ਪ੍ਰਦੂਸ਼ਣ ਮੁਕਤ ਯਮੁਨਾ ’ਚ ਛੱਠ ਪੂਜਾ ਕਰਨਗੀਆਂ ਔਰਤਾਂ: ਰੇਖਾ
ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਕਿਹਾ ਕਿ ਕੌਮੀ ਰਾਜਧਾਨੀ ਦੀਆਂ ਔਰਤਾਂ ਇਸ ਸਾਲ ਪ੍ਰਦੂਸ਼ਣ ਮੁਕਤ ਯਮੁਨਾ ਵਿੱਚ ਸੂਰਜ ਦੇਵਤਾ ਦੀ ਪੂਜਾ ਕਰ ਕੇ ਛੱਠ ਮਨਾਉਣਗੀਆਂ। ਛੱਠ ਦਾ ਤਿਉਹਾਰ 25 ਤੋਂ 28 ਅਕਤੂਬਰ ਤੱਕ ਮਨਾਇਆ ਜਾਵੇਗਾ ਅਤੇ ਕਾਲਿੰਦੀ ਕੁੰਜ ਘਾਟ ’ਤੇ ਇਸ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਂਦਿਆ ਮੁੱਖ ਮੰਤਰੀ ਨੇ ਕਿਹਾ ਕਿ ਪਿਛਲੀ ‘ਆਪ’ ਸਰਕਾਰ ਦੌਰਾਨ ਯਮੁਨਾ ਨਦੀ ਝੱਗ ਨਾਲ ਭਰੀ ਹੋਈ ਸੀ ਅਤੇ ਸ਼ਰਧਾਲੂਆਂ ਨੂੰ ਦੂਸ਼ਿਤ ਪਾਣੀ ਵਿੱਚ ਰਸਮਾਂ ਨਿਭਾਉਣੀਆਂ ਪੈਂਦੀਆਂ ਸਨ। ਗੁਪਤਾ ਨੇ ਕਿਹਾ ਕਿ ਹੁਣ ਲੋਕ ਭਾਜਪਾ ਸਰਕਾਰ ਦੀਆਂ ਤਿਆਰੀਆਂ ਤਹਿਤ ਸਾਫ਼ ਪਾਣੀ ਵਿੱਚ ਰਸਮਾਂ ਨਿਭਾਅ ਸਕਦੇ ਹਨ। ਪਾਣੀ ਵਿੱਚ ਗੰਦਗੀ ਜਾਂ ਝੱਗ ਨਹੀਂ ਹੈ। ਇਸ ਵਾਰ ਛੱਠ ਵਰਤ ਰੱਖਣ ਵਾਲੀਆਂ ਔਰਤਾਂ ਵੱਲੋਂ ਯਮੁਨਾ ਦੇ ਸਾਫ਼ ਪਾਣੀ ਵਿੱਚ ਸੂਰਜ ਦੇਵਤਾ ਦੀ ਪੂਜਾ ਕੀਤੀ ਜਾਵੇਗੀ। ਉਨ੍ਹਾਂ ਨੂੰ ਕਿਸੇ ਤਰ੍ਹਾਂ ਗੰਦਗੀ ਜਾਂ ਝੱਗ ਨਹੀਂ ਦਿਖੇਗੀ। ਮੁੱਖ ਮੰਤਰੀ ਨੇ ਕਿਹਾ ਕਿ ਨਦੀ ਦੀ ਸਫ਼ਾਈ ਲਈ ਦਿੱਲੀ ਸਰਕਾਰ ਦੇ ਸੈਂਕੜੇ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਯਮੁਨਾ ਦੇ ਪਾਣੀ ਵਿੱਚ ਝੱਗ ਹੋਣ ਦੇ ਵਿਰੋਧੀ ਧਿਰ ਦੇ ਦੋਸ਼ਾਂ ਦਾ ਹਵਾਲਾ ਦਿੰਦੇ ਹੋਏ ਗੁਪਤਾ ਨੇ ਕਿਹਾ ਕਿ ਸੋਸ਼ਲ ਮੀਡੀਆ ’ਤੇ ਪੋਸਟ ਕੀਤੇ ਗਏ ਜਾਅਲੀ ਵੀਡੀਓ ਦੇ ਬਾਵਜੂਦ ਹਕੀਕਤ ਕੁਝ ਹੋਰ ਹੈ। ਉਨ੍ਹਾਂ ਦਾਅਵਾ ਕੀਤਾ ਕਿ ਨਦੀ ਦੀ ਸਫਾਈ ਦਾ ਕੰਮ ਪੂਰੀ ਤਰ੍ਹਾਂ ਵਾਤਾਵਰਣ ਅਨੁਕੂਲ ਕੀਤਾ ਜਾ ਰਿਹਾ ਹੈ, ਜਿਸ ਦਾ ਨਦੀ ਜਾਂ ਇਸ ਦੇ ਜੀਵਾਂ ’ਤੇ ਕੋਈ ਮਾੜਾ ਪ੍ਰਭਾਵ ਨਹੀਂ ਪਵੇਗਾ। ਪੂਰਵਾਂਚਲ ਦੇ ਲੋਕ, ਜੋ ਦਿੱਲੀ ਵਿੱਚ ਵੱਡੀ ਗਿਣਤੀ ਵਿੱਚ ਰਹਿੰਦੇ ਹਨ, ਦੀਵਾਲੀ ਤੋਂ ਛੇ ਦਿਨ ਬਾਅਦ ਛੱਠ ਮਨਾਉਂਦੇ ਹਨ। ਦਿੱਲੀ ਨੂੰ ਸਿਰਜਣਾਤਮਕ ਰਾਜਧਾਨੀ ਬਣਾਉਣ ਦਾ ਐਲਾਨ
ਨਵੀਂ ਦਿੱਲੀ (ਮਨਧੀਰ ਸਿੰਘ ਦਿਓਲ): ਮੁੱਖ ਮੰਤਰੀ ਰੇਖਾ ਗੁਪਤਾ ਨੇ ਕਿਹਾ ਕਿ ਦਿੱਲੀ ਸਰਕਾਰ ਸ਼ਹਿਰ ਨੂੰ ਦੇਸ਼ ਦੀ ‘ਸਿਰਜਣਾਤਮਕ ਰਾਜਧਾਨੀ’ ਬਣਾਉਣ ’ਤੇ ਕੰਮ ਕਰ ਰਹੀ ਹੈ, ਲੱਖਾਂ ਦਰਸ਼ਕਾਂ ਦੀ ਮੇਜ਼ਬਾਨੀ ਕਰਨ ਵਾਲੇ ਮੈਗਾ ਸਮਾਗਮਾਂ ਲਈ ਸਥਾਨ ਵਿਕਸਤ ਕਰਨ ਦੀਆਂ ਯੋਜਨਾਵਾਂ ਚੱਲ ਰਹੀਆਂ ਹਨ। ਉਨ੍ਹਾਂ ਐਲਾਨ ਕੀਤਾ ਕਿ ਅਗਲੇ 70 ਦਿਨਾਂ ਵਿੱਚ 30 ਪ੍ਰਸਿੱਧ ਕਲਾਕਾਰ ਰਾਸ਼ਟਰੀ ਰਾਜਧਾਨੀ ਵਿੱਚ ਪ੍ਰਦਰਸ਼ਨ ਕਰਨਗੇ। ਦਿੱਲੀ ਦੇ ਸੈਰ-ਸਪਾਟਾ ਮੰਤਰੀ ਕਪਿਲ ਮਿਸ਼ਰਾ ਨੇ ਕਿਹਾ ਕਿ ਅਮਰੀਕੀ ਰੈਪਰ ਟ੍ਰੈਵਿਸ ਸਕਾਟ ਅਤੇ ਗਾਇਕ ਏਕੋਨ ਅਗਲੇ ਕੁਝ ਮਹੀਨਿਆਂ ਵਿੱਚ ਦਿੱਲੀ ਵਿੱਚ ਪ੍ਰਦਰਸ਼ਨ ਕਰਨਗੇ। ਉਨ੍ਹਾਂ ਕਿਹਾ ਕਿ ਦਸੰਬਰ ਵਿੱਚ ਅਰਜਨਟੀਨਾ ਦੇ ਫੁਟਬਾਲ ਆਈਕਨ ਲਿਓਨਲ ਮੈਸੀ ਦੀ ਦਿੱਲੀ ਫੇਰੀ ਲਈ ਗੱਲਬਾਤ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਦਿੱਲੀ ਨੂੰ ਵਿਸ਼ਵ ਪੱਧਰੀ ਸਹੂਲਤਾਂ ਵਾਲੇ ਸਥਾਨ ਵਜੋਂ ਵਿਕਸਤ ਕੀਤਾ ਜਾਵੇਗਾ ਜਿਨ੍ਹਾਂ ਵਿੱਚ ਲੱਖਾਂ ਦਰਸ਼ਕਾਂ ਨੂੰ ਰੱਖਣ ਦੀ ਸਮਰੱਥਾ ਹੋਵੇਗੀ।