਾ, ਗਾਜ਼ੀਆਬਾਦ, ਖੋਡਾ, ਸੋਨੀਪਤ ਅਤੇ ਪਾਣੀਪਤ ਵਰਗੇ ਦਿੱਲੀ ਐੱਨ ਸੀ ਆਰ ਖੇਤਰਾਂ ਤੋਂ ਵੱਡੀ ਗਿਣਤੀ ਵਿੱਚ ਔਰਤਾਂ ਕੰਮ ਕਰਨ ਲਈ ਦਿੱਲੀ ਆਉਂਦੀਆਂ ਹਨ, ਉਨ੍ਹਾਂ ਤੋਂ ਮੁਫ਼ਤ ਬੱਸ ਸੇਵਾ ਖੋਹਣਾ ਇੱਕ ਔਰਤ ਵਿਰੋਧੀ ਅਤੇ ਲੋਕ ਵਿਰੋਧੀ ਫ਼ੈਸਲਾ ਹੋਵੇਗਾ।