ਔਰਤਾਂ ਨੂੰ ਮਿਲਣਗੇ 2500 ਰੁਪਏ: ਰੇਖਾ ਗੁਪਤਾ
ਐੱਮ ਸੀ ਡੀ ਦੀਆਂ ਜ਼ਿਮਨੀ ਚੋਣਾਂ ਲਈ ਪ੍ਰਚਾਰ ਭਖਿਆ; ਮੁੱਖ ਮੰਤਰੀ ਨੇ ਵੀਨਾ ਅਸੀਜਾ ਦੇ ਹੱਕ ’ਚ ਪ੍ਰਚਾਰ ਕੀਤਾ
ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਅੱਜ ਐੱਮ ਸੀ ਡੀ ਦੀਆਂ ਆਗਾਮੀ ਜ਼ਿਮਨੀ ਚੋਣਾਂ ਲਈ ਪ੍ਰਚਾਰ ਕਰਦਿਆਂ ਸਰਕਾਰ ਵੱਲੋਂ ਕੀਤੇ ਗਏ ਸਾਰੇ ਵਾਅਦੇ ਪੂਰੇ ਕਰਨ ਦਾ ਦਾਅਵਾ ਕੀਤਾ। ਇਨ੍ਹਾਂ ਵਿੱਚ ਸ਼ਹਿਰ ਦੀਆਂ ਗਰੀਬ ਔਰਤਾਂ ਲਈ 2,500 ਰੁਪਏ ਦੀ ਮਹੀਨਾਵਾਰ ਮਦਦ ਤੇ ਸਬਸਿਡੀ ਵਾਲੇ ਗੈਸ ਸਿਲੰਡਰ ਵੀ ਸ਼ਾਮਲ ਹਨ।
ਵਜ਼ੀਰਪੁਰ ਉਦਯੋਗਿਕ ਖੇਤਰ ਵਿੱਚ ਅਸ਼ੋਕ ਵਿਹਾਰ ਤੋਂ ਭਾਜਪਾ ਉਮੀਦਵਾਰ ਵੀਨਾ ਅਸੀਜਾ ਦੇ ਹੱਕ ਵਿੱਚ ‘ਸਵਾਭਿਮਾਨ ਸਭਾ’ ਨੂੰ ਸੰਬੋਧਨ ਕਰਦਿਆਂ ਗੁਪਤਾ ਨੇ ਝੁੱਗੀ-ਝੌਪੜੀ ਵਾਲਿਆਂ ਨੂੰ ਪੱਕੇ ਮਕਾਨ ਦੇਣ ਦਾ ਭਰੋਸਾ ਦਿੱਤਾ। ਉਨ੍ਹਾਂ ਦਿੱਲੀ ਦੀ ਪਿਛਲੀ ‘ਆਪ’ ਸਰਕਾਰ ’ਤੇ ਨਿਸ਼ਾਨਾ ਸਾਧਦਿਆਂ ਦੋਸ਼ ਲਾਇਆ ਕਿ ਜਦੋਂ ਫਰਵਰੀ ਵਿੱਚ ਵਿਧਾਨ ਸਭਾ ਚੋਣਾਂ ਜਿੱਤਣ ਤੋਂ ਬਾਅਦ ਭਾਜਪਾ ਨੇ ਸੱਤਾ ਸੰਭਾਲੀ ਤਾਂ ਖਜ਼ਾਨਾ ਖਾਲੀ ਸੀ। ਉਨ੍ਹਾਂ ਕਿਹਾ, ‘‘ਵਿਰੋਧੀ ਤੁਹਾਡੇ ਕੋਲ ਆ ਕੇ ਕਹਿਣਗੇ ਕਿ ਹਾਲੇ ਤੱਕ 2,500 ਰੁਪਏ ਨਹੀਂ ਮਿਲੇ। ਤੁਸੀਂ ਉਨ੍ਹਾਂ ਨੂੰ ਜਵਾਬ ਦਿਓ ਕਿ ਉਹ ਸਰਕਾਰੀ ਖਜ਼ਾਨਾ ਖਾਲੀ ਕਰ ਗਏ ਸਨ ਅਤੇ ਸ਼ਹਿਰ ਦੇ ਵਿਕਾਸ ਲਈ ਕੋਈ ਫੰਡ ਨਹੀਂ ਛੱਡਿਆ।’’ ਮੁੱਖ ਮੰਤਰੀ ਨੇ ਕਿਹਾ ਕਿ ਸਿਸਟਮ ਨੂੰ ਸਥਿਰ ਕਰਨ ਅਤੇ ਵਾਅਦੇ ਪੂਰੇ ਕਰਨ ਲਈ ਸਰਕਾਰ ਨੂੰ ਘੱਟੋ-ਘੱਟ ਇੱਕ ਸਾਲ ਦਾ ਸਮਾਂ ਚਾਹੀਦਾ ਹੈ।
ਰੇਖਾ ਗੁਪਤਾ ਨੇ ਕਿਹਾ ਕਿ ਉਹ ਭਾਜਪਾ ਦੇ ਚੋਣ ਮਨੋਰਥ ਪੱਤਰ ਵਿੱਚ ਕੀਤੇ ਸਾਰੇ ਵਾਅਦੇ ਪੂਰੇ ਕਰਨ ਲਈ ਵਚਨਬੱਧ ਹਨ। ਮਹਿਲਾ ਸਮ੍ਰਿਧੀ ਯੋਜਨਾ ਤਹਿਤ ਗਰੀਬ ਔਰਤਾਂ ਨੂੰ 2,500 ਰੁਪਏ ਪ੍ਰਤੀ ਮਹੀਨਾ, 500 ਰੁਪਏ ਵਿੱਚ ਰਸੋਈ ਗੈਸ ਸਿਲੰਡਰ ਅਤੇ ਹੋਲੀ ਤੇ ਦੀਵਾਲੀ ਮੌਕੇ ਇੱਕ-ਇੱਕ ਮੁਫ਼ਤ ਸਿਲੰਡਰ ਦਿੱਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਅਹੁਦਾ ਸੰਭਾਲਣ ਤੋਂ ਬਾਅਦ ਉਨ੍ਹਾਂ ਦੀ ਸਰਕਾਰ ਨੇ ਭ੍ਰਿਸ਼ਟਾਚਾਰ ਕਾਰਨ ਤਬਾਹ ਹੋਏ ਸਿਸਟਮ ਨੂੰ ਬਹਾਲ ਕਰਨ ’ਤੇ ਧਿਆਨ ਦਿੱਤਾ ਹੈ। ਪੂਰੀ ਦਿੱਲੀ ਵਿੱਚ ਸੜਕਾਂ, ਗਲੀਆਂ, ਨਾਲੀਆਂ ਅਤੇ ਪਖਾਨਿਆਂ ਵਰਗੇ ਢਾਂਚੇ ਦੀ ਉਸਾਰੀ ਕੀਤੀ ਜਾਣੀ ਹੈ। ਆਯੁਸ਼ਮਾਨ ਯੋਜਨਾ ਲਾਗੂ ਕਰਨ ਦੇ ਨਾਲ-ਨਾਲ ਅਟਲ ਕੰਟੀਨਾਂ ਖੋਲ੍ਹੀਆਂ ਜਾਣੀਆਂ ਹਨ। ਇਸ ਦੇ ਨਾਲ ਹੀ ਮੁਫ਼ਤ ਬਿਜਲੀ ਅਤੇ ਪਾਣੀ ਦੀ ਸਪਲਾਈ ਜਾਰੀ ਰੱਖੀ ਜਾਵੇਗੀ। ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ਭਾਜਪਾ ਸਰਕਾਰ ਨੇ ਪਿਛਲੀ ਸਰਕਾਰ ਦੀ ਕਿਸੇ ਵੀ ਸਕੀਮ ਨੂੰ ਬੰਦ ਨਹੀਂ ਕੀਤਾ, ਸਗੋਂ ਲੋਕਾਂ ਲਈ ਨਵੀਆਂ ਪਹਿਲਕਦਮੀਆਂ ਸ਼ੁਰੂ ਕੀਤੀਆਂ ਹਨ। ਜ਼ਿਕਰਯੋਗ ਹੈ ਕਿ ਐੱਮ ਸੀ ਡੀ ਦੇ 12 ਵਾਰਡਾਂ ਲਈ ਜ਼ਿਮਨੀ ਚੋਣਾਂ 30 ਨਵੰਬਰ ਨੂੰ ਹੋਣੀਆਂ ਹਨ।
