ਔਰਤ ਬੱਚੇ ਸਣੇ ਇਮਾਰਤ ਤੋਂ ਡਿੱਗੀ, ਦੋਵਾਂ ਦੀ ਮੌਤ
ਦਿੱਲੀ ਦੇ ਦਵਾਰਕਾ ਖੇਤਰ ਵਿੱਚ ਔਰਤ ਆਪਣੇ ਇਕ ਸਾਲ ਦੇ ਪੋਤਰੇ ਸਣੇ ਉਸਾਰੀ ਅਧੀਨ ਇਮਾਰਤ ਤੋਂ ਡਿੱਗ ਗਈ। ਇਮਾਰਤ ਤੋਂ ਡਿੱਗਣ ਕਾਰਨ ਦੋਵਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਹਰੀ ਬਾਈ (45) ਅਤੇ ਰਾਜ (1) ਵਾਸੀ ਮੱਧ ਪ੍ਰਦੇਸ਼ ਵਜੋਂ ਹੋਈ ਹੈ। ਪੁਲੀਸ ਅਨੁਸਾਰ ਮਾਮਲੇ ਵਿੱਚ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਇਸ ਸਬੰਧੀ ਪੁਲੀਸ ਨੇ ਦੱਸਿਆ ਕਿ ਕੱਲ੍ਹ ਦੇਰ ਸ਼ਾਮ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਦਵਾਰਕਾ ਦੇ ਸੈਕਟਰ 15 ਵਿੱਚ ਇੱਕ ਉਸਾਰੀ ਵਾਲੀ ਥਾਂ ’ਤੇ ਕੁਝ ਮਜ਼ਦੂਰਾਂ ਨੂੰ ਤੁਰੰਤ ਡਾਕਟਰੀ ਸਹਾਇਤਾ ਦੀ ਲੋੜ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇੱਕ ਪੁਲੀਸ ਟੀਮ ਮੌਕੇ ’ਤੇ ਪਹੁੰਚੀ ਅਤੇ ਪਤਾ ਲੱਗਾ ਕਿ ਔਰਤ ਆਪਣੇ ਪੋਤਰੇ ਸਣੇ ਇਮਾਰਤ ਤੋਂ ਡਿੱਗ ਗਈ ਹੈ। ਉਨ੍ਹਾਂ ਨੂੰ ਸਥਾਨਕ ਲੋਕਾਂ ਨੇ ਆਕਾਸ਼ ਹਸਪਤਾਲ ਪਹੁੰਚਾਇਆ। ਮੱਧ ਪ੍ਰਦੇਸ਼ ਦੇ ਟੀਕਮਗੜ੍ਹ ਜ਼ਿਲ੍ਹੇ ਦੇ ਭਾਨੇਰਾ ਪਿੰਡ ਦੇ ਰਹਿਣ ਵਾਲੇ ਇੱਕ ਮਜ਼ਦੂਰ ਮੁਕੇਸ਼ ਨੇ ਹਸਪਤਾਲ ਵਿੱਚ ਪੁਲੀਸ ਨੂੰ ਦੱਸਿਆ ਕਿ ਉਸ ਦੀ ਮਾਂ ਹਰੀ ਬਾਈ ਅਤੇ ਉਸ ਦਾ ਇੱਕ ਸਾਲ ਦਾ ਪੁੱਤਰ ਰਾਜ ਗਲਤੀ ਨਾਲ ਇਮਾਰਤ ਦੀ ਉੱਪਰਲੀ ਮੰਜ਼ਿਲ ਤੋਂ ਡਿੱਗ ਗਏ ਅਤੇ ਇੱਕ ਚੱਲਦੀ ਕਾਰ ਦੀ ਛੱਤ ’ਤੇ ਡਿੱਗ ਗਏ। ਪੁਲੀਸ ਨੇ ਕਿਹਾ ਕਿ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇੱਕ ਅਪਰਾਧ ਟੀਮ ਨੇ ਘਟਨਾ ਸਥਾਨ ਦਾ ਮੁਆਇਨਾ ਕੀਤਾ ਹੈ ਅਤੇ ਕਾਨੂੰਨ ਦੀਆਂ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਜਾਵੇਗਾ। ਦਿੱਲੀ ਪੁਲੀਸ ਦਾ ਕਹਿਣਾ ਹੈ ਕਿ ਇਮਾਰਤ ਤੋਂ ਡਿੱਗਣ ਦੇ ਕਾਰਨਾਂ ਬਾਰੇ ਪਤਾ ਲਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੁਲੀਸ ਨੇ ਮਾਮਲੇ ਵਿੱਚ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੇ ਇਸ ਸਬੰਧ ਵਿੱਚ ਸਥਾਨਕ ਲੋਕਾਂ ਤੋਂ ਵੀ ਪੁੱਛ-ਪੜਤਾਲ ਕੀਤੀ ਜਾ ਰਹੀ ਹੈ।
