ਕੀ ਚੋਣ ਕਮਿਸ਼ਨ ਬੇਨਾਮੀ ਪਾਰਟੀਆਂ ਨੂੰ ‘ਕਰੋੜਾਂ ਰੁਪਏ ਦੇ ਚੰਦੇ’ ਦੀ ਜਾਂਚ ਕਰੇਗਾ ਜਾਂ ਹਲਫ਼ਨਾਮਾ ਮੰਗੇਗਾ: ਰਾਹੁਲ
ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਗੁਜਰਾਤ ਵਿਚ ਕੁਝ ਬੇਨਾਮੀ ਪਾਰਟੀਆਂ ਨੂੰ ਚੰਦੇ ਦੇ ਰੂਪ ਵਿਚ ਕਥਿਤ ਕਈ ਕਰੋੜ ਰੁਪਏ ਮਿਲਣ ਨਾਲ ਜੁੜੀ ਖ਼ਬਰ ਦੇ ਹਵਾਲੇ ਨਾਲ ਬੁੱਧਵਾਰ ਨੂੰ ਚੋਣ ਕਮਿਸ਼ਨ ਨੂੰ ਨਿਸ਼ਾਨਾ ਬਣਾਇਆ ਤੇ ਸਵਾਲ ਕੀਤਾ ਕਿ ਕਮਿਸ਼ਨ ਜਾਂਚ ਕਰੇਗਾ ਜਾਂ ਫ਼ਿਰ ਹਲਫ਼ਨਾਮਾ ਮੰਗੇਗਾ।
ਰਾਹੁਲ ਗਾਂਧੀ ਨੇ ‘ਐਕਸ’ ਉੱਤੇ ਇਕ ਪੋਸਟ ਵਿਚ ਹਿੰਦੀ ਰੋਜ਼ਨਾਮਚੇ ਵਿਚ ਪ੍ਰਕਾਸ਼ਿਤ ਖ਼ਬਰ ਦੇ ਹਵਾਲੇ ਨਾਲ ਕਿਹਾ, ‘‘ਗੁਜਰਾਤ ਵਿੱਚ ਕੁਝ ਬੇਨਾਮੀ ਪਾਰਟੀਆਂ ਹਨ ਜਿਨ੍ਹਾਂ ਦਾ ਨਾਮ ਕਿਸੇ ਨੇ ਨਹੀਂ ਸੁਣਿਆ, ਪਰ ਉਨ੍ਹਾਂ ਨੂੰ 4300 ਕਰੋੜ ਰੁਪਏ ਦਾ ਚੰਦਾ ਮਿਲਿਆ ਹੈ। ਇਨ੍ਹਾਂ ਪਾਰਟੀਆਂ ਨੇ ਬਹੁਤ ਘੱਟ ਮੌਕਿਆਂ ’ਤੇ ਚੋਣਾਂ ਲੜੀਆਂ ਹਨ, ਜਾਂ ਉਨ੍ਹਾਂ ’ਤੇ ਖਰਚ ਕੀਤਾ ਹੈ।’’
ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਨੇ ਇਹ ਵੀ ਪੁੱਛਿਆ, ‘‘ਇਹ ਹਜ਼ਾਰਾਂ ਕਰੋੜ ਕਿੱਥੋਂ ਆਏ? ਇਨ੍ਹਾਂ ਨੂੰ ਕੌਣ ਚਲਾ ਰਿਹਾ ਹੈ? ਅਤੇ ਪੈਸਾ ਕਿੱਥੇ ਗਿਆ?’’ ਗਾਂਧੀ ਨੇ ਕਿਹਾ, ‘‘ਕੀ ਚੋਣ ਕਮਿਸ਼ਨ ਇਸ ਦੀ ਜਾਂਚ ਕਰੇਗਾ - ਜਾਂ ਕੀ ਇਹ ਇੱਥੇ ਵੀ ਹਲਫ਼ਨਾਮਾ ਮੰਗੇਗਾ? ਜਾਂ ਕੀ ਇਹ ਕਾਨੂੰਨ ਨੂੰ ਖੁਦ ਬਦਲੇਗਾ, ਤਾਂ ਜੋ ਇਸ ਡੇਟਾ ਨੂੰ ਵੀ ਲੁਕਾਇਆ ਜਾ ਸਕੇ?’’