ਦਿੱਲੀ ਨੂੰ ਦੁਨੀਆ ਦੀ ਬਿਹਤਰੀਨ ਰਾਜਧਾਨੀ ਬਣਾਉਣ ਦਾ ਸੱਦਾ
ਨਵੀਂ ਦਿੱਲੀ: ਉਪ ਰਾਸ਼ਟਰਪਤੀ ਸੀ ਪੀ ਰਾਧਾਕ੍ਰਿਸ਼ਨਨ ਨੇ ਮੁੱਖ ਮੰਤਰੀ ਰੇਖਾ ਗੁਪਤਾ ਨੂੰ ਦਿੱਲੀ ਨੂੰ ਦੁਨੀਆ ਦੀ ਸਭ ਤੋਂ ਵਧੀਆ ਰਾਜਧਾਨੀ ਬਣਾਉਣ ਦਾ ਸੱਦਾ ਦਿੱਤਾ ਹੈ। ਉਹ ਇੱਥੇ ਦਿੱਲੀ ਵਿਧਾਨ ਸਭਾ ਵਿੱਚ ਸੰਵਿਧਾਨ ਦਿਵਸ ਮੌਕੇ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਉਨ੍ਹਾਂ ਕੇਂਦਰੀ ਵਿਧਾਨ ਸਭਾ ਦੇ ਪਹਿਲੇ ਚੁਣੇ ਗਏ ਭਾਰਤੀ ਸਪੀਕਰ ਵਿਠਲਭਾਈ ਪਟੇਲ ਬਾਰੇ ‘ਕੌਫੀ ਟੇਬਲ ਬੁੱਕ’ ਵੀ ਜਾਰੀ ਕੀਤੀ। ਸ੍ਰੀ ਰਾਧਾਕ੍ਰਿਸ਼ਨਨ ਨੇ ਕਿਹਾ ਕਿ ਸੰਵਿਧਾਨ ‘ਜੀਵੰਤ ਦਸਤਾਵੇਜ਼’ ਹੈ ਜਿਸ ਨੇ ਭਾਰਤ ਨੂੰ ਇਕਜੁੱਟ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਦੇ ਸਿਧਾਂਤਾਂ ਤੋਂ ਪ੍ਰੇਰਿਤ ਹੋ ਕੇ ਅਸੀਂ ‘ਅੰਮ੍ਰਿਤ ਕਾਲ’ ਦੇ ਸਫ਼ਰ ਦੌਰਾਨ ‘ਵਿਕਸਤ ਭਾਰਤ’ ਵੱਲ ਵਧ ਰਹੇ ਹਾਂ। ਉਨ੍ਹਾਂ ਕਿਹਾ ਕਿ ਇੱਕ ਰਾਸ਼ਟਰ ਵਜੋਂ ਅਸੀਂ ਮਹਿਲਾ ਸ਼ਕਤੀਕਰਨ ਤੋਂ ਅੱਗੇ ਵਧ ਕੇ ਮਹਿਲਾਵਾਂ ਦੀ ਅਗਵਾਈ ਵਾਲੇ ਵਿਕਾਸ ਵੱਲ ਤਬਦੀਲ ਹੋਏ ਹਾਂ ਅਤੇ ਰੇਖਾ ਗੁਪਤਾ ਇਸ ਵੱਡੀ ਤਬਦੀਲੀ ਦੀ ਇੱਕ ਮਿਸਾਲ ਹਨ। ਉਪ ਰਾਸ਼ਟਰਪਤੀ ਨੇ ਜ਼ੋਰ ਦੇ ਕੇ ਕਿਹਾ ਕਿ ਆਉਣ ਵਾਲੇ ਸਾਲਾਂ ਵਿੱਚ ਟੋਕੀਓ, ਲੰਡਨ ਜਾਂ ਅਮਰੀਕਾ ਦੇ ਕਿਸੇ ਸ਼ਹਿਰ ਦੀ ਬਜਾਏ ਦਿੱਲੀ ਨੂੰ ਸਭ ਤੋਂ ਵਧੀਆ ਰਾਜਧਾਨੀ ਵਜੋਂ ਜਾਣਿਆ ਜਾਣਾ ਚਾਹੀਦਾ ਹੈ। -ਪੀਟੀਆਈ

