ਸਰਦ ਰੁੱਤ ਇਜਲਾਸ: ਲੋਕ ਸਭਾ ਵਿੱਚ ਅੱਜ ਵੀ SIR ’ਤੇ ਜਾਰੀ ਰਹੇਗੀ ਚਰਚਾ
Lok Sabha winter session: ਸੰਸਦ ਦੇ ਚੱਲ ਰਹੇ ਸਰਦ ਰੁੱਤ ਸੈਸ਼ਨ ਦੇ ਅੱਠਵੇਂ ਦਿਨ ਲੋਕ ਸਭਾ ਵਿੱਚ ਅੱਜ ਵੀ ਭਾਰਤ ਦੇ ਚੋਣ ਕਮਿਸ਼ਨ (ECI) ਦੁਆਰਾ ਸ਼ੁਰੂ ਕੀਤੀ ਗਈ ਵੋਟਰ ਸੁੂਚੀਆਂ ਦੀ ਵਿਸ਼ੇਸ਼ ਵਿਆਪਕ ਸੁਧਾਈ ( (SIR) ਦੀ ਪ੍ਰਕਿਰਿਆ ’ਤੇ ਚਰਚਾ ਜਾਰੀ ਰਹੇਗੀ।
ਇਸ ਬਹਿਸ ਦੀ ਸ਼ੁਰੂਆਤ ਕੱਲ੍ਹ ਕਾਂਗਰਸ ਦੇ ਸੀਨੀਅਰ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਕੀਤੀ ਸੀ, ਜਿਸ ਨੂੰ ਵਿਰੋਧੀ ਧਿਰ ਵੱਲੋਂ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਅੱਗੇ ਵਧਾਇਆ।
ਗਾਂਧੀ ਨੇ ਇਸ ਦੌਰਾਨ ਗੰਭੀਰ ਦੋਸ਼ ਲਾਏ ਕਿ ਚੋਣ ਕਮਿਸ਼ਨ ਸੱਤਾਧਾਰੀ ਭਾਰਤੀ ਜਨਤਾ ਪਾਰਟੀ (ਭਾਜਪਾ) ਨਾਲ ਮਿਲ ਕੇ ‘ਚੋਣਾਂ ਨੂੰ ਆਪਣੇ ਹਿਸਾਬ ਨਾਲ ਬਣਾਉਣ’ ਦੀ ਸਾਜ਼ਿਸ਼ ਰਚ ਰਿਹਾ ਹੈ ਅਤੇ ਕਿਹਾ ਕਿ ‘ਵੋਟ ਚੋਰੀ’ ਇੱਕ ਰਾਸ਼ਟਰ ਵਿਰੋਧੀ ਕਾਰਾ ਹੈ। ਇਸ ਚਰਚਾ ਲਈ ਲੋਕ ਸਭਾ ਅਤੇ ਰਾਜ ਸਭਾ ਵਿੱਚ ਕੁੱਲ 10 ਘੰਟੇ ਦਾ ਸਮਾਂ ਨਿਰਧਾਰਤ ਕੀਤਾ ਗਿਆ ਹੈ।
ਉੱਧਰ ਰਾਜ ਸਭਾ ਵਿੱਚ ਵੀ ਅੱਜ ‘ਵੰਦੇ ਮਾਤਰਮ’ ਦੀ 150ਵੀਂ ਵਰ੍ਹੇਗੰਢ ’ਤੇ ਚਰਚਾ ਤੋਂ ਬਾਅਦ ਚੋਣ ਸੁਧਾਰਾਂ ’ਤੇ ਵਿਚਾਰ ਵਟਾਂਦਰਾ ਹੋਣ ਦੀ ਸੰਭਾਵਨਾ ਹੈ, ਜਿਸ ਦੀ ਸ਼ੁਰੂਆਤ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਕਰ ਸਕਦੇ ਹਨ।
ਵਿਰੋਧੀ ਪਾਰਟੀਆਂ ਕਈ ਮਹੀਨਿਆਂ ਤੋਂ SIR ’ਤੇ ਬਹਿਸ ਦੀ ਮੰਗ ਕਰ ਰਹੀਆਂ ਸਨ, ਜਦੋਂਕਿ ਕਾਂਗਰਸ ਲਗਾਤਾਰ ਵੋਟਰ ਸੂਚੀ ਵਿੱਚ ਗੜਬੜੀਆਂ ਦਾ ਦੋਸ਼ ਲਗਾ ਰਹੀ ਹੈ।
ਇਸ ਤੋਂ ਇਲਾਵਾ, ਅੱਜ ਭਾਜਪਾ ਅਤੇ ਕਾਂਗਰਸ ਦੇ ਸੰਸਦ ਮੈਂਬਰ ਵਿੱਤ ਬਾਰੇ ਸਥਾਈ ਕਮੇਟੀ ਦੀਆਂ ਛੇ ਰਿਪੋਰਟਾਂ ’ਤੇ ਸਟੇਟਮੈਂਟਾਂ ਪੇਸ਼ ਕਰਨਗੇ।
ਭਾਜਪਾ ਦੇ ਸੰਸਦ ਮੈਂਬਰ ਅਨੁਰਾਗ ਠਾਕੁਰ ਅਤੇ ਮੰਨਾ ਲਾਲ ਰਾਵਤ ਕੋਲਾ ਮੰਤਰਾਲੇ ਨਾਲ ਸਬੰਧਤ ਕੋਲਾ ਖਾਣ ਪ੍ਰੋਜੈਕਟਾਂ ਲਈ ਵਾਤਾਵਰਣ ਅਤੇ ਜੰਗਲਾਤ ਪ੍ਰਵਾਨਗੀ ਪ੍ਰਕਿਰਿਆ ਨੂੰ ਤੇਜ਼ ਕਰਨ ਅਤੇ ਸਰਲ ਬਣਾਉਣ ਬਾਰੇ ਰਿਪੋਰਟਾਂ ਪੇਸ਼ ਕਰਨਗੇ।